WhatsApp ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ਧਾਕੜ ਫੀਚਰ ਹੋਇਆ ਲਾਂਚ
Friday, May 08, 2026 - 12:13 PM (IST)
ਗੈਜੇਟ ਡੈਸਕ - ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਮੇਟਾ (Meta) ਨੇ ਭਾਰਤੀ ਬਾਜ਼ਾਰ ਲਈ ਇਕ ਵੱਡਾ ਐਲਾਨ ਕਰਦਿਆਂ ਵਟਸਐਪ 'Business AI' ਲਾਂਚ ਕਰ ਦਿੱਤਾ ਹੈ। ਇਹ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟ ਹੈ, ਜਿਸ ਨੂੰ ਖਾਸ ਤੌਰ 'ਤੇ ਭਾਰਤ ਦੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਦੀ ਮਦਦ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਹ ਆਪਣੀ ਉਤਪਾਦਕਤਾ ਵਧਾ ਸਕਣ।
ਸਥਾਨਕ ਭਾਸ਼ਾਵਾਂ 'ਚ ਮਿਲੇਗੀ ਸਹੂਲਤ
ਇਹ ਨਵਾਂ AI ਏਜੰਟ ਵਟਸਐਪ ਬਿਜ਼ਨਸ ਐਪ ਰਾਹੀਂ ਭਾਰਤ ਦੀਆਂ ਸਾਰੀਆਂ ਸਥਾਨਕ ਭਾਸ਼ਾਵਾਂ 'ਚ ਉਪਲਬਧ ਹੋਵੇਗਾ। ਇਹ ਕਾਰੋਬਾਰੀਆਂ ਦੀ ਤਰਫੋਂ ਉਨ੍ਹਾਂ ਦੇ ਗਾਹਕਾਂ ਨੂੰ 24 ਘੰਟੇ ਜਵਾਬ ਦੇਣ, ਅਪੌਇੰਟਮੈਂਟ ਬੁੱਕ ਕਰਨ, ਲੀਡਜ਼ ਕੈਪਚਰ ਕਰਨ ਅਤੇ ਉਤਪਾਦਾਂ ਦੀ ਸਲਾਹ ਦੇਣ 'ਚ ਮਦਦ ਕਰੇਗਾ। ਮੇਟਾ ਇੰਡੀਆ 'ਚ ਬਿਜ਼ਨਸ ਮੈਸੇਜਿੰਗ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਫੀਚਰ ਦਾ ਭਾਰਤ 'ਚ ਪਿਛਲੇ ਕੁਝ ਮਹੀਨਿਆਂ ਤੋਂ ਸਫਲ ਟੈਸਟ ਕੀਤਾ ਜਾ ਰਿਹਾ ਸੀ।
ਕਿਵੇਂ ਕੰਮ ਕਰੇਗਾ Business AI?
ਇਕ ਵਾਰ ਸੈੱਟਅੱਪ ਹੋਣ ਤੋਂ ਬਾਅਦ, ਇਹ AI ਏਜੰਟ ਕਾਰੋਬਾਰੀ ਦੀਆਂ ਪੁਰਾਣੀਆਂ ਚੈਟਾਂ, ਪ੍ਰੋਫਾਈਲ ਅਤੇ ਵੈੱਬਸਾਈਟ ਤੋਂ ਸਿੱਖਦਾ ਹੈ। ਇਹ ਗਾਹਕਾਂ ਵੱਲੋਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ (FAQs), ਜਿਵੇਂ ਕਿ ਉਤਪਾਦ ਦੀ ਕੀਮਤ, ਡਿਸਕਾਊਂਟ ਅਤੇ ਸ਼ਿਪਿੰਗ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਗਾਹਕਾਂ ਨੂੰ ਭੇਜੇ ਜਾਣ ਵਾਲੇ ਇਨ੍ਹਾਂ ਮੈਸੇਜਾਂ 'ਤੇ 'AI' ਦਾ ਲੇਬਲ ਵੀ ਲੱਗਾ ਹੋਵੇਗਾ ਤਾਂ ਜੋ ਪਾਰਦਰਸ਼ਤਾ ਬਣੀ ਰਹੇ।
ਡਾਇਰੈਕਟ ਪੇਮੈਂਟ ਦੀ ਵੀ ਮਿਲੇਗੀ ਸਹੂਲਤ
ਕੰਪਨੀ ਅਨੁਸਾਰ, ਜਲਦੀ ਹੀ ਇਸ AI ਚੈਟ ਦੇ ਅੰਦਰ UPI ਰਾਹੀਂ ਸਿੱਧੀ ਪੇਮੈਂਟ ਕਰਨ ਦੀ ਸਹੂਲਤ ਵੀ ਜੋੜੀ ਜਾਵੇਗੀ। ਕਾਰੋਬਾਰੀ ਇਹ ਵੀ ਤੈਅ ਕਰ ਸਕਦੇ ਹਨ ਕਿ AI ਕਿਹੜੇ ਗਾਹਕਾਂ (ਨਵੇਂ ਜਾਂ ਪੁਰਾਣੇ) ਨਾਲ ਗੱਲ ਕਰੇ ਅਤੇ ਲੋੜ ਪੈਣ 'ਤੇ ਗੁੰਝਲਦਾਰ ਗੱਲਬਾਤ ਸਿੱਧੀ ਮਾਲਕ ਨੂੰ ਟ੍ਰਾਂਸਫਰ ਕਰ ਦਿੱਤੀ ਜਾਵੇਗੀ।
ਕਾਰੋਬਾਰੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ
ਪਾਇਲਟ ਪ੍ਰੋਜੈਕਟ ਦੌਰਾਨ 'ਦਿ ਪਰਪਲ ਸਨਸੈੱਟ' ਦੀ ਸੰਸਥਾਪਕ ਗੁਨਵੀਨ ਕੌਰ ਨੇ ਦੱਸਿਆ ਕਿ ਇਸ AI ਦੀ ਮਦਦ ਨਾਲ ਉਨ੍ਹਾਂ ਦੀ ਸੇਲਜ਼ 'ਚ 40 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਕਿਹਾ ਜਾ ਰਿਹੈ ਕਿ ਸੀਮਤ ਸਰੋਤਾਂ ਵਾਲੇ ਛੋਟੇ ਕਾਰੋਬਾਰੀਆਂ ਲਈ ਬਹੁਤ ਸਾਰੇ ਗਾਹਕਾਂ ਨੂੰ ਸੰਭਾਲਣਾ ਇਕ ਚੁਣੌਤੀ ਸੀ, ਜਿਸ ਦਾ ਹੱਲ ਹੁਣ AI ਰਾਹੀਂ ਕੱਢਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਇਸ 'ਚ ਵੀਡੀਓ ਵਰਗੀਆਂ ਹੋਰ ਕਾਬਲੀਅਤਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
