ਪੰਜਾਬ ''ਚ ਮਚੀ ਸਿਆਸੀ ਹਲਚਲ! ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਦਾ ਵੱਡਾ ਬਿਆਨ
Tuesday, Dec 02, 2025 - 01:51 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀ ਵਕਾਲਤ ਕੀਤੇ ਜਾਣ ਮਗਰੋਂ ਸੂਬੇ ਦੀ ਸਿਆਸਤ ਵਿਚ ਕਾਫ਼ੀ ਹਲਚਲ ਮਚੀ ਹੋਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਬਿਆਨਬਾਜ਼ੀਆਂ ਦਾ ਦੌਰ ਜਾਰੀ ਹੈ। ਇਸ ਬਾਰੇ ਹੁਣ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅਹਿਮ ਬਿਆਨ ਆਇਆ ਹੈ।
ਅਸ਼ਵਨੀ ਸ਼ਰਮਾ ਨੇ ਸਪਸ਼ਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਨਿੱਜੀ ਹਨ, ਪਰ ਪਾਰਟੀ ਪਹਿਲੇ ਦਿਨ ਤੋਂ ਸਪਸ਼ਟ ਹੈ ਤੇ 117 ਸੀਟਾਂ ਨੂੰ ਧਿਆਨ ਵਿਚ ਰੱਖ ਕੇ ਹੀ ਆਪਣੀਆਂ ਗਤੀਵਿਧੀਆਂ ਕਰ ਰਹੀ ਹੈ ਅਤੇ ਭਵਿੱਖ ਦੀਆਂ ਯੋਜਨਾਵਾਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਸੰਗਠਨ ਦੇ ਢਾਂਚੇ ਦਾ ਵਿਸਥਾਰ ਕਰ ਰਹੀ ਹੈ ਅਤੇ ਪੂਰੀ ਤਨਦੇਹੀ, ਸੰਗਠਨਾਤਮਕ ਤਰੀਕੇ ਨਾਲ 117 ਸੀਟਾਂ 'ਤੇ ਅੱਗੇ ਵਧੇਗੀ।
ਹਰਸਿਮਰਤ ਕੌਰ ਬਾਦਲ ਕਦੋਂ ਬਣ ਗਈ 'ਜੋਤਸ਼ੀ'?
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ 'ਤੇ ਵੀ ਤੰਜ ਕੱਸਿਆ। ਪੱਤਰਕਾਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਬਿਆਨ ਬਾਰੇ ਪੁੱਛੇ ਜਾਣ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਸਿਆਸਤ ਛੱਡ ਕੇ 'ਜੋਤਸ਼ੀ' ਕਦੋਂ ਤੋਂ ਬਣ ਗਏ? ਸ਼ਰਮਾ ਨੇ ਕਿਹਾ ਕਿ ਸਿਆਸਤ ਵਿਚ ਕਦੋਂ ਕੀ ਹੋਵੇਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਭਾਜਪਾ ਨੂੰ ਚਾਹੁੰਦਾ ਹੈ ਤੇ ਪੰਜਾਬ ਵੀ ਭਾਜਪਾ ਨੂੰ ਚਾਹੁੰਦਾ ਹੈ, ਤਾਂ ਜੋ ਪੰਜਾਬ ਦੀ ਤਰੱਕੀ ਹੋਵੇ ਤੇ ਇੱਥੋਂ ਗੈਂਗਸਟਰਾਦ, ਗੁੰਡਾਗਰਦੀ ਤੇ ਨਸ਼ੇ ਦਾ ਖ਼ਾਤਮਾ ਹੋ ਸਕੇ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵੀ ਹਰਿਆਣਾ ਦੀ ਤਰਜ 'ਤੇ ਐੱਮ. ਐੱਸ. ਪੀ. ਮਿਲ ਸਕੇ।
