ਉਪਜਾਊ ਭੂਮੀ ਦੀ ਤਬਾਹੀ ਕਿਉਂ?

Monday, May 18, 2026 - 05:00 PM (IST)

ਉਪਜਾਊ ਭੂਮੀ ਦੀ ਤਬਾਹੀ ਕਿਉਂ?

ਇਕ ਪਾਸੇ ਤਾਂ ਅਸੀਂ ਵਧਦੀ ਆਬਾਦੀ ਦਾ ਰੋਣਾ ਰੋਂਦੇ ਹਾਂ, ਦੂਜੇ ਪਾਸੇ ਅਸੀਂ ਆਪਣੀ ਖੇਤੀ ਯੋਗ ਜ਼ਮੀਨ ਨੂੰ ਦੈਂਤਾਂ ਵਾਂਗ ਬਰਬਾਦ ਕਰ ਰਹੇ ਹਾਂ। ਇਸ ਆਤਮਘਾਤੀ ਵਿਕਾਸ ਨਾਲ ਅਸੀਂ ਆਪਣੇ ਭਵਿੱਖ ਲਈ ਭਿਆਨਕ ਖੁਰਾਕ ਸੰਕਟ ਪੈਦਾ ਹੋਣ ਦੇ ਹਾਲਾਤ ਬਣਾ ਰਹੇ ਹਾਂ। ਉਂਝ ਤਾਂ ਆਜ਼ਾਦੀ ਤੋਂ ਬਾਅਦ ਦੇਸ਼ ’ਚ ਖੇਤੀਬਾੜੀ, ਪੇਂਡੂ ਵਿਕਾਸ ਅਤੇ ਜਲ ਸਰੋਤ ਵਰਗੇ ਮੰਤਰਾਲੇ ਬਣੇ, ਜਿਨ੍ਹਾਂ ਦੇ ਮੰਤਰੀ ਅਤੇ ਅਫ਼ਸਰ ਵਿਦੇਸ਼ਾਂ ’ਚ ਗਿਆਨ ਲੈਣ ਦੇ ਬਹਾਨੇ ਭੱਜਦੇ ਰਹੇ ਪਰ ਕੀ ਵਜ੍ਹਾ ਹੈ ਕਿ ਇਸ ਸਭ ਦੇ ਹੁੰਦੇ ਹੋਏ ਵੀ ਦੇਸ਼ ’ਚ ਕੁੱਲ 33 ਕਰੋੜ ਹੈਕਟੇਅਰ ਦੀ ਤਿਹਾਈ ਭੂਮੀ ਬੰਜਰ ਹੈ ਅਤੇ ਲਗਾਤਾਰ ਵਧ ਰਹੀ ਹੈ?

ਜਿਵੇਂ ਗੋਬੀ ਮਾਰੂਥਲ ਤੋਂ ਉੱਡੀ ਧੂੜ ਉੱਤਰੀ ਚੀਨ ਤੋਂ ਲੈ ਕੇ ਕੋਰੀਆ ਦੇ ਉਪਜਾਊ ਮੈਦਾਨਾਂ ਨੂੰ ਢਕ ਰਹੀ ਹੈ, ਉਸੇ ਤਰ੍ਹਾਂ ਥਾਰ ਮਾਰੂਥਲ ਦੀ ਰੇਤ ਉੱਤਰ ਭਾਰਤ ਦੇ ਉਪਜਾਊ ਮੈਦਾਨਾਂ ਨੂੰ ਨਿਗਲ ਰਹੀ ਹੈ। ਅਰਾਵਲੀ ਪਰਬਤ ਕਾਫੀ ਹੱਦ ਤੱਕ ਧੂੜ ਭਰੀਆਂ ਹਨੇਰੀਆਂ ਨੂੰ ਰੋਕਣ ਦਾ ਕੰਮ ਕਰਦਾ ਹੈ, ਪਰ ਅੰਨ੍ਹੇਵਾਹ ਮਾਈਨਿੰਗ ਦੀ ਵਜ੍ਹਾ ਕਰਕੇ ਇਸ ਪਰਬਤਮਾਲਾ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਿਸ ਨਾਲ ਇਹ ਧੂੜ ਭਰੀਆਂ ਹਨੇਰੀਆਂ ਨੂੰ ਪੂਰੀ ਤਰ੍ਹਾਂ ਨਹੀਂ ਰੋਕ ਪਾ ਰਹੀ ਹੈ। ਦੂਜੇ ਪਾਸੇ ਹਰ ਸਾਲ 84 ਲੱਖ ਟਨ ਭੂਮੀ ਦੇ ਪੋਸ਼ਕ ਤੱਤ ਹੜ੍ਹ ਆਦਿ ਦੀ ਵਜ੍ਹਾ ਕਰਕੇ ਵਹਿ ਜਾਂਦੇ ਹਨ। ਕੀਟਨਾਸ਼ਕ ਵੀ ਹਰ ਸਾਲ 1.4 ਕਰੋੜ ਵਰਗ ਕਿਲੋਮੀਟਰ ਭੂਮੀ ਦੀ ਉਪਜਾਊ ਸ਼ਕਤੀ ਖ਼ਤਮ ਕਰ ਰਹੇ ਹਨ। ਇਸੇ ਤਰ੍ਹਾਂ ਕਲਰ ਅਤੇ ਖਾਰਾਪਨ ਵੀ ਹਰ ਸਾਲ 270 ਹਜ਼ਾਰ ਵਰਗ ਕਿਲੋਮੀਟਰ ਖੇਤਰ ਨੂੰ ਬੰਜਰ ਬਣਾ ਰਹੇ ਹਨ।

ਅਣੂ ਬੰਬ ਤੋਂ ਵੀ ਘਾਤਕ ਕੈਮੀਕਲਸ, ਕੀਟਨਾਸ਼ਕ ਦਵਾਈਆਂ, ਰਸਾਇਣਕ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਬੇਲਗਾਮ ਵਰਤੋਂ ਨਾਲ ਭੂਮੀ ਬੰਜਰ ਬਣ ਰਹੀ ਹੈ। ਨਾਲ ਹੀ ਨਾਲ ਉਦਯੋਗਾਂ ਤੋਂ ਨਿਕਲਿਆ ਪ੍ਰਦੂਸ਼ਿਤ ਪਾਣੀ ਭਾਫ਼ ਬਣ ਕੇ ਉੱਪਰ ਜਾਂਦਾ ਹੈ। ਫਿਰ ਪ੍ਰਦੂਸ਼ਿਤ ਅਤੇ ਖਾਰੇ ਪਾਣੀ ਦੀ ਵਰਖਾ ਨਾਲ ਭੂਮੀ ਪੂਰੀ ਤਰ੍ਹਾਂ ਬੰਜਰ ਬਣ ਰਹੀ ਹੈ। ਜੇਕਰ ਇਸੇ ਤਰ੍ਹਾਂ ਇਨ੍ਹਾਂ ਦਵਾਈਆਂ ਦੀ ਵਰਤੋਂ ਹੁੰਦੀ ਰਹੀ ਤਾਂ ਅਗਲੇ 50 ਸਾਲਾਂ ’ਚ ਸਾਰੇ ਦੇਸ਼ਵਾਸੀ ਭਿਆਨਕ ਰੋਗਾਂ ਨਾਲ ਗ੍ਰਸਤ ਹੋ ਜਾਣਗੇ।

ਹਾਲ ਦੇ ਸਾਲਾਂ ’ਚ ਉਦਯੋਗਿਕ ਕੂੜੇ ਨਾਲ ਵੀ ਭੂਮੀ ਅਤੇ ਜਲ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਦਯੋਗਾਂ ਤੋਂ ਨਿਕਲੇ ਕੂੜੇ ਅਤੇ ਪ੍ਰਦੂਸ਼ਿਤ ਪਾਣੀ ਨੂੰ ਨਦੀਆਂ ’ਚ ਛੱਡੇ ਜਾਣ ਨਾਲ ਧਰਤੀ ਦੇ ਉੱਪਰਲਾ ਅਤੇ ਜ਼ਮੀਨ ਹੇਠਲਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ। ਇਸ ਤਰ੍ਹਾਂ ਦੇ ਪ੍ਰਦੂਸ਼ਿਤ ਪਾਣੀ ਦੀ ਸਿੰਚਾਈ ਲਈ ਵਰਤੋਂ ਕੀਤੇ ਜਾਣ ਨਾਲ ਜ਼ਮੀਨ ਵੀ ਖ਼ਰਾਬ ਹੋ ਗਈ ਹੈ। ਤਾਜ਼ਾ ਅਨੁਮਾਨਾਂ ਅਨੁਸਾਰ ਇਸ ਸਭ ਨਾਲ 34,500 ਹੈਕਟੇਅਰ ਭੂਮੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ ’ਚ ਪੌਲੀਥੀਨ ਅਤੇ ਪਲਾਸਟਿਕ ਦਾ ਕੂੜਾ ਪ੍ਰਿਥਵੀ ਦੀ ਉਪਜਾਊ ਸ਼ਕਤੀ ਨੂੰ ਤੇਜ਼ੀ ਨਾਲ ਖ਼ਤਮ ਕਰ ਰਿਹਾ ਹੈ, ਕਿਉਂਕਿ ਇਹ ਕੂੜਾ ਗਲਦਾ ਨਹੀਂ ਹੈ। ਇਸ ਲਈ ਇਹ ਜ਼ਮੀਨ ਲਈ ਬਹੁਤ ਹੀ ਘਾਤਕ ਹੈ।

ਜ਼ਮੀਨ ’ਚ ਬੋਰਿੰਗ ਕਰਕੇ ਅੰਨ੍ਹੇਵਾਹ ਪਾਣੀ ਖਿੱਚਣ ਨਾਲ ਪ੍ਰਿਥਵੀ ਦੇ ਅੰਦਰ ਭੂਮੀਗਤ ਜਲ ਪੱਧਰ ’ਚ ਤੇਜ਼ੀ ਨਾਲ ਗਿਰਾਵਟ ਆਈ ਹੈ।, ਜਿਸ ਨਾਲ ਜ਼ਮੀਨ ਦੀ ਨਮੀ ਖ਼ਤਮ ਹੋਈ ਹੈ ਅਤੇ ਰੇਗਿਸਤਾਨ ਵਧਦਾ ਜਾ ਰਿਹਾ ਹੈ। ਫਿਰ ਵੀ ਸਾਨੂੰ ਅਕਲ ਨਹੀਂ ਆ ਰਹੀ। 1947 ’ਚ ਦੇਸ਼ ’ਚ ਇਕ ਹਜ਼ਾਰ ਟਿਊਬਵੈੱਲ ਸਨ, ਜਿਨ੍ਹਾਂ ਦੀ ਗਿਣਤੀ ਹੁਣ 2.10 ਕਰੋੜ ਤੋਂ ਵੀ ਵੱਧ ਹੈ ਅਤੇ ਹਰ ਸਾਲ ਵਧਦੀ ਜਾ ਰਹੀ ਹੈ। ਇਸ ਨਾਲ ਜ਼ਮੀਨ ਹੇਠਲੇ ਪਾਣੀ ਦੀ ਸਤ੍ਹਾ ਤੇਜ਼ੀ ਨਾਲ ਹੇਠਾਂ ਹੁੰਦੀ ਜਾ ਰਹੀ ਹੈ। ਇਸੇ ਤਰ੍ਹਾਂ ਉਦਯੋਗੀਕਰਨ ਦੇ ਇਸ ਦੌਰ ’ਚ ਸਮੁੰਦਰੀ ਤੱਟਾਂ ਦੇ ਆਸ-ਪਾਸ ਮਨੁੱਖਾਂ ਦੇ ਰਹਿਣ ਲਾਇਕ ਸਥਿਤੀ ਨਹੀਂ ਬਚੀ ਹੈ। ਕਿਉਂਕਿ ਆਏ ਦਿਨ ਸਮੁੰਦਰੀ ਪਾਣੀ ਨਾਲ ਭੂਮੀ ਦਾ ਕਟਾਅ ਹੋ ਕੇ ਖਾਰਾ ਪਾਣੀ ਆਬਾਦੀ ਖੇਤਰ ’ਚ 30 ਤੋਂ 100 ਕਿਲੋਮੀਟਰ ਤੱਕ ਪ੍ਰਵੇਸ਼ ਕਰਨ ਲੱਗਾ ਹੈ। ਗੁਜਰਾਤ ਦੇ ਜਾਮਨਗਰ, ਦਵਾਰਕਾ, ਜੂਨਾਗੜ੍ਹ, ਭਾਵਨਗਰ ਅਤੇ ਅਮਰੇਲੀ ਦੇ ਤੱਟਵਰਤੀ ਪਿੰਡ ਉੱਜੜਨ ਦੇ ਕੰਢੇ ’ਤੇ ਹਨ, ਜਿਸ ਦਾ ਇਕੋ-ਇਕ ਕਾਰਨ ਤੱਟਵਰਤੀ ਜ਼ਮੀਨ ਦਾ ਬਹੁਤ ਜ਼ਿਆਦਾ ਕਟਾਅ ਕੀਤਾ ਜਾਣਾ ਹੈ। ਇੰਨਾ ਹੀ ਨਹੀਂ ਸਗੋਂ ਦੇਸ਼ ’ਚ ਹੋ ਰਹੀ ਬੇਰੋਕ-ਟੋਕ ਅੰਨ੍ਹੇਵਾਹ ਮਾਈਨਿੰਗ ਨਾਲ ਜ਼ਮੀਨ ਪੋਲੀ ਹੋ ਰਹੀ ਹੈ। ਭੂਚਾਲ ਦੇ ਖ਼ਤਰੇ ਵਧ ਰਹੇ ਹਨ ਅਤੇ ਇਸ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਭੂਮੀ ਬੰਜਰ ਹੋ ਰਹੀ ਹੈ।

ਮਾਈਨਜ਼ ਦਾ ਕੂੜਾ ਖੁੱਲ੍ਹੇ ’ਚ ਫੈਲਣ ਨਾਲ ਅਤੇ ਸੀਮੈਂਟ ਉਦਯੋਗ ਲਈ ਚੂਨਾ-ਪੱਥਰ ਤੇ ਚੀਨੀ ਮਿੱਟੀ ਉਦਯੋਗ ਲਈ ਕੈਲਸਾਈਟ ਤੇ ਖੜੀਆ ਪੱਥਰ ਦੀ ਪਿਸਾਈ ਨਾਲ ਜੋ ਧੂੜ ਉੱਡਦੀ ਹੈ, ਉਹ ਆਸ-ਪਾਸ ਦੀ ਉਪਜਾਊ ਜ਼ਮੀਨ ਨੂੰ ਬਰਬਾਦ ਕਰ ਦਿੰਦੀ ਹੈ। 90 ਫੀਸਦੀ ਖਾਨ ਮਾਲਕਾਂ ਵੱਲੋਂ ਖੁੱਲ੍ਹੀ ਖਦਾਨ ਪ੍ਰਣਾਲੀ ਰਾਹੀਂ ਮਾਈਨਿੰਗ ਕਾਰਜ ਕੀਤਾ ਜਾ ਰਿਹਾ ਹੈ। ਮਾਈਨਿੰਗ ਪੂਰੀ ਹੋ ਜਾਣ ਤੋਂ ਬਾਅਦ ਉਸ ਖੇਤਰ ਨੂੰ ਇੰਝ ਹੀ ਛੱਡ ਦਿੱਤਾ ਜਾਂਦਾ ਹੈ। ਇਸ ਨੂੰ ਫਿਰ ਸਹੀ ਕਰਨ ਲਈ ਕੋਈ ਕਦਮ ਨਹੀਂ ਉਠਾਇਆ ਜਾਂਦਾ, ਜਿਸ ਨਾਲ ਪੂਰਾ ਖੇਤਰ ਹਮੇਸ਼ਾ ਲਈ ਬਰਬਾਦ ਹੋ ਕੇ ਮਾਰੂਥਲ ਬਣ ਜਾਂਦਾ ਹੈ।

ਵਨਸਪਤੀਆਂ ਦਾ ਵਿਨਾਸ਼ ਵੀ ਜ਼ਮੀਨ ਨੂੰ ਬੰਜਰ ਬਣਾਉਣ ਦਾ ਕਾਰਨ ਹੈ। ਮਾਰੂਥਲੀਕਰਨ ਦਾ ਸਭ ਤੋਂ ਪਹਿਲਾ ਸ਼ਿਕਾਰ ਦਰੱਖਤ-ਪੌਦੇ ਅਤੇ ਵਨਸਪਤੀਆਂ ਹੁੰਦੀਆਂ ਹਨ। ਜ਼ਮੀਨ ’ਤੇ ਵਧਦੇ ਦਬਾਅ ਨਾਲ ਦਰੱਖਤ-ਪੌਦਿਆਂ ਅਤੇ ਵਨਸਪਤੀਆਂ ਦੇ ਨੁਕਸਾਨ ’ਚ ਖ਼ਤਰਨਾਕ ਵਾਧਾ ਹੋ ਰਿਹਾ ਹੈ। ਪਿੰਡਾਂ ਦੇ ਆਸ-ਪਾਸ ਚਰਾਗਾਹਾਂ ਦੀ ਜ਼ਮੀਨ ਬੁਰੀ ਤਰ੍ਹਾਂ ਬਰਬਾਦ ਹੋਈ ਹੈ, ਕਿਉਂਕਿ ਉਸ ਦੀ ਸਭ ਤੋਂ ਵੱਧ ਅਣਦੇਖੀ ਅਤੇ ਸਭ ਤੋਂ ਜ਼ਿਆਦਾ ਸ਼ੋਸ਼ਣ ਹੋਇਆ ਹੈ। ਇਸ ਪ੍ਰਕਾਰ ਉਪਜਾਊ ਭੂਮੀ ਵੀ ਮਾਰੂਥਲ ਬਣਦੀ ਜਾ ਰਹੀ ਹੈ।

ਸਾਡੇ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਭਾਰਤ ਦੇ ਕਿਸਾਨਾਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਡਿੱਗਦੀ ਉਪਜਾਊ ਸ਼ਕਤੀ ਦੀ ਡੂੰਘੀ ਚਿੰਤਾ ਰਹੀ ਹੈ। ਅਜਿਹਾ ਉਹ ਆਪਣੇ ਬਿਆਨਾਂ ਨਾਲ ਸੰਕੇਤ ਦਿੰਦੇ ਰਹੇ ਹਨ, ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਠੋਸ ਹੱਲ ਭਾਰਤ ਦੀ ਕੋਈ ਵੀ ਸਰਕਾਰ ਆਜ਼ਾਦੀ ਤੋਂ ਬਾਅਦ ਨਹੀਂ ਦੇ ਸਕੀ ਹੈ। ਨਤੀਜੇ ਵਜੋਂ, ਇਹ ਵਿਨਾਸ਼ ਬੇਰੋਕ-ਟੋਕ ਜਾਰੀ ਹੈ। ਖੇਤਾਂ ’ਚ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਨੇ ਜ਼ਮੀਨ ਹੇਠਲੇ ਪਾਣੀ ’ਚ ਫਲੋਰਾਈਡ ਅਤੇ ਆਰਸੈਨਿਕ ਦੀ ਮਾਤਰਾ ਖ਼ਤਰਨਾਕ ਪੱਧਰ ਤੱਕ ਵਧਾ ਦਿੱਤੀ ਹੈ, ਜਿਸ ਦਾ ਮਨੁੱਖੀ ਸਿਹਤ ’ਤੇ ਬੁਰਾ ਅਸਰ ਪੈ ਰਿਹਾ ਹੈ। ਸਭ ਨੂੰ ਸਭ ਕੁਝ ਪਤਾ ਹੈ ਪਰ ਕੋਈ ਕੁਝ ਠੋਸ ਨਹੀਂ ਕਰਦਾ। ਅਜਿਹੇ ’ਚ ਇਸ ਗੰਭੀਰ ਸਮੱਸਿਆ ’ਤੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਬੰਧਤ ਮੰਤਰਾਲਿਆਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਖੇਤੀ ਯੋਗ ਭੂਮੀ ਦੀ ਸੰਭਾਲ ਨੂੰ ਉਤਸ਼ਾਹਿਤ ਕਰਦੇ ਹੋਏ ਉਸ ਦਾ ਵਿਨਾਸ਼ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।

ਵਿਨੀਤ ਨਾਰਾਇਣ
 


author

Rakesh

Content Editor

Related News