ਪੰਜਾਬ ਕਾਂਗਰਸ 'ਚ ਕਿਸੇ ਵੇਲੇ ਵੀ ਹੋ ਸਕਦੈ ਵੱਡਾ ਧਮਾਕਾ! ਪੁਰਾਣੇ ਆਗੂ ਤੇ ਵਰਕਰ ਲੈਣਗੇ ਸਖ਼ਤ ਫ਼ੈਸਲਾ

Tuesday, Apr 16, 2024 - 12:06 PM (IST)

ਪਟਿਆਲਾ (ਰਾਜੇਸ਼ ਪੰਜੌਲਾ) : ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ 6 ਟਿਕਟਾਂ ਦਾ ਐਲਾਨ ਕਰਨ ਤੋਂ ਬਾਅਦ ਪੰਜਾਬ ਭਰ 'ਚ ਕਾਫੀ ਉਥਲ-ਪੁਥਲ ਦਿਖਾਈ ਦੇ ਰਹੀ ਹੈ। ਪਾਰਟੀ ’ਚ ਇਨ੍ਹਾਂ ਟਿਕਟਾਂ ਨੂੰ ਲੈ ਕੇ ਸਭ ਤੋਂ ਵੱਧ ਬਗਾਵਤ ਦੀ ਸੁਰ ਪਟਿਆਲਾ ’ਚ ਦੇਖਣ ਨੂੰ ਮਿਲ ਰਹੀ ਹੈ ਅਤੇ ਕਿਸੇ ਵੀ ਸਮੇਂ ਪਾਰਟੀ ’ਚ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪਾਰਟੀ ਵੱਲੋਂ ਆਮ ਆਦਮੀ ਪਾਰਟੀ ਤੋਂ 2014 'ਚ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਿਸ ਕਰ ਕੇ ਜ਼ਿਆਦਾਤਰ ਸਾਬਕਾ ਵਿਧਾਇਕ ਅਤੇ ਟਕਸਾਲੀ ਕਾਂਗਰਸੀ ਔਖੇ ਹਨ ਅਤੇ ਉਹ ਕਦੇ ਵੀ ਪਾਰਟੀ ਨੂੰ ਤਕੜਾ ਝਟਕਾ ਦੇ ਸਕਦੇ ਹਨ। ਇਸ ਤੋਂ ਪਹਿਲਾਂ ਲੁਧਿਆਣਾ ਤੋਂ ਪਾਰਟੀ ਦੇ 3 ਵਾਰ ਸੰਸਦ ਮੈਂਬਰ ਰਹੇ ਰਵਨੀਤ ਸਿੰਘ ਬਿੱਟੂ ਸਮੇਤ ਕਈ ਹੋਰ ਕਾਂਗਰਸੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

ਇਹ ਵੀ ਪੜ੍ਹੋ : ਸੰਗਰੂਰ 'ਚ ਵਿਆਹ ਵਾਲੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ, ਮੌਕੇ 'ਤੇ ਪਿਆ ਚੀਕ-ਚਿਹਾੜਾ (ਵੀਡੀਓ)

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ 56 ਸਾਲਾਂ ਤੋਂ ਪਾਰਟੀ ’ਚ ਕੰਮ ਕਰ ਰਹੇ ਅਤੇ 6 ਵਾਰ ਵਿਧਾਇਕ ਸਮੇਤ 15 ਵਿਭਾਗਾਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਲਾਲ ਸਿੰਘ ਦੇ ਨਿਵਾਸ ਸਥਾਨ ’ਤੇ ਗੁਪਤ ਮੀਟਿੰਗ ਹੋਈ। ਇਸ ’ਚ ਜ਼ਿਲ੍ਹੇ ਦੇ ਸਮੁੱਚੇ ਸਾਬਕਾ ਵਿਧਾਇਕਾਂ ਨੇ ਸ਼ਿਰੱਕਤ ਕੀਤੀ। ਇਹ ਸਮੁੱਚੇ ਵਿਧਾਇਕ ਇਸ ਗੱਲ ਤੋਂ ਖਫ਼ਾ ਹਨ ਕਿ ਪਾਰਟੀ ਨੂੰ ਟਕਸਾਲੀ ਆਗੂਆਂ ਤੇ ਵਰਕਰਾਂ ਦੀ ਅਣਦੇਖੀ ਕਰਦੇ ਹੋਏ 15 ਦਿਨ ਪਹਿਲਾਂ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਡਾ. ਧਰਮਵੀਰ ਗਾਂਧੀ ਨੂੰ ਪੈਰਾਸ਼ੂਟ ਰਾਹੀਂ ਉਮੀਦਵਾਰ ਐਲਾਨ ਦਿੱਤਾ ਹੈ, ਜਦੋਂ ਕਿ ਸਮੁੱਚੇ ਟਕਸਾਲੀ ਲਗਾਤਾਰ ਮੰਗ ਕਰਦੇ ਆ ਰਹੇ ਸਨ ਕਿ ਪਾਰਟੀ ਹਾਈਕਮਾਨ ਕਿਸੇ ਵੀ ਪੁਰਾਣੇ ਕਾਂਗਰਸੀ ਆਗੂ ਤੇ ਵਰਕਰ ਨੂੰ ਪਟਿਆਲਾ ਤੋਂ ਟਿਕਟ ਦੇਵੇ ਕਿਉਂਕਿ ਜਿਹੜੇ ਵਰਕਰ ਤੇ ਆਗੂ ਸੰਕਟ ਸਮੇਂ ਪਾਰਟੀ ਨਾਲ ਖੜ੍ਹੇ ਹਨ ਅਤੇ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਨੇ ਉਨ੍ਹਾਂ ’ਤੇ ਪਰਚੇ ਦਰਜ ਕਰਵਾਏ ਹਨ, ਉਨ੍ਹਾਂ ਦਾ ਪਹਿਲਾਂ ਹੱਕ ਬਣਦਾ ਹੈ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ Exams 'ਚ ਨਹੀਂ ਮਾਰਨਾ ਪਵੇਗਾ ਰੱਟਾ, ਨਵਾਂ ਸਰਕੂਲਰ ਜਾਰੀ

ਕਾਂਗਰਸ ਨੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਹੈ। ਖਹਿਰਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਚਲੇ ਗਏ ਸਨ ਅਤੇ ਫਿਰ ਤੋਂ ਕਾਂਗਰਸ ’ਚ ਸ਼ਾਮਲ ਹੋਏ ਸਨ। ਜਿਹੜੇ ਆਗੂ ਅਤੇ ਵਰਕਰ ਹਮੇਸ਼ਾ ਪਾਰਟੀ ਦਾ ਝੰਡਾ ਚੁੱਕਦੇ ਰਹੇ ਅਤੇ ਕਦੇ ਵੀ ਪਾਰਟੀ ’ਚ ਬਗਾਵਤ ਨਹੀਂ ਕੀਤੀ ਅਤੇ ਹਾਈਕਮਾਨ ਦਾ ਹਰ ਹੁਕਮ ਮੰਨਦੇ ਰਹੇ, ਉਨ੍ਹਾਂ ਨੂੰ ਅਣਦੇਖਿਆਂ ਕਿਉਂ ਕੀਤਾ ਜਾ ਰਿਹਾ ਹੈ? ਪਟਿਆਲਾ ਦੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਪਾਰਟੀ ਛੱਡਣ ਤੋਂ ਬਾਅਦ ਲਗਾਤਾਰ ਪਾਰਟੀ ਨੂੰ ਬਚਾਉਣ ਅਤੇ ਪਟਿਆਲਾ ’ਚ ਕੈਪਟਨ ਪਰਿਵਾਰ, ਆਮ ਆਦਮੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਖ਼ਿਲਾਫ਼ ਲੜਾਈ ਲੜ ਰਹੇ ਸਨ, ਉਹ ਡਾ. ਗਾਂਧੀ ਦੀ ਟਿਕਟ ਐਲਾਨ ਹੋਣ ਤੋਂ ਬਾਅਦ ਬੇਹੱਦ ਖਫ਼ਾ ਹਨ। ਸੂਤਰਾਂ ਅਨੁਸਾਰ ਇਹ ਸਮੁੱਚੇ ਟਕਸਾਲੀ ਕਾਂਗਰਸੀ ਅਤੇ ਸਾਬਕਾ ਵਿਧਾਇਕ ਜਲਦੀ ਹੀ ਬਹੁਤ ਵੱਡੀ ਵਰਕਰ ਮੀਟਿੰਗ ਕਰਨ ਜਾ ਰਹੇ ਹਨ, ਜਿਸ ’ਚ ਅਗਲੀ ਰਣਨੀਤੀ ਬਣਾਈ ਜਾਵੇਗੀ।

ਇਸ ਗੁਪਤ ਮੀਟਿੰਗ ’ਚ ਫ਼ੈਸਲਾ ਹੋਇਆ ਹੈ ਕਿ ਕਾਂਗਰਸੀ ਆਗੂ ਭਾਜਪਾ ਅਤੇ ਆਮ ਆਦਮੀ ਪਾਰਟੀ ’ਚ ਨਹੀਂ ਜਾਣਗੇ ਪਰ ਕੋਈ ਨਵਾਂ ਬਦਲ ਜ਼ਰੂਰ ਲੱਭਣਗੇ। ਜ਼ਿਲ੍ਹਾ ਪਟਿਆਲਾ ਦੀ ਸਮੁੱਚੀ ਲੀਡਰਸ਼ਿਪ ਨੇ ਕਾਂਗਰਸ ਪਾਰਟੀ ਦੀ ਹਾਈਕਮਾਨ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਸਮੁੱਚੇ ਸਾਬਕਾ ਵਿਧਾਇਕਾਂ ਅਤੇ ਟਕਸਾਲੀ ਆਗੂਆਂ ਨੇ ਇਕਜੁੱਟ ਹੋ ਕੇ ਚੱਲਣ ਦਾ ਸੰਕਲਪ ਲਿਆ ਹੈ। ਮੀਟਿੰਗ ’ਚ ਫ਼ੈਸਲਾ ਹੋਇਆ ਕਿ ਵਰਕਰ ਮੀਟਿੰਗ ਤੋਂ ਬਾਅਦ ਜੋ ਵੀ ਫ਼ੈਸਲਾ ਹੋਵੇਗਾ, ਸਮੁੱਚੇ ਆਗੂ ਉਸ ਅਨੁਸਾਰ ਚੱਲਣਗੇ। ਹਾਈਕਮਾਨ ਦੀ ਕਿਸੇ ਵੀ ਗੱਲ ਵੀ ਨਹੀਂ ਆਉਣਗੇ ਕਿਉਂਕਿ ਹਾਈਕਮਾਨ ਵਾਰ-ਵਾਰ ਉਨ੍ਹਾਂ ਟਕਸਾਲੀ ਆਗੂਆਂ ਨੂੰ ਜ਼ਲੀਲ ਕਰ ਰਹੀ ਹੈ, ਜਿਹੜੇ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ। ਕਾਂਗਰਸੀ ਵਰਕਰ ਵੀ ਇਸ ਗੱਲ ਤੋਂ ਦੁਖੀ ਹਨ ਕਿ ਆਖ਼ਰ ਟਕਸਾਲੀਆਂ ਅਤੇ ਪਾਰਟੀ ਲਈ ਲੜਾਈ ਲੜਨ ਵਾਲੇ ਆਪਣੇ ਆਗੂਆਂ ਨੂੰ ਛੱਡ ਕੇ ਪਾਰਟੀ ਬਾਹਰਲੇ ਲੀਡਰ ਨੂੰ ਕਿਉਂ ਅਪਣਾ ਰਹੀ ਹੈ? ਪਾਰਟੀ ਦੀ ਟਿਕਟ ਉਸ ਨੂੰ ਕਿਉਂ ਦੇ ਰਹੀ ਹੈ।  ਹੁਣ ਸਮੁੱਚੀ ਲੀਡਰਸ਼ਿਪ ਨੇ ਇਕਜੁੱਟਤਾ ਨਾਲ ਫ਼ੈਸਲਾ ਕੀਤਾ ਹੈ ਕਿ ਹੁਣ ਪੁਰਾਣੇ ਆਗੂ ਅਤੇ ਵਰਕਰ ਸਖ਼ਤ ਫ਼ੈਸਲਾ ਲੈਣਗੇ ਅਤੇ ਕਿਸੇ ਵੀ ਹਾਲਤ ’ਚ ਡਾ. ਧਰਮਵੀਰ ਗਾਂਧੀ ਨਾਲ ਨਹੀਂ ਚੱਲਣਗੇ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਆਖ਼ਰ ਇਹ ਮੀਟਿੰਗ ਕਦੋਂ ਹੋਵੇਗੀ ਅਤੇ ਇਸ ਵਿਚ ਕੀ ਫ਼ੈਸਲਾ ਲਿਆ ਜਾਵੇਗਾ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News