ਅਮਰੀਕੀ ਧੱਕੇਸ਼ਾਹੀ ਦੇ ਖਤਰੇ ਸਮਝੇ ਬਾਕੀ ਦੁਨੀਆ

Friday, Jan 09, 2026 - 05:52 PM (IST)

ਅਮਰੀਕੀ ਧੱਕੇਸ਼ਾਹੀ ਦੇ ਖਤਰੇ ਸਮਝੇ ਬਾਕੀ ਦੁਨੀਆ

ਨਵੇਂ ਸਾਲ ਦੇ ਸ਼ੁਰੂ ’ਚ ਵੈਨੇਜ਼ੁਏਲਾ ’ਚ ਅਮਰੀਕੀ ਹਮਲਾ ਅਤੇ ਰਾਸ਼ਟਰਪਤੀ ਮਾਦੁਰੋ ਨੂੰ ਪਤਨੀ ਸਮੇਤ ਚੁੱਕ ਕੇ ਲੈ ਜਾਣਾ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਗੰਭੀਰ ਖਤਰੇ ਦਾ ਹੀ ਇਸ਼ਾਰਾ ਹੈ। ਸੱਭਿਅਕ ਸਮਾਜ ਅਤੇ ਕਾਨੂੰਨ ਸਮੁੱਚੀ ਅਵਸਥਾ ’ਚ ਕਲਪਨਾ ਤੋਂ ਵੀ ਪਰ੍ਹੇ ਹੋਣਾ ਚਾਹੀਦਾ ਹੈ ਕਿ ਇਕ ਦੇਸ਼ ਦੂਜੇ ਦੇਸ਼ ’ਚ ਹਮਲਾ ਕਰ ਕੇ ਉਸ ਦੇ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਪਤਨੀ ਸਮੇਤ ਚੁੱਕ ਕੇ ਲੈ ਜਾਵੇ, ਪਰ 21ਵੀਂ ਸ਼ਤਾਬਦੀ ’ਚ ਇਹ ਹੁੰਦਾ ਹੋਇਆ ਪੂਰੀ ਦੁਨੀਆ ਨੇ ਦੇਖਿਆ। ਇਸ ਦੇ ਬਾਵਜੂਦ ਵਧੇਰੇ ਦੇਸ਼ਾਂ ਦੀ ਪ੍ਰਤੀਕਿਰਿਆ ਨਿੱਜੀ ਹਾਨੀ-ਲਾਭ ਤੋਂ ਪ੍ਰੇਰਿਤ ਹੈ ਤਾਂ ਸਮਝਣਾ ਔਖਾ ਨਹੀਂ ਹੈ ਕਿ ਅਸੀਂ ਤੇਜ਼ੀ ਨਾਲ ਜੰਗਲ ਰਾਜ ਵੱਲ ਵਧ ਰਹੇ ਹਾਂ, ਜਿਸ ’ਚ ‘ਜਿਸਕੀ ਲਾਠੀ, ਉਸ ਕੀ ਭੈਂਸ’ ਹੁੰਦੀ ਹੈ।

ਬੇਸ਼ੱਕ ਵਿਸ਼ਵ ਵਿਵਸਥਾ ’ਚ ਤਾਜ਼ਾ ਚੁੱਕ-ਥੱਲ ਦਾ ਕਾਰਨ ਬਣੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ’ਤੇ ਡਰੱਗਜ਼ ਸਮੱਗਲਿੰਗ ਵਿਚ ਸ਼ਮੂਲੀਅਤ ਸਮੇਤ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਰਹੇ ਹਨ, ਪਰ ਕੌਮਾਂਤਰੀ ਕਾਨੂੰਨ ਇਸ ਤਰ੍ਹਾਂ ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ’ਚ ਹਮਲਾ ਕਰਨ ਦੀ ਖੁੱਲ੍ਹ ਦੂਜੇ ਦੇਸ਼ ਨੂੰ ਨਹੀਂ ਦਿੰਦੇ। ਟਰੰਪ ਦਾ ਦਾਅਵਾ ਹੈ ਕਿ ਮਾਦੁਰੋ ਦੀ ਗ੍ਰਿਫਤਾਰੀ ਦੇ ਨਾਲ ਹੀ ਸਮੁੰਦਰੀ ਰਸਤੇ ਰਾਹੀਂ ਡਰੱਗਜ਼ ਸਮੱਗਲਿੰਗ ਦੇ 97 ਫੀਸਦੀ ਮਾਮਲਿਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਬਕੌਲ ਟਰੰਪ, ਡਰੱਗ ਸਮੱਗਲਿੰਗ ਕਰਨ ਵਾਲੀ ਹਰ ਕਿਸ਼ਤੀ ਔਸਤਨ 25,000 ਲੋਕਾਂ ਨੂੰ ਮਾਰਦੀ ਹੈ, ਕੋਈ ਭਰੋਸੇਯੋਗ ਅਧਿਐਨ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਸਭ ਤੋਂ ਵੱਧ ਸਮੱਗਲਿੰਗ ਵੈਨੇਜ਼ੁਏਲਾ ਤੋਂ ਹੁੰਦੀ ਹੈ।

ਫਿਰ ਸਮੱਗਲਿੰਗ ਰੋਕਣ ਲਈ ਬਹੁਤ ਸਾਰੇ ਉਪਾਅ ਹਨ। ਪਾਕਿਸਤਾਨ ਦਹਾਕਿਆਂ ਤੋਂ ਅੱਤਵਾਦੀ, ਡਰੱਗਜ਼ ਅਤੇ ਨਕਲੀ ਕਰੰਸੀ ਭੇਜ ਕੇ ਭਾਰਤ ’ਚ ਅਸਥਿਰਤਾ ਅਤੇ ਅੱਤਵਾਦ ਫੈਲਾਅ ਰਿਹਾ ਹੈ, ਪਰ ਅਸੀਂ ਉਚਿਤ ਕੌਮਾਂਤਰੀ ਮੰਚਾਂ ’ਤੇ ਉਸ ਨੂੰ ਬੇਨਕਾਬ ਕਰਦੇ ਹੋਏ ਦਬਾਅ ਬਣਾਉਣ ਦਾ ਕੂਟੀਨਿਤਕ ਰਸਤਾ ਅਪਣਾਇਆ ਹੈ। ਸਿਰਫ ਅੱਤਵਾਦੀ ਹਮਲਿਆਂ ਦਾ ਜਵਾਬ ਹੀ ਫੌਜੀ ਕਾਰਵਾਈ ਨਾਲ ਦਿੱਤਾ ਗਿਆ ਹੈ। ਆਪਣੀਆਂ ਸਰਹੱਦਾਂ ’ਚ ਚੌਕਸੀ ਸਖਤ ਕਰਨ ਦੀ ਬਜਾਏ ਜਿਸ ਦੇਸ਼ ਤੋਂ ਕਥਿਤ ਤੌਰ ’ਤੇ ਸਮੱਗਲਿੰਗ ਹੋ ਰਹੀ ਹੋਵੇ, ਉਸ ’ਤੇ ਹਮਲਾ ਅਤੇ ਉਸ ਦੇ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਗ੍ਰਿਫਤਾਰ ਕਰ ਲੈਣਾ ਭਵਿੱਖ ਲਈ ਖਤਰਨਾਕ ਉਦਾਹਰਣ ਬਣ ਸਕਦਾ ਹੈ। ਜੇਕਰ ਰੂਸ ਇਸੇ ਤਰ੍ਹਾਂ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਚੁੱਕ ਲਵੇ ਜਾਂ ਫਿਰ ਚੀਨ ਵੀ ਤਾਈਵਾਨ ’ਤੇ ਹਮਲਾ ਕਰਕੇ ਅਜਿਹਾ ਹੀ ਕਰੇ ਤਾਂ ਕੀ ਵਿਸ਼ਵ ਵਿਵਸਥਾ ਨਾਂ ਦੀ ਕੋਈ ਚੀਜ਼ ਰਹਿ ਜਾਵੇਗੀ?

ਰਾਜਧਾਨੀ ਕਰਾਕਾਸ ’ਤੇ ਹਮਲੇ ਦੇ ਬਾਅਦ ਮਾਦੁਰੋ ਅਤੇ ਉਸ ਦੀ ਪਤਨੀ ਸੀਲੀਆ ਫਲੋਰੇਸ ਨੂੰ ਅੱਤਵਾਦ ਰੋਕੂ ਅਮਰੀਕੀ ਬਲ ‘ਡੈਲਟਾ ਫੋਰਸ’ ਜਿਸ ਤਰ੍ਹਾਂ ਬੈੱਡਰੂਮ ਵਿਚੋਂ ਘੜੀਸਦੀ ਹੋਈ ਲੈ ਕੇ ਗਈ, ਉਹ ਿਕਸੇ ਅੰਡਰਵਰਲਡ ਗੈਂਗ ਦੀ ਕਾਰਵਾਈ ਵੱਧ ਲੱਗਦੀ ਹੈ। ਬੇਹੱਦ ਖੌਫਨਾਕ ਅਤੇ ਅਸੁਰੱਖਿਅਤ ਮੈਟਰੋਪੋਲਿਟਨ ਡਿਟੈਂਸ਼ਨ ਸੈਂਟਰ ’ਚ ਰੱਖੇ ਗਏ ਮਾਦੁਰੋ ’ਤੇ ਨਾਰਕੋ ਟੈਰੇਰਿਜ਼ਮ ਆਦਿ ਦੇ ਲਈ ਅਮਰੀਕਾ ’ਚ ਮੁਕੱਦਮਾ ਚਲਾਇਆ ਜਾਣਾ ਵੀ ਕਈ ਸਵਾਲ ਖੜ੍ਹੇ ਕਰਦੇ ਹਾਂ। ਅਮਰੀਕਾ ‘ਦੁਨੀਆ ਦਾ ਚੌਧਰੀ’ ਨਹੀਂ ਹੈ। ਅਜਿਹੇ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਕੌਮਾਂਤਰੀ ਅਦਾਲਤ ਬਿਹਤਰ ਮੰਚ ਹਨ।

ਕਿਊਬਾ ਤੋਂ ਲੈ ਕੇ ਅਫਗਾਨਿਸਤਾਨ ਅਤੇ ਇਰਾਕ ਤੱਕ ਕਈ ਉਦਾਹਰਣਾਂ ਹਨ, ਜਦੋਂ ਅਮਰੀਕਾ ਨੇ ਦੋਸ਼ਾਂ ਅਤੇ ਖਦਸ਼ਿਆਂ ਰਾਹੀਂ ਮਾਹੌਲ ਬਣਾ ਕੇ ਪ੍ਰਭੂਸੱਤਾ ਸੰਪੰਨ ਦੇਸ਼ਾਂ ’ਤੇ ਹਮਲੇ ਕਰਦੇ ਹੋਏ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਸੋਵੀਅਤ ਸੰਘ ਸਮਰਥਿਤ ਨਜ਼ੀਬੁੱਲ੍ਹਾ ਸਰਕਾਰ ਨੂੰ ਹਟਾਉਣ ਲਈ ਅਮਰੀਕਾ ਨੇ ਪਹਿਲਾਂ ਤਾਂ ਪਾਕਿਸਤਾਨ ਦੀ ਮਦਦ ਨਾਲ ਅਫਗਾਨਿਸਤਾਨ ’ਚ ਅੱਤਵਾਦੀ ਤਾਲਿਬਾਨ ਤਿਆਰ ਕੀਤੇ ਅਤੇ ਫਿਰ ਉਨ੍ਹਾਂ ਦੇ ਖਾਤਮੇ ਦੇ ਨਾਂ ’ਤੇ ਉਥੇ ਹਮਲੇ ਹੀ ਵੀ ਕਰ ਦਿੱਤੇ, ਅੱਜ ਅਫਗਾਨਿਸਤਾਨ ਖਿੱਲਰਿਆ ਹੋਇਆ ਬਰਬਾਦ ਮੁਲਕ ਹੈ।

ਖਤਰਨਾਕ ਹਥਿਆਰ ਹੋਣ ਦੇ ਦੋਸ਼ ਲਾਉਂਦੇ ਹੋਏ ਅਮਰੀਕਾ ਨੇ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਦੇ ਨਾਂ ’ਤੇ ਇਰਾਕ ’ਤੇ ਹਮਲਾ ਕੀਤਾ ਅਤੇ ਬਿਨਾਂ ਪਾਰਦਰਸ਼ੀ ਅਦਾਲਤੀ ਕਾਰਵਾਈ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਸਮੁੰਦਰ ’ਚ ਦਫਨ ਕਰ ਦਿੱਤਾ। ਇਰਾਕ ਦੇ ਕੋਲ ਦੱਸੇ ਗਏ ਖਤਰਨਾਕ ਹਥਿਆਰਾਂ ਸਬੰਧੀ ਦੁਨੀਆ ਨੂੰ ਅੱਜ ਤੱਕ ਕੁਝ ਪਤਾ ਨਹੀਂ ਲੱਗਾ, ਪਰ ਤੇਲ ਆਦਿ ਸੋਮਿਆਂ ਨਾਲ ਭਰਪੂਰ ਦੇਸ਼ ਇਰਾਕ ਬਰਬਾਦ ਹੋ ਗਿਆ।

ਤੇਲ ਵੇਚ ਕੇ ਮੁਨਾਫਾ ਕਮਾਉਣ ਦਾ ਟਰੰਪ ਦਾ ਬਿਆਨ ਵੀ ਚਰਚਾ ’ਚ ਹੈ। ਬੇਸ਼ੱਕ ਬੱਸ ਡਰਾਈਵਰ ਤੋਂ ਵਰਕਜ਼ ਯੂਨੀਅਨ ਨੇਤਾ ਅਤੇ ਫਿਰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਬਣਨ ਵਾਲੇ ਮਾਦੁਰੋ ਸੰਤ ਨਹੀਂ ਹਨ, ਪਰ ਆਪਣਾ ਨੇਤਾ ਅਤੇ ਨੀਅਤ ਚੁਣਨ ਦਾ ਅਧਿਕਾਰ ਸਿਰਫ ਵੈਨੇਜ਼ੁਏਲਾ ਦੇ ਲੋਕਾਂ ਨੂੰ ਹੋਣਾ ਚਾਹੀਦਾ ਹੈ। ਟਰੰਪ ਦੇ ਪਹਿਲੇ ਕਾਰਜਕਾਲ ਤੋਂ ਮਾਦੁਰੋ ਅਮਰੀਕਾ ਦੇ ਨਿਸ਼ਾਨੇ ’ਤੇ ਰਹੇ ਹਨ। 2020 ’ਚ ਹੀ ਮਾਦੁਰੋ ਅਤੇ ਉਨ੍ਹਾਂ ਦੇ ਨੇੜਲਿਆਂ ’ਤੇ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਮਨੀਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਅਮਰੀਕਾ ਨੇ ਗ੍ਰਿਫਤਾਰੀ ’ਤੇ ਡੇਢ ਕਰੋੜ ਡਾਲਰ ਦਾ ਇਨਾਮ ਐਲਾਨਿਆ ਸੀ। ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ’ਤੇ ਇਨਾਮ ਦੀ ਇਹ ਰਕਮ ਵਧਾ ਕੇ 5 ਕਰੋੜ ਕਰ ਦਿੱਤੀ ਗਈ।

ਟਰੰਪ ਤੋਂ ਪਹਿਲੇ ਰਾਸ਼ਟਰਪਤੀ ਵੀ ਧੱਕੇਸ਼ਾਹੀ ਦਿਖਾਉਂਦੇ ਰਹੇ ਹਨ, ਪਰ ਆਪਣੇ-ਆਪਣੇ ਹਿੱਤਾਂ ਤੋਂ ਪ੍ਰੇਰਿਤ ਹੋਰ ਦੇਸ਼ ਵਿਸ਼ਵ ਵਿਵਸਥਾ ਨੂੰ ਲੰਮੇ ਸਮੇਂ ਤੱਕ ਖਦਸ਼ੇ ਵਾਲੇ ਖਤਰੇ ਪ੍ਰਤੀ ਕਬੂਤਰ ਵਾਂਗ ਕਰ ਰਹੇ ਹਨ, ਜੋ ਬਿੱਲੀ ਨੂੰ ਦੇਖ ਕੇ ਆਪਣੀਆਂ ਅੱਖਾਂ ਬੰਦ ਕਰ ਕੇ ਖੁਦ ਨੂੰ ਸੁਰੱਖਿਅਤ ਸਮਝ ਲੈਂਦਾ ਹੈ। ਦੂਜੀ ਵਾਰ ਰਾਸ਼ਟਰਪਤੀ ਬਣਦੇ ਹੀ ਟਰੰਪ ਨੇ ਦੁਨੀਆ ’ਚ ਜੋ ‘ਟੈਰਿਫ ਵਾਰ’ ਛੇੜੀ, ਉਹ ਧੱਕੇਸ਼ਾਹੀ ਦਾ ਹੀ ਸੰਕੇਤ ਸੀ ਪਰ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਬਜਾਏ ਦੇਸ਼ ਆਪਣੇ-ਆਪਣੇ ਸਮਝੌਤੇ ਵਾਲੇ ਰਾਹ ਲੱਭਣ ’ਚ ਲੱਗੇ ਰਹੇ।

ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਉਪ ਰਾਸ਼ਟਰਪਤੀ ਡੇਲਸੀ ਰੋਡਿਰਜ਼ ਨੂੰ ਅੰਤ੍ਰਿਮ ਰਾਸ਼ਟਰਪਤੀ ਬਣਾਇਆ ਹੈ, ਪਰ ਟਰੰਪ ਆਪਣੀ ਖਾਸ ਟੀਮ ਰਾਹੀਂ ਵੈਨੇਜ਼ੁਏਲਾ ਨੂੰ ਚਲਾਉਣਾ ਚਾਹੁੰਦੇ ਹਨ। ਇਹ ਬਸਤੀਵਾਦੀ ਸੋਚ ਹੈ, ਜਿਸ ਦਾ ਵਿਰੋਧ ਕਰਨ ਦਾ ਐਲਾਨ ਵੈਨੇਜ਼ੁਏਲਾ ਦੇ ਨਾਗਰਿਕਾਂ ਨੇ ਕੀਤਾ ਹੈ, ਵੈਨੇਜ਼ੁਏਲਾ ਦਾ ਭਵਿੱਖ ਉਸ ਦੇ ਨਾਗਰਿਕਾਂ ਦੀ ਸ਼ੰਘਰਸ਼ ਸਮਰੱਥਾ ’ਤੇ ਨਿਰਭਰ ਕਰੇਗਾ। ਕਿਸੇ ਪ੍ਰਭੂਸੱਤਾ ਸੰਪੰਨ ਦੇਸ਼ ’ਤੇ ਇਸ ਤਰ੍ਹਾਂ ਹਮਲੇ ’ਤੇ ਬਾਕੀ ਦੁਨੀਆ ਦਾ ਮੂਕ-ਦਰਸ਼ਕ ਬਣਿਆ ਰਹਿਣਾ ਵੱਡੇ ਖਤਰੇ ਦਾ ਮੌਨ ਸੱਦਾ ਸਾਬਤ ਹੋ ਸਕਦਾ ਹੈ। ਕਿਊਬਾ, ਕੰਲੋਬੀਆ ਅਤੇ ਮੈਕਸੀਕੋ ਨੂੰ ਵੀ ਟਰੰਪ ਧਮਕੀ ਦੇ ਹੀ ਰਹੇ ਹਨ। ਗ੍ਰੀਨਲੈਂਡ ’ਚ ਤਾਂ ਡਰ ਸਾਫ ਨਜ਼ਰ ਆਉਣ ਲੱਗਾ ਹੈ।

–ਰਾਜ ਕੁਮਾਰ ਸਿੰਘ


author

Anmol Tagra

Content Editor

Related News