‘ਚੀਨੀ ਫੌਜ ’ਚ ਸ਼ੁੱਧੀਕਰਨ ਮੁਹਿੰਮ’ ਦੋ ਸਾਬਕਾ ਰੱਖਿਆ ਮੰਤਰੀਆਂ ਨੂੰ ਹੋਈ ਫਾਂਸੀ ਦੀ ਸਜ਼ਾ!
Saturday, May 23, 2026 - 03:24 AM (IST)
ਚੀਨ ਦੀ ਫੌਜ ’ਚ ਪਿਛਲੇ ਕੁਝ ਸਮੇਂ ਤੋਂ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ’ਤੇ ਲਗਾਮ ਲਗਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕਈ ਸਰਕਾਰੀ ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਫੜੇ ਗਏ ਹਨ।
ਇਸੇ ਸਿਲਸਿਲੇ ’ਚ ਹੁਣ ਚੀਨ ਦੀ ਫੌਜੀ ਅਦਾਲਤ ਨੇ ਆਪਣੇ 2 ਸਾਬਕਾ ਰੱਖਿਆ ਮੰਤਰੀਆਂ ‘ਵੇਈ ਫੇਂਗਹੇ’ ਅਤੇ ‘ਲੀ ਸ਼ਾਂਗਫੂ’ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਸਸਪੈਂਡਡ ਮੌਤ ਦੀ ਸਜ਼ਾ ਸੁਣਾਈ ਹੈ। ਭਾਵ ਉਨ੍ਹਾਂ ਨੂੰ ਤੁਰੰਤ ਫਾਂਸੀ ਦੇਣ ਦੀ ਬਜਾਏ 2 ਸਾਲਾਂ ਦੀ ਮੋਹਲਤ ਦਿੱਤੀ ਗਈ ਹੈ ਅਤੇ ਉਦੋਂ ਤੱਕ ਉਹ ਜੇਲ ’ਚ ਰਹਿਣਗੇ।
ਇਸ ਦੌਰਾਨ ਉਨ੍ਹਾਂ ਦਾ ਕੋਈ ਹੋਰ ਗੰਭੀਰ ਅਪਰਾਧ ਸਾਹਮਣੇ ਨਾ ਆਉਣ ’ਤੇ ਉਨ੍ਹਾਂ ਦੀ ਸਜ਼ਾ ਉਮਰਕੈਦ ’ਚ ਬਦਲ ਦਿੱਤੀ ਜਾਵੇਗੀ, ਪਰ ਉਸ ’ਚ ਪੈਰੋਲ ਜਾਂ ਸਜ਼ਾ ’ਚ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਜਾਵੇਗੀ ਅਤੇ ਦੋਵਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ‘ਵੇਈ ਫੇਂਗਹੇ’ 2018 ਤੋਂ 2023 ਤੱਕ ਅਤੇ ‘ਲੀ ਸ਼ਾਂਗਫੂ’ ਮਾਰਚ ਤੋਂ ਅਕਤੂਬਰ 2023 ਤੱਕ ਚੀਨ ਦੇ ਰੱਖਿਆ ਮੰਤਰੀ ਰਹੇ।
ਇਸ ਫ਼ੈਸਲੇ ਨੂੰ 2012 ਤੋਂ ਚੀਨ ’ਚ ਲਗਾਤਾਰ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਬੀਤੇ ਕੁਝ ਸਾਲਾਂ ’ਚ ਫੌਜ ਦੇ ਭ੍ਰਿਸ਼ਟ ਉੱਚ ਅਧਿਕਾਰੀਆਂ ’ਤੇ ਕੀਤੀਆਂ ਗਈਆਂ ਕਾਰਵਾਈਆਂ ’ਚੋਂ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਸਾਲ 2022 ਤੋਂ ਹੁਣ ਤੱਕ ਚੀਨ ’ਚ 100 ਤੋਂ ਵੱਧ ਸੀਨੀਅਰ ਫੌਜੀ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਜਾਂ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਜਾਂਚ ਦਾ ਸਾਹਮਣਾ ਕਰ ਰਹੇ ਹਨ। ਸਾਲ 2025 ’ਚ ਹੀ ਜਨਰਲ ਰੈਂਕ ਦੇ 15 ਅਧਿਕਾਰੀ ਬਰਖ਼ਾਸਤ ਕੀਤੇ ਗਏ।
‘ਵੇਈ ਫੇਂਗਹੇ’ ’ਤੇ ਬਹੁਤ ਹੀ ਸਖ਼ਤ ਸ਼ਬਦਾਂ ’ਚ ਭ੍ਰਿਸ਼ਟਾਚਾਰ ਅਤੇ ਪਾਰਟੀ ਦੇ ਭਰੋਸੇ ਨੂੰ ਤੋੜਨ ਅਤੇ ਫੌਜ ਦੇ ਸਿਆਸੀ ਮਾਹੌਲ ਨੂੰ ਗੰਭੀਰ ਰੂਪ ’ਚ ਦੂਸ਼ਿਤ ਕਰਨ ਅਤੇ ‘ਲੀ ਸ਼ਾਂਗਫੂ’ ’ਤੇ ਵੀ ਫੌਜੀ ਸਾਜ਼ੋ-ਸਾਮਾਨ ਨਾਲ ਜੁੜੇ ਖੇਤਰ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਰੱਖਿਆ ਮੰਤਰੀ ਰਹਿੰਦਿਆਂ ‘ਵੇਈ ਫੇਂਗਹੇ’ ਅਚਾਨਕ ਲਾਪਤਾ ਹੋ ਗਏ ਸਨ, ਬਾਅਦ ’ਚ ਉਨ੍ਹਾਂ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦਾ ਪਤਾ ਲੱਗਿਆ ਸੀ। ਹਿਰਾਸਤ ’ਚ ਹੀ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਫੌਜੀ ਅਦਾਲਤ ’ਚ ਮੁਕੱਦਮਾ ਚੱਲਿਆ, ਜਦਕਿ ਲੀ ਨੂੰ ਰਾਸ਼ਟਰਪਤੀ ਸ਼ੀ ਨੇ ਖੁਦ ਰੱਖਿਆ ਮੰਤਰੀ ਨਿਯੁਕਤ ਕੀਤਾ ਸੀ।
ਦੋਵਾਂ ਆਗੂਆਂ ਨੂੰ ਜੂਨ 2024 ’ਚ ਕਮਿਊਨਿਸਟ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਸਾਰੇ ਫੌਜੀ ਅਹੁਦੇ ਤੇ ਰੈਂਕ ਖੋਹ ਲਏ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਵਿਰੁੱਧ ਕਾਨੂੰਨੀ ਕਾਰਵਾਈ ਤੇਜ਼ ਹੋਈ, ਜੋ ਹੁਣ ਇਸ ਫ਼ੈਸਲੇ ਤੱਕ ਪਹੁੰਚੀ ਹੈ। ਚੀਨ ’ਤੇ ਨਜ਼ਰ ਰੱਖਣ ਵਾਲੇ ਕੁਝ ਲੋਕ ਇਸ ਨੂੰ ‘ਸ਼ੀ ਜਿਨਪਿੰਗ’ ਦੀ ਅਗਵਾਈ ਲਈ ਇਕ ਵੱਡੀ ਚੁਣੌਤੀ ਦੱਸ ਰਹੇ ਹਨ।
ਚੀਨ ’ਚ ਇਕ ਹੀ ਪਾਰਟੀ ‘ਚੀਨੀ ਕਮਿਊਨਿਸਟ ਪਾਰਟੀ’ (ਸੀ. ਸੀ. ਪੀ.) ਦਾ ਸ਼ਾਸਨ ਹੈ ਅਤੇ ‘ਪੀਪਲਜ਼ ਲਿਬਰੇਸ਼ਨ ਆਰਮੀ’ (ਪੀ. ਐੱਲ. ਏ.) ਉਸ ਦੀ ਫੌਜੀ ਸ਼ਾਖਾ ਹੈ, ਜਿਸ ਤੋਂ ਪਾਰਟੀ ਅਤੇ ਉਸ ਦੇ ਨੇਤਾ ਪ੍ਰਤੀ ਪੂਰਨ ਵਫ਼ਾਦਾਰੀ ਦੀ ਉਮੀਦ ਕੀਤੀ ਜਾਂਦੀ ਹੈ।
ਚੀਨੀ ਫੌਜ ’ਚ ਪਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਕਾਰਨ ਤਾਈਵਾਨ ਵਿਰੁੱਧ ਚੀਨ ਦੀ ਫੌਜੀ ਮੁਹਿੰਮ ਵੀ ਹੌਲੀ ਹੋ ਗਈ ਹੈ। ਚੀਨੀ ਫੌਜ ਦੇ ਆਧੁਨਿਕੀਕਰਨ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ।
ਮਾਹਿਰਾਂ ਅਨੁਸਾਰ 2013 ਤੋਂ ਸੱਤਾ ’ਤੇ ਕਾਬਜ਼ ਰਾਸ਼ਟਰਪਤੀ ‘ਸ਼ੀ ਜਿਨਪਿੰਗ’ ਸੰਭਵ ਤੌਰ ’ਤੇ ਆਪਣੀ ਅਗਵਾਈ ਦੇ ਆਖ਼ਰੀ ਪੜਾਅ ’ਚ ਹਨ। ਚੀਨ ਦੀ ਫੌਜ ਦੇ ਭਾਰੀ ਭ੍ਰਿਸ਼ਟਾਚਾਰ ਨੇ ਪਾਰਟੀ ਅਤੇ ਫੌਜ ’ਤੇ ਰਾਸ਼ਟਰਪਤੀ ‘ਸ਼ੀ ਜਿਨਪਿੰਗ’ ਦੀ ਪਕੜ ਨੂੰ ਗੰਭੀਰ ਰੂਪ ’ਚ ਪ੍ਰਭਾਵਿਤ ਕੀਤਾ ਹੋਵੇਗਾ, ਕਿਉਂਕਿ ਬਰਖ਼ਾਸਤ ਕੀਤੇ ਗਏ ਕਈ ਜਨਰਲਾਂ ਨੂੰ ਉਨ੍ਹਾਂ ਦਾ ਕਰੀਬੀ ਮੰਨਿਆ ਜਾਂਦਾ ਸੀ।
ਸਰਕਾਰੀ ਅਖ਼ਬਾਰ ‘ਪੀ. ਐੱਲ. ਏ. ਡੇਲੀ’ ਅਨੁਸਾਰ ਦੋਵਾਂ ਨੂੰ ਮਿਲੀ ਸਜ਼ਾ ਨਾਲ ਇਹ ਤੈਅ ਹੋ ਗਿਆ ਹੈ ਕਿ ਹੁਣ ਫੌਜ ਦਾ ਕੋਈ ਵੀ ਉੱਚ ਅਧਿਕਾਰੀ ‘ਬੇਵਫ਼ਾਈ’ ਬਾਰੇ ਨਹੀਂ ਸੋਚੇਗਾ ਅਤੇ ਬੇਵਫ਼ਾਈ ਕਰਨ ਵਾਲੇ ਲੋਕਾਂ ਲਈ ਇਹ ਸਜ਼ਾ ਬਿਲਕੁਲ ਜਾਇਜ਼ ਹੈ।
ਚੀਨ ਦੀ ਰਾਜਨੀਤੀ ’ਚ ਇਸ ਸਮੇਂ ਉਥਲ-ਪੁਥਲ ਚੱਲ ਰਹੀ ਹੈ। ਹੁਣ ਇਹ ਕਹਿਣਾ ਮੁਸ਼ਕਲ ਹੈ ਕਿ ਕੀ ਸੱਚਮੁੱਚ ਇਹ ਸਭ ਚੀਨ ’ਚ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਕੀਤਾ ਜਾ ਰਿਹਾ ਹੈ ਜਾਂ ਫੌਜ ’ਤੇ ‘ਸ਼ੀ ਜਿਨਪਿੰਗ’ ਦੀ ਕਮਜ਼ੋਰ ਹੋ ਰਹੀ ਪਕੜ ਨੂੰ ਮਜ਼ਬੂਤ ਕਰਨ ਲਈ?
—ਵਿਜੇ ਕੁਮਾਰ
