ਵਿਧਾਨ ਸਭਾ ਚੋਣਾਂ ’ਚ ਹਾਰ ਦੇ ਸਦਮੇ ਤੋਂ ਉੱਭਰ ਨਹੀਂ ਪਾ ਰਹੇ ਭਾਜਪਾ ਆਗੂ ਤੇ ਵਰਕਰ

03/13/2022 4:01:30 PM

ਜਲੰਧਰ (ਰਾਹੁਲ)–ਵਿਧਾਨ ਸਭਾ ਚੋਣਾਂ ਵਿਚ ਹੋਈ ਅਣਕਿਆਸੀ ਹਾਰ ਦੇ ਸਦਮੇ ਤੋਂ ਅਜੇ ਜਲੰਧਰ ਦੇ ਭਾਜਪਾ ਆਗੂ ਅਤੇ ਵਰਕਰ ਉੱਭਰ ਨਹੀਂ ਪਾ ਰਹੇ ਹਨ, ਜਦਕਿ ਕੁਝ ਨਵੇਂ ਪੈਦਾ ਹੋ ਰਹੇ ਆਗੂ ਸਰਗਰਮ ਹੋਣ ਲਈ ਇਸ ਹਾਰ ਨੂੰ ਇਕ ਮੌਕੇ ਦੇ ਰੂਪ ਵਿਚ ਵੇਖ ਕੇ ਭੁਨਾਉਣ ਦੀ ਤਾਕ ਵਿਚ ਹਨ ਕਿਉਂਕਿ ਇਨ੍ਹਾਂ ਨੂੰ ਵੀ ਸਿਆਸੀ ਭਵਿੱਖ ਦੀ ਚਿੰਤਾ ਹੈ ਅਤੇ ਇਹ ਪਾਰਟੀ ਬਦਲ ਸਕਦੇ ਹਨ। ਉਥੇ ਹੀ ਨਗਰ ਨਿਗਮ ਚੋਣਾਂ ਵੀ ਥੋੜ੍ਹੇ ਸਮੇਂ ਬਾਅਦ ਆਉਣ ਵਾਲੀਆਂ ਹਨ। ਸੱਤਾਧਾਰੀ ਪਾਰਟੀ ‘ਆਪ’ ਤਾਂ ਐਕਟਿਵ ਹੋ ਗਈ ਹੈ ਅਤੇ ਭਾਜਪਾ ਆਗੂ ਅਜੇ ਵੀ ਵਰਕਰਾਂ ਨੂੰ ਮਿਲਣ ਲਈ ਮੁਹੱਲਿਆਂ ਵਿਚੋਂ ਨਿਕਲੇ ਨਹੀਂ ਹਨ, ਹਾਲਾਂਕਿ ਸ਼ਹਿਰ ਵਿਚੋਂ ਉਨ੍ਹਾਂ ਨੂੰ ਹਜ਼ਾਰਾਂ ਵੋਟਾਂ ਪਈਆਂ ਹਨ। ਜੇਕਰ ਅਜੇ ਵੀ ਜਨਤਾ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਬਾਹਰ ਨਾ ਨਿਕਲੇ ਤਾਂ ਹਾਲਾਤ ਮੁਸ਼ਕਿਲ ਹੋਣਗੇ। ਸੰਗਠਨ ਨੂੰ ਸਰਗਰਮ ਕਰਨਾ ਸੀਨੀਅਰ ਆਗੂਆਂ ਦਾ ਕੰਮ ਹੈ। ਨਗਰ ਨਿਗਮ ਨੇ ਕੇਂਦਰ ਸਰਕਾਰ ਦੇ ਕਰੋੜਾਂ ਰੁਪਏ ਦੀ ਜਿਸ ਤਰ੍ਹਾਂ ਬਰਬਾਦੀ ਕੀਤੀ ਹੈ, ਉਸਦੇ ਖ਼ਿਲਾਫ਼ ਵੀ ਆਵਾਜ਼ ਉਠਾਉਣ ਲਈ ਆਗੂਆਂ ਕੋਲ ਸਮਾਂ ਨਹੀਂ ਹੈ।

ਦੂਜੇ ਪਾਸੇ ਕਾਊਂਟਿੰਗ ਸੈਂਟਰ ਦੇ ਬਾਹਰ ਭਾਜਪਾ ਦੇ ਤੇਜ਼ ਤਰਾਰ ਵਰਕਰ ’ਤੇ ਹਮਲੇ ਨੇ ਕਈਆਂ ਦਾ ਮਨੋਬਲ ਤੋੜ ਦਿੱਤਾ ਹੈ। ਵਧੇਰੇ ਸੀਨੀਅਰ ਆਗੂਆਂ ਨੇ ਇਸ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਚਿੰਤਕ ਸੰਗਠਨ ਵੀ ਮੌਜੂਦਾ ਘਟਨਾਕ੍ਰਮ ਉਪਰੰਤ ਅਜੇ ਤੱਕ ਬੇਵੱਸ ਦਿਖਾਈ ਦੇ ਰਹੇ ਹਨ ਕਿਉਂਕਿ ਦਿਨੋ-ਦਿਨ ਬਦਲਦੇ ਘਟਨਾਕ੍ਰਮ, ਚੋਣਾਂ ਦੌਰਾਨ ਸ਼ੱਕੀ ਸੰਗਠਨਾਤਮਕ ਸਰਗਰਮੀਆਂ ਤੋਂ ਕਈ ਆਗੂਆਂ ਨੇ ਆਪਣੇ ਪਰ ਤੋਲਣੇ ਵੀ ਸ਼ੁਰੂ ਕਰ ਦਿੱਤੇ ਹਨ। ਕਈ ਆਗੂਆਂ ਨੇ ਆਪਣੇ ਆਕਾਵਾਂ ਜ਼ਰੀਏ ਦੋਸ਼-ਪ੍ਰਤੀਦੋਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੀ ਸਰਗਰਮੀ ਦਿਖਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤਾਂ ਕਈ ਆਗੂਆਂ ਨੇ ਖੁਫੀਆ ਨੁੱਕੜ ਮੀਟਿੰਗਾਂ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ। ਮਜ਼ੇਦਾਰ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਨੁੱਕੜ ਮੀਟਿੰਗਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਤਾਂ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਲਈ ਪਾਰਟੀ ਬਦਲਣ ਦਾ ਜੁਗਾੜ ਲਾਉਣ ਵੀ ਲੱਗ ਗਏ ਹਨ।

ਨਵੇਂ ਵਿਧਾਇਕਾਂ ਨੇੜਲੇ ਵੀ ਨਿਗਮ ਚੋਣਾਂ ਲਈ ਸਰਗਰਮ
ਨਵੇਂ ਵਿਧਾਇਕਾਂ ਦੇ ਨੇੜਲੇ ਵਿਅਕਤੀ ਜਿਹੜੇ ਕਿ ਵਧੇਰੇ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨਾਲ ਜੁੜੇ ਹੋਏ ਸਨ, ਆਮ ਆਦਮੀ ਪਾਰਟੀ ਦੀ ਜ਼ੋਰਦਾਰ ਹਨੇਰੀ ਉਪਰੰਤ ਨਗਰ ਨਿਗਮ ਚੋਣਾਂ ਲਈ ਸਰਗਰਮ ਹੋ ਗਏ ਹਨ। ਚੋਣਾਂ ਦੌਰਾਨ ਅੰਦਰਖਾਤੇ ਕੀਤੀ ਗਈ ਮਦਦ ਦਾ ਵਾਸਤਾ ਪਾ ਕੇ ਅਤੇ ਪੁਰਾਣੇ ਰਿਸ਼ਤਿਆਂ ਕਾਰਨ ਅਜਿਹੇ ਇੱਛੁਕ ਵਿਅਕਤੀ ਆਪਣੀ ਕਿਲਾਬੰਦੀ ਕਰ ਰਹੇ ਹਨ। ਆਪਸੀ ਧੜੇਬੰਦੀ ਵਿਚ ਫਸੇ ਭਾਜਪਾ ਆਗੂਆਂ ਅਤੇ ਚਿੰਤਕ ਸੰਗਠਨਾਂ ਦੀਆਂ ਸਰਗਰਮੀਆਂ ਕੀ ਚੰਨ ਚਾੜ੍ਹਦੀਆਂ ਹਨ, ਇਸਦਾ ਨਤੀਜਾ ਜਲਦ ਸਾਹਮਣੇ ਆਉਣਾ ਸ਼ੁਰੂ ਹੋ ਜਾਵੇਗਾ।
 


Manoj

Content Editor

Related News