ਮੋਗਾ ''ਚ ਵੱਡਾ ਹਾਦਸਾ: ਵਿਆਹ ਸਮਾਗਮ ਤੋਂ ਵਾਪਸ ਆਉਂਦੇ ਫੁੱਟਪਾਥ ''ਤੇ ਪਲਟੀ ਮਹਿੰਦਰਾ ਪਿਕਅੱਪ, 1 ਦੀ ਮੌਤ
Saturday, Dec 13, 2025 - 08:40 AM (IST)
ਮੋਗਾ (ਵਿਪਿਨ ਓਕਾਰਾ) : ਮੋਗਾ-ਫਿਰੋਜ਼ਪੁਰ ਰੋਡ 'ਤੇ ਪਿੰਡ ਘੱਲ ਕਲਾਂ ਨੇੜੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੀ ਮਹਿੰਦਰਾ ਪਿਕਅੱਪ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ 'ਚ ਡਰਾਈਵਰ ਸਮੇਤ ਕੁੱਲ 4 ਲੋਕ ਸਵਾਰ ਸਨ।
ਥਾਣਾ ਸਦਰ ਮੋਗਾ ਦੇ ਏਐੱਸਆਈ ਬਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਿਕਅੱਪ ਗੱਡੀ, ਜਿਸ ਵਿੱਚ ਡੀਜੇ ਦਾ ਸਾਮਾਨ ਲੱਦਿਆ ਹੋਇਆ ਸੀ ਅਤੇ ਇਹ ਤਲਵੰਡੀ ਭਾਈ ਤੋਂ ਅਡਲੂ ਪਿੰਡ ਵੱਲ ਜਾ ਰਹੀ ਸੀ। ਰਸਤੇ ਵਿੱਚ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਉਹ ਬੇਕਾਬੂ ਹੋ ਕੇ ਫੁੱਟਪਾਥ 'ਤੇ ਚੜ੍ਹ ਕੇ ਪਲਟ ਗਈ। ਹਾਦਸੇ ਵਿੱਚ ਗੱਡੀ 'ਚ ਬੈਠੇ ਚਾਰੇ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਉੱਪਰ ਬੈਠਾ ਹੋਇਆ ਸੀ, ਜਿਸ ਨੂੰ ਪ੍ਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੋਗਾ ਪੁਲਸ ਵੱਲੋਂ ਐਨਕਾਊਂਟਰ! ਵਪਾਰੀ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਬਦਮਾਸ਼ ਨੂੰ ਮਾਰੀ ਗੋਲੀ
ਘਟਨਾ ਤੋਂ ਬਾਅਦ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਨੇੜਲੇ ਨਿਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਬੜੀ ਮੁਸ਼ਕਲ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਸਾਰੇ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਕੀ 2 ਵਿੱਚੋਂ ਇੱਕ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ, ਜਦੋਂਕਿ ਇੱਕ ਨੂੰ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਪ੍ਰਵਾਸੀ ਮਜ਼ਦੂਰ ਸੀ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਘਟਨਾ ਬਾਰੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
