ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ‘ਆਪ’ ਆਗੂ ਤੇ ਵਰਕਰ ਅੱਜ ਕਰਨਗੇ ਭੁੱਖ ਹੜਤਾਲ

04/07/2024 8:39:17 AM

 ਚੰਡੀਗੜ੍ਹ (ਅੰਕੁਰ) - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੇ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਖ਼ਿਲਾਫ਼ ‘ਆਪ’ ਆਗੂ ਤੇ ਵਰਕਰ ਐਤਵਾਰ ਨੂੰ ਪੰਜਾਬ ਭਰ ’ਚ ਇਕ ਰੋਜ਼ਾ ਵਰਤ ਰੱਖਣਗੇ। ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਲਈ ਇਹ ਵਰਤ ਰੱਖਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਪੰਜਾਬ ਭਰ ’ਚ ਜ਼ਿਲਾ ਹੈੱਡਕੁਆਰਟਰਾਂ ਨੇੜੇ ਭੁੱਖ ਹੜਤਾਲ ਕਰਨਗੇ। ਇਸ ਲੜਾਈ ਨੂੰ ਹੋਰ ਮਜ਼ਬੂਤ ​​ਕਰਨ ਲਈ ਕ੍ਰਾਂਤੀ ਦੀ ਧਰਤੀ ਖਟਕੜ ਕਲਾ ਵਿਖੇ ਇਕ ਰੋਜ਼ਾ ਵਰਤ ਰੱਖਿਆ ਜਾਵੇਗਾ, ਜਿਥੋਂ ਅੰਗਰੇਜ਼ਾਂ ਨੂੰ ਭਜਾਉਣ ਲਈ ਲੜਾਈ ਲੜੀ ਗਈ ਸੀ। ਉਥੇ ਪਾਰਟੀ ਦੇ ਸਾਰੇ ਵਿਧਾਇਕ ਇਕ ਦਿਨ ਦੇ ਵਰਤ ’ਚ ਹਿੱਸਾ ਲੈਣਗੇ। ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਸ਼ਾਮਲ ਹੋਣਗੇ। ਚੱਢਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਨੂੰ ਜਾਣ-ਬੁੱਝ ਕੇ ਜੇਲਾਂ ’ਚ ਡੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਚੋਣਾਂ ’ਚ ਕੋਈ ਵੀ ਭਾਜਪਾ ਵਿਰੁੱਧ ਪ੍ਰਚਾਰ ਨਾ ਕਰ ਸਕੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਖ਼ਾਸ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ‘ਆਪ’ ਭਾਜਪਾ ਨੂੰ ਸਭ ਤੋਂ ਵੱਡਾ ਮੁਕਾਬਲਾ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸਿਰਫ਼ ਇਸ ਲਈ ਜੇਲ ’ਚ ਡੱਕਿਆ ਗਿਆ ਕਿਉਂਕਿ ਉਨ੍ਹਾਂ ਨੇ ਭਾਜਪਾ ਖ਼ਿਲਾਫ਼ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਸੀ। ਭਾਜਪਾ ‘ਆਪ’ ਆਗੂਆਂ ਨੂੰ ਜੇਲ ਭੇਜ ਕੇ ਸਾਡਾ ਮਨੋਬਲ ਤੋੜਨਾ ਚਾਹੁੰਦੀ ਹੈ। ਸੰਜੇ ਸਿੰਘ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਜੇਲ ’ਚ ਡੱਕ ਦਿੱਤਾ ਗਿਆ ਅਤੇ ਉਨ੍ਹਾਂ ਦਾ ਮਨੋਬਲ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਇਕ-ਇਕ ਕਰ ਕੇ ਪਾਰਟੀ ਦੇ ਆਗੂਆਂ ਨੂੰ ਜੇਲਾਂ ’ਚ ਬੰਦ ਕਰ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਜਪਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਆਉਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਸਭ ਤੋਂ ਵੱਧ ਖ਼ਤਰਾ, ਜੇ ਕਿਸੇ ਤੋਂ ਹੈ ਤਾਂ ਉਹ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੋਂ ਹੈ। ਇਸ ਲਈ ਉਨ੍ਹਾਂ ਨੂੰ ਜੇਲ ’ਚ ਡੱਕ ਦਿੱਤਾ ਗਿਆ ਹੈ ਪਰ ਭਾਜਪਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਲਹਿਰ ’ਚੋਂ ਉੱਭਰਨ ਵਾਲਾ ਆਗੂ ਹੈ ਅਤੇ ਆਮ ਆਦਮੀ ਪਾਰਟੀ ਲਹਿਰ ’ਚੋਂ ਉੱਭਰਨ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਦੀ ਗੁੰਡਾਗਰਦੀ ਅੱਗੇ ਝੁਕਣ ਵਾਲੇ ਨਹੀਂ ਹਾਂ।

ਭੁੱਖ ਹੜਤਾਲ ਆਮ ਆਦਮੀ ਦਾ ਹਥਿਆਰ, ਇਸ ਲਈ ਇਸ ਦਾ ਸਹਾਰਾ ਲਿਆ : ਬੱਬੀ ਬਾਦਲ

ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਬੁਲਾਰੇ ਬੱਬੀ ਬਾਦਲ ਨੇ ਕਿਹਾ ਕਿ ਐਤਵਾਰ ਸਵੇਰੇ 11 ਵਜੇ ਤੋਂ ਵਰਤ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਭੁੱਖ ਹੜਤਾਲ ਆਮ ਆਦਮੀ ਦਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਮਰਨ ਵਰਤ ਦੌਰਾਨ ਅਸੀਂ ਬੱਸਾਂ ਅਤੇ ਸੜਕਾਂ ਨੂੰ ਨਹੀਂ ਰੋਕਾਂਗੇ ਅਤੇ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਕੋਈ ਅਸਰ ਨਹੀਂ ਪਾਵਾਂਗੇ, ਅਸੀਂ ਸਿਰਫ਼ ਆਪਣੇ ਸਰੀਰਾਂ ਨੂੰ ਹੀ ਦਰਦ ਦੇਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਿਰਫ਼ ਅਰਵਿੰਦ ਕੇਜਰੀਵਾਲ ਦੀ ਲੜਾਈ ਨਹੀਂ ਹੈ ਸਗੋਂ ਇਹ ਲੜਾਈ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਪੈਸਾ ਕਮਾਉਣ ਲਈ ਰਾਜਨੀਤੀ ’ਚ ਨਹੀਂ ਆਏ।

ਲੋਕਤੰਤਰ ਨੂੰ ਢਾਹ ਲਾਉਣ ’ਚ ਲੱਗੀ ਭਾਜਪਾ : ਪਾਸੀ

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਬਿਕਰਮਜੀਤ ਪਾਸੀ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਲੋਕਤੰਤਰ ਨੂੰ ਢਾਹ ਲਾਉਣ ’ਤੇ ਲੱਗੀ ਹੋਈ ਹੈ। ਇਸ ਨੂੰ ਬਚਾਉਣਾ ਜ਼ਰੂਰੀ ਹੈ। ਅਸੀਂ ਲੋਕਤੰਤਰ ਦਾ ਕਤਲ ਕਰਨ ਵਾਲਿਆਂ ਨੂੰ ਸੱਤਾ ਤੋਂ ਹਟਾ ਦੇਵਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਅਰਵਿੰਦ ਕੇਜਰੀਵਾਲ ਤੋਂ ਸਭ ਤੋਂ ਵੱਧ ਖ਼ਤਰਾ ਮਹਿਸੂਸ ਹੁੰਦਾ ਹੈ ਕਿਉਂਕਿ ਉਹ ਆਮ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਹਨ। ਉਹ ਸਿੱਖਿਆ, ਦਵਾਈ ਅਤੇ ਰੋਜ਼ਗਾਰ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਪੰਜਾਬ ਅਤੇ ਦਿੱਲੀ ’ਚ ਇਨ੍ਹਾਂ ਗੱਲਾਂ ’ਤੇ ਕੰਮ ਕਰ ਕੇ ਵਿਖਾਇਆ। ਇਸੇ ਲਈ ਭਾਜਪਾ ਸਰਕਾਰ ਨੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 


Harinder Kaur

Content Editor

Related News