ਕਿਸੇ ਵੀ ਚੀਜ਼ ਨੂੰ ਛੂੰਹਦਿਆਂ ਕਿਉਂ ਲੱਗਦਾ ਹੈ ਕਰੰਟ? ਜਾਣੋ ਇਸਦੇ ਪਿੱਛੇ ਦਾ ਦਿਲਚਸਪ ਕਾਰਨ
Friday, Dec 05, 2025 - 03:32 PM (IST)
ਵੈੱਬ ਡੈਸਕ : ਕੀ ਤੁਹਾਡੇ ਨਾਲ ਵੀ ਕਦੇ ਅਜਿਹਾ ਹੋਇਆ ਹੈ ਕਿ ਦਰਵਾਜ਼ੇ ਦਾ ਹੈਂਡਲ ਫੜਦਿਆਂ ਹੀ ਝਟਕਾ ਲੱਗਿਆ ਹੋਵੇ, ਕੁਰਸੀ ਨੂੰ ਛੂਹਣ 'ਤੇ 'ਚਟਕ' ਦੀ ਆਵਾਜ਼ ਆਈ ਹੋਵੇ, ਜਾਂ ਕਿਸੇ ਇਨਸਾਨ ਨੂੰ ਛੂਹਣ 'ਤੇ ਕਰੰਟ ਮਹਿਸੂਸ ਹੋਇਆ ਹੋਵੇ? ਜੇ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ, ਇਹ ਅਨੁਭਵ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨਾਲ ਹੁੰਦਾ ਹੈ।
ਅਸਲ ਵਿੱਚ ਇਸ ਅਚਾਨਕ ਲੱਗਣ ਵਾਲੇ ਝਟਕੇ ਨੂੰ ਸਟੈਟਿਕ ਇਲੈਕਟ੍ਰੀਸਿਟੀ (Static Electricity) ਕਿਹਾ ਜਾਂਦਾ ਹੈ। ਲੋਕ ਮਜ਼ਾਕ ਵਿੱਚ ਇਸਨੂੰ 'ਬਿਜਲੀ ਤੋਂ ਬਿਨਾਂ ਕਰੰਟ' ਕਹਿੰਦੇ ਹਨ, ਜਦੋਂ ਕਿ ਇਸਦੇ ਆਸ-ਪਾਸ ਕੋਈ ਬਿਜਲੀ ਦਾ ਕੁਨੈਕਸ਼ਨ ਵੀ ਨਹੀਂ ਹੁੰਦਾ। ਇਸਦੇ ਪਿੱਛੇ ਇੱਕ ਦਿਲਚਸਪ ਵਿਗਿਆਨਕ ਕਾਰਨ ਛੁਪਿਆ ਹੋਇਆ ਹੈ, ਜਿਸਦਾ ਸਿੱਧਾ ਸਬੰਧ ਸਾਡੇ ਸਰੀਰ ਵਿੱਚ ਬਣਨ ਵਾਲੇ ਇਲੈਕਟ੍ਰਿਕ ਚਾਰਜ ਨਾਲ ਹੈ।
ਐਟਮ ਅਤੇ ਇਲੈਕਟ੍ਰੌਨ ਦੀ ਖੇਡ ਸਾਡੇ ਆਲੇ-ਦੁਆਲੇ ਮੌਜੂਦ ਹਰ ਚੀਜ਼ ਛੋਟੇ-ਛੋਟੇ ਕਣਾਂ ਤੋਂ ਬਣੀ ਹੁੰਦੀ ਹੈ। ਹਰੇਕ ਐਟਮ ਵਿੱਚ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ: ਇਲੈਕਟ੍ਰੌਨ (ਨੈਗੇਟਿਵ ਚਾਰਜ), ਪ੍ਰੋਟੋਨ (ਪੌਜ਼ੀਟਿਵ ਚਾਰਜ), ਅਤੇ ਨਿਊਟ੍ਰੌਨ (ਜਿਸਦਾ ਕੋਈ ਚਾਰਜ ਨਹੀਂ ਹੁੰਦਾ)। ਜਦੋਂ ਕਿਸੇ ਵਜ੍ਹਾ ਕਰਕੇ ਐਟਮ ਵਿੱਚ ਇਲੈਕਟ੍ਰੌਨਾਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ, ਤਾਂ ਉਸ ਚੀਜ਼ ਵਿੱਚ ਨੈਗੇਟਿਵ ਚਾਰਜ ਬਣ ਜਾਂਦਾ ਹੈ।
ਝਟਕਾ ਕਿਉਂ ਲੱਗਦਾ ਹੈ?
ਜਦੋਂ ਤੁਹਾਡੇ ਸਰੀਰ ਜਾਂ ਕਿਸੇ ਚੀਜ਼ ਵਿੱਚ ਜ਼ਿਆਦਾ ਨੈਗੇਟਿਵ ਚਾਰਜ ਜਮ੍ਹਾ ਹੋ ਜਾਂਦਾ ਹੈ ਅਤੇ ਤੁਸੀਂ ਫਿਰ ਕਿਸੇ ਅਜਿਹੀ ਚੀਜ਼ ਨੂੰ ਛੂਹਦੇ ਹੋ ਜਿਸ ਵਿੱਚ ਪੌਜ਼ੀਟਿਵ ਚਾਰਜ ਹੁੰਦਾ ਹੈ ਤਾਂ ਇਲੈਕਟ੍ਰੌਨ ਬਹੁਤ ਤੇਜ਼ੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਦੌੜਦੇ ਹਨ। ਇਲੈਕਟ੍ਰੌਨਾਂ ਦੀ ਇਸ ਤੇਜ਼ ਹਲਚਲ ਕਾਰਨ ਹੀ ਤੁਹਾਨੂੰ ਝਟਕਾ ਲੱਗਦਾ ਹੈ ਅਤੇ ਕਈ ਵਾਰ ਛੋਟੀ ਜਿਹੀ ਚੰਗਿਆੜੀ (ਸਪਾਰਕ) ਵੀ ਦਿਖਾਈ ਦਿੰਦੀ ਹੈ। ਇਸੇ ਪ੍ਰਕਿਰਿਆ ਨੂੰ ਸਟੈਟਿਕ ਇਲੈਕਟ੍ਰੀਸਿਟੀ ਕਿਹਾ ਜਾਂਦਾ ਹੈ।
ਸਰਦੀਆਂ 'ਚ ਜ਼ਿਆਦਾ ਕਿਉਂ ਲੱਗਦਾ ਹੈ ਕਰੰਟ
ਤੁਸੀਂ ਦੇਖਿਆ ਹੋਵੇਗਾ ਕਿ ਇਹ ਸਮੱਸਿਆ ਖਾਸ ਕਰਕੇ ਸਰਦੀਆਂ 'ਚ ਜ਼ਿਆਦਾ ਹੁੰਦੀ ਹੈ। ਇਸਦਾ ਮੁੱਖ ਕਾਰਨ ਹਵਾ ਵਿੱਚ ਨਮੀ (Humidity) ਦੀ ਕਮੀ ਹੈ। ਸਰਦੀਆਂ 'ਚ ਮੌਸਮ ਖੁਸ਼ਕ (Dry) ਹੋ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਬਣਿਆ ਨੈਗੇਟਿਵ ਚਾਰਜ ਆਸਾਨੀ ਨਾਲ ਬਾਹਰ ਨਹੀਂ ਨਿਕਲ ਪਾਉਂਦਾ। ਇਸਦੇ ਉਲਟ, ਗਰਮੀਆਂ 'ਚ ਹਵਾ ਦੀ ਨਮੀ ਇਸ ਚਾਰਜ ਨੂੰ ਤੁਰੰਤ ਖਤਮ ਕਰ ਦਿੰਦੀ ਹੈ, ਜਿਸ ਕਰ ਕੇ ਉਸ ਮੌਸਮ ਵਿੱਚ ਝਟਕਾ ਘੱਟ ਲੱਗਦਾ ਹੈ।
ਬਚਾਅ ਦੇ ਤਰੀਕੇ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਕਰੰਟ ਜਾਨਲੇਵਾ ਨਹੀਂ ਹੁੰਦਾ, ਸਗੋਂ ਇਹ ਇੱਕ ਹਲਕੀ-ਫੁਲਕੀ ਕੁਦਰਤੀ ਪ੍ਰਕਿਰਿਆ ਹੈ। ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ:
• ਸਰੀਰ ਵਿੱਚ ਨਮੀ ਬਣਾਈ ਰੱਖੋ।
• ਸੂਤੀ ਕੱਪੜੇ ਪਹਿਨੋ।
• ਹੱਥਾਂ ਨੂੰ ਜ਼ਿਆਦਾ ਸੁੱਕਾ ਨਾ ਰਹਿਣ ਦਿਓ।
