ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket Money ਫੀਚਰ
Monday, May 18, 2026 - 10:53 PM (IST)
ਗੈਜੇਟ ਡੈਸਕ- ਡਿਜੀਟਲ ਭੁਗਤਾਨ ਦੇ ਵਧਦੇ ਰੁਝਾਨ ਨੂੰ ਮੁੱਖ ਰੱਖਦਿਆਂ Paytm ਨੇ ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਲਈ ਇੱਕ ਨਵਾਂ ਫੀਚਰ 'ਪੇਟੀਐਮ ਪੌਕੇਟ ਮਨੀ' ਲਾਂਚ ਕੀਤਾ ਹੈ। ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਉਹ ਨੌਜਵਾਨ, ਜਿਨ੍ਹਾਂ ਦਾ ਅਜੇ ਆਪਣਾ ਬੈਂਕ ਖਾਤਾ ਨਹੀਂ ਹੈ, ਉਹ ਵੀ ਪੇਟੀਐਮ UPI ਰਾਹੀਂ ਆਸਾਨੀ ਨਾਲ ਭੁਗਤਾਨ ਕਰ ਸਕਣਗੇ।
ਮਾਪਿਆਂ ਕੋਲ ਹੋਵੇਗਾ ਪੂਰਾ ਕੰਟਰੋਲ
ਕੰਪਨੀ ਵੱਲੋਂ 18 ਮਈ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਫੀਚਰ ਰਾਹੀਂ ਮਾਪੇ ਆਪਣੇ ਬੱਚਿਆਂ ਦੇ ਖਰਚਿਆਂ 'ਤੇ ਪੂਰੀ ਨਜ਼ਰ ਰੱਖ ਸਕਣਗੇ। ਮਾਪੇ NPCI ਦੇ UPI ਸਰਕਲ ਰਾਹੀਂ ਬੱਚਿਆਂ ਨੂੰ ਜੋੜ ਸਕਦੇ ਹਨ ਅਤੇ ਉਨ੍ਹਾਂ ਦੇ ਖਰਚ ਦੀ ਲਿਮਟ ਤੈਅ ਕਰ ਸਕਦੇ ਹਨ। ਹਰ ਲੈਣ-ਦੇਣ ਦੀ ਜਾਣਕਾਰੀ ਮਾਪਿਆਂ ਨੂੰ ਰੀਅਲ-ਟਾਈਮ ਵਿੱਚ ਮਿਲੇਗੀ, ਜਿਸ ਨਾਲ ਉਹ ਖਰਚੇ ਦਾ ਪ੍ਰਬੰਧਨ ਕਰ ਸਕਣਗੇ।
ਪੇਟੀਐਮ ਨੇ ਇਸ ਫੀਚਰ ਦੀ ਵਰਤੋਂ ਲਈ ਕੁਝ ਮਹੱਤਵਪੂਰਨ ਸੀਮਾਵਾਂ ਨਿਰਧਾਰਤ ਕੀਤੀਆਂ ਹਨ:
ਮੰਥਲੀ ਲਿਮਟ : ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15,000 ਰੁਪਏ ਤੱਕ ਖਰਚ ਕਰ ਸਕਣਗੇ।
ਪ੍ਰਤੀ ਟ੍ਰਾਂਜੈਕਸ਼ਨ ਲਿਮਟ : ਇੱਕ ਵਾਰ ਵਿੱਚ ਭੁਗਤਾਨ ਦੀ ਸੀਮਾ 5,000 ਰੁਪਏ ਤੱਕ ਹੋਵੇਗੀ।
ਸ਼ੁਰੂਆਤੀ ਸੁਰੱਖਿਆ: ਕਿਸੇ ਵੀ ਗਲਤ ਵਰਤੋਂ ਨੂੰ ਰੋਕਣ ਲਈ, ਫੀਚਰ ਐਕਟਿਵ ਹੋਣ ਦੇ ਪਹਿਲੇ 30 ਮਿੰਟਾਂ ਵਿੱਚ ਸਿਰਫ਼ 500 ਰੁਪਏ ਅਤੇ ਪਹਿਲੇ 24 ਘੰਟਿਆਂ ਵਿੱਚ 5,000 ਰੁਪਏ ਤੱਕ ਦਾ ਹੀ ਭੁਗਤਾਨ ਕੀਤਾ ਜਾ ਸਕੇਗਾ।
ਕਿਵੇਂ ਕਰੀਏ ਸੈੱਟਅੱਪ?
ਇਸ ਫੀਚਰ ਨੂੰ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਪੇਟੀਐਮ ਐਪ ਨੂੰ ਅਪਡੇਟ ਕਰਨਾ ਪਵੇਗਾ। ਇਸ ਤੋਂ ਬਾਅਦ ਐਪ ਵਿੱਚ 'To Mobile / Contact' ਵਿਕਲਪ ਵਿੱਚ ਜਾ ਕੇ 'ਪੌਕੇਟ ਮਨੀ' 'ਤੇ ਟੈਪ ਕਰਨਾ ਹੋਵੇਗਾ। ਇੱਥੇ ਲੋੜੀਂਦੇ ਸੰਪਰਕ ਨੂੰ ਚੁਣ ਕੇ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਪੂਰੀ ਕਰਨ ਤੋਂ ਬਾਅਦ ਅਤੇ ਆਪਣਾ UPI ਪਿੰਨ ਪਾ ਕੇ ਮਹੀਨਾਵਾਰ ਲਿਮਿਟ ਸੈੱਟ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਤੋਂ ਬਾਅਦ, ਜਿਸ ਬੱਚੇ ਨੂੰ ਪੌਕੇਟ ਮਨੀ ਭੇਜੀ ਜਾ ਰਹੀ ਹੈ, ਉਸ ਨੂੰ ਇਨਵੀਟੇਸ਼ਨ ਸਵੀਕਾਰ ਕਰਨਾ ਪਵੇਗਾ।
ਇਸ ਫੀਚਰ ਨਾਲ ਜਿੱਥੇ ਬੱਚਿਆਂ ਨੂੰ ਵਾਰ-ਵਾਰ ਮਾਪਿਆਂ ਤੋਂ ਫੋਨ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ, ਉੱਥੇ ਹੀ ਉਹ ਪੈਸਿਆਂ ਦਾ ਪ੍ਰਬੰਧਨ ਕਰਨਾ ਵੀ ਸਿੱਖ ਸਕਣਗੇ।
