ਸੱਤ ਅਪੀਲਾਂ ਸਰਕਾਰ ਦੀਆਂ, ਅੱਠਵੀਂ ਜਨਤਾ ਦੀ
Sunday, May 24, 2026 - 06:16 PM (IST)
ਪ੍ਰਧਾਨ ਮੰਤਰੀ ਜੀ ਨੇ ਸਾਨੂੰ ਸੱਤ ਸਰਲ ਅਪੀਲਾਂ ਕੀਤੀਆਂ ਹਨ। ਇਹ ਸਿਰਫ਼ ਸਰਕਾਰੀ ਆਦੇਸ਼ ਨਹੀਂ ਹਨ, ਇਹ ਹਰ ਪਰਿਵਾਰ, ਹਰ ਘਰ ਲਈ ਇਕ ਰੋਡਮੈਪ ਹਨ। ਜਿੱਥੇ ਵੀ ਸੰਭਵ ਹੋਵੇ, ਘਰ ਤੋਂ ਕੰਮ ਕਰੋ। ਮੈਟਰੋ ਅਤੇ ਬੱਸ ਦੀ ਵਰਤੋਂ ਕਰੋ, ਪੈਟਰੋਲ-ਡੀਜ਼ਲ ਬਚਾਓ। ਇਕ ਸਾਲ ਤੱਕ ਸੋਨਾ ਖਰੀਦਣ ਅਤੇ ਵਿਦੇਸ਼ ਯਾਤਰਾ ਤੋਂ ਬਚੋ। ਖਾਣਾ ਪਕਾਉਣ ਵਾਲੇ ਤੇਲ ਦੀ ਵਰਤੋਂ ਘਟਾਓ। ਕੁਦਰਤੀ ਖੇਤੀ ਵੱਲ ਵਧੋ, ਰਸਾਇਣਕ ਖਾਦਾਂ ਨੂੰ ਘਟਾਓ ਅਤੇ ਵਿਦੇਸ਼ੀ ਬ੍ਰਾਂਡਾਂ ਦੀ ਬਜਾਏ ਦੇਸੀ ਉਤਪਾਦਾਂ ਦੀ ਚੋਣ ਕਰੋ। ਇਨ੍ਹਾਂ ਸੱਤਾਂ ਦੀ ਇਕੋ ਆਵਾਜ਼ ਹੈ, ਇਕੋ ਸੁਨੇਹਾ ਹੈ : ਰਾਸ਼ਟਰ ਪਹਿਲਾਂ।
ਇਹ ਸੱਤ ਨੁਕਤੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੇ ਹਨ—ਅਸੀਂ ਕਿਵੇਂ ਯਾਤਰਾ ਕਰਦੇ ਹਾਂ, ਕੀ ਖਾਂਦੇ ਹਾਂ, ਕੀ ਖਰੀਦਦੇ ਹਾਂ ਅਤੇ ਕਿਵੇਂ ਖੇਤੀ ਕਰਦੇ ਹਾਂ। ਇਨ੍ਹਾਂ ਦਾ ਨਿਸ਼ਾਨਾ ਇਕ ਵੱਡੀ ਸਮੱਸਿਆ ’ਤੇ ਹੈ। ਭਾਰਤ ਕੱਚਾ ਤੇਲ, ਸੋਨਾ, ਖਾਣ ਵਾਲੇ ਤੇਲ, ਰਸਾਇਣਕ ਖਾਦ ਅਤੇ ਵਿਦੇਸ਼ੀ ਸਾਮਾਨ ਖਰੀਦਣ ਲਈ ਭਾਰੀ ਮਾਤਰਾ ’ਚ ਪੈਸਾ ਵਿਦੇਸ਼ ਭੇਜਦਾ ਹੈ। ਜੇਕਰ ਅਸੀਂ ਆਪਣੀਆਂ ਆਦਤਾਂ ’ਚ ਥੋੜ੍ਹਾ ਜਿਹਾ ਵੀ ਬਦਲਾਅ ਲਿਆਈਏ, ਤਾਂ ਅਸੀਂ ਦੇਸ਼ ਦੇ ਕਰੋੜਾਂ ਰੁਪਏ ਬਚਾ ਸਕਦੇ ਹਾਂ। ਇਹੋ ਆਤਮਨਿਰਭਰ ਭਾਰਤ ਹੈ... ਜੋ ਸਾਡੀ ਰਸੋਈ ਤੋਂ, ਸਾਡੇ ਦਫ਼ਤਰਾਂ ਤੋਂ ਅਤੇ ਸਾਡੀਆਂ ਸੜਕਾਂ ਤੋਂ ਸ਼ੁਰੂ ਹੁੰਦਾ ਹੈ ਪਰ ਨਾਗਰਿਕ ਹੋਣ ਦੇ ਨਾਤੇ, ਅਸੀਂ ਇਸ ਸੂਚੀ ’ਚ ਇਕ ਹੋਰ ਅਪੀਲ ਜੋੜ ਸਕਦੇ ਹਾਂ।
ਇਕ ਅੱਠਵੀਂ ਅਪੀਲ, ਜੋ ਸਾਡੀਆਂ ਆਪਣੀਆਂ ਸਮਾਜਿਕ ਕਦਰਾਂ-ਕੀਮਤਾਂ ਅਤੇ ਰੋਜ਼ਾਨਾ ਦੇ ਅਨੁਭਵਾਂ ਤੋਂ ਜਨਮੀ ਹੋਵੇ। ਜ਼ਰਾ ਆਪਣੇ ਪਰਿਵਾਰਕ ਰੀਤੀ-ਰਿਵਾਜਾਂ ਬਾਰੇ ਸੋਚੋ। ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਅਸੀਂ ਸ਼ਰਧਾਂਜਲੀ ਸਭਾ ’ਚ ਸ਼ਾਮਲ ਹੋਣ ਲਈ ਲੰਬੀ ਦੂਰੀ ਤੈਅ ਕਰਦੇ ਹਾਂ। ਜਦੋਂ ਕੋਈ ਰਿਸ਼ਤੇਦਾਰ ਬੀਮਾਰ ਪੈਂਦਾ ਹੈ ਜਾਂ ਹਾਦਸੇ ਦਾ ਸ਼ਿਕਾਰ ਹੁੰਦਾ ਹੈ, ਅਸੀਂ ਨਿੱਜੀ ਤੌਰ ’ਤੇ ਖ਼ਬਰ ਲੈਣ ਲਈ ਦੌੜ ਪੈਂਦੇ ਹਾਂ। ਇਹੋ ਸਾਡਾ ਸੱਭਿਆਚਾਰ ਹੈ। ਸਾਡਾ ਪਿਆਰ ਅਤੇ ਸਾਡੀ ਚਿੰਤਾ ਸੱਚੀ ਹੈ। ਕੋਈ ਵੀ ਇਨ੍ਹਾਂ ਭਾਵਨਾਵਾਂ ਨੂੰ ਬਦਲਣਾ ਨਹੀਂ ਚਾਹੁੰਦਾ ਪਰ ਕਦੇ-ਕਦੇ ਦੂਰੀ ਬਹੁਤ ਜ਼ਿਆਦਾ ਹੁੰਦੀ ਹੈ। ਅਸੀਂ ਘੰਟਿਆਂਬੱਧੀ ਸੜਕ ’ਤੇ ਬਿਤਾਉਂਦੇ ਹਾਂ, ਲੀਟਰਾਂ ਪੈਟਰੋਲ ਸਾੜਦੇ ਹਾਂ, ਟਿਕਟਾਂ ’ਤੇ ਪੈਸੇ ਖਰਚ ਕਰਦੇ ਹਾਂ—ਸਿਰਫ਼ ਥੋੜ੍ਹੀ ਦੇਰ ਲਈ ਹਾਜ਼ਰੀ ਦਰਜ ਕਰਵਾਉਣ ਲਈ। ਇਸ ਨੂੰ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਨਾਲ ਗੁਣਾ ਕਰੀਏ, ਤਾਂ ਈਂਧਨ ’ਚ ਲੁਕੀ ਹੋਈ ਲਾਗਤ ਬਹੁਤ ਵੱਡੀ ਹੈ।
ਹੁਣ, ਇਕ ਛੋਟੇ ਜਿਹੇ ਬਦਲਾਅ ਦੀ ਕਲਪਨਾ ਕਰੋ। ਜਦੋਂ ਸਰੀਰਕ ਮੌਜੂਦਗੀ ਅਸਲ ’ਚ ਸੰਭਵ ਨਾ ਹੋਵੇ ਜਾਂ ਜਦੋਂ ਇਹ ਇਕ ਬਹੁਤ ਲੰਮੀ, ਈਂਧਨ ਜਲਾਉਣ ਵਾਲੀ ਯਾਤਰਾ ਬਣ ਜਾਵੇ, ਤਾਂ ਅਸੀਂ ਆਨਲਾਈਨ ਜੁੜਨ ਦਾ ਬਦਲ ਚੁਣ ਸਕਦੇ ਹਾਂ। ਇਕ ਮਾਣਮੱਤੀ ਵੀਡੀਓ ਕਾਲ ’ਤੇ ਸ਼ਰਧਾਂਜਲੀ ਸਭਾ, ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਘਰਾਂ ਤੋਂ ਜੁੜਨ, ਇਕੋ ਸਮੇਂ ਸਕ੍ਰੀਨ ’ਤੇ ਦੀਵਾ ਜਗਾਉਣ ਅਤੇ ਪ੍ਰਾਰਥਨਾ ਕਰਨ—ਕੀ ਇਸ ’ਚ ਉਹੀ ਦਿਲੀ ਭਾਵਨਾ ਨਹੀਂ ਹੈ? ਇਕ ਬੀਮਾਰ ਰਿਸ਼ਤੇਦਾਰ ਨੂੰ ਨਿੱਘੀ ਵੀਡੀਓ ਕਾਲ, ਜਿੱਥੇ ਉਹ ਤੁਹਾਡਾ ਚਿਹਰਾ ਦੇਖ ਸਕਣ ਅਤੇ ਤੁਹਾਡੀ ਆਵਾਜ਼ ਸੁਣ ਸਕਣ—ਕੀ ਇਹ ਖ਼ਬਰ ਲੈਣਾ ਆਪਣੇ ਸਭ ਤੋਂ ਸੱਚੇ ਰੂਪ ’ਚ ਨਹੀਂ ਹੈ? ਇਹ ਸਾਡੇ ਸੰਸਕਾਰਾਂ ਨੂੰ ਬਦਲਣ ਦੀ ਗੱਲ ਨਹੀਂ ਹੈ। ਇਹ ਉਨ੍ਹਾਂ ਨੂੰ ਟਿਕਾਊ ਬਣਾਉਣ ਦੀ ਗੱਲ ਹੈ।
ਦੇਖੋ, ਇਹ ਛੋਟਾ ਜਿਹਾ ਬਦਲਾਅ ਸਾਡੇ ਦੇਸ਼ ਲਈ ਕੀ ਕਰ ਸਕਦਾ ਹੈ ।
ਪੈਟਰੋਲ-ਡੀਜ਼ਲ ਦੀ ਬੱਚਤ : ਹਰ ਟਾਲੀ ਗਈ ਲੰਮੀ ਯਾਤਰਾ ਦਾ ਮਤਲਬ ਹੈ ਕਿ ਈਂਧਨ ਭਾਰਤ ਦੇ ਟੈਂਕ ’ਚ ਬਚਿਆ ਰਿਹਾ, ਸੜਕ ’ਤੇ ਨਹੀਂ ਸੜਿਆ। ਇਹ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਜੀ ਦੀ ਈਂਧਨ ਦੀ ਖਪਤ ਘਟਾਉਣ ਦੀ ਅਪੀਲ ਨੂੰ ਸਾਕਾਰ ਕਰਦਾ ਹੈ।
ਵਿਦੇਸ਼ੀ ਮੁਦਰਾ ਦੀ ਬੱਚਤ : ਘੱਟ ਈਂਧਨ ਜਲਾਉਣ ਦਾ ਮਤਲਬ ਹੈ ਘੱਟ ਕੱਚਾ ਤੇਲ ਦਰਾਮਦ ਹੋਣਾ। ਸਾਡੇ ਦੇਸ਼ ਦੇ ਕੀਮਤੀ ਡਾਲਰ ਘਰ ’ਚ ਹੀ ਰਹਿੰਦੇ ਹਨ।
ਧਨ ਦੀ ਬੱਚਤ : ਟਿਕਟ ਦਾ ਉਹ ਪੈਸਾ, ਈਂਧਨ ਦੀ ਉਹ ਲਾਗਤ—ਤੁਹਾਡੀ ਜੇਬ ’ਚ ਤੁਹਾਡੇ ਪਰਿਵਾਰ ਦੀਆਂ ਲੋੜਾਂ ਲਈ ਬਚ ਜਾਂਦੀ ਹੈ।
ਪ੍ਰਦੂਸ਼ਣ ’ਚ ਕਮੀ : ਸੜਕਾਂ ’ਤੇ ਘੱਟ ਵਾਹਨ, ਸਾਡੇ ਬੱਚਿਆਂ ਦੇ ਸਾਹ ਲੈਣ ਲਈ ਸਾਫ਼ ਹਵਾ।
ਸਮੇਂ ਦੀ ਬੱਚਤ : ਘੰਟਿਆਂ ਦੀ ਯਾਤਰਾ ਮਿੰਟਾਂ ਦੇ ਸਾਰਥਕ ਜੁੜਾਅ ’ਚ ਬਦਲ ਜਾਂਦੀ ਹੈ।
ਟੈਕਨੋਲਾਜੀ ਸਿਰਫ਼ ਆਫ਼ਿਸ ਦੇ ਕੰਮ ਅਤੇ ਮਨੋਰੰਜਨ ਲਈ ਨਹੀਂ ਹੈ। ਇਹ ਸਾਡੇ ਦੇਸ਼ ਦੀ ਸੇਵਾ ਕਰ ਸਕਦੀ ਹੈ। ਉਹੀ ‘ਵਰਕ ਫਰਾਮ ਹੋਮ’ ਦਾ ਤਰਕ ਜੋ ਪ੍ਰਧਾਨ ਮੰਤਰੀ ਜੀ ਨੇ ਦਫ਼ਤਰਾਂ ਲਈ ਸੁਝਾਇਆ, ਸਾਡੇ ਸਮਾਜਿਕ ਫਰਜ਼ਾਂ ’ਤੇ ਵੀ ਲਾਗੂ ਹੋ ਸਕਦਾ ਹੈ। ਇਹੋ ਸਵਦੇਸ਼ੀ ਦਾ ਸਹੀ ਅਰਥ ਹੈ—ਆਪਣੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ, ਤੇਲ ਲਈ ਵਿਦੇਸ਼ਾਂ ’ਚ ਪੈਸਾ ਨਾ ਭੇਜਣਾ।
ਪ੍ਰਧਾਨ ਮੰਤਰੀ ਦੀਆਂ ਸੱਤ ਅਪੀਲਾਂ ਉਦੋਂ ਚਮਤਕਾਰ ਦਿਖਾਉਣਗੀਆਂ ਜਦੋਂ ਸਰਕਾਰ ਇਨ੍ਹਾਂ ’ਤੇ ਅਮਲ ਕਰੇਗੀ ਪਰ ਇਹ ਉਦੋਂ ਕਰਿਸ਼ਮਾ ਬਣ ਜਾਣਗੀਆਂ ਜਦੋਂ ਅਸੀਂ, ਆਮ ਜਨਤਾ ਇਨ੍ਹਾਂ ਨੂੰ ਅਪਣਾਏਗੀ ਅਤੇ ਆਪਣੇ ਵਿਚਾਰ ਇਨ੍ਹਾਂ ਨਾਲ ਜੋੜੇਗੀ। ਇਕ ਆਨਲਾਈਨ ਸ਼ੋਕ ਸਭਾ ਪ੍ਰੰਪਰਾ ਦਾ ਅਪਮਾਨ ਨਹੀਂ ਹੈ। ਇਹ ਕਹਿਣ ਦਾ ਇਕ ਜ਼ਿੰਮੇਵਾਰ, ਵਿਚਾਰਸ਼ੀਲ ਤਰੀਕਾ ਹੈ, ‘ਮੈਨੂੰ ਪਰਵਾਹ ਹੈ’—ਆਪਣੇ ਪਰਿਵਾਰ ਦੀ ਵੀ ਅਤੇ ਆਪਣੇ ਦੇਸ਼ ਦੀ ਆਰਥਿਕਤਾ ਦੀ ਵੀ।
ਤਾਂ ਆਓ, ਅੱਜ ਅਸੀਂ ਸਭ ਚੁੱਪਚਾਪ ਇਸ ਅੱਠਵੀਂ ਅਪੀਲ ਨੂੰ ਆਪਣਾ ਬਣਾ ਲਈਏ। ਜਿੱਥੇ ਸੰਭਵ ਹੋਵੇਗਾ, ਮੈਂ ਸਮਾਜਿਕ ਜੁੜਾਅ ਲਈ ਡਿਜੀਟਲ ਸਾਧਨਾਂ ਦੀ ਵਰਤੋਂ ਕਰਾਂਗਾ ਤਾਂ ਜੋ ਪਰਿਵਾਰ ਪ੍ਰਤੀ ਮੇਰਾ ਪਿਆਰ ਅਤੇ ਰਾਸ਼ਟਰ ਪ੍ਰਤੀ ਮੇਰਾ ਫਰਜ਼, ਦੋਵੇਂ ਮੋਢੇ ਨਾਲ ਮੋਢਾ ਜੋੜ ਕੇ ਚੱਲਣ।
ਛੋਟੇ-ਛੋਟੇ ਬਦਲਾਅ। ਕਰੋੜਾਂ ਲੋਕ। ਇਕ ਮਹਾਨ ਰਾਸ਼ਟਰ। ਇਹੋ ਰਾਸ਼ਟਰ ਪਹਿਲਾਂ ਹੈ। ਇਹੋ ਸਾਡਾ ਭਾਰਤ ਹੈ।
—ਨਿਭੀ ਬਾਂਸਲ
(ਈਮੇਲ: nibhibansal22@gmail.com)
