ਬਿਜਲੀ ਦੇ ਖੰਭੇ ਨਾਲ ਟਕਰਾਉਣ ਮਗਰੋਂ ਪਿਕਅੱਪ ''ਚ ਫੈਲਿਆ ਕਰੰਟ, ਮਚੀ ਚੀਕ-ਪੁਕਾਰ

Thursday, Oct 17, 2024 - 01:43 PM (IST)

ਬਿਜਲੀ ਦੇ ਖੰਭੇ ਨਾਲ ਟਕਰਾਉਣ ਮਗਰੋਂ ਪਿਕਅੱਪ ''ਚ ਫੈਲਿਆ ਕਰੰਟ, ਮਚੀ ਚੀਕ-ਪੁਕਾਰ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਵਿਚ ਵੀਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਪਿਕਅੱਪ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਮਗਰੋਂ ਕਰੰਟ ਫੈਲਾ ਗਿਆ ਅਤੇ ਗੱਡੀ ਵਿਚ ਸਵਾਰ ਮਜ਼ਦੂਰ ਛਾਲਾਂ ਮਾਰਨ ਲੱਗੇ। ਭਾਜੜ ਨੂੰ ਵੇਖ ਕੇ ਡਰਾਈਵਰ ਨੇ ਪਿਕਅੱਪ ਨੂੰ ਪਿੱਛੇ ਮੋੜ ਦਿੱਤਾ, ਜਿਸ ਕਾਰਨ ਇਸ ਹਾਦਸੇ ਵਿਚ 2 ਔਰਤਾਂ ਸੇਤ 4 ਦੀ ਦਰਦਨਾਕ ਮੌਤ ਹੋ ਗਈ। 5 ਲੋਕ ਜ਼ਖ਼ਮੀ ਹੋ ਗਏ। ਹਾਦਸੇ ਮਗਰੋਂ ਡਰਾਈਵਰ ਗੱਡੀ ਛੱਡ ਕੇ ਦੌੜ ਗਿਆ। ਇਹ ਭਿਆਨਕ ਹਾਦਸਾ ਥਾਣਾ ਕੋਸੀਕਲਾਂ ਖੇਤਰ ਵਿਚ ਸ਼ੇਰਗੜ੍ਹ ਰੋਡ 'ਤੇ ਵਾਪਰਿਆ। 

ਬਿਹਾਰ ਤੋਂ ਮਜ਼ਦੂਰੀ ਕਰਨ ਆਏ ਸਨ ਲੋਕ

ਜਾਣਕਾਰੀ ਮੁਤਾਬਕ ਬਿਹਾਰ ਤੋਂ ਆਏ 25 ਮਜ਼ਦੂਰ ਪਿਕਅੱਪ ਵਿਚ ਸਵਾਰ ਹੋ ਕੇ ਮਥੁਰਾ ਦੇ ਕੋਸੀਕਲਾਂ ਖੇਤਰ ਸਥਿਤ ਇੱਟਾਂ-ਭੱਠਿਆਂ 'ਤੇ ਕੰਮ ਕਰਨ ਜਾ ਰਹੇ ਸਨ। ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਪਿਕਅੱਪ ਬੇਕਾਬੂ ਹੋ ਕੇ ਰੋਡ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਪਿਕਅੱਪ ਟਕਰਾ ਗਈ। ਗੱਡੀ ਵਿਚ ਕਰੰਟ ਫੈਲਿਆ ਤਾਂ ਭਾਜੜ ਮਚ ਗਈ। ਜਿਸ ਤੋਂ ਬਾਅਦ ਡਰਾਈਵਰ ਨੇ ਪਿਕਅੱਪ ਨੂੰ ਪਿੱਛੇ ਮੋੜ ਦਿੱਤਾ ਅਤੇ ਲੋਕਾਂ ਨੂੰ ਕੁਚਲ ਦਿੱਤਾ।

ਮ੍ਰਿਤਕਾਂ ਦੀ ਹੋਈ ਪਛਾਣ

SSP ਸ਼ੈਲੇਂਦਰ ਕੁਮਾਰ ਪਾਂਡੇ ਨੇ ਦੱਸਿਆ ਕਿ ਇਸ ਦਰਮਿਆਨ ਟਰੱਕ ਡਰਾਈਵਰ ਨੇ ਵਾਹਨ ਨੂੰ ਪਿੱਛੇ ਮੋੜ ਦਿੱਤਾ, ਜਿਸ ਕਾਰਨ ਸਾਰੇ ਲੋਕ ਵਾਹਨ ਦੀ ਲਪੇਟ ਵਿਚ ਆ ਗਏ। 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੌਰੀ ਦੇਵੀ (35) ਅਤੇ ਉਸ ਦੀ ਧੀ ਕੋਮਲ (2) ਅਤੇ ਕੁੰਤੀ ਦੇਵੀ (28) ਅਤੇ ਉਸ ਦੀ ਧੀ ਪ੍ਰਿਅੰਕਾ (2) ਵਜੋਂ ਹੋਈ ਹੈ। ਕਾਜਲ, ਜੀਰਾ, ਮਾਨਾ, ਗੰਗਾ ਅਤੇ ਸਤੇਂਦਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ 'ਤੇ ਕੋਸੀਕਲਾਂ ਥਾਣਾ ਪੁਲਸ ਪਹੁੰਚੀ ਅਤੇ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਕੋਸੀਕਲਾਂ ਦੇ ਕਮਿਊਨਿਟੀ ਸਿਹਤ ਕੇਂਦਰ ਲਿਜਾਇਆ ਗਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Tanu

Content Editor

Related News