ਲੋਕ ਸਭਾ ਚੋਣਾਂ : ਚੋਣਾਂ ਤੋਂ ਪਹਿਲਾਂ ਦਲਬਦਲੀ ਦੇ ਦੌਰ ’ਚ ਤੇਜ਼ੀ
Wednesday, Apr 03, 2024 - 11:53 AM (IST)
ਸੁਲਤਾਨਪੁਰ ਲੋਧੀ (ਧੀਰ)-ਚੋਣਾਂ ਦਾ ਬਿਗਲ ਵੱਜਣ ਨਾਲ ਸਿਆਸੀ ਨੇਤਾਵਾਂ ਨੇ ਇਕ ਪਾਰਟੀ ਵਿਚੋਂ ਦੂਜੀ ’ਚ ਜਾਣਾ ਸ਼ੁਰੂ ਕਰ ਦਿੱਤਾ ਹੈ। ਅੱਜਕੱਲ੍ਹ ਬਹੁਤੀਆਂ ਪਾਰਟੀਆਂ ਨੇ ਆਪਣੀ-ਆਪਣੀ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਦੂਜੀਆਂ ਪਾਰਟੀਆਂ ਵਿਚੋਂ ਆਉਣ ਵਾਲੇ ਨੇਤਾਵਾਂ ਨੂੰ ਵੀ ਗਲ ਨਾਲ ਲਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਦੀਆਂ ਪੰਜਾਬ ਵਿਚ ਚੋਣਾਂ ਪਹਿਲੀ ਜੂਨ ਨੂੰ ਹੋਣ ਜਾ ਰਹੀਆਂ ਹਨ ਅਤੇ ਕਈ ਸਿਆਸੀ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ ਅਤੇ ਬਹੁਤ ਸਾਰੇ ਆਉਣ ਵਾਲੇ ਸਮੇਂ ਵਿੱਚ ਜਾਂਦੇ ਨਜ਼ਰ ਆਉਣਗੇ ਜੋਕਿ ਕਈਆਂ ਲਈ ਦੇਸ਼ ਭਗਤ ਅਤੇ ਕਈਆਂ ਲਈ ਗੱਦਾਰ ਹੋਣਗੇ।
ਆਮ ਲੋਕਾਂ ਦੀ ਰਾਏ ਹੈ ਕਿ ਭਾਰਤ ਵਿੱਚ ਦਲਬਦਲੀ `ਤੇ ਵੀ ਕੋਈ ਸਖ਼ਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਪਣੇ ਫਾਇਦੇ ਲਈ ਕੋਈ ਲੀਡਰ ਲੋਕਾਂ ਨਾਲ ਧੋਖਾ ਕਰਕੇ ਪਾਰਟੀ ਨਾ ਬਦਲ ਸਕੇ। ਇਕ ਸੱਜਣ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਇਹ ਹਕੀਕਤ ਹੈ ਕਿ ਦਲ-ਬਦਲੀ ਨਿੱਜੀ ਸਵਾਰਥ ਲਈ ਕੀਤੀ ਜਾਂਦੀ ਹੈ। ਕਈਆਂ ਨੂੰ ਟਿਕਟ ਨਾ ਮਿਲਣ ਦਾ ਡਰ ਹੁੰਦਾ ਹੈ, ਕੁਝ ਤਾਂ ਆਪਣੇ ਇਲਾਕੇ ਦੇ ਲੋਕਾਂ ਦੀ ਨਰਾਜ਼ਗੀ ਨੂੰ ਭਾਂਪਦੇ ਹੋਏ ਕਿਸੇ ਹੋਰ ਇਲਾਕੇ ਤੋਂ ਚੋਣ ਲੜਨ ਲਈ ਨਵੀਂ ਪਾਰਟੀ ਵੱਲ ਮੂੰਹ ਕਰ ਲੈਂਦੇ ਹਨ। ਦਲ-ਬਦਲੂ ਆਗੂ ਭਾਵੇਂ ਵਿਚਾਰਧਾਰਾ ਦੀ ਆੜ ਲੈਂਦੇ ਹਨ ਪਰ ਸੱਚਾਈ ਇਹ ਹੈ ਕਿ ਉਨ੍ਹਾਂ ਦੀ ਆਪਣੀ ਕੋਈ ਵਿਚਾਰਧਾਰਾ ਨਹੀਂ ਹੁੰਦੀ। ਉਹ ਜਿਸ ਪਾਰਟੀ ‘ਚ ਸ਼ਾਮਲ ਹੁੰਦੇ ਹਨ, ਉਸ ਦੀ ਵਿਚਾਰਧਾਰਾ ਦੀ ਤਾਰੀਫ਼ ਕਰਨ ਲੱਗ ਜਾਂਦੇ ਹਨ। ਨਾਮ ਨਾ ਛਾਪਣ ਦੀ ਸ਼ਰਤ 'ਤੇ ਇਕ ਹੋਰ ਸੱਜਣ ਨੇ ਕਿਹਾ ਕਿ ਅਜਿਹੇ ਲੀਡਰਾਂ ਨੂੰ ਲੋਕ ਮੂੰਹ ਨਾ ਲਾਉਣ। ਲੋਕਾਂ ਦੀਆਂ ਵੋਟਾਂ ਨਾਲ ਜਿੱਤ ਕੇ ਅਜਿਹੇ ਲੀਡਰ ਘੋਟਾਲੇ ਕਰਦੇ ਹਨ ਅਤੇ ਈਡੀ ਜਾਂ ਹੋਰ ਏਜੰਸੀਆਂ ਤੋਂ ਬਚਣ ਲਈ ਸੱਤਾ ਧਿਰ ਵਾਲੀ ਪਾਰਟੀ ਵਿੱਚ ਟਪੂਸੀ ਮਾਰ ਜਾਂਦੇ ਹਨ। ਇਨ੍ਹਾਂ ਲੋਕਾਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਇਹ ਲੋਕ ਮੌਕਾਪ੍ਰਸਤ ਹੁੰਦੇ ਹਨ।
ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਭਾਜਪਾ ’ਚ ਸ਼ਾਮਲ ਕਰਨ ਦਾ ਮੰਨਿਆ ਜਾ ਰਿਹੈ ਬਨਾਰਸ ਕੁਨੈਕਸ਼ਨ!
ਇਸ ਸਬੰਧੀ ਐਡਵੋਕੇਟ ਸਤਨਾਮ ਸਿੰਘ ਮੋਮੀ ਨੇ ਕਿਹਾ ਕਿ ਦਲਬਦਲੂ ਨੇਤਾ ਲੋਕਾਂ ਨਾਲ ਧੋਖਾ ਕਰਦੇ ਹਨ। ਲੋਕ ਇਕ ਦਲ ਦਾ ਉਮੀਦਵਾਰ ਸਮਝ ਕੇ ਉਸ ਨੂੰ ਚੁਣਦੇ ਹਨ ਪਰ ਆਪਣੇ ਲਾਲਚਵੱਸ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰਦੇ ਹੋਏ ਦੂਜੀ ਪਾਰਟੀ ਦਾ ਪੱਲਾ ਫੜ ਲੈਂਦਾ ਹੈ। ਅਜਿਹੇ ਲੋਕ ਧਨ ਦੀ ਲਾਲਸਾ ਕਾਰਨ, ਸੱਤਾ ਦਾ ਸੁੱਖ ਭੋਗਣ ਦੇ ਲਾਲਚ ਵਿੱਚ ਦਲ ਬਦਲ ਲੈਂਦੇ ਹਨ। ਅਜਿਹੇ ਨੇਤਾਵਾਂ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ। ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਅਜਿਹੇ ਲੋਕ ਵੋਟਾਂ ਲੈਣ ਲਈ ਉਨ੍ਹਾਂ ਕੋਲ ਆਉਣ ਤਾਂ ਉਨ੍ਹਾਂ ਨੂੰ ਦਲ ਬਦਲ ਬਾਰੇ ਜਰੂਰ ਪੁੱਛਿਆ ਜਾਵੇ।ਐਡਵੋਕੇਟ ਗੁਰਮੀਤ ਸਿੰਘ ਢਿੱਲੋਂ ਨੇ ਕਿਹਾ ਕਿ ਚੋਣਾਂ ਦੇ ਮੌਸਮ ਵਿੱਚ ਆਯਾ ਰਾਮ ਗਿਆ ਰਾਮ ਪੂਰੇ ਜੋਬਨ `ਤੇ ਹੈ। ਆਮ ਚੋਣਾਂ ਤੋਂ ਪਹਿਲਾਂ ਟੀਚਿਆਂ ਨੂੰ ਬਦਲਣਾ ਇੱਕ ਆਮ ਧਾਰਨਾ ਬਣਦੀ ਜਾ ਰਹੀ ਹੈ।ਪੁਰਾਣੇ ਚੁਣੇ ਹੋਏ ਉਮੀਦਵਾਰ ਅਸਲ ਦੋਸ਼ੀ ਹਨ, ਜਿਨ੍ਹਾਂ ਨੇ ਅਤੀਤ ਵਿੱਚ ਕੁਝ ਵੀ ਸਕਾਰਾਤਮਕ ਨਹੀਂ ਕੀਤਾ ਹੈ। ਹਾਰ ਤੋਂ ਬਚਣ ਲਈ ਰੰਗ ਬਦਲਣਾ ਜਾਂ ਪਾਰਟੀ ਬਦਲ ਲੈਣਾ ਫੈਸ਼ਨ ਹੋ ਗਿਆ ਹੈ। ਲੋਕ ਇਹਨਾਂ ਦੇ ਜਾਲ ਵਿੱਚ ਨਾ ਫਸਣ। ਇਸ ਨਾਲੋਂ ਚੰਗਾ ਹੈ ਕਿ ਨਵੇਂ ਨੌਜਵਾਨ ਚਿਹਰਿਆਂ ਦੀ ਭਾਲ ਕੀਤੀ ਜਾਵੇ ਜੋ ਵਾਤਾਵਰਣ, ਲੋਕਾਂ ਤੇ ਸਮਾਜ ਦੀ ਦੇਖਭਾਲ ਕਰਨ ਵਿੱਚ ਵਿਸ਼ਵਾਸ ਰੱਖਦੇ ਹੋਣ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਕਮਰੇ 'ਚੋਂ ਅਰਧ ਨਗਨ ਹਾਲਾਤ 'ਚ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8