ਬੰਗਾਲ ’ਚ ਵਿਚਾਰਿਕ ਜ਼ਹਿਰ ਤੋਂ ਮੁਕਤੀ ਦੀ ਜੰਗ

Thursday, May 14, 2026 - 04:28 PM (IST)

ਬੰਗਾਲ ’ਚ ਵਿਚਾਰਿਕ ਜ਼ਹਿਰ ਤੋਂ ਮੁਕਤੀ ਦੀ ਜੰਗ

ਸ਼ੁਭੇਂਦੂ ਅਧਿਕਾਰੀ ਉਨ੍ਹਾਂ ਗਿਣੇ-ਚੁਣੇ ਰਾਜਨੇਤਾਵਾਂ ’ਚੋਂ ਹਨ, ਜਿਨ੍ਹਾਂ ਨੇ ਨਿਮਰਤਾ, ਵਿਚਾਰਿਕ ਪ੍ਰਤੀਬੱਧਤਾ, ਹਿੰਦੂ ਗੌਰਵ ਪ੍ਰਤੀ ਨਿਡਰ ਰੁਖ਼ ਅਤੇ ਵਿਕਾਸ ਦੀ ਇਕ ਸਪੱਸ਼ਟ ਦ੍ਰਿਸ਼ਟੀ ਦਿਖਾਈ ਹੈ। ਹਾਲਾਂਕਿ ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਵਿਰਾਸਤ ਦੇ ਸੱਚੇ ਜਾਨਸ਼ੀਨ ਹਨ।

ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਯਾਦ ਨਾ ਹੋਵੇ ਕਿ ਬੰਗਾਲ ’ਚ 1941 ’ਚ ਪਹਿਲੀ ਵਾਰ ‘ਕੇਸਰੀਆ ਗੱਠਜੋੜ’ ਵਾਲੀ ਸਰਕਾਰ ਬਣੀ ਸੀ, ਜਿਸ ਨੂੰ ‘‘ਸ਼ਿਆਮਾ-ਹੱਕ ਸਰਕਾਰ’’ ਕਿਹਾ ਜਾਂਦਾ ਸੀ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ‘ਹਿੰਦੂ ਮਹਾਸਭਾ’ ਨੇ ਏ. ਕੇ. ਫਜ਼ਲੁਲ ਹੱਕ ਦੀ ‘ਕ੍ਰਿਸ਼ਕ ਪ੍ਰਜਾ ਪਾਰਟੀ’ (ਕੇ. ਪੀ. ਪੀ.) ਨਾਲ ਗੱਠਜੋੜ ਕੀਤਾ ਸੀ। ਉਸ ਸਰਕਾਰ ’ਚ ਹਿੰਦੂ ਮਹਾਸਭਾ ਦੇ ਚਾਰ ਅਤੇ ਕੇ. ਪੀ. ਪੀ. ਦੇ ਪੰਜ ਮੰਤਰੀ ਸਨ, ਜਿਸ ’ਚ ਮੁਖਰਜੀ ਵਿੱਤ ਮੰਤਰੀ ਅਤੇ ਹੱਕ ਮੁੱਖ ਮੰਤਰੀ ਸਨ।

ਉਸ ਗੱਠਜੋੜ ਦੇ 85 ਸਾਲਾਂ ਬਾਅਦ, ਅੱਜ ਪਹਿਲੀ ਵਾਰ ਕਿਸੇ ਹਿੰਦੂਤਵਵਾਦੀ ਰਾਸ਼ਟਰਵਾਦੀ ਪਾਰਟੀ ਨੇ ਬੰਗਾਲ ’ਚ ਬਿਨਾਂ ਕਿਸੇ ਸਹਿਯੋਗੀ ਦੇ, ਆਪਣੇ ਦਮ ’ਤੇ ਸਰਕਾਰ ਬਣਾਈ ਹੈ। ਹੁਣ ਸ਼ਾਸਨ ਦੀ ਕਮਾਨ ਪੂਰੀ ਤਰ੍ਹਾਂ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਪੈਰੋਕਾਰਾਂ ਦੇ ਹੱਥ ’ਚ ਹੈ। ਇਨ੍ਹਾਂ ਅੱਠ ਦਹਾਕਿਆਂ ’ਚ ਬੰਗਾਲ ਨੇ ਕਈ ਭਾਰੀ ਉਤਾਰ-ਚੜ੍ਹਾਅ ਦੇਖੇ ਹਨ : ਕਲਕੱਤਾ ਦਾ ‘ਡਾਇਰੈਕਟ ਐਕਸ਼ਨ ਡੇ’ ਦਾ ਮੁਸਲਿਮ ਲੀਗੀ ਜਿਨਾਹ ਵਾਲਾ ਹਿੰਦੂ ਕਤਲੇਅਾਮ, ਬੰਗਾਲ ਦੀ ਵੰਡ, ਪੂਰਬੀ ਪਾਕਿਸਤਾਨ ਦਾ ਬਣਨਾ (ਜੋ ਬਾਅਦ ’ਚ ਬੰਗਲਾਦੇਸ਼ ਬਣਿਆ), ਨਕਸਲੀ ਹਿੰਸਾ, ਮਰੀਚਝਾਪੀ ਕਤਲੇਅਾਮ ਅਤੇ ਗੈਰ-ਕਾਨੂੰਨੀ ਘੁਸਪੈਠੀਆਂ ਦਾ ਭਾਰੀ ਗਿਣਤੀ ’ਚ ਹਮਲਾ।

ਇਸ ਪੂਰੇ ਦੌਰ ’ਚ, ਕਾਂਗਰਸ ਤੋਂ ਲੈ ਕੇ ਖੱਬੇਪੱਖੀ (ਮਾਕਪਾ) ਅਤੇ ਫਿਰ ਤ੍ਰਿਣਮੂਲ ਦੇ ਸ਼ਾਸਨ ਤੱਕ, ਰਾਜਨੀਤਿਕ ਲੀਡਰਸ਼ਿਪ, ਸ਼ਾਸਨ ਵਿਵਸਥਾ, ਸੱਤਾ ਦਾ ਰੂਪ ਹਮੇਸ਼ਾ ਹਿੰਦੂਤਵ ਦੀ ਵਿਚਾਰਧਾਰਾ ਦਾ ਸਖਤ ਵਿਰੋਧੀ ਰਿਹਾ। ਇਸ ਪਿਛੋਕੜ ’ਚ ਬੰਗਾਲ ’ਚ ਹਿੰਦੂਤਵਵਾਦੀ ਵਿਚਾਰਧਾਰਾ ਵਾਲੀ ਪਾਰਟੀ ਨੂੰ ਮਿਲੇ ਪੂਰਨ ਬਹੁਮਤ ਦੇ ਮਹੱਤਵ ਨੂੰ ਅਾਂਕਿਅਾ ਜਾਣਾ ਚਾਹੀਦਾ ਹੈ। ਆਜ਼ਾਦੀ ਤੋਂ ਬਾਅਦ 79 ਸਾਲਾਂ ਤੱਕ ਉੱਥੋਂ ਦੇ ਪ੍ਰਸ਼ਾਸਨ, ਸੱਤਾਧਾਰੀ ਵਰਗ, ‘ਭਦਰਲੋਕ’ ਅਤੇ ਪੁਲਸ-ਕਾਨੂੰਨ ਏਜੰਸੀਆਂ ਨੂੰ ਸਿਰਫ ਇਕ ਹੀ ਗੱਲ ਸਿਖਾਈ ਗਈ : ਹਿੰਦੂਤਵ ਨੂੰ ਖ਼ੁਦ ਤੋਂ ਦੂਰ ਰੱਖੋ। ਉਨ੍ਹਾਂ ਨੂੰ ਸਿਖਾਇਆ ਗਿਆ ਕਿ ਇਹ ‘‘ਜ਼ਹਿਰ’’ ਹੈ ਅਤੇ ਇਸ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਹਿੰਦੂਆਂ ’ਤੇ ਹਮਲੇ, ਉਨ੍ਹਾਂ ਨੂੰ ਵਿਚਾਰਿਕ ਛੂਤ-ਛਾਤ ਦਾ ਸ਼ਿਕਾਰ ਬਣਾਉਣਾ, ਇੱਥੋਂ ਤੱਕ ਕਿ ਵਿਸ਼ਵ ਦੇ ਮਹਾਨ ਹਿੰਦੂ ਸੰਨਿਆਸੀ ਸੰਗਠਨ ਸ਼੍ਰੀ ਰਾਮਕ੍ਰਿਸ਼ਨ ਮਿਸ਼ਨ ਨੂੰ ਅਦਾਲਤ ’ਚ ਇਹ ਹਲਫ਼ਨਾਮਾ ਤੱਕ ਦੇਣਾ ਪਿਆ ਕਿ ਉਹ ਹਿੰਦੂ ਨਹੀਂ ਹਨ ਤਾਂ ਜੋ ਉਨ੍ਹਾਂ ਨੂੰ ਮਿਲਣ ਵਾਲੀ ਬੰਗਾਲ ਸਰਕਾਰ ਦੀ ਵਿੱਦਿਅਕ ਵਿੱਤੀ ਸਹਾਇਤਾ ਮਿਲਦੀ ਰਹੇ - ਇਹ ਸਭ ਬੰਗਾਲ ’ਚ ਆਮ ਗੱਲ ਸੀ। ਹਿੰਦੂਆਂ ਨੂੰ ਲੱਗਦਾ ਸੀ ਕਿ ਉਹ ਅਰਬ ਇਸਲਾਮਿਕ ਸ਼ਾਸਨ ’ਚ ਹਨ।

ਜਦੋਂ ਅੰਗਰੇਜ਼ਾਂ ਨੇ ਬੰਗਾਲ ’ਚ ਰਾਜ ਕੀਤਾ ਅਤੇ ਕਲਕੱਤਾ ਨੂੰ ਆਪਣੀ ਪਹਿਲੀ ਰਾਜਧਾਨੀ ਬਣਾਇਆ, ਤਾਂ ਉਨ੍ਹਾਂ ਨੇ ਹਿੰਦੂ ਸਮਾਜ ਦੇ ਭਦਰਲੋਕ ਵਰਗ ਨੂੰ ਚਾਪਲੂਸ ‘‘ਬਾਬੂ’’ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਮਾਜ ਨੂੰ ਹਿੰਦੂ-ਮੁਸਲਿਮ ਦੇ ਚਰਮ ਵੰਡ ’ਚ ਵੰਡ ਦਿੱਤਾ, ਹਿੰਦੂ ਭਦਰਲੋਕ ਦੀ ਆਜ਼ਾਦੀ ਦੀ ਜੱਦੋ-ਜਹਿਦ ਨਾਲ ਨਫ਼ਰਤ ਕੀਤੀ ਅਤੇ ‘ਸ਼੍ਰੀ ਰਾਮ ਪੁਰ’ ਦਾ ਨਾਂ ਵਿਗਾੜ ਕੇ ਉਸ ਨੂੰ ‘ਸੇਰਾਮਪੁਰ’ ਕਰ ਕੇ ਉਸ ਨੂੰ ਈਸਾਈ ਧਰਮ ਤਬਦੀਲੀ ਦਾ ਵੱਡਾ ਕੇਂਦਰ ਬਣਾਇਆ।

ਇਸ ਤੋਂ ਸੁਆਮੀ ਵਿਵੇਕਾਨੰਦ ਇੰਨੇ ਗੁੱਸੇ ਹੋਏ ਕਿ ਉਨ੍ਹਾਂ ਨੇ ਮਿਸ਼ਨਰੀਆਂ ਨੂੰ ਫਟਕਾਰਦਿਆਂ ਕਿਹਾ ਸੀ : ‘‘ਤੁਸੀਂ ਈਸਾਈ ਨਹੀਂ ਹੋ; ਈਸਾ ਮਸੀਹ ਕੋਲ ਵਾਪਸ ਜਾਓ।’’ ਉਹ ਸਾਡੇ ਧਰਮ ਅਤੇ ਭਾਸ਼ਾ ਤੋਂ ਨਫ਼ਰਤ ਕਰਦੇ ਸਨ ਅਤੇ ਮੈਕਾਲੇ ਦੇ ਸਾਜ਼ਿਸ਼ੀ ਹੁਕਮਾਂ ਰਾਹੀਂ ਸਾਡੇ ’ਤੇ ਅੰਗਰੇਜ਼ੀ ਥੋਪ ਦਿੱਤੀ। ਉਨ੍ਹਾਂ ਦੀ ਨਫ਼ਰਤ ਇੰਨੀ ਡੂੰਘੀ ਸੀ ਕਿ ਉਨ੍ਹਾਂ ਨੇ ਜਾਣਬੁੱਝ ਕੇ ਉਹ ਕਾਲ ਪੈਦਾ ਕੀਤਾ ਜਿਸ ’ਚ ਤੀਹ ਲੱਖ ਬੰਗਾਲੀਆਂ ਦੀ ਜਾਨ ਚਲੀ ਗਈ।

ਪਰ ਬੰਗਾਲ ਕਦੇ ਨਹੀਂ ਝੁਕਿਆ : ਇਸੇ ਧਰਤੀ ਤੋਂ ਸਭ ਤੋਂ ਵਿਦਰੋਹੀ ਆਵਾਜ਼ਾਂ ਉੱਠੀਆਂ : ਕ੍ਰਾਂਤੀਕਾਰੀ, ਅਧਿਆਤਮਕ ਗੁਰੂ ਅਤੇ ਸਨਾਤਨ ਧਰਮ ਦੇ ਅਡਿਗ ਵਿਚਾਰਕ। ਬੰਕਿਮ ਚੰਦਰ ਦੇ ਆਨੰਦਮੱਠ ਅਤੇ ਵੰਦੇ ਮਾਤਰਮ ਤੋਂ ਲੈ ਕੇ ਵਿਵੇਕਾਨੰਦ ਦੀ ‘‘ਤੂਫ਼ਾਨੀ ਹਿੰਦੂ’’ ਪੁਕਾਰ ਤੱਕ; ਸਿਸਟਰ ਨਿਵੇਦਿਤਾ, ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਕਾਜ਼ੀ ਨਜ਼ਰੁਲ ਇਸਲਾਮ ਤੱਕ—ਹਜ਼ਾਰਾਂ ਕ੍ਰਾਂਤੀਕਾਰੀਆਂ ਨੇ ਵੰਦੇ ਮਾਤਰਮ ਗਾਉਂਦੇ ਹੋਏ ਫਾਂਸੀ ਦੇ ਫ਼ੰਦੇ ਨੂੰ ਚੁੰਮ ਲਿਆ। ਬੰਗਾਲ ਨੇ ਵਿਦੇਸ਼ੀ ਵਿਚਾਰਧਾਰਾਵਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਬ੍ਰਿਟਿਸ਼ ਸਾਮਰਾਜ ਦੀ ਸ਼ਕਤੀ, ਕੱਟੜਪੰਥ ਅਤੇ ਮਾਰਕਸਵਾਦੀ ਅਰਾਜਕਤਾ ਦੇ ਬਾਵਜੂਦ, ਕੋਈ ਵੀ ਬੰਗਾਲੀ ਹਿੰਦੂ ਘਰ ਤੋਂ ਦੁਰਗਾ ਪੂਜਾ ਨਹੀਂ ਖੋਹ ਸਕਿਆ। ਅੱਜ ਮਾਂ ਦੁਰਗਾ ਆਪਣੇ ਪੂਰੇ ਵੈਭਵ ਦੇ ਨਾਲ ਆਪਣੇ ਸਨਮਾਨ ਦੇ ਸਥਾਨ ’ਤੇ ਬਿਰਾਜਮਾਨ ਹੋਈ ਹੈ।

ਹਿੰਦੂ ਮਹਾਸਭਾ ਦੇ ਕਮਜ਼ੋਰ ਹੋਣ ਤੋਂ ਬਹੁਤ ਪਹਿਲਾਂ ਹੀ, 1940 ਦੇ ਦਹਾਕੇ ’ਚ ਰਾਸ਼ਟਰੀ ਸਵੈਮ ਸੰਘ ਦੇ ਪ੍ਰਚਾਰਕਾਂ ਨੇ ਬੰਗਾਲ ’ਚ ਹਿੰਦੂ ਸੰਗਠਨ ਦਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਕੇਸ਼ਵ ਰਾਓ ਦੀਕਸ਼ਿਤ ਅਤੇ ਸ਼੍ਰੀਕ੍ਰਿਸ਼ਨ ਮੋਤਲਗ ਸ਼ੁਰੂਆਤੀ ਸੰਘ ਰਿਸ਼ੀ ਸਨ ਅਤੇ ਬਾਅਦ ’ਚ ਕੇ. ਐੱਸ. ਸੁਦਰਸ਼ਨ ਅਤੇ ਮੋਹਨ ਭਾਗਵਤ ਵਰਗੇ ਚੋਟੀ ਦੇ ਅਾਗੂਅਾਂ ਨੇ ਸੰਘ ਦੀ ਸਾਦਗੀ ਭਰੀ ਸ਼ੈਲੀ ’ਚ ਹਿੰਦੂ ਇਕਜੁੱਟਤਾ ਲਈ ਕੰਮ ਕੀਤਾ।

ਆਰ. ਐੱਸ. ਐੱਸ. ਦੇ ਦੂਜੇ ਸਰਸੰਘਚਾਲਕ ਸ਼੍ਰੀ ਗੁਰੂਜੀ ਗੋਲਵਲਕਰ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਭਾਰਤ ਦੀ ਪਹਿਲੀ ਹਿੰਦੂਤਵਵਾਦੀ ਪਾਰਟੀ, ‘ਭਾਰਤੀ ਜਨਸੰਘ’ ਦਾ ਸੰਸਥਾਪਕ ਪ੍ਰਧਾਨ ਚੁਣਿਆ ਸੀ। 1952 ’ਚ, ਮੁਖਰਜੀ ਅਤੇ ਦੁਰਗਾ ਚਰਨ ਬੈਨਰਜੀ ਬੰਗਾਲ ਤੋਂ ਚੁਣੇ ਗਏ ਜਨਸੰਘ ਦੇ ਪਹਿਲੇ ਦੋ ਸੰਸਦ ਮੈਂਬਰ ਸਨ। ਬੰਗਾਲ ਦੇ ਇਸ ਮਹਾਨ ਸਪੂਤ ਨੇ ਭਾਰਤ ਦੀ ਏਕਤਾ ਅਤੇ ਕਸ਼ਮੀਰ ਦੇ ਪੂਰਨ ਰਲੇਵੇਂ ਲਈ ਲੜਾਈ ਲੜੀ ਅਤੇ 1953 ’ਚ ਅਾਪਣੀ ਜਾਨ ਕੁਰਬਾਨ ਕੀਤੀ –ਜਿਸ ਨੂੰ ਵਧੇਰੇ ਲੋਕ ਯੋਜਨਾਬੱਧ ਹੱਤਿਆ ਮੰਨਦੇ ਹਨ।

ਅੱਜ ਬੰਗਾਲ ਦੀ ਸੱਤਾ ’ਚ ਬੈਠੀ ਭਾਜਪਾ, ਡਾ. ਮੁਖਰਜੀ ਦੇ ਭਾਰਤੀ ਜਨਸੰਘ ਦਾ ਹੀ ਆਧੁਨਿਕ ਰੂਪ ਹੈ। ਨਵੇਂ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਡਾ. ਮੁਖਰਜੀ ਦੇ ਗ੍ਰਹਿ ਖੇਤਰ ਭਵਾਨੀਪੁਰ ’ਚ ਮਮਤਾ ਬੈਨਰਜੀ ਨੂੰ ਹਰਾਇਆ। ਸਹੁੰ ਚੁੱਕਣ ਤੋਂ ਬਾਅਦ, ਉਹ ਪੂਰੀ ਸ਼ਰਧਾ ਨਾਲ ਡਾ. ਮੁਖਰਜੀ ਦੇ ਨਿਵਾਸ (77 ਸਰ ਆਸ਼ੂਤੋਸ਼ ਮੁਖਰਜੀ ਰੋਡ) ਗਏ।

ਬੰਗਾਲ ਦੇ ਮਿਹਨਤੀ ਮਾਰਵਾੜੀ ਸਮਾਜ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ, ਜਿਸ ਨੇ ਸੂਬੇ ਦੇ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਜੀਵਨ ਨੂੰ ਸਿੰਜਿਆ ਹੈ। ਭਾਵੇਂ ਹੀ ਉਨ੍ਹਾਂ ਦੀ ਖੱਬੇਪੱਖੀ-ਲਿਬਰਲ ਵਰਗ ਵਲੋਂ ਆਲੋਚਨਾ ਕੀਤੀ ਜਾਂਦੀ ਰਹੀ ਹੋਵੇ ਪਰ ਉਨ੍ਹਾਂ ਦੇ ਘਰ ਅਤੇ ਖ਼ਜ਼ਾਨੇ ਯੁੱਗਾਂ ਤੋਂ ਹਿੰਦੂ ਕਾਰਜਾਂ ਲਈ ਖੁੱਲ੍ਹੇ ਰਹੇ ਹਨ। ਭਾਊਰਾਓ ਦੇਵਰਸ, ਨਾਨਾਜੀ ਦੇਸ਼ਮੁਖ, ਅਟਲ ਜੀ ਅਤੇ ਅਡਵਾਨੀ ਜੀ ਵਰਗੇ ਚੋਟੀ ਦੇ ਅਾਗੂਅਾਂ ਦੇ ਕੋਲਕਾਤਾ ’ਚ ਰੁਕਣ ਲਈ ਮਾਰਵਾੜੀ ਘਰ ਪਹਿਲਾਂ ਤੋਂ ਤੈਅ ਹੁੰਦੇ ਸਨ। ਬੰਗਾਲ ’ਚ ਹਿੰਦੂ ਜੀਵਨ ਨੂੰ ਇੰਨਾ ਸੌਖਾ ਅਤੇ ਗੁਮਨਾਮ ਮਾਰਵਾੜੀ ਭਰਾਵਾਂ ਨੇ ਹਮੇਸ਼ਾ ਖ਼ੁਸ਼ਹਾਲ ਕੀਤਾ ਹੈ।

ਬੰਗਾਲ ’ਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਉਹ ਕਰ ਦਿਖਾਇਆ ਹੈ ਜੋ ਹਾਲੇ ਤੱਕ ਅਸੰਭਵ ਮੰਨਿਆ ਜਾਂਦਾ ਸੀ। ਉਨ੍ਹਾਂ ਨੇ ਹਿੰਦੂਆਂ ਖਿਲਾਫ ਨਫ਼ਰਤ ਅਤੇ ਵੱਖਵਾਦ ਦੀ 85 ਸਾਲ ਪੁਰਾਣੀ ਕੰਧ ਨੂੰ ਢਾਹ ਦਿੱਤਾ ਹੈ। ਇਸ ਜਿੱਤ ਨੇ ਦੇਸ਼-ਵਿਦੇਸ਼ ਦੇ ਭਾਰਤ-ਵਿਰੋਧੀ ਤੱਤਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 1947 ਤੋਂ ਬਾਅਦ ਹਿੰਦੂਤਵ ਦੀਆਂ ਤਾਕਤਾਂ ਦੀ ਜਿੱਤ ਦੇ ਦੋ ਹੀ ਸਭ ਤੋਂ ਵੱਡੇ ਕੀਰਤੀ-ਸਤੰਭ ਹਨ: ਪਹਿਲਾ, ਅਯੁੱਧਿਆ ’ਚ ਰਾਮ ਮੰਦਰ ਅਤੇ ਦੂਜਾ, ਬੰਗਾਲ ’ਚ ਇਹ ਹਿੰਦੂ ਜਿੱਤ।

ਹੁਣ ਸ਼ੁਭੇਂਦੂ ਅਧਿਕਾਰੀ ਦੇ ਸਾਹਮਣੇ ਬੰਗਾਲ ਨੂੰ ਹਿੰਦੂ-ਵਿਰੋਧੀ ਤੱਤਾਂ ਤੋਂ ਮੁਕਤ ਕਰਨ ਅਤੇ ਸਰਕਾਰੀ ਤੰਤਰ ਨੂੰ ਖੱਬੇਪੱਖੀ-ਲਿਬਰਲ ਹਿੰਦੂ ਵਿਰੋਧੀ ਜ਼ਹਿਰ ਤੋਂ ਮੁਕਤ-ਸ਼ੁੱਧ ਕਰਨ ਦੀ ਚੁਣੌਤੀ ਹੈ। ਉਨ੍ਹਾਂ ’ਤੇ ਪਿਛਲੇ 79 ਸਾਲਾਂ ਦੇ ਉਸ ‘‘ਅਖੌਤੀ ਸੈਕੂਲਰ’’ ਪ੍ਰਭਾਵ ਨੂੰ ਵਿਚਾਰਿਕ ਤਿੱਖੇ ਫ਼ਿਨਾਇਲ ਨਾਲ ਸਾਫ਼ ਕਰਨ ਦੀ ਜ਼ਿੰਮੇਵਾਰੀ ਹੈ, ਜੋ ਸ਼ਾਸਨ ਦੀ ਰਗ-ਰਗ ’ਚ ਵੱਸ ਚੁੱਕਿਆ ਹੈ। ਇਹ ਕੰਮ ਆਸਾਨ ਨਹੀਂ ਹੈ ਪਰ ਸ਼ੁੱਧੀਕਰਨ ਦਾ ਇਹ ਯੁੱਧ ਹੁਣ ਸ਼ੁਰੂ ਹੋ ਚੁੱਕਾ ਹੈ।

ਤਰੁਣ ਵਿਜੇ


author

rajwinder kaur

Content Editor

Related News