ਮੋਤੀਆਬਿੰਦ ! ਪ੍ਰਦੂਸ਼ਣ ਤੇ ਤਣਾਅ ਕਾਰਨ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਡਾਕਟਰਾਂ ਨੇ ਦਿੱਤੀ ਚਿਤਾਵਨੀ
Monday, Nov 24, 2025 - 01:16 PM (IST)
ਹੈਲਥ ਡੈਸਕ- ਮੋਤੀਆਬਿੰਦ (Cataract) ਅੱਖਾਂ ਦੀ ਇਕ ਆਮ ਬੀਮਾਰੀ ਹੈ, ਜਿਸ 'ਚ ਅੱਖ ਦਾ ਕੁਦਰਤੀ ਲੈਂਸ ਹੌਲੀ-ਹੌਲੀ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਇਹ ਸਮੱਸਿਆ ਮੁੱਖ ਤੌਰ ‘ਤੇ ਵੱਡੀ ਉਮਰ ਦੇ ਲੋਕਾਂ 'ਚ ਮਿਲਦੀ ਸੀ, ਪਰ ਪ੍ਰਦੂਸ਼ਣ, ਸਟ੍ਰੈਸ, ਕੁਝ ਦਵਾਈਆਂ, ਇਨਫੈਕਸ਼ਨ ਅਤੇ ਲਾਈਫਸਟਾਈਲ ਤਬਦੀਲੀ ਕਾਰਨ ਹੁਣ ਇਹ ਨੌਜਵਾਨਾਂ ਅਤੇ ਬੱਚਿਆਂ 'ਚ ਵੀ ਵੱਧ ਰਹੀ ਹੈ। ਮਾਹਿਰਾਂ ਦੇ ਅਨੁਸਾਰ ਕਈ ਕੇਸਾਂ 'ਚ ਮੋਤੀਆਬਿੰਦ ਜਨਮ ਤੋਂ ਹੀ (Congenital Cataract) ਵੀ ਹੋ ਸਕਦਾ ਹੈ।
ਮੋਤੀਆਬਿੰਦ ਕਿਉਂ ਹੁੰਦਾ ਹੈ?
ਅੱਖ ਦੇ ਅੰਦਰ ਇਕ ਕ੍ਰਿਸਟਲ ਜਿਹਾ ਕੁਦਰਤੀ ਲੈਂਸ ਹੁੰਦਾ ਹੈ ਜੋ ਚੀਜ਼ਾਂ ਨੂੰ ਸਾਫ਼ ਵੇਖਣ 'ਚ ਮਦਦ ਕਰਦਾ ਹੈ। ਉਮਰ ਵਧਣ ਨਾਲ ਇਹ ਲੈਂਸ ਧੁੰਦਲਾ ਹੋ ਜਾਂਦਾ ਹੈ।
ਮੋਤੀਆਬਿੰਦ ਦੇ ਮੁੱਖ ਕਾਰਣ:
- ਉਮਰ ਵਧਣਾ
- ਪਰਿਵਾਰਕ ਇਤਿਹਾਸ
- ਪ੍ਰਗਨੈਂਸੀ ਦੌਰਾਨ ਇਨਫੈਕਸ਼ਨ
- ਮੈਟਾਬੋਲਿਕ ਡਿਸਆਰਡਰ
- ਅੱਖਾਂ ‘ਤੇ ਸੱਟ
- ਸ਼ਰਾਬ ਦਾ ਜ਼ਿਆਦਾ ਸੇਵਨ
- ਵਾਰ-ਵਾਰ ਅੱਖਾਂ 'ਚ ਸੋਜ
ਮੋਤੀਆਬਿੰਦ ਦੇ ਲੱਛਣ
- ਡਾਕਟਰਾਂ ਅਨੁਸਾਰ ਮੋਤੀਆਬਿੰਦ ਦੇ ਪਹਿਲੇ ਸੰਕੇਤ ਇਹ ਹਨ:
- ਧੁੰਦਲਾ ਦਿਖਾਈ ਦੇਣਾ
- ਰੌਸ਼ਨੀ 'ਚ ਚੁਭਨ — ਖਾਸਕਰ ਰਾਤ ਦੀ ਡਰਾਈਵ ਦੌਰਾਨ
- ਚਸ਼ਮਾ ਵਾਰ-ਵਾਰ ਬਦਲਣ ਦੀ ਲੋੜ
- ਡਬਲ ਵਿਜ਼ਨ (ਇਕ ਚੀਜ਼ ਦੋਹਰੀ ਦਿਖਣਾ)
- ਨੇੜੇ ਦੀਆਂ ਚੀਜ਼ਾਂ ਸਪੱਸ਼ਟ ਅਤੇ ਦੂਰੀ ਵਾਲੀਆਂ ਧੁੰਦਲੀਆਂ
ਮੋਤੀਆਬਿੰਦ ਦਾ ਇਲਾਜ: ਸਿਰਫ਼ ਸਜਰੀ ਹੀ ਇਕੱਲਾ ਹੱਲ
ਡਾਕਟਰ ਸਾਫ਼ ਕਹਿੰਦੇ ਹਨ ਕਿ ਮੋਤੀਆਬਿੰਦ ਕਿਸੇ ਵੀ ਦਵਾਈ ਜਾਂ ਡਰੌਪ ਨਾਲ ਠੀਕ ਨਹੀਂ ਹੋ ਸਕਦਾ, ਇਸ ਦਾ ਇਕੱਲਾ ਇਲਾਜ ਸਰਜਰੀ ਹੈ।
ਮੁੱਖ ਤੌਰ ‘ਤੇ ਦੋ ਕਿਸਮ ਦੀਆਂ ਸਜਰੀਆਂ ਕੀਤੀਆਂ ਜਾਂਦੀਆਂ ਹਨ:
ਸਮਾਲ ਇੰਸੀਜ਼ਨ ਕੈਟਰੇਕਟ ਸਰਜਰੀ (SICS) — ਗੰਭੀਰ ਮੋਤੀਆਬਿੰਦ ਵਾਲੇ ਕੇਸਾਂ 'ਚ, ਕਈ ਵਾਰ ਟਾਂਕੇ ਵੀ ਲੱਗਦੇ ਹਨ।
ਫੈਕੋਇਮਲਸਿਫਿਕੇਸ਼ਨ (Phaco Surgery) — ਲੇਜ਼ਰ ਜਾਂ ਮੈਨੂਅਲ ਤਰੀਕੇ ਨਾਲ ਕੀਤੀ ਜਾਂਦੀ ਹੈ; ਤੇਜ਼, ਸੁਰੱਖਿਅਤ ਅਤੇ ਬਿਨਾਂ ਟਾਂਕਿਆਂ ਵਾਲੀ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਮੋਤੀਆਬਿੰਦ ਤੋਂ ਬਚਾਅ: ਕੀ ਖਾਣਾ ਚਾਹੀਦਾ ਹੈ?
ਮਾਹਿਰਾਂ ਦੇ ਅਨੁਸਾਰ, ਆਕਸੀਡੇਟਿਵ ਸਟ੍ਰੈਸ ਮੋਤੀਆਬਿੰਦ ਦਾ ਮੁੱਖ ਕਾਰਣ ਹੈ। ਇਸ ਲਈ ਭੋਜਨ 'ਚ ਐਂਟੀਆਕਸੀਡੈਂਟ ਬਹੁਤ ਜ਼ਰੂਰੀ ਹਨ।
ਲਾਹੇਵੰਦ ਖਾਦ ਪਦਾਰਥ:
- ਵਿਟਾਮਿਨ A, C, E ਨਾਲ ਭਰਪੂਰ ਖੁਰਾਕ
- ਹਰੀਆਂ ਪੱਤੇਦਾਰ ਸਬਜ਼ੀਆਂ
- ਮੱਛੀ
- ਸੰਤਰਾ, ਆਂਵਲਾ, ਨਿੰਬੂ
- ਬ੍ਰੋਕਲੀ
- ਬਾਦਾਮ
ਇਹ ਖਾਦ ਪਦਾਰਥ ਅੱਖਾਂ ਦੀ ਸਿਹਤ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਮੋਤੀਆਬਿੰਦ ਦੇ ਖਤਰੇ ਨੂੰ ਘਟਾਉਂਦੇ ਹਨ।
ਮਾਹਿਰਾਂ ਦੀ ਸਲਾਹ
ਉਮਰ ਵਧਣ ਨਾਲ ਮੋਤੀਆਬਿੰਦ ਆਮ ਗੱਲ ਹੋ ਸਕਦੀ ਹੈ, ਪਰ ਪ੍ਰਦੂਸ਼ਣ, ਤਣਾਅ ਅਤੇ ਗਲਤ ਲਾਈਫਸਟਾਈਲ ਇਸ ਨੂੰ ਜਵਾਨੀ 'ਚ ਹੀ ਲਿਆ ਸਕਦੇ ਹਨ। ਇਸ ਲਈ ਲੱਛਣਾਂ ਨੂੰ ਸਮੇਂ ‘ਤੇ ਪਛਾਣਨਾ ਅਤੇ ਡਾਕਟਰ ਨਾਲ ਸਲਾਹ ਕਰਕੇ ਸਰਜਰੀ ਕਰਵਾਉਣਾ ਸਭ ਤੋਂ ਸੁਰੱਖਿਅਤ ਤਰੀਕਾ ਹੈ। ਸਿਹਤਮੰਦ ਭੋਜਨ ਅਤੇ ਸਹੀ ਆਦਤਾਂ ਨਾਲ ਅੱਖਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
