instagram ਦਾ ਨਵਾਂ ਫੀਚਰ : ਹੁਣ ਦੇਖਦੇ ਹੀ ਫੋਟੋ ਹੋ ਜਾਵੇਗੀ ਗਾਇਬ
Thursday, May 14, 2026 - 01:03 PM (IST)
ਗੈਜੇਟ ਡੈਸਕ - ਸੋਸ਼ਲ ਮੀਡੀਆ ਦਿੱਗਜ ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਲਈ ਇਕ ਬਿਲਕੁਲ ਨਵਾਂ ਫੀਚਰ 'Instants' ਪੇਸ਼ ਕੀਤਾ ਹੈ, ਜਿਸ ਦਾ ਮੁੱਖ ਮਕਸਦ ਰੀਅਲ-ਟਾਈਮ ਅਤੇ ਕੁਦਰਤੀ ਫੋਟੋ ਸ਼ੇਅਰਿੰਗ ਅਨੁਭਵ ਦੇਣਾ ਹੈ। ਇਸ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਯੂਜ਼ਰਸ ਸਿਰਫ਼ ਉਸੇ ਪਲ ਦੀ ਫੋਟੋ ਸਾਂਝੀ ਕਰ ਸਕਣਗੇ, ਜਿਸ 'ਚ ਕਿਸੇ ਵੀ ਤਰ੍ਹਾਂ ਦੀ ਫਿਲਟਰ ਜਾਂ ਐਡੀਟਿੰਗ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ,।
ਕਿਵੇਂ ਕੰਮ ਕਰੇਗਾ 'Instants' ਫੀਚਰ?
ਇਹ ਫੀਚਰ ਇੰਸਟਾਗ੍ਰਾਮ ਇਨਬਾਕਸ ਵਿੱਚ ਦਿੱਤੇ ਗਏ ਇੱਕ ਛੋਟੇ 'ਸਟੈਕ ਆਈਕਨ' ਰਾਹੀਂ ਵਰਤਿਆ ਜਾ ਸਕਦਾ ਹੈ। ਇਸ ਆਈਕਨ 'ਤੇ ਟੈਪ ਕਰਦੇ ਹੀ ਕੈਮਰਾ ਖੁੱਲ੍ਹ ਜਾਂਦਾ ਹੈ ਅਤੇ ਯੂਜ਼ਰ ਤੁਰੰਤ ਫੋਟੋ ਕਲਿੱਕ ਕਰਕੇ ਆਪਣੇ 'ਕਲੋਜ਼ ਫ੍ਰੈਂਡਸ' ਜਾਂ ਮਿਊਚੁਅਲ ਫੋਲੋਅਰਜ਼ ਨਾਲ ਸਾਂਝੀ ਕਰ ਸਕਦਾ ਹੈ। ਇਸ ਫੀਚਰ 'ਚ ਫੋਨ ਦੀ ਗੈਲਰੀ 'ਚੋਂ ਪੁਰਾਣੀਆਂ ਫੋਟੋਆਂ ਅਪਲੋਡ ਕਰਨ ਦਾ ਕੋਈ ਵਿਕਲਪ ਨਹੀਂ ਦਿੱਤਾ ਗਿਆ ਹੈ।
ਪ੍ਰਾਈਵੇਸੀ ਅਤੇ ਸੁਰੱਖਿਆ ਦਾ ਖਾਸ ਧਿਆਨ
ਸਰੋਤਾਂ ਮੁਤਾਬਕ, 'Instants' ਰਾਹੀਂ ਭੇਜੀ ਗਈ ਫੋਟੋ ਇਕ ਵਾਰ ਦੇਖਣ ਤੋਂ ਬਾਅਦ ਗਾਇਬ ਹੋ ਜਾਵੇਗੀ ਅਤੇ 24 ਘੰਟਿਆਂ ਬਾਅਦ ਇਸ ਨੂੰ ਦੁਬਾਰਾ ਨਹੀਂ ਦੇਖਿਆ ਜਾ ਸਕੇਗਾ। ਸੁਰੱਖਿਆ ਦੇ ਲਿਹਾਜ਼ ਨਾਲ, ਇਸ 'ਚ ਸਕ੍ਰੀਨਸ਼ਾਟ ਜਾਂ ਸਕ੍ਰੀਨ ਰਿਕਾਰਡਿੰਗ ਦੀ ਸਹੂਲਤ ਨਹੀਂ ਦਿੱਤੀ ਗਈ। ਹਾਲਾਂਕਿ, ਇਹ ਫੋਟੋਆਂ ਇਕ ਸਾਲ ਤੱਕ ਯੂਜ਼ਰ ਦੇ ਪ੍ਰਾਈਵੇਟ ਆਰਕਾਈਵ 'ਚ ਸੁਰੱਖਿਅਤ ਰਹਿਣਗੀਆਂ, ਜਿੱਥੋਂ ਉਹ ਇਨ੍ਹਾਂ ਨੂੰ ਆਪਣੀ 'ਸਟੋਰੀਜ਼' 'ਚ ਬਦਲ ਸਕਣਗੇ।
ਬੱਚਿਆਂ ਲਈ ਵਿਸ਼ੇਸ਼ 'ਸਲੀਪ ਮੋਡ'
ਟੀਨ (Teen) ਅਕਾਊਂਟਸ ਲਈ ਕੰਪਨੀ ਨੇ ਇਸ ਨੂੰ 'ਫੈਮਿਲੀ ਸੈਂਟਰ' ਨਾਲ ਜੋੜਿਆ ਹੈ। ਇਸ 'ਚ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ 'ਸਲੀਪ ਮੋਡ' ਲਾਗੂ ਰਹੇਗਾ, ਜਿਸ ਦੌਰਾਨ ਸਾਰੇ ਨੋਟੀਫਿਕੇਸ਼ਨ ਮਿਊਟ ਰਹਿਣਗੇ। ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਨੋਟੀਫਿਕੇਸ਼ਨ ਵੀ ਮਿਲਣਗੇ।
ਹੋਰ ਖਾਸ ਗੱਲਾਂ :-
- ਯੂਜ਼ਰ ਫੋਟੋ ਭੇਜਣ ਤੋਂ ਪਹਿਲਾਂ ਸਿਰਫ਼ ਕੈਪਸ਼ਨ ਲਿਖ ਸਕਦੇ ਹਨ।
- ਰਿਸੀਵਰ ਇਨ੍ਹਾਂ ਫੋਟੋਆਂ 'ਤੇ ਇਮੋਜੀ ਰਾਹੀਂ ਰਿਐਕਸ਼ਨ ਦੇ ਸਕਦੇ ਹਨ ਜਾਂ ਜਵਾਬ ਦੇ ਸਕਦੇ ਹਨ।
- ਇਸ ਵਿੱਚ 'ਸਨੂਜ਼ ਮੋਡ' ਵੀ ਦਿੱਤਾ ਗਿਆ ਹੈ, ਜਿਸ ਰਾਹੀਂ ਆਉਣ ਵਾਲੇ Instants ਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ।
ਇਹ ਫੀਚਰ ਇਸ ਵੇਲੇ ਵਿਸ਼ਵ ਪੱਧਰ 'ਤੇ ਰੋਲਆਊਟ ਕੀਤਾ ਜਾ ਰਿਹਾ ਹੈ ਅਤੇ ਕੁਝ ਚੋਣਵੇਂ ਦੇਸ਼ਾਂ ਵਿੱਚ ਇਸ ਦੀ ਇਕ ਵੱਖਰੀ (Standalone) ਐਪ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ।
