Instagram ਅਕਾਊਂਟ ਸਸਪੈਂਡ ਹੋਣ ''ਤੇ ਹੁਣ ਨਹੀਂ ਪਵੇਗਾ ਰੋਣਾ! ਬਸ ਅਪਣਾਓ ਇਹ ਆਸਾਨ ਤਰੀਕਾ
Sunday, May 10, 2026 - 01:50 PM (IST)
ਗੈਜੇਟ ਡੈਸਕ - ਅੱਜ-ਕੱਲ੍ਹ ਇੰਸਟਾਗ੍ਰਾਮ ਸਿਰਫ਼ ਫੋਟੋਆਂ ਜਾਂ ਵੀਡੀਓ ਸਾਂਝੀਆਂ ਕਰਨ ਦਾ ਪਲੇਟਫਾਰਮ ਨਹੀਂ ਰਿਹਾ, ਸਗੋਂ ਇਹ ਕਈ ਲੋਕਾਂ ਲਈ ਕਮਾਈ, ਕਾਰੋਬਾਰ ਅਤੇ ਪਛਾਣ ਦਾ ਇਕ ਅਹਿਮ ਜ਼ਰੀਆ ਬਣ ਚੁੱਕਾ ਹੈ ਪਰ ਹਾਲ ਹੀ 'ਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਯੂਜ਼ਰਸ ਦੇ ਅਕਾਊਂਟ ਬਿਨਾਂ ਕਿਸੇ ਚਿਤਾਵਨੀ ਦੇ ਅਚਾਨਕ ਸਸਪੈਂਡ (ਬੰਦ) ਹੋ ਰਹੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਹੀ ਤਰੀਕੇ ਨਾਲ ਅਪੀਲ ਕਰਨ 'ਤੇ ਅਕਾਊਂਟ ਵਾਪਸ ਮਿਲ ਸਕਦਾ ਹੈ।
ਇੰਸਟਾਗ੍ਰਾਮ ਵੱਲੋਂ ਅਕਾਊਂਟ ਸਸਪੈਂਡ ਕਰਨ ਦੇ ਕਈ ਮੁੱਖ ਕਾਰਨ ਹੋ ਸਕਦੇ ਹਨ, ਜਿਵੇਂ ਕਿ ਪਲੇਟਫਾਰਮ ਦੀਆਂ ਨੀਤੀਆਂ ਜਾਂ ਕਮਿਊਨਿਟੀ ਗਾਈਡਲਾਈਨਜ਼ ਦੀ ਉਲੰਘਣਾ ਕਰਨਾ। ਇਸ ਤੋਂ ਇਲਾਵਾ ਵਾਰ-ਵਾਰ ਗਲਤ ਪਾਸਵਰਡ ਭਰਨਾ, ਬਹੁਤ ਜ਼ਿਆਦਾ ਲੋਕਾਂ ਨੂੰ ਫੋਲੋ ਜਾਂ ਅਨਫੋਲੋ ਕਰਨਾ, ਥਰਡ ਪਾਰਟੀ ਐਪਸ ਦੀ ਵਰਤੋਂ, ਸਪੈਮ ਮੈਸੇਜ ਭੇਜਣਾ ਅਤੇ ਕਾਪੀਰਾਈਟ ਕੰਟੈਂਟ ਪੋਸਟ ਕਰਨਾ ਵੀ ਅਕਾਊਂਟ ਬੰਦ ਹੋਣ ਦਾ ਕਾਰਨ ਬਣ ਸਕਦਾ ਹੈ।
ਆਪਣੇ ਸਸਪੈਂਡ ਹੋਏ ਅਕਾਊਂਟ ਨੂੰ ਦੁਬਾਰਾ ਚਾਲੂ ਕਰਨ ਲਈ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਐਪ 'ਚ ਲੋਗਇਨ ਕਰੋ, ਜਿੱਥੇ ਤੁਹਾਨੂੰ 'ਅਪੀਲ' ਕਰਨ ਦਾ ਵਿਕਲਪ ਮਿਲੇਗਾ। ਇੱਥੇ ਤੁਹਾਨੂੰ ਇਕ ਫਾਰਮ ਭਰਨਾ ਹੋਵੇਗਾ ਜਿਸ 'ਚ ਆਪਣਾ ਨਾਮ, ਈਮੇਲ ਅਤੇ ਮੋਬਾਈਲ ਨੰਬਰ ਵਰਗੀ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਬਾਅਦ ਪਛਾਣ ਦੀ ਪੁਸ਼ਟੀ ਲਈ ਇੰਸਟਾਗ੍ਰਾਮ ਤੁਹਾਡੇ ਕੋਲੋਂ ਸੈਲਫੀ ਵੀਡੀਓ ਜਾਂ ਓਟੀਪੀ ਦੀ ਮੰਗ ਵੀ ਕਰ ਸਕਦਾ ਹੈ। ਅਪੀਲ ਭੇਜਣ ਤੋਂ ਬਾਅਦ ਆਪਣੀ ਈਮੇਲ ਦੇ ਸਪੈਮ ਫੋਲਡਰ ਨੂੰ ਵੀ ਚੈੱਕ ਕਰਦੇ ਰਹੋ ਕਿਉਂਕਿ ਰਿਕਵਰੀ ਲਿੰਕ ਉੱਥੇ ਵੀ ਆ ਸਕਦਾ ਹੈ।
ਯਾਦ ਰਹੇ ਕਿ ਅਪੀਲ ਭੇਜਣ ਤੋਂ ਬਾਅਦ ਜਵਾਬ ਆਉਣ 'ਚ 24 ਘੰਟੇ ਤੋਂ ਲੈ ਕੇ 7 ਦਿਨ ਤੱਕ ਦਾ ਸਮਾਂ ਲੱਗ ਸਕਦਾ ਹੈ। ਭਵਿੱਖ 'ਚ ਅਜਿਹੀ ਸਮੱਸਿਆ ਤੋਂ ਬਚਣ ਲਈ ਨਕਲੀ ਫੋਲੋਅਰਜ਼ ਅਤੇ ਅਣਅਧਿਕਾਰਤ ਐਪਸ ਦੀ ਵਰਤੋਂ ਤੋਂ ਪਰਹੇਜ਼ ਕਰੋ। ਜੇਕਰ ਕਾਫੀ ਦਿਨਾਂ ਤੱਕ ਕੋਈ ਜਵਾਬ ਨਹੀਂ ਮਿਲਦਾ, ਤਾਂ ਤੁਸੀਂ ਦੁਬਾਰਾ ਅਪੀਲ ਜਮ੍ਹਾਂ ਕਰ ਸਕਦੇ ਹੋ ਜਾਂ ਹੈਲਪਲਾਈਨ ਰਾਹੀਂ ਸੰਪਰਕ ਕਰ ਸਕਦੇ ਹੋ।
