ਭਾਰਤ ਦੀ ਵਿਕਾਸ ਯਾਤਰਾ
Tuesday, May 26, 2026 - 04:34 PM (IST)
ਜਦੋਂ ਮੈਂ ਤਿਰੂਪੁਰ ਦੇ ਸਕੂਲ ਵਿਚ ਪੜ੍ਹਦਾ ਸੀ, ਤਾਂ ਮੇਰੇ ਮਨ ਵਿਚ ਦੇਸ਼ ਨੂੰ ਲੈ ਕੇ ਕਈ ਸੁਪਨੇ ਸਨ। ਮੇਰੇ ਮਨ ਵਿਚ ਅਕਸਰ ਇਹ ਸਵਾਲ ਉੱਠਦੇ ਸਨ—ਭਾਰਤ ਆਪਣੀ ਮਹਾਨਤਾ ਕਦੋਂ ਵਾਪਸ ਹਾਸਲ ਕਰੇਗਾ? ਆਲਮੀ ਮੰਚ ’ਤੇ ਸ਼ਕਤੀਸ਼ਾਲੀ ਰਾਸ਼ਟਰ ਵਜੋਂ ਕਦੋਂ ਉੱਭਰੇਗਾ? ਸਾਡੇ ਗ਼ਰੀਬ ਅਤੇ ਪੱਛੜੇ ਭੈਣ-ਭਰਾਵਾਂ ਨੂੰ ਸਨਮਾਨਜਨਕ ਜੀਵਨ ਕਦੋਂ ਮਿਲੇਗਾ? ਮੈਨੂੰ ਖ਼ੁਸ਼ੀ ਹੈ ਕਿ ਅੱਲ੍ਹੜ ਅਵਸਥਾ ਵਿਚ ਮੇਰੇ ਮਨ ਵਿਚ ਜੋ ਵਿਚਾਰ ਸਨ, ਉਹ ਹੁਣ ਸਾਕਾਰ ਹੋ ਰਹੇ ਹਨ।
ਮੈਂ ਅਕਸਰ ਖੁਦ ਨੂੰ ਸਵਾਮੀ ਵਿਵੇਕਾਨੰਦ ਦੇ ਇਨ੍ਹਾਂ ਸ਼ਬਦਾਂ ਦੀ ਯਾਦ ਦਿਵਾਉਂਦਾ ਸੀ, “ਉੱਠੋ, ਜਾਗੋ ਅਤੇ ਟੀਚਾ ਪ੍ਰਾਪਤ ਹੋਣ ਤੱਕ ਨਾ ਰੁਕੋ।” ਤਾਮਿਲਨਾਡੂ ਦੀ ਧਰਤੀ ਤੋਂ ਸਵਾਮੀ ਜੀ ਦੇ ਦਿੱਤੇ ਇਹ ਸ਼ਬਦ ਹਰ ਵਿਅਕਤੀ ਵਿਚ ਦੇਸ਼ ਭਗਤੀ ਅਤੇ ਸਮਰਪਣ ਦੀ ਭਾਵਨਾ ਜਗਾਉਣ ਦੀ ਅਥਾਹ ਸ਼ਕਤੀ ਰੱਖਦੇ ਹਨ। ਮੇਰਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਜਦੋਂ ਭਾਰਤ ਆਪਣੀ ਪੂਰੀ ਸਮਰੱਥਾ ਨਾਲ ਅੱਗੇ ਵਧੇਗਾ, ਤਾਂ ਉਹ ਪੂਰੀ ਦੁਨੀਆ ਦਾ ਮਾਰਗਦਰਸ਼ਨ ਕਰਨ ਵਾਲਾ ਰਾਸ਼ਟਰ ਬਣ ਕੇ ਉੱਭਰੇਗਾ। ਪਿਛਲੇ ਦਹਾਕੇ ਵਿਚ ਸਾਡਾ ਦੇਸ਼ ਜ਼ਬਰਦਸਤ ਊਰਜਾ ਅਤੇ ਦ੍ਰਿੜ੍ਹ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਹੁਣ ਸਾਨੂੰ ਆਪਣੀਆਂ ਅੱਖਾਂ ਸਾਹਮਣੇ ਤਿਰੂਵੱਲੂਵਰ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖਣ ਦਾ ਮੌਕਾ ਮਿਲ ਰਿਹਾ ਹੈ—“ਜੋ ਆਪਣੇ ਸੰਕਲਪ ਉੱਤੇ ਅਡਿੱਗ ਰਹਿੰਦੇ ਹਨ, ਉਹ ਠੀਕ ਉਹੀ ਹਾਸਲ ਕਰਦੇ ਹਨ, ਜਿਸ ਦੀ ਉਨ੍ਹਾਂ ਨੇ ਕਲਪਨਾ ਕੀਤੀ ਹੁੰਦੀ ਹੈ।”
ਅਜਿਹੇ ਸਮੇਂ ਵਿਚ, ਜਦੋਂ ਪੂਰੀ ਦੁਨੀਆ ਆਰਥਿਕ ਮੰਦੀ ਅਤੇ ਬੇਯਕੀਨੀ ਨਾਲ ਜੂਝ ਰਹੀ ਹੈ, ਭਾਰਤ ਦੀ ਅਰਥ-ਵਿਵਸਥਾ ਮਜ਼ਬੂਤੀ ਅਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਸਰਕਾਰ ਅਤੇ ਜਨਤਾ ਦੇ ਸਾਂਝੇ ਉਤਸ਼ਾਹ ਸਦਕਾ ਹੀ ਅਸੀਂ ਇਸ ਦੌਰ ਨੂੰ ਲਗਾਤਾਰ ਵਿਕਾਸ ਦੇ ਯੁੱਗ ਵਿਚ ਬਦਲਣ ਵੱਲ ਵਧ ਰਹੇ ਹਾਂ। ਇਕ ਵੇਲੇ ਕਮਜ਼ੋਰ ਅਰਥ-ਵਿਵਸਥਾ ਮੰਨਿਆ ਜਾਣ ਵਾਲਾ ਸਾਡਾ ਦੇਸ਼ ਅੱਜ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣ ਚੁੱਕਾ ਹੈ ਅਤੇ ਜਲਦੀ ਹੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡਾ ਆਰਥਿਕ ਵਿਕਾਸ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਰਿਹਾ ਹੈ। ਪਿਛਲੇ ਦਹਾਕੇ ਵਿਚ ਤਕਰੀਬਨ 25 ਕਰੋੜ ਭਾਰਤੀ ਅੱਤ ਦੀ ਗ਼ਰੀਬੀ ’ਚੋਂ ਬਾਹਰ ਨਿਕਲ ਕੇ ਸਨਮਾਨਜਨਕ ਜੀਵਨ ਜਿਊਣ ਦੇ ਕਾਬਲ ਹੋਏ ਹਨ। ਹੁਣ ਤੱਕ ਭਾਰਤ ਵਿਚ ਗਰੀਬ ਅਤੇ ਬੇਘਰੇ ਲੋਕਾਂ ਲਈ ਤਕਰੀਬਨ 4 ਕਰੋੜ ਪੱਕੇ ਘਰ ਬਣਾਏ ਜਾ ਚੁੱਕੇ ਹਨ। 12 ਕਰੋੜ ਤੋਂ ਵੱਧ ਲੋਕਾਂ ਨੂੰ ਪਾਈਪ ਰਾਹੀਂ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਗਿਆ ਹੈ। ਅਸੀਂ ਖੁੱਲ੍ਹੇ ਵਿਚ ਸ਼ੌਚ ਤੋਂ ਮੁਕਤ ਰਾਸ਼ਟਰ ਬਣਨ ਦਾ ਅਹਿਦ ਲਿਆ ਸੀ ਅਤੇ ਸਿਰਫ਼ 60 ਮਹੀਨਿਆਂ ਦੇ ਅੰਦਰ ਦੇਸ਼ ਨੇ 60 ਕਰੋੜ ਲੋਕਾਂ ਲਈ ਇਹ ਟੀਚਾ ਹਾਸਲ ਕਰ ਦਿਖਾਇਆ ਹੈ।
‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ ਤਹਿਤ 80 ਕਰੋੜ ਲੋਕਾਂ ਨੂੰ ਹਰ ਸਾਲ 5 ਕਿੱਲੋਗ੍ਰਾਮ ਅਨਾਜ ਮੁਫ਼ਤ ਦਿੱਤਾ ਜਾ ਰਿਹਾ ਹੈ, ਜਿਸ ਉੱਤੇ 2.3 ਲੱਖ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਅੱਜ ਦੇਸ਼ ਇਸ ਸੰਕਲਪ ਨਾਲ ‘ਆਯੁਸ਼ਮਾਨ ਭਾਰਤ ਯੋਜਨਾ’ ਚਲਾ ਰਿਹਾ ਹੈ ਕਿ ਸਿਹਤ ਸੇਵਾਵਾਂ ਹਰ ਵਿਅਕਤੀ ਤੱਕ ਪਹੁੰਚਣ। ਇਸੇ ਦਾ ਨਤੀਜਾ ਹੈ ਕਿ ਹੁਣ 44 ਕਰੋੜ ਤੋਂ ਵੱਧ ਲੋਕਾਂ ਨੂੰ ‘ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਯੋਜਨਾ’ ਤਹਿਤ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਮਿਲ ਰਿਹਾ ਹੈ।
ਸਾਡੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ 35 ਕਰੋੜ ਟਨ ਅਨਾਜ ਪੈਦਾ ਕੀਤਾ ਹੈ, ਜਿਸ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਅਨਾਜ ਉਤਪਾਦਕ ਦੇਸ਼ ਬਣ ਗਿਆ ਹੈ। ਭਾਰਤ ਹੁਣ ਚੌਲਾਂ ਦੀ ਪੈਦਾਵਾਰ ਵਿਚ ਵੀ ਦੂਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ ਅਤੇ ਆਪਣੀਆਂ ਬਰਾਮਦਾਂ ਰਾਹੀਂ ਦੁਨੀਆ ਨਾਲ ਜੁੜ ਰਿਹਾ ਹੈ। ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਤਹਿਤ ਹੁਣ ਤੱਕ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਚੁੱਕੀ ਹੈ।
ਅੱਜ ਸਾਡੀ ਨਾਰੀ ਸ਼ਕਤੀ ਲਈ ਦੇਸ਼ ਦੇ ਵਿਕਾਸ ਵਿਚ ਪੂਰੀ ਭਾਈਵਾਲੀ ਦੇ ਮੌਕੇ ਖੁੱਲ੍ਹ ਰਹੇ ਹਨ। 3 ਕਰੋੜ ਤੋਂ ਵੱਧ ਔਰਤਾਂ ‘ਲਖਪਤੀ ਦੀਦੀ’ ਅਤੇ ‘ਨਮੋ ਡਰੋਨ ਦੀਦੀ’ ਬਣ ਚੁੱਕੀਆਂ ਹਨ। ਹੁਣ ਔਰਤਾਂ ਹਥਿਆਰਬੰਦ ਬਲਾਂ ਵਿਚ ਸਥਾਈ ਕਮਿਸ਼ਨ ਵੀ ਪ੍ਰਾਪਤ ਕਰ ਰਹੀਆਂ ਹਨ ਅਤੇ ਜੰਗੀ ਭੂਮਿਕਾਵਾਂ ਵਿਚ ਵੀ ਹਿੱਸਾ ਲੈ ਰਹੀਆਂ ਹਨ। ‘ਨਾਰੀ ਸ਼ਕਤੀ ਵੰਦਨ ਐਕਟ’ ਸੰਸਦ ਅਤੇ ਸੂਬਾਈ ਵਿਧਾਨ ਸਭਾਵਾਂ ਵਿਚ ਉਨ੍ਹਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ।
ਨੌਜਵਾਨਾਂ ਲਈ ਪਿਛਲੇ ਦਸ ਸਾਲਾਂ ਵਿਚ ਹੀ 13 ਨਵੇਂ ਆਈ.ਆਈ.ਟੀ. ਸਥਾਪਤ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿਚ ਆਈ.ਆਈ.ਟੀ. ਦੀ ਕੁੱਲ ਗਿਣਤੀ ਵਧ ਕੇ 23 ਹੋ ਗਈ ਹੈ। ਇਸੇ ਤਰ੍ਹਾਂ ਆਈ.ਆਈ.ਐੱਮ. ਦੀ ਗਿਣਤੀ 13 ਤੋਂ ਵਧ ਕੇ 21 ਹੋ ਗਈ ਹੈ। ਏਮਜ਼ (ਏ.ਆਈ.ਆਈ.ਐੱਮ.ਐੱਸ.) ਦੀ ਗਿਣਤੀ 7 ਤੋਂ ਵਧ ਕੇ 23 ਹੋ ਚੁੱਕੀ ਹੈ ਅਤੇ
ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵਧ ਕੇ 823 ਹੋ ਗਈ ਹੈ। ਇਹ ਮਾਣ ਵਾਲੀ ਗੱਲ ਹੈ ਕਿ ਮੈਡੀਕਲ ਵਿਦਿਆਰਥੀਆਂ ਲਈ ਸੀਟਾਂ ਦੀ ਗਿਣਤੀ 51,348 ਤੋਂ ਵਧ ਕੇ 1,29,603 ਹੋ ਗਈ ਹੈ।
ਅਸੀਂ ਆਲਮੀ ਪੱਧਰ ਦੇ ਬੁਨਿਆਦੀ ਢਾਂਚੇ ਦੀ ਦਿਸ਼ਾ ਵਿਚ ਵੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਭਾਰਤੀ ਰੇਲਵੇ ਦਾ ਤਕਰੀਬਨ 99 ਫੀਸਦੀ ਬਿਜਲੀਕਰਨ ਹੋ ਚੁੱਕਾ ਹੈ। ਦੇਸ਼ ਭਰ ਵਿਚ 164 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੇ ਰੇਲ ਯਾਤਰਾ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਹਵਾਈ ਅੱਡਿਆਂ ਦੀ ਗਿਣਤੀ ਵੀ 74 ਤੋਂ ਵਧ ਕੇ 163 ਹੋ ਗਈ ਹੈ ਅਤੇ ‘ਉਡਾਣ ਯੋਜਨਾ’ ਤਹਿਤ ਆਮ ਲੋਕਾਂ ਲਈ ਹਵਾਈ ਯਾਤਰਾ ਸੌਖੀ ਹੋਈ ਹੈ।
ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰ ਵਿਚ ਦੇਸ਼ ਨੇ ਜੋ ਤਰੱਕੀ ਹਾਸਲ ਕੀਤੀ ਹੈ, ਉਹ ਸਾਡੇ ਸਾਰਿਆਂ ਨੂੰ ਮਾਣ ਨਾਲ ਭਰ ਦਿੰਦੀ ਹੈ। ਤਕਨਾਲੋਜੀ ਤੋਂ ਲੈ ਕੇ ਡਾਕਟਰੀ ਤੱਕ, ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਨੇ ਵੈਕਸੀਨ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਅਤੇ ਸਵਦੇਸ਼ੀ ਵੈਕਸੀਨ ਵਿਕਸਤ ਕਰ ਕੇ ਬਹੁਤ ਘੱਟ ਸਮੇਂ ਵਿਚ ਸਾਰਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ। ਭਾਰਤ ਨੇ ਮਨੁੱਖੀ ਹਮਦਰਦੀ ਦੇ ਨਾਲ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੂੰ ਵੀ ਵੈਕਸੀਨ ਮੁਹੱਈਆ ਕਰਵਾਈ।
ਚੰਦਰਯਾਨ-3 ਦੀ ਸਫਲ ਲਾਂਚਿੰਗ ਨੇ ਭਾਰਤ ਨੂੰ ਉੱਨਤ ਪੁਲਾੜ ਖੋਜ ਦੇ ਨਵੇਂ ਯੁੱਗ ਵਿਚ ਪਹੁੰਚਾ ਦਿੱਤਾ ਹੈ। ਮਸਨੂਈ ਬੌਧਿਕਤਾ (ਏ.ਆਈ.) ਦੇ ਖੇਤਰ ਵਿਚ ਆਲਮੀ ਕੰਪਨੀਆਂ ਭਾਰਤ ਨੂੰ ਆਪਣਾ ਕੇਂਦਰ ਬਣਾ ਰਹੀਆਂ ਹਨ, ਜਿਸ ਨਾਲ ਨਿਵੇਸ਼ ਵਿਚ ਕਈ ਗੁਣਾ ਵਾਧਾ ਹੋਇਆ ਹੈ। ਭਾਰਤ ਹੁਣ ਸੈਮੀਕੰਡਕਟਰ ਨਿਰਮਾਣ ਦੇ ਖੇਤਰ ਵਿਚ ਦੁਨੀਆ ਲਈ ਇਕ ਮਾਡਲ ਬਣ ਕੇ ਉੱਭਰ ਰਿਹਾ ਹੈ।
ਮੋਬਾਈਲ ਫੋਨ ਉਤਪਾਦਨ ਵਿਚ ਵੀ ਅਸੀਂ ਵਿਸ਼ਵ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਜੋ ਭਾਰਤ ਕਦੇ ਮੋਬਾਈਲ ਫੋਨਾਂ ਦੀ ਦਰਾਮਦ ਕਰਦਾ ਸੀ, ਉਹੀ ਅੱਜ 300 ਕਰੋੜ ਅਮਰੀਕੀ ਡਾਲਰ ਮੁੱਲ ਦੇ ਮੋਬਾਈਲ ਫੋਨਾਂ ਦੀ ਬਰਾਮਦ ਕਰਨ ਵਾਲਾ ਦੇਸ਼ ਬਣ ਚੁੱਕਾ ਹੈ।
ਕਈ ਦਹਾਕਿਆਂ ਤੱਕ ਸਾਡੇ ਦੇਸ਼ ਨੇ ਸਿਰਫ਼ ਅੱਤਵਾਦ ਹੀ ਨਹੀਂ, ਸਗੋਂ ਖਾੜਕੂਵਾਦ ਅਤੇ ਖੱਬੇ-ਪੱਖੀ ਕੱਟੜਵਾਦ ਵਰਗੀਆਂ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈ। ਦਲੇਰਾਨਾ ਨੀਤੀਗਤ ਫ਼ੈਸਲਿਆਂ ਅਤੇ ਕਾਨੂੰਨ ਦੀ ਸਖ਼ਤ ਪਾਲਣਾ ਰਾਹੀਂ ਅੱਜ ਦੇਸ਼ ਵਿਚ ਸ਼ਾਂਤੀ ਸਥਾਪਤ ਹੋਈ ਹੈ ਅਤੇ ਇਨ੍ਹਾਂ ਖੇਤਰਾਂ ਵਿਚ ਵਿਕਾਸ ਦੇ ਬੂਹੇ ਖੁੱਲ੍ਹੇ ਹਨ।
ਅਸੀਂ ਇਹ ਟੀਚਾ ਮਿਥਿਆ ਹੈ ਕਿ 2047 ਤੱਕ, ਭਾਵ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੱਕ, ਭਾਰਤ ਮੋਹਰੀ ਆਲਮੀ ਸ਼ਕਤੀ ਬਣੇ ਅਤੇ ਦੁਨੀਆ ਦਾ ਮਾਰਗਦਰਸ਼ਨ ਕਰਨ ਦੀ ਸਥਿਤੀ ਵਿਚ ਪਹੁੰਚੇ। ਸਖ਼ਤ ਮਿਹਨਤ ਦਾ ਇਹ ਦੌਰ ਹੀ “ਅਮਰੁਤ ਕਾਲ” ਹੈ।
ਸਵਾਮੀ ਵਿਵੇਕਾਨੰਦ ਦੇ ਇਹ ਸ਼ਬਦ ਸਾਨੂੰ ਪ੍ਰੇਰਣਾ ਦਿੰਦੇ ਹਨ ਅਤੇ ਦਿਸ਼ਾ ਵੀ ਦਿਖਾਉਂਦੇ ਹਨ- “ਮੇਰੇ ਭਰਾਵੋ, ਆਓ ਅਸੀਂ ਸਾਰੇ ਮਿਲ ਕੇ ਸਖ਼ਤ ਮਿਹਨਤ ਕਰੀਏ। ਇਹ ਸੌਣ ਦਾ ਸਮਾਂ ਨਹੀਂ ਹੈ। ਭਾਰਤ ਦਾ ਭਵਿੱਖ ਸਾਡੀਆਂ ਕੋਸ਼ਿਸ਼ਾਂ ਉੱਤੇ ਨਿਰਭਰ ਕਰੇਗਾ।”
ਸੀ. ਪੀ. ਰਾਧਾਕ੍ਰਿਸ਼ਨਨ (ਭਾਰਤ ਦੇ ਉਪ ਰਾਸ਼ਟਰਪਤੀ)
