ਲੀਡਰਸ਼ਿਪ ਬਦਲਣ ਨਾਲ ਬਿਹਾਰ ਦੀ ਰਾਜਨੀਤੀ ਵੀ ਬਦਲੇਗੀ!

Friday, Apr 17, 2026 - 04:11 PM (IST)

ਲੀਡਰਸ਼ਿਪ ਬਦਲਣ ਨਾਲ ਬਿਹਾਰ ਦੀ ਰਾਜਨੀਤੀ ਵੀ ਬਦਲੇਗੀ!

ਭਾਜਪਾ ਬਾਰੇ ਕਿਹਾ ਜਾਂਦਾ ਹੈ ਕਿ ਅਹੁਦੇ ਦੀ ਦੌੜ ’ਚ ਸ਼ਾਮਲ ਦੱਸੇ ਜਾਣ ਵਾਲੇ ਨਾਂ ਅਕਸਰ ਜਿੱਤ ਦੇ ਪੋਡੀਅਮ ਤੱਕ ਨਹੀਂ ਪਹੁੰਚ ਪਾਉਂਦੇ। ਇਸ ਮਾਮਲੇ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੀ ਅਪਵਾਦ ਮੰਨੇ ਜਾਂਦੇ ਸਨ, ਪਰ ਹੁਣ ਸਮਰਾਟ ਚੌਧਰੀ ਵੀ ਇਸ ’ਚ ਸ਼ਾਮਲ ਹੋ ਗਏ ਹਨ। ਨਿਤੀਸ਼ ਦੀ ਵਿਦਾਇਗੀ ਦੀਆਂ ਖ਼ਬਰਾਂ ਦੇ ਨਾਲ ਹੀ ਜੋ ਸਮਰਾਟ ਚੌਧਰੀ ਬਿਹਾਰ ਦੇ ਪਹਿਲੇ ਭਾਜਪਾਈ ਮੁੱਖ ਮੰਤਰੀ ਦੀ ਦੌੜ ’ਚ ਸਭ ਤੋਂ ਅੱਗੇ ਮੰਨੇ ਜਾ ਰਹੇ ਸਨ, ਉਨ੍ਹਾਂ ਨੇ ਹੀ ਸੱਤਾ ਸੰਭਾਲ ਲਈ। ਸਮਰਾਟ ਚੌਧਰੀ ਗੈਰ-ਭਾਜਪਾ ਮੂਲ ਦੇ ਦੂਜੇ ਭਾਜਪਾਈ ਮੁੱਖ ਮੰਤਰੀ ਬਣ ਗਏ ਹਨ। ਲਾਲੂ ਯਾਦਵ ਦੀ ਰਾਸ਼ਟਰੀ ਜਨਤਾ ਦਲ ਤੋਂ ਰਾਜਨੀਤੀ ਸ਼ੁਰੂ ਕਰ ਕੇ ਨਿਤੀਸ਼ ਕੁਮਾਰ ਦੀ ਜਦ ਯੂ ਦੇ ਰਸਤੇ 2017 ’ਚ ਭਾਜਪਾ ’ਚ ਆਏ ਸਮਰਾਟ ਸੱਤ ਸਾਲਾਂ ’ਚ ਹੀ ਮੁੱਖ ਮੰਤਰੀ ਬਣ ਗਏ, ਜਦੋਂ ਕਿ ਦਹਾਕਿਆਂ ਤੱਕ ਆਰ. ਐੱਸ. ਐੱਸ. ਅਤੇ ਭਾਜਪਾ ਦੇ ਵਫ਼ਾਦਾਰ ਰਹੇ ਆਗੂ ਦੇਖਦੇ ਹੀ ਰਹਿ ਗਏ।

ਜ਼ਾਹਿਰ ਹੈ ਕਿ ਭਾਜਪਾ ਹਾਈਕਮਾਂਡ ਨੇ ਬਹੁਤ ਸੋਚ-ਸਮਝ ਕੇ ਦੂਰਗਾਮੀ ਸਿਆਸੀ ਦ੍ਰਿਸ਼ਟੀਕੋਣ ਤੋਂ ਇਹ ਫੈਸਲਾ ਲਿਆ ਹੈ। ਖ਼ਾਸ ਕਰ ਕੇ ਝਾਰਖੰਡ ਵੱਖਰਾ ਰਾਜ ਬਣ ਜਾਣ ਤੋਂ ਬਾਅਦ ਬਿਹਾਰ ’ਚ ਰਵਾਇਤੀ ਸੱਜੇ-ਪੱਖੀ ਰਾਜਨੀਤੀ ਦੀਆਂ ਸੀਮਾਵਾਂ ਹੋਰ ਵੀ ਸੀਮਤ ਹੋ ਗਈਆਂ ਸਨ। ਆਪਣੇ ਰਵਾਇਤੀ ਉੱਚ-ਵਰਗੀ ਜਨ-ਆਧਾਰ ਦੇ ਦਮ ’ਤੇ ਭਾਜਪਾ (ਨਿਤੀਸ਼ ਦੇ ਸਹਾਰੇ) ਜਿੱਥੋਂ ਤੱਕ ਪਹੁੰਚ ਸਕਦੀ ਸੀ, ਪਹੁੰਚ ਚੁੱਕੀ ਸੀ। ਬੇਸ਼ੱਕ ਵਿਧਾਨ ਸਭਾ ਦੇ ਮੌਜੂਦਾ ਅੰਕੜਿਆਂ ਅਨੁਸਾਰ ਭਾਜਪਾ ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਸਕਦੀ ਸੀ ਪਰ ਭਵਿੱਖ ’ਚ ਵੀ ਸੱਤਾ ਬਰਕਰਾਰ ਰੱਖਣ ਲਈ ਜਨ-ਆਧਾਰ ਦਾ ਵਿਸਤਾਰ ਕਰਨਾ ਲਾਜ਼ਮੀ ਹੈ।

ਸਮਰਾਟ ਚੌਧਰੀ ਦੀ ਸਭ ਤੋਂ ਵੱਡੀ ਉਪਯੋਗਤਾ ਇਹੀ ਹੈ ਕਿ ਉਹ ਉਸ ਓ. ਬੀ. ਸੀ. ਭਾਈਚਾਰੇ ਤੋਂ ਆਉਂਦੇ ਹਨ, ਜੋ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ’ਚ ‘ਕਮੰਡਲ’ ਨਾਲ ਮੇਲ ਦੇ ਬਾਵਜੂਦ ਬਿਹਾਰ ’ਚ ਭਾਜਪਾ ਤੋਂ ਦੂਰੀ ਬਣਾਈ ਹੋਏ ਹੈ। ਜਿਨ੍ਹਾਂ ਗੈਰ-ਯਾਦਵ ਓ. ਬੀ. ਸੀ. ਜਾਤੀਆਂ ਨੂੰ ਲਾਲੂ ਤੋਂ ਤੋੜ ਕੇ ਨਿਤੀਸ਼ ਨੇ ਆਪਣਾ ਜਨ-ਅਾਧਾਰ ਤਿਆਰ ਕੀਤਾ ਸੀ, ਸਮਰਾਟ ਉਨ੍ਹਾਂ ’ਚੋਂ ਹੀ ਇਕ ਕੁਸ਼ਵਾਹਾ ਜਾਤੀ ਨਾਲ ਸਬੰਧਤ ਹਨ। ਕੁਸ਼ਵਾਹਾ ਆਬਾਦੀ ਲਗਭਗ 4 ਫੀਸਦੀ ਹੈ। ਜਦ ਯੂ ਦਾ ਕੁਰਮੀ-ਕੋਇਰੀ-ਕੁਸ਼ਵਾਹਾ ਸਮੀਕਰਨ ਮਿਲ ਕੇ ਲੱਗਭਗ 10 ਫੀਸਦੀ ਵੋਟ ਬੈਂਕ ਤਿਆਰ ਕਰਦਾ ਹੈ। ਜਿਸ ’ਚ ਕਸਮਾਂਦਾ ਮੁਸਲਮਾਨ ਅਤੇ ਮਹਾਦਲਿਤ ਵੀ ਮਿਲ ਕੇ ਦੋ ਦਹਾਕਿਆਂ ਤੋਂ ਨਿਤੀਸ਼ ਕੁਮਾਰ ਨੂੰ ਬਿਹਾਰ ’ਚ ਸੱਤਾ ਸੰਤੁਲਨ ਦੀ ਚਾਬੀ ਸੌਂਪਦੇ ਰਹੇ। ਉਪੇਂਦਰ ਕੁਸ਼ਵਾਹਾ, ਚਿਰਾਗ ਪਾਸਵਾਨ ਅਤੇ ਜੀਤਨ ਰਾਮ ਮਾਂਝੀ ਦੀਆਂ ਪਾਰਟੀਆਂ ਨਾਲ ਭਾਜਪਾ ਦਾ ਗੱਠਜੋੜ ਹੈ। ਅਜਿਹੇ ’ਚ ਸਮਰਾਟ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਗੈਰ-ਯਾਦਵ ਓ. ਬੀ. ਸੀ. ਨੂੰ ਆਪਣੇ ਵੱਲ ਖਿੱਚਣ ਦਾ ਦਾਅ ਖੇਡਿਆ ਹੈ। ਕਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ’ਤੇ ਹੀ ਮੁਰੈਠਾ (ਪਗੜੀ) ਬੰਨ੍ਹਣ ਦਾ ਸੰਕਲਪ ਲੈਣ ਵਾਲੇ ਸਮਰਾਟ ਜੇਕਰ ਨਿਤੀਸ਼ ਦੀ ਵੀ ਪਸੰਦ ਬਣ ਗਏ ਹਨ, ਤਾਂ ਉਸ ਦੇ ਮੂਲ ’ਚ ਉਨ੍ਹਾਂ ਦਾ ਲਵ-ਕੁਸ਼ ਸਮੀਕਰਨ ਪ੍ਰਤੀ ਪਿਆਰ ਹੀ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ’ਚ ਸਮਰਾਟ ਦੇ ਨਾਂ ਦੇ ਪ੍ਰਸਤਾਵ ਅਤੇ ਸਮਰਥਨ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਮੌਜੂਦਾ ਭਾਜਪਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਆਸ਼ੀਰਵਾਦ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਨੇਤਾ ਚੁਣੌਤੀ ਦੇਣ ਦਾ ਹੌਸਲਾ ਨਹੀਂ ਕਰ ਸਕਦਾ ਪਰ ਵੋਟਰਾਂ ’ਤੇ ਸ਼ਾਇਦ ਇਹ ਗੱਲ ਪੂਰੀ ਤਰ੍ਹਾਂ ਲਾਗੂ ਨਾ ਹੋਵੇ। ਜ਼ਾਹਿਰ ਹੈ ਕਿ ਮੰਤਰੀ ਮੰਡਲ ਦੇ ਵਿਸਤਾਰ ’ਚ ਭਾਜਪਾ ਆਪਣੇ ਰਵਾਇਤੀ ਜਨ-ਅਾਧਾਰ ਨੂੰ ਸੰਤੁਸ਼ਟ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗੀ।

ਅੰਤਿਮ ਪਲਾਂ ’ਚ ਨਿਤੀਸ਼ ਦੇ ਪੁੱਤਰ ਨਿਸ਼ਾਂਤ ਵੱਲੋਂ ਉਪ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰਨ ਨਾਲ ਸਾਕਾਰਾਤਮਕ ਸੰਕੇਤ ਬਿਲਕੁਲ ਨਹੀਂ ਗਿਆ ਹੈ। ਨਿਤੀਸ਼ ਇਹ ਕਾਰਜਕਾਲ ਪੂਰਾ ਨਹੀਂ ਕਰਨਗੇ—ਇਹ ਤਾਂ 2024 ਦੇ ਸ਼ੁਰੂ ’ਚ ਉਨ੍ਹਾਂ ਦੇ ਪਾਲਾ ਬਦਲ ਕੇ ਐੱਨ. ਡੀ. ਏ. ’ਚ ਆਉਣ ਵੇਲੇ ਹੀ ਤੈਅ ਹੋ ਗਿਆ ਹੋਵੇਗਾ। 2025 ਦੀ ਹੋਲੀ ’ਤੇ ਨਿਸ਼ਾਂਤ ਮੁੱਖ ਮੰਤਰੀ ਦੀ ਰਿਹਾਇਸ਼ ’ਚ ਜਦ ਯੂ ਨੇਤਾਵਾਂ ਨਾਲ ਹੋਲੀ ਖੇਡਦੇ ਨਜ਼ਰ ਆਏ ਸਨ, ਜਿਸ ਦੇ ਪੋਸਟਰ ਵੀ ਪਟਨਾ ’ਚ ਲਗਾਏ ਗਏ ਸਨ। ਫਿਰ ਉਨ੍ਹਾਂ ਨੂੰ ਅਜੇ ਤੱਕ ਰਾਜਨੀਤੀ ਲਈ ਤਿਆਰ ਕਿਉਂ ਨਹੀਂ ਕੀਤਾ ਜਾ ਸਕਿਆ?

ਚਿਰਾਗ ਪਾਸਵਾਨ 43 ਸਾਲ ਦੀ ਉਮਰ ’ਚ ਕੇਂਦਰ ’ਚ ਕੈਬਨਿਟ ਮੰਤਰੀ ਹਨ, ਤਾਂ ਸਮਰਾਟ 56 ਸਾਲ ਦੀ ਉਮਰ ’ਚ ਮੁੱਖ ਮੰਤਰੀ ਬਣ ਗਏ। 36 ਸਾਲ ਦੇ ਤੇਜਸਵੀ ਯਾਦਵ ਦੋ ਵਾਰ ਉਪ-ਮੁੱਖ ਮੰਤਰੀ ਰਹਿ ਚੁੱਕੇ ਹਨ। ਫਿਰ ਨਿਤੀਸ਼ ਕੁਮਾਰ ਵਰਗੇ ਚਤੁਰ ਸਿਆਸੀ ਖਿਡਾਰੀ ਦੇ ਪੁੱਤਰ ਨਿਸ਼ਾਂਤ 45 ਸਾਲ ਦੀ ਉਮਰ ’ਚ ਉਪ-ਮੁੱਖ ਮੰਤਰੀ ਬਣਨ ਲਈ ਵੀ ਤਿਆਰ ਕਿਉਂ ਨਹੀਂ? ਬੇਸ਼ੱਕ ਜਦ ਯੂ ਨੇ ਵਿਜੇ ਚੌਧਰੀ ਦੇ ਨਾਲ ਵਿਜੇਂਦਰ ਯਾਦਵ ਨੂੰ ਉਪ ਮੁੱਖ ਮੰਤਰੀ ਬਣਾ ਕੇ ਆਉਣ ਵਾਲੇ ਸਮੇਂ ’ਚ ਨਿਸ਼ਾਂਤ ਦੀ ਤਾਜਪੋਸ਼ੀ ਦੀਆਂ ਸੰਭਾਵਨਾਵਾਂ ਖੁੱਲ੍ਹੀਆਂ ਰੱਖੀਆਂ ਹਨ ਪਰ ਰਾਜਨੀਤੀ ’ਚ ਲੋਕਾਂ ਦੀ ਧਾਰਨਾ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਜੋ ਫਿਲਹਾਲ ਬਹੁਤੀ ਸਾਕਾਰਾਤਮਕ ਤਾਂ ਨਹੀਂ ਬਣੀ।

ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਿਰਫ਼ 25 ਸੀਟਾਂ ਜਿੱਤਣ ਦੇ ਬਾਵਜੂਦ ਵੋਟ ਫੀਸਦੀ ਪੱਖੋਂ ਰਾਜਦ ਬਿਹਾਰ ’ਚ ਸਭ ਤੋਂ ਵੱਡੀ ਪਾਰਟੀ ਹੈ। ਰਾਜਦ ਨੂੰ 23.4 ਫੀਸਦੀ ਵੋਟਾਂ ਮਿਲੀਆਂ, ਜਦਕਿ ਭਾਜਪਾ ਨੂੰ 20.4 ਫੀਸਦੀ। ਜਦ ਯੂ 19.6 ਫੀਸਦੀ ਵੋਟਾਂ ਨਾਲ ਤੀਜੇ ਨੰਬਰ ’ਤੇ ਰਿਹਾ। ਜੇਕਰ ਜਦ ਯੂ ਆਪਣੇ ਵੋਟ ਬੈਂਕ ਨੂੰ ਇਕਜੁੱਟ ਰੱਖਣ ’ਚ ਖੁੰਝ ਗਿਆ, ਤਾਂ ਆਗਾਮੀ ਚੋਣਾਂ ’ਚ ਸਮੀਕਰਨ ਬਦਲ ਵੀ ਸਕਦਾ ਹੈ। ਬੇਸ਼ੱਕ ਸਮਰਾਟ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਭਾਜਪਾ ਵੀ ਜਦ ਯੂ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣਾ ਚਾਹੇਗੀ ਪਰ ਯਾਦਵੀ ਦਬਦਬੇ ਤੋਂ ਨਾਰਾਜ਼ ਹੋਣ ਤੋਂ ਪਹਿਲਾਂ ਓ. ਬੀ. ਸੀ. ਲਾਲੂ ਯਾਦਵ ਦੇ ਜਨ-ਆਧਾਰ ਦਾ ਹੀ ਹਿੱਸਾ ਰਿਹਾ ਹੈ।

ਅਜਿਹੇ ’ਚ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਦੇ ਸਾਹਮਣੇ ਦੋਹਰੀਆਂ ਚੁਣੌਤੀਆਂ ਰਹਿਣਗੀਆਂ : ਪਹਿਲੀ, ਨਿਤੀਸ਼ ਕੁਮਾਰ ਦੁਆਰਾ ਖਿੱਚੀ ਗਈ ਚੰਗੇ ਸ਼ਾਸਨ ਦੀ ਲਕੀਰ ’ਤੇ ਖਰਾ ਉਤਰਨ ਦੀ। ਦੂਜੀ, ਆਗਾਮੀ ਚੋਣਾਂ ਲਈ ਭਾਜਪਾ ਨੂੰ ਜਨ-ਆਧਾਰ ਪੱਖੋਂ ‘ਆਤਮ-ਨਿਰਭਰ’ ਬਣਾਉਣ ਦੀ।

ਰਾਜ ਕੁਮਾਰ ਸਿੰਘ


author

Rakesh

Content Editor

Related News