‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
Sunday, May 24, 2026 - 03:09 AM (IST)
ਹੁਣ ਤੱਕ ਤਾਂ ਰੇਲਗੱਡੀਆਂ ’ਚ ਹੀ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ’ਚ ਆਉਂਦੀਆਂ ਸਨ, ਪਰ ਪਿਛਲੇ ਕੁਝ ਸਮੇਂ ਤੋਂ ਯਾਤਰੀ ਬੱਸਾਂ ’ਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਯਾਤਰੀਆਂ ਦੀ ਜਾਨ ਖ਼ਤਰੇ ’ਚ ਪੈ ਰਹੀ ਹੈ। ਪਿਛਲੇ 3 ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਦਾ ਵੇਰਵਾ ਹੇਠਾਂ ਦਰਜ ਹੈ :
* 17 ਫਰਵਰੀ ਨੂੰ ‘ਓਟਾਪਲਮ’ (ਕੇਰਲ) ’ਚ ‘ਪਲਾਕੜ-ਗੁਰੂਵਾਯੂਰ’ ਰੂਟ ’ਤੇ ਚੱਲਦੀ ਬੱਸ ’ਚ ਅਚਾਨਕ ਅੱਗ ਲੱਗ ਗਈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਐਮਰਜੈਂਸੀ ਖਿੜਕੀ ਤੋੜ ਕੇ 35 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ।
* 5 ਮਾਰਚ ਨੂੰ ‘ਨਵੀਂ ਦਿੱਲੀ’ ’ਚ ਦਿੱਲੀ ਟ੍ਰਾਂਸਪੋਰਟ ਨਿਗਮ ਦੀ ਇਕ ਬੱਸ ’ਚ ਰਸਤੇ ’ਚ ਚੱਲਦਿਆਂ ਅੱਗ ਲੱਗ ਗਈ। ਡਰਾਈਵਰ ਨੇ ਹਾਜ਼ਰ-ਦਿਮਾਗੀ ਨਾਲ ਕੰਮ ਲੈਂਦੇ ਹੋਏ ਸਾਰੇ 15 ਯਾਤਰੀਆਂ ਨੂੰ ਸੁਰੱਖਿਅਤ ਬੱਸ ’ਚੋਂ ਬਾਹਰ ਕੱਢ ਲਿਆ।
* 13 ਮਾਰਚ ਨੂੰ ‘ਜੈਸਲਮੇਰ’ (ਰਾਜਸਥਾਨ) ਤੋਂ ‘ਅਹਿਮਦਾਬਾਦ’ (ਗੁਜਰਾਤ) ਜਾ ਰਹੀ ਟੂਰਿਸਟ ਬੱਸ ਦੇ ਏਅਰ ਕੰਡੀਸ਼ਨਰ ’ਚ ਸ਼ਾਰਟ ਸਰਕਟ ਹੋਣ ਕਾਰਨ ਉਹ ਅੱਗ ਦੀ ਲਪੇਟ ’ਚ ਆ ਗਈ। ਬੱਸ ’ਚ ਸਵਾਰ 16 ਯਾਤਰੀਆਂ ’ਚੋਂ ਕਈਆਂ ਨੇ ਖਿੜਕੀਆਂ ਤੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ, ਪਰ ਇਕ ਯਾਤਰੀ ਦੀ ਗੰਭੀਰ ਰੂਪ ’ਚ ਝੁਲਸਣ ਕਾਰਨ ਮੌਤ ਹੋ ਗਈ।
* 26 ਮਾਰਚ ਨੂੰ ‘ਮਾਰਕਾਪੁਰਮ’ (ਆਂਧਰਾ ਪ੍ਰਦੇਸ਼) ’ਚ ਇਕ ਟ੍ਰੈਵਲ ਏਜੰਸੀ ਦੀ ਬੱਸ ’ਚ ਅੱਗ ਲੱਗਣ ਕਾਰਨ 13 ਯਾਤਰੀਆਂ ਦੀ ਜਿਊਂਦਿਆਂ ਸੜ ਕੇ ਮੌਤ ਹੋ ਗਈ।
* 17 ਅਪ੍ਰੈਲ ਨੂੰ ‘ਯਾਦਗਿਰ’ (ਕਰਨਾਟਕ) ਜ਼ਿਲੇ ਦੇ ਸੁਰਪੁਰਾ ’ਚ ਇਕ ਕਾਰ ਅਤੇ ਪ੍ਰਾਈਵੇਟ ਬੱਸ ਦੀ ਟੱਕਰ ਦੇ ਨਤੀਜੇ ਵਜੋਂ ਦੋਵਾਂ ਵਾਹਨਾਂ ’ਚ ਅੱਗ ਲੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ।
* 11 ਮਈ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਇਕ ਡਿਪੂ ’ਚ ਖੜ੍ਹੀਆਂ ਬੱਸਾਂ ’ਚ ਅਚਾਨਕ ਅੱਗ ਲੱਗ ਗਈ, ਜਿਸ ਨੇ ਦੇਖਦੇ ਹੀ ਦੇਖਦੇ 5 ਬੱਸਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
* 16 ਮਈ ਨੂੰ ‘ਸ਼ਾਜਾਪੁਰ’ (ਮੱਧ ਪ੍ਰਦੇਸ਼) ’ਚ ਆਗਰਾ-ਮੁੰਬਈ ਨੈਸ਼ਨਲ ਹਾਈਵੇ ’ਤੇ ਇਕ ਇੰਟਰਸਿਟੀ ਏ. ਸੀ. ਬੱਸ ’ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗਣ ਨਾਲ ਇਕ 4 ਸਾਲਾ ਬੱਚੇ ਦੀ ਮੌਤ ਹੋ ਗਈ।
* 18 ਮਈ ਨੂੰ ‘ਅਮੇਠੀ’ (ਉੱਤਰ ਪ੍ਰਦੇਸ਼) ’ਚ ‘ਅਯੁੱਧਿਆ-ਪ੍ਰਯਾਗਰਾਜ ਹਾਈਵੇ’ ’ਤੇ ਚੱਲਦੀ ਬੱਸ ’ਚ ਅਚਾਨਕ ਭਿਆਨਕ ਅੱਗ ਲੱਗ ਗਈ। ਡਰਾਈਵਰ ਨੇ ਖ਼ਤਰਾ ਮਹਿਸੂਸ ਕਰਦੇ ਹੀ ਬੱਸ ਨੂੰ ਰੋਕ ਕੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਦਿੱਤਾ, ਜਿਸ ਨਾਲ ਇਕ ਵੱਡੀ ਤ੍ਰਾਸਦੀ ਟਲ ਗਈ ਅਤੇ ਦੇਖਦੇ ਹੀ ਦੇਖਦੇ ਬੱਸ ਸੁਆਹ ਦੇ ਢੇਰ ’ਚ ਤਬਦੀਲ ਹੋ ਗਈ।
* ਅਤੇ ਹੁਣ 22 ਮਈ ਨੂੰ ‘ਫਿਰੋਜ਼ਾਬਾਦ’ (ਉੱਤਰ ਪ੍ਰਦੇਸ਼) ਦੇ ‘ਸ਼ਿਕੋਹਾਬਾਦ’ ਤੋਂ ‘ਗੁਰੂਗ੍ਰਾਮ’ ਜਾ ਰਹੀ ਇਕ ਪ੍ਰਾਈਵੇਟ ਡਬਲ ਡੈਕਰ ਸਲੀਪਰ ਬੱਸ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਚਾਲਕ ਸਮੇਤ 2 ਲੋਕ ਜਿਊਂਦੇ ਸੜ ਗਏ ਅਤੇ 20 ਯਾਤਰੀ ਬੁਰੀ ਤਰ੍ਹਾਂ ਝੁਲਸ ਗਏ।
ਜਾਣਕਾਰਾਂ ਅਨੁਸਾਰ ਬੱਸਾਂ ਦਾ ਇੰਟੀਰੀਅਰ ਸੀਲਿੰਗ ਫ਼ੋਮ ਅਤੇ ਜਲਦੀ ਅੱਗ ਫੜਨ ਵਾਲੇ ਰੈਕਸੀਨ ਨਾਲ ਬਣਿਆ ਹੋਣ ਅਤੇ ਇਸ ਦੇ ਵਿਚਾਲੇ ਹੀ ਤਾਰਾਂ ਦਾ ਜਾਲ ਵਿਛਿਆ ਹੋਣ ਕਾਰਨ, ਕੋਈ ਵੀ ਇਲੈਕਟ੍ਰਿਕ ਗੜਬੜੀ ਹੋਣ ’ਤੇ ਜਾਂ ਸ਼ਾਰਟ ਸਰਕਟ ਵਰਗੀ ਸਥਿਤੀ ’ਚ ਛੋਟੀ ਜਿਹੀ ਚੰਗਿਆੜੀ ਵੀ ਵੱਡੀ ਅੱਗ ’ਚ ਬਦਲ ਜਾਂਦੀ ਹੈ।
ਬੱਸਾਂ ਦੇ ਅੰਦਰ ਜ਼ਿਆਦਾ ਯਾਤਰੀਆਂ ਦੇ ਬੈਠਣ ਦੀ ਜਗ੍ਹਾ ਬਣਾਉਣ ਦੇ ਚੱਕਰ ’ਚ ਸਮਰੱਥਾ ਤੋਂ ਵੱਧ ਸੀਟਾਂ ਬਣਾ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਆਉਣ-ਜਾਣ ਦਾ ਲਾਂਘਾ ਤੰਗ ਹੋ ਜਾਂਦਾ ਹੈ ਅਤੇ ਅਜਿਹੇ ’ਚ ਬੱਸਾਂ ’ਚ ਅੱਗ ਲੱਗਣ ’ਤੇ ਬਾਹਰ ਨਿਕਲਣ ’ਚ ਰੁਕਾਵਟ ਆਉਂਦੀ ਹੈ। ਕਈ ਵਾਰ ਏ. ਸੀ. ਬੱਸਾਂ ’ਚ ਸ਼ਾਰਟ ਸਰਕਟ ਜਾਂ ਸੈਂਟਰਲ ਏ. ਸੀ. ਸਿਸਟਮ ਦੀ ਖ਼ਰਾਬੀ ਕਾਰਨ ਵੀ ਅੱਗ ਲੱਗ ਜਾਂਦੀ ਹੈ।
ਸੰਬੰਧਤ ਪ੍ਰਸ਼ਾਸਨ ਵੱਲੋਂ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨ, ਟ੍ਰਾਂਸਪੋਰਟ ਆਪ੍ਰੇਟਰਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਅਤੇ ਸਹੀ ਢੰਗ ਨਾਲ ਰੱਖ-ਰਖਾਅ ਨਾ ਕਰਨ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।
ਏ. ਸੀ. ਬੱਸਾਂ ’ਚ ਅਕਸਰ ਖ਼ਰਾਬ ਜਾਂ ਘਟੀਆ ਵਾਇਰਿੰਗ ਦੀ ਸਮੱਸਿਆ ਦੇਖੀ ਜਾਂਦੀ ਹੈ। ਖ਼ਰਾਬ ਕੂਲਿੰਗ ਸਿਸਟਮ ਜਾਂ ਰੇਡੀਏਟਰ ’ਚ ਰਿਸਾਅ ਕਾਰਨ ਇੰਜਣ ਜ਼ਿਆਦਾ ਗਰਮ ਹੋ ਜਾਣ ਨਾਲ ਆਸ-ਪਾਸ ਦੇ ਪਲਾਸਟਿਕ ਜਾਂ ਤੇਲ ’ਚ ਅੱਗ ਲੱਗ ਸਕਦੀ ਹੈ।
ਇਸ ਲਈ, ਬੱਸ ਆਪ੍ਰੇਟਰਾਂ ਨੂੰ ਬੱਸਾਂ ਦੇ ਰੱਖ-ਰਖਾਅ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਯਾਤਰੀਆਂ ਦੀ ਜਾਨ ਖ਼ਤਰੇ ’ਚ ਨਾ ਪਵੇ।
—ਵਿਜੇ ਕੁਮਾਰ
