ਨਵੇਂ ਫੋਨ ਵੇਚਣ ਲਈ ਪੁਰਾਣੇ ਫ਼ੋਨਾਂ ਨੂੰ ਜਾਣਬੁੱਝ ਕੇ Slow ਕਰਦੈ Apple ! ਕੰਪਨੀ ਦੇ ਇੰਜੀਨੀਅਰ ਨੇ ਖ਼ੁਦ ਕੀਤਾ ਦਾਅਵਾ
Sunday, May 10, 2026 - 01:13 PM (IST)
ਗੈਜੇਟ ਡੈਸਕ - ਦੁਨੀਆ ਦੀ ਸਭ ਤੋਂ ਮਸ਼ਹੂਰ ਟੈਕ ਕੰਪਨੀਆਂ 'ਚੋਂ ਇਕ ਐਪਲ ਇਕ ਵਾਰ ਫਿਰ ਵੱਡੇ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ। ਆਪਣੇ ਆਈਫੋਨ ਦੀ ਪ੍ਰੀਮੀਅਮ ਕੁਆਲਿਟੀ ਅਤੇ ਲੰਬੀ ਲਾਈਫ ਦਾ ਦਾਅਵਾ ਕਰਨ ਵਾਲੀ ਇਸ ਕੰਪਨੀ 'ਤੇ ਉਸ ਦੇ ਹੀ ਇਕ ਸਾਬਕਾ ਕਰਮਚਾਰੀ ਨੇ ਗੰਭੀਰ ਦੋਸ਼ ਲਗਾਏ ਹਨ। ਦਾਅਵਾ ਕੀਤਾ ਗਿਆ ਹੈ ਕਿ ਐਪਲ ਜਾਣਬੁੱਝ ਕੇ ਪੁਰਾਣੇ ਆਈਫੋਨ ਮਾਡਲਾਂ 'ਚ 'ਮਾਲਵੇਅਰ' ਭੇਜ ਕੇ ਉਨ੍ਹਾਂ ਨੂੰ Slow ਕਰ ਦਿੰਦਾ ਹੈ ਤਾਂ ਜੋ ਗਾਹਕ ਪ੍ਰੇਸ਼ਾਨ ਹੋ ਕੇ ਨਵਾਂ ਅਤੇ ਮਹਿੰਗਾ ਮਾਡਲ ਖਰੀਦਣ ਲਈ ਮਜਬੂਰ ਹੋ ਜਾਣ।
ਸੋਸ਼ਲ ਮੀਡੀਆ 'ਤੇ ਖੁਲਾਸੇ ਨਾਲ ਮਚੀ ਸਨਸਨੀ
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੰਪਨੀ ਦੇ ਇਕ ਸਾਬਕਾ ਸਾਫਟਵੇਅਰ ਇੰਜੀਨੀਅਰ ਨੇ ਦਾਅਵਾ ਕੀਤਾ ਹੈ ਕਿ ਇਹ ਪੂਰੀ ਪ੍ਰਕਿਰਿਆ ਇਕ ਸੋਚੀ-ਸਮਝੀ ਰਣਨੀਤੀ ਤਹਿਤ ਕੰਮ ਕਰਦੀ ਹੈ। ਉਸ ਅਨੁਸਾਰ, ਜਦੋਂ ਵੀ ਬਾਜ਼ਾਰ 'ਚ ਕੋਈ ਨਵਾਂ ਆਈਫੋਨ ਲਾਂਚ ਹੋਣ ਵਾਲਾ ਹੁੰਦਾ ਹੈ, ਕੰਪਨੀ ਪੁਰਾਣੇ ਮਾਡਲਾਂ ਲਈ ਅਜਿਹੇ ਸਾਫਟਵੇਅਰ ਅਪਡੇਟ ਜਾਰੀ ਕਰਦੀ ਹੈ ਜਿਨ੍ਹਾਂ 'ਚ ਖਾਸ ਕੋਡਿੰਗ ਜਾਂ ਮਾਲਵੇਅਰ ਹੁੰਦੇ ਹਨ। ਇਹ ਅਪਡੇਟ ਫੋਨ ਦੀ ਪ੍ਰੋਸੈਸਿੰਗ ਪਾਵਰ ਨੂੰ ਘਟਾ ਦਿੰਦੇ ਹਨ, ਜਿਸ ਨਾਲ ਯੂਜ਼ਰਸ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਫੋਨ ਹੁਣ ਪੁਰਾਣਾ ਤੇ ਬੇਕਾਰ ਹੋ ਗਿਆ ਹੈ।
'ਬੈਟਰੀ ਗੇਟ' ਸਕੈਂਡਲ ਦੀਆਂ ਯਾਦਾਂ ਹੋਈਆਂ ਤਾਜ਼ਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਪਲ 'ਤੇ ਅਜਿਹੇ ਇਲਜ਼ਾਮ ਲੱਗੇ ਹਨ। ਸਾਲ 2017 'ਚ ਵੀ ‘ਬੈਟਰੀ ਗੇਟ’ ਨਾਮ ਦਾ ਵੱਡਾ ਵਿਵਾਦ ਸਾਹਮਣੇ ਆਇਆ ਸੀ। ਉਸ ਸਮੇਂ iOS 10.2.1 ਅਪਡੇਟ ਤੋਂ ਬਾਅਦ ਲੱਖਾਂ ਆਈਫੋਨ 6 ਯੂਜ਼ਰਸ ਦੇ ਫੋਨ ਅਚਾਨਕ ਬੰਦ ਹੋਣ ਲੱਗੇ ਸਨ। ਜਾਂਚ 'ਚ ਪਤਾ ਲੱਗਿਆ ਸੀ ਕਿ ਐਪਲ ਨੇ ਬੈਟਰੀ ਬਚਾਉਣ ਦੇ ਬਹਾਨੇ ਫੋਨ ਦੀ ਪਰਫਾਰਮੈਂਸ ਘਟਾ ਦਿੱਤੀ ਸੀ, ਜਿਸ ਲਈ ਕੰਪਨੀ ਨੂੰ ਭਾਰੀ ਜੁਰਮਾਨਾ ਵੀ ਭਰਨਾ ਪਿਆ ਸੀ।
ਕੀ ਹੈ ਇਸ ਪਿੱਛੇ ਦੀ ਤਕਨੀਕੀ ਸੱਚਾਈ?
ਤਕਨੀਕੀ ਮਾਹਿਰਾਂ ਦਾ ਕਹਿਣਾ ਹੈ ਕਿ ਆਈਫੋਨ 'ਚ ਵਰਤੀ ਜਾਣ ਵਾਲੀ ਲਿਥੀਅਮ-ਆਇਨ ਬੈਟਰੀ 2 ਤੋਂ 3 ਸਾਲਾਂ ਬਾਅਦ ਕਮਜ਼ੋਰ ਹੋਣ ਲੱਗਦੀ ਹੈ। ਜਦੋਂ ਕੋਈ ਭਾਰੀ ਸਾਫਟਵੇਅਰ ਅਪਡੇਟ ਆਉਂਦਾ ਹੈ, ਤਾਂ ਪ੍ਰੋਸੈਸਰ ਨੂੰ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ, ਜੋ ਪੁਰਾਣੀ ਬੈਟਰੀ ਸਪਲਾਈ ਨਹੀਂ ਕਰ ਪਾਉਂਦੀ। ਇਸ ਕਾਰਨ ਫੋਨ ਨੂੰ ਕ੍ਰੈਸ਼ ਹੋਣ ਤੋਂ ਬਚਾਉਣ ਲਈ ਸਿਸਟਮ ਖੁਦ ਹੀ ਇਸ ਨੂੰ ਸਲੋ ਕਰ ਦਿੰਦਾ ਹੈ।
ਯੂਜ਼ਰਸ ਦੀ ਵਧੀ ਚਿੰਤਾ
ਫਿਲਹਾਲ ਐਪਲ ਨੇ ਇਸ ਨਵੇਂ ਖੁਲਾਸੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਇਸ ਖੁਲਾਸੇ ਨੇ ਕਰੋੜਾਂ ਯੂਜ਼ਰਸ ਨੂੰ ਚਿੰਤਾ 'ਚ ਪਾ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਨੂੰ ‘ਪਲਾਨਡ ਓਬਸੋਲੇਸੈਂਸ’ ਕਹਿ ਰਹੇ ਹਨ, ਜਿਸਦਾ ਮਤਲਬ ਹੈ ਕਿਸੇ ਚੀਜ਼ ਨੂੰ ਜਾਣਬੁੱਝ ਕੇ ਖਰਾਬ ਕਰਨਾ ਤਾਂ ਜੋ ਨਵਾਂ ਸਮਾਨ ਵੇਚਿਆ ਜਾ ਸਕੇ।
