ਪੰਜਾਬ ''ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਪਾਵਰਕਾਮ ਲਈ ਪਿਆ ਨਵਾਂ ਪੰਗਾ, ਖ਼ਪਤਕਾਰ ਵੀ...
Monday, Dec 15, 2025 - 10:00 AM (IST)
ਲੁਧਿਆਣਾ (ਖੁਰਾਣਾ) : ਪੰਜਾਬ ਸਰਕਾਰ ਵਲੋਂ ਭਾਵੇਂ ਹੀ ਬਿਜਲੀ ਖ਼ਪਤਕਾਰਾਂ ਲਈ ਐੱਨ. ਓ. ਸੀ. ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਬਾਵਜੂਦ ਇਸ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਖ਼ਤਮ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਅਣ-ਅਧਿਕਾਰਤ ਕਾਲੋਨੀਆਂ ਅਤੇ ਨਗਰ ਨਿਗਮ ਸੀਮਾ ਦੀ ਹੱਦ ਦੇ ਬਾਹਰ ਵਸੇ ਪੇਂਡੂ ਇਲਾਕਿਆਂ ’ਚ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਨ ਤੋਂ ਬਾਅਦ ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲੇ ਖ਼ਪਤਕਾਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਐੱਮ. ਈ. ਲੈਬ ਕੋਲ ਲੋੜੀਂਦੀ ਮਾਤਰਾ ’ਚ ਬਿਜਲੀ ਦੇ ਮੀਟਰ ਨਾ ਹੋਣ ਕਾਰਨ ਖ਼ਪਤਕਾਰਾਂ ਦੀ ਲੰਬੀ ਲਿਸਟ ਬਕਾਇਆ ਪਈ ਹੋਈ ਹੈ, ਜੋ ਕਿ ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ LPG ਸਿਲੰਡਰਾਂ ਨੂੰ ਲੈ ਕੇ ਵੱਡੀ ਖ਼ਬਰ! ਬੁਕਿੰਗ ਕਰਾਉਣ ਵਾਲੇ ਖ਼ਪਤਕਾਰਾਂ ਨੂੰ...
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਲਾਲ ਸਬੰਧਿਤ ਪਾਵਰਕਾਮ ਵਿਭਾਗ ਦੀਆਂ 9 ਵੱਖ-ਵੱਖ ਡਵੀਜ਼ਨਾਂ ’ਚ ਹਾਲਾਤ ਕੁੱਝ ਅਜਿਹੇ ਬਣੇ ਹੋਏ ਹਨ ਕਿ ਅਧਿਕਾਰੀਆਂ ਨੂੰ ਨਾ ਸਿਰਫ਼ ਬਿਜਲੀ ਦੇ ਨਵੇਂ ਮੀਟਰਾਂ ਦੀ ਭਾਰੀ ਘਾਟ ਨਾਲ ਜੂਝਣਾ ਪੈ ਰਿਹਾ ਹੈ, ਸਗੋਂ ਵਿਭਾਗ ਨੂੰ ਬਿਜਲੀ ਦੀਆਂ ਤਾਰਾਂ ਤੇ ਬਕਸਿਆਂ ਤੱਕ ਦੀ ਵੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪਾਵਰਕਾਮ ਵਿਭਾਗ ਦੇ ਕਰਮਚਾਰੀ ਵਲੋਂ ਖ਼ਪਤਕਾਰਾਂ ਦੇ ਘਰਾਂ, ਵਪਾਰਕ ਅਦਾਰਿਆਂ ਅਤੇ ਫੈਕਟਰੀਆਂ ਆਦਿ ’ਚ ਬਿਜਲੀ ਦੇ ਨਵੇਂ ਮੀਟਰ ਲਗਾਉਣ ਬਦਲੇ ਲੋਹੇ ਦੇ ਬਕਸੇ ਲਗਾਉਣ ਲਈ ਵੀ ਖ਼ਪਤਕਾਰਾਂ ਦੀਆਂ ਜੇਬਾਂ ’ਤੇ ਬੋਝ ਪਾਇਆ ਜਾ ਰਿਹਾ ਹੈ ਅਤੇ ਸਿੱਧੇ ਤੌਰ ’ਤੇ ਖ਼ਪਤਕਾਰਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ, ਜੋ ਕਿ ਸਿੱਧੇ ਤੌਰ ’ਤੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਗੰਭੀਰ ਮਾਮਲਾ ਹੈ।
ਇਹ ਵੀ ਪੜ੍ਹੋ : ਖਰੜ ਦੇ ਪਿੰਡ ਮਲਕਪੁਰ 'ਚ ਵੋਟਾਂ ਲਈ 'ਆਪ' ਤੇ ਕਾਂਗਰਸ ਨੇ ਲਾਇਆ ਸਾਂਝਾ ਬੂਥ, ਲੋਕਾਂ ਨੇ ਦਿਖਾਈ ਏਕਤਾ
ਅਸਲ ’ਚ ਪਾਵਰਕਾਮ ਵਿਭਾਗ ਦੇ ਜ਼ਿਆਦਾਤਰ ਡਵੀਜ਼ਨਾਂ ’ਚ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਅਧਿਕਾਰੀਆਂ ਵਲੋਂ ਖ਼ਪਤਕਾਰਾਂ ਦੇ ਘਰਾਂ ’ਚ ਲੱਗੇ ਬਿਜਲੀ ਦੇ ਸੜੇ ਅਤੇ ਖ਼ਰਾਬ ਹੋ ਚੁੱਕੇ ਮੀਟਰਾਂ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਹੁਣ ਤੱਕ ਵੀ ਬਦਲਿਆ ਨਹੀਂ ਗਿਆ ਹੈ, ਜਦੋਂ ਕਿ ਪਾਵਰਕਾਮ ਵਿਭਾਗ ਵਲੋਂ ਬਿਨਾਂ ਐੱਨ. ਓ. ਸੀ. ਸ਼ਰਤ ਵਾਲੇ ਬਿਜਲੀ ਦੇ ਮੀਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਲਗਾਉਣ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦੋਂ ਕਿ ਅਸਲ ’ਚ ਜ਼ਮੀਨੀ ਹਾਲਾਤ ਦਾਅਵਿਆਂ ਦੇ ਬਿਲਕੁਲ ਉਲਟ ਦਿਖਾਈ ਦੇ ਰਹੇ ਹਨ। ਕੀ ਇਨ੍ਹਾਂ ਸਭ ਦੇ ਪਿਛੇ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਅਤੇ ਐਕਸ਼ੀਅਨ ਵਲੋਂ ਖ਼ਪਤਕਾਰਾਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰਨ ਜਾਂ ਫਿਰ ਬਿਜਲੀ ਦੇ ਮੀਟਰਾਂ ਦੀ ਘਾਟ ਦਿਖਾ ਕੇ ਅਤੇ ਖ਼ਪਤਕਾਰਾਂ ਦੇ ਬਿਜਲੀ ਦਫ਼ਤਰ ’ਚ ਵਾਰ-ਵਾਰ ਚੱਕਰ ਲਗਵਾ ਕੇ ਆਪਣੀਆਂ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ। ਇਹ ਗੰਭੀਰ ਮਾਮਲਾ ਜਾਂਚ ਦਾ ਵਿਸ਼ਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
