ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਦੀ ਜ਼ੋਰਦਾਰ ਟੱਕਰ, ਪੈ ਗਿਆ ਚੀਕ ਚਿਹਾੜਾ
Tuesday, Dec 09, 2025 - 03:57 PM (IST)
ਬੰਗਾ (ਰਾਕੇਸ਼ ਅਰੋੜਾ) : ਬੰਗਾ ਫਗਵਾੜਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਲਾਲਪੁਰ ਨਜ਼ਦੀਕ ਇਕ ਕਾਰ ਅਤੇ ਸਵਾਰੀਆਂ ਨਾਲ ਭਰੇ ਆਟੋ ਵਿਚਕਾਰ ਹੋਈ ਟੱਕਰ ਦੌਰਾਨ ਆਟੋ 'ਚ ਸਵਾਰ ਆਟੋ ਡਰਾਈਵਰ ਸਮੇਤ ਅੱਠ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਇਕ ਆਟੋ ਨੰਬਰ ਪੀ ਬੀ 08 ਈ ਜੀ 1173 ਜਿਸ ਨੂੰ ਰਾਜ ਕੁਮਾਰ ਪੁੱਤਰ ਪ੍ਰੇਮ ਚੰਦ ਨਿਵਾਸੀ ਕਿਸ਼ਨਗੜ੍ਹ ਜ਼ਿਲਾ ਜਲੰਧਰ ਚਲਾ ਰਿਹਾ ਸੀ ਜੋ ਉਪਰੋਤਕ ਆਟੋ ਵਿਚ 7 ਸਵਾਰੀਆਂ ਨੂੰ ਨਾਲ ਲੈ ਕੇ ਪਿੰਡ ਅਲਾਵਲਪੁਰ (ਜਲੰਧਰ) ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਪਿੰਡ ਗੋਸਲਾਂ ਨੂੰ ਆ ਰਿਹਾ ਸੀ। ਜਿਵੇਂ ਵੀ ਉਹ ਦੁਰਘਟਨਾ ਸਥਾਨ 'ਤੇ ਪੁੱਜਾ ਤਾਂ ਪਿੱਛੇ ਤੋਂ ਆ ਰਹੀ ਇਕ ਆਲਟੋ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਫਲਸਰੂਪ ਆਟੋ ਚਾਲਕ ਆਟੋ ਦਾ ਸੰਤੁਲਨ ਗਵਾ ਬੈਠਾ ਅਤੇ ਸੜਕ 'ਤੇ ਪਲਟ ਗਿਆ ਜਿਸ ਦੇ ਫਲਸਰੂਪ ਆਟੋ ਸਵਾਰ ਸਮੇਤ ਆਟੋ ਚਾਲਕ ਰਾਜਕੁਮਾਰ ਪੁੱਤਰ ਪ੍ਰੇਮ ਚੰਦ ਨਿਵਾਸੀ ਕਿਸ਼ਨਪੁਰ (ਜਲੰਧਰ), ਤਜਿੰਦਰ ਕੌਰ ਪਤਨੀ ਜਗਜੀਤ ਕੁਮਾਰ ਜਗਜੀਤ ਕੁਮਾਰ ਪੁੱਤਰ ਸੇਵਾ ਰਾਮ ,ਗੁਰਬਖਸ਼ ਕੌਰ ਪਤਨੀ ਜਗਦੀਸ ਸਿੰਘ, ਜਗਦੀਸ਼ ਸਿੰਘ ਪੁੱਤਰ ਤੇਜਾ ਸਿੰਘ ,ਸਤਿਆ ਦੇਵੀ ਪਤਨੀ ਬਲਵੀਰ ਚੰਦ, ਭਜਨ ਕੌਰ ਪਤਨੀ ਅਮਰੀਕ ਸਿੰਘ, ਸਵਿਤਾ ਪਤਨੀ ਹਰਵਿੰਦਰ ਸਿੰਘ ਸਾਰੇ ਨਿਵਾਸੀ ਅਲਾਵਲਪੁਰ ਜ਼ਖਮੀ ਹੋ ਗਏ।
ਇਸ ਮੌਕੇ ਜ਼ਖਮੀਆਂ ਨੂੰ ਨੈਸ਼ਨਲ ਹਾਈਵੇ ਦੀ ਐਬੂਲੈਂਸ ਦੁਆਰਾ ਬੰਗਾ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਹ ਪਿੰਡ ਗੋਸਲਾਂ ਵਿਖੇ ਕਿਸੇ ਨਜ਼ਦੀਕੀ ਦੀ ਹੋਈ ਮੌਤ 'ਤੇ ਅਫਸੋਸ ਲਈ ਜਾ ਰਹੇ ਸਨ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਹਿਰਾਮ ਦੇ ਪੁਲਸ ਅਧਿਕਾਰੀ ਮੌਕੇ ਤੇ ਪੁੱਜ ਗਏ ਅਤੇ ਉਨਾਂ ਨੇ ਦੁਰਘਟਨਾ ਗ੍ਰਸਤ ਵਾਹਨਾ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
