ਖਾੜੀ ਦੇਸ਼ਾਂ ਦੇ ਜੰਗ ਦੇ ਨਤੀਜੇ ਅਤੇ ਭਾਰਤ ਦੀ ਸਥਿਤੀ
Sunday, Mar 29, 2026 - 05:06 PM (IST)
ਖਾੜੀ ਦੇਸ਼ਾਂ ਦੀ ਜੰਗ ਦੇ ਭਿਆਨਕ ਸਿੱਟੇ ਨਾ ਸਿਰਫ ਸਬੰਧਤ ਖਿੱਤੇ ਦੇ ਲੋਕਾਂ, ਬਲਕਿ ਸੰਸਾਰ ਦੇ ਸਾਰੇ ਮੁਲਕਾਂ ਦੇ ਲੋਕਾਂ ਨੂੰ ਭੁਗਤਣੇ ਪੈਣੇ ਹਨ। ਇਹ ਵਰਤਾਰਾ ਵੱਡੀ ਪੱਧਰ ’ਤੇ ਸ਼ੁਰੂ ਵੀ ਹੋ ਚੁੱਕਾ ਹੈ। ਅਮਰੀਕਾ-ਇਜ਼ਰਾਈਲ ਨੇ ਬਿਨਾਂ ਕਿਸੇ ਭੜਕਾਹਟ ਜਾਂ ਯੋਗ ਕਾਰਨ ਦੇ ਈਰਾਨ ’ਤੇ ਧਾਵਾ ਬੋਲ ਦਿੱਤਾ ਹੈ। ਜੰਗ ਛੇੜਨ ਦਾ ਬਹਾਨਾ ਬੇਸ਼ੱਕ ਈਰਾਨ ਕੋਲ ਮੌਜੂਦ ਨਿਊਕਲਿਆਈ ਹਥਿਆਰਾਂ ਦੇ ਭੰਡਾਰਾਂ ਤੋਂ ਅਮਰੀਕਾ-ਇਜ਼ਰਾਈਲ ਨੂੰ ਸੰਭਾਵੀ ਖਤਰੇ ਦਾ ਬਣਾਇਆ ਗਿਆ ਹੈ ਪਰ ਹੁਣ ਨਾ ਸਿਰਫ ਸੰਸਾਰ ਭਰ ਦੇ ਲੋਕਾਂ, ਬਲਕਿ ਅਮਰੀਕਾ ਅੰਦਰਲੇ ਰਾਸ਼ਟਰਪਤੀ ਦੇ ਨੇੜਲੇ ਮਿੱਤਰਾਂ ਨੇ ਵੀ ਇਹ ਗੱਲ ਸ਼ਰੇਆਮ ਸਵੀਕਾਰ ਕਰ ਲਈ ਹੈ ਕਿ ਈਰਾਨ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਸੀ। ਸਭ ਜਾਣਦੇ ਹਨ ਕਿ ਡੋਨਾਲਡ ਟਰੰਪ ਨੇ ਇਹ ਜੰਗ ਆਪਣੇ ਚਹੇਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੀਆਂ ਉਤੇਜਨਾ ਭਰੀਆਂ ਸਲਾਹਾਂ ਨਾਲ ਸ਼ੁਰੂ ਕੀਤੀ ਹੈ।’’
ਅਮਰੀਕੀ ਸਦਰ ਦੀਆਂ ਸਭ ਧਮਕੀਆਂ ਦੇ ਬਾਵਜੂਦ ’ਨਾਟੋ’ ਦੇ ਭਾਈਵਾਲ ਦੇਸ਼ਾਂ ਨੇ ਅਮਰੀਕਾ ਦਾ ਸਾਥ ਦੇਣ ਤੇ ਇਸ ਯੁੱਧ ’ਚ ਸ਼ਾਮਿਲ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਵੀ ਅਗਾਂਹ, ਕਮਾਲ ਦੀ ਗੱਲ ਇਹ ਪਤਾ ਲੱਗੀ ਹੈ ਕਿ ਟਰੰਪ ਨੇ ਇਹ ਜੰਗ ਅਮਰੀਕੀ ਪਾਰਲੀਮੈਂਟ ਤੋਂ ਲੋੜੀਂਦੀ ਮਨਜ਼ੂਰੀ ਲੈਣ ਦੀ ਥਾਂ ਆਪਣੇ ਜੁਆਈ, ਧੀ, ਪੁੱਤਰ ਤੇ ਇਕ ਮਿੱਤਰ ਦੀ ਸਲਾਹ ’ਤੇ ਛੇੜੀ ਹੈ। ਜਦੋਂ ਦੁਨੀਆ ਦੇ ਸਭ ਤੋਂ ਤਾਕਤਵਰ ਸਮਝੇ ਜਾਂਦੇ ਦੇਸ਼, ਅਮਰੀਕਾ ਦੀ ਕਮਾਂਡ ਟਰੰਪ ਵਰਗੇ ਮੂਰਖ ਦੇ ਹੱਥ ’ਚ ਹੋਵੇ ਤਾਂ ਸੰਸਾਰ ਦੇ ਲੋਕ ਸ਼ਾਂਤੀ ਨਾਲ ਮਿਲ-ਜੁਲ ਕੇ ਰਹਿਣ ਬਾਰੇ ਕਿਵੇਂ ਸੋਚ ਸਕਦੇ ਹਨ?
ਇਸ ਜੰਗ ਨਾਲ ਸੰਸਾਰ ਭਰ ਦੇ ਦੇਸ਼ਾਂ ਦੀ ਬਹੁ-ਗਿਣਤੀ ਵਸੋਂ ਨੂੰ ਖੁਰਾਕੀ ਵਸਤਾਂ ਦੀ ਭਾਰੀ ਕਮੀ, ਤੇਲ-ਗੈਸ ਤੇ ਇਸ ਨਾਲ ਸਬੰਧਤ ਵਸਤਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ, ਮਹਿੰਗਾਈ, ਬੇਰੁਜ਼ਗਾਰੀ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਜੰਗ ਕਾਰਨ ਹਜ਼ਾਰਾਂ ਬੇਗੁਨਾਹਾਂ ਦੀਆਂ ਮੌਤਾਂ (ਇਨ੍ਹਾਂ ’ਚ ਈਰਾਨ ਦੇ ਸਕੂਲ ’ਚ ਪੜ੍ਹਨ ਵਾਲੀਆਂ ਸੈਂਕੜੇ ਛੋਟੀਆਂ ਬੱਚੀਆਂ ਵੀ ਸ਼ਾਮਿਲ ਹਨ), ਮਾਨਵੀ ਤੇ ਕੁਦਰਤੀ ਸਰੋਤਾਂ ਦੀ ਭਾਰੀ ਤਬਾਹੀ ਤੇ ਵਾਤਾਵਰਣ ’ਚ ਫੈਲ ਰਹੀਆਂ ਜ਼ਹਿਰਾਂ ਸਮੁੱਚੀ ਮਾਨਵਤਾ ਲਈ ਜੀਅ ਦਾ ਜੰਜਾਲ ਬਣਨਗੀਆਂ। ਇਸ ਜੰਗ ਨੇ ਵਿਸ਼ਵ ਲੋਕਾਈ ਨੂੰ ਅਮਰੀਕਾ-ਇਜ਼ਰਾਈਲ ਜੰਗਬਾਜ਼ ਜੁੰਡਲੀ ਵੱਲੋਂ ਵਿਸ਼ਵ ’ਤੇ ਆਪਣੀ ਚੌਧਰ ਕਾਇਮ ਕਰਨ ਦੀ ’ਦਾਨਵੀ ਭੁੱਖ ਦੇ ਦਰਸ਼ਨ’ ਕਰਵਾਏ ਹਨ।
ਇਸ ਜੰਗ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਅਮਰੀਕੀ ਸਾਮਰਾਜ ਨਾਲ ਪਾਈਆਂ ਯੁੱਧਨੀਤਕ ਸਾਂਝਾਂ ਦੇ ਸਿੱਟੇ ਵਜੋਂ ਅਪਣਾਈ ਅਜੋਕੀ ਵਿਦੇਸ਼ ਨੀਤੀ ਦਾ ਸੰਸਾਰ ਭਰ ’ਚ ਦੀਵਾਲਾ ਹੀ ਕੱਢ ਕੇ ਰੱਖ ਦਿੱਤਾ ਹੈ। ਭਾਰਤ ਨੇ ਦੋ ਫੌਜੀ ਗੁੱਟਾਂ (‘ਨਾਟੋ’ ਤੇ ’ਵਾਰਸਾ’) ਤੋਂ ਅਲੱਗ ਰਹਿ ਕੇ ਗੁੱਟ ਨਿਰਲੇਪ ਦੇਸ਼ਾਂ ਦਾ ਸਾਂਝਾ ਮੰਚ ਖੜ੍ਹਾ ਕਰਨ ’ਚ ਵਡਮੁੱਲਾ ਯੋਗਦਾਨ ਪਾਇਆ ਸੀ। ਗੁੱਟ ਨਿਰਲੇਪ ਦੇਸ਼ਾਂ ਨੇ ਹਮੇਸ਼ਾ ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਹਮਾਇਤ ਤੇ ਸਾਮਰਾਜੀ ਤਾਕਤਾਂ ਵੱਲੋਂ ਕਿਸੇ ਵੀ ਦੇਸ਼ ਵਿਰੁੱਧ ਕੀਤੀਆਂ ਧਾੜਵੀਆਂ ਕਾਰਵਾਈਆਂ ਦਾ ਡਟਵਾਂ ਵਿਰੋਧ ਕੀਤਾ ਹੈ। ਪ੍ਰੰਤੂ ਹੁਣ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ’ਤੇ ਜਿਹੜਾ ਹਮਲਾ ਕੀਤਾ ਹੈ, ਉਸ ’ਚ ਭਾਰਤ ਨੇ ਡਟ ਕੇ ਈਰਾਨ ਸੰਗ ਖੜ੍ਹਨ ਦੀ ਥਾਂ ਅਮਰੀਕਾ-ਇਜ਼ਰਾਈਲ ਜੰਗਬਾਜ਼ ਜੁੰਡਲੀ ਦਾ ਪੱਖ ਪੂਰਿਆ ਹੈ।
ਡੋਨਾਲਡ ਟਰੰਪ ਨੇ ਪਿਛਲੇ ਸਮੇਂ ’ਚ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੇ ਲੋਕਾਂ ਦੀ ਐਸੀ ਖਿੱਲੀ ਉਡਾਈ ਹੈ, ਜਿਸਨੂੰ ਕੋਈ ਵੀ ਸਵੈ-ਮਾਨ ਵਾਲਾ ਆਜ਼ਾਦ ਦੇਸ਼ ਕਤਈ ਬਰਦਾਸ਼ਤ ਨਹੀਂ ਕਰ ਸਕਦਾ। ਜੰਮੂ-ਕਸ਼ਮੀਰ ਸੂਬੇ ਦੇ ਪਹਿਲਗਾਮ ਵਿਖੇ ਵਾਪਰੀ ਬਹੁਤ ਹੀ ਦੁਖਦਾਈ ਘਟਨਾ, ਜਿਸ ’ਚ ਸਰਹੱਦ ਪਾਰੋਂ ਆਏ ਅੱਤਵਾਦੀਆਂ ਨੇ 19 ਭਾਰਤੀ ਨਾਗਰਿਕ ਸ਼ਹੀਦ ਕਰ ਦਿੱਤੇ ਸਨ, ਤੋਂ ਪਿਛੋਂ ਭਾਰਤ ਵਲੋਂ ਪਾਕਿਸਤਾਨ ਵਿਰੁੱਧ ਕੀਤੀ ਗਈ ਸੀਮਤ ਫੌਜੀ ਕਾਰਵਾਈ ਰੋਕਣ ਦਾ ਸਿਹਰਾ ਟਰੰਪ ਸਾਹਿਬ ਨੇ ਵਾਰ-ਵਾਰ ਆਪਣੇ ਸਿਰ ਸਜਾਉਣ ਦਾ ਖੂਬ ਸੁਆਂਗ ਰਚਿਆ ਹੈ। ਇਸ ਨਾਲ ਸੰਸਾਰ ਭਰ ’ਚ ਭਾਰਤੀ ਰਾਜ ਨੇਤਾਵਾਂ ਦੀ ਨਪੁੰਸਕ ਰਾਜਨੀਤੀ ਵੀ ਬੇਪਰਦ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਟਰੰਪ ਦੇ ਇਨ੍ਹਾਂ ਹੱਤਕ ਭਰੇ ਬਿਆਨਾਂ ਖਿਲਾਫ ਆਪਣੀ ਜ਼ੁਬਾਨ ’ਚੋਂ ਇਕ ਸ਼ਬਦ ਤੱਕ ਵੀ ਨਹੀਂ ਬੋਲਿਆ।
ਭਾਰਤ ਦੇ ਸੱਦੇ ’ਤੇ ਨੇਵੀ ਦੀਆਂ ਮਸ਼ਕਾਂ ਦੇ ਆਯੋਜਨ ’ਚ ਹਿੱਸਾ ਲੈਣ ਆਏ ਈਰਾਨ ਦੇ ਸਮੁੰਦਰੀ ਜਹਾਜ਼ ’ਚ ਸਵਾਰ 97 ਸੈਨਿਕਾਂ ਨੂੰ ਅਮਰੀਕੀ ਸੈਨਾਵਾਂ ਵੱਲੋਂ ਹਮਲਾ ਕਰ ਕੇ ਉਦੋਂ ਮਾਰ ਦਿੱਤਾ ਗਿਆ, ਜਦੋਂ ਉਹ ਆਪਣੇ ਦੇਸ਼ ਈਰਾਨ ਨੂੰ ਵਾਪਸ ਪਰਤ ਰਹੇ ਸਨ। ਅਮਰੀਕਾ ਦੀ ਇਸ ਅਤੀ ਨਿੰਦਣਯੋਗ ਕਾਰਵਾਈ ਦੀ ਨਿਖੇਧੀ ਕਰਨੀ ਤਾਂ ਦੂਰ ਭਾਰਤ ਵਲੋਂ ਜਹਾਜ਼ਿਆਂ ਦੀ ਮੌਤ ’ਤੇ ਸ਼ੋਕ ਦਾ ਰਸਮੀ ਪ੍ਰਗਟਾਵਾ ਤੱਕ ਵੀ ਨਾ ਕੀਤਾ ਗਿਆ।
ਅਮਰੀਕਾ ਨਾਲ ਮੋਦੀ ਸਰਕਾਰ ਦੀ ਦੋਸਤੀ ਦਾ ‘ਨਤੀਜਾ’ ਭਾਰਤ-ਅਮਰੀਕਾ ਦਰਮਿਆਨ ਹੋਣ ਵਾਲੇ ‘ਮੁਕਤ ਵਪਾਰ ਸਮਝੌਤੇ’ ਅੰਦਰ ਭਾਰਤ ਲਈ ਕਈ ਅਣਸੁਖਾਵੀਆਂ ਸ਼ਰਤਾਂ ਸਵੀਕਾਰ ਕੀਤੇ ਜਾਣ ਦੇ ਭਿਆਨਕ ਸਿੱਟੇ ਭਾਰਤ ਦੇ ਕਿਸਾਨਾਂ, ਛੋਟੇ ਤੇ ਦਰਮਿਆਨੇ ਦਰਜੇ ਦੇ ਸਨਅਤਕਾਰਾਂ ਤੇ ਵਪਾਰੀਆਂ ਦੀ ਤਬਾਹੀ ਦੇ ਰੂਪ ’ਚ ਸਾਹਮਣੇ ਆਉਣ ਵਾਲੇ ਹਨ। ਅਜੇ ਇਸ ਸਮਝੌਤੇ ਦਾ ਸਿਰਫ ਚੌਖਟਾ ਹੀ ਤਿਆਰ ਕੀਤਾ ਗਿਆ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਅਮਰੀਕਾ ਆਪਣੇ ਕਿਸਾਨਾਂ ਨੂੰ ਭਾਰੀ ਸਬਸਿਡੀ ਦੇ ਕੇ ਤਿਆਰ ਕੀਤੀਆਂ ਖੇਤੀ ਵਸਤਾਂ ਜਿਵੇਂ ਮੱਕੀ, ਸੋਇਆਬੀਨ ਦਾ ਤੇਲ, ਫਲ, ਸੁੱਕੇ ਮੇਵੇ ਆਦਿ ਭਾਰਤੀ ਮੰਡੀ ’ਚ ਉਤਾਰ ਕੇ ਸਾਡੀ ਕਿਸਾਨੀ ਨੂੰ ਖੇਤੀਬਾੜੀ ’ਚੋਂ ਬਾਹਰ ਕੱਢ ਦੇਣ ਦੀਆਂ ਤਿਆਰੀਆਂ ਕਰੀ ਬੈਠਾ ਹੈ।
ਸਾਡਾ ਦੇਸ਼ ਸਾਮਰਾਜੀ ਗੁਲਾਮੀ ਦੇ, ‘ਨਵਬਸਤੀਵਾਦੀ’ ਦੌਰ ’ਚ ਪੁੱਜਣ ਜਾ ਰਿਹਾ ਹੈ, ਜਿੱਥੇ ਸਰਕਾਰ ਤਾਂ ਭਾਰਤੀ ਲੋਕਾਂ ਦੀ ਹੀ ਹੋਵੇਗੀ, ਪ੍ਰੰਤੂ ਆਰਥਿਕ ਨੀਤੀਆਂ, ਵਪਾਰਕ, ਰਾਜਸੀ ਫੈਸਲੇ ਅਮਰੀਕਾ ਦੀ ਮਨਜ਼ੂਰੀ ਨਾਲ ਹੀ ਲਏ ਜਾਣਗੇ। ਇਸ ਦੀ ਤਾਜ਼ਾ ਮਿਸਾਲ ਖਾੜੀ ਜੰਗ ਦੌਰਾਨ ਊਰਜਾ ਦੀ ਕਮੀ ਦੇ ਮੱਦੇਨਜ਼ਰ ਅਮਰੀਕਾ ਵਲੋਂ ਬੜੇ ਹੰਕਾਰੀ ਢੰਗ ਨਾਲ ਭਾਰਤ ਨੂੰ ਸਿਰਫ 30 ਦਿਨਾਂ ਲਈ ਰੂਸ ਤੋਂ ਤੇਲ ਖਰੀਦਣ ਦੀ ਇਜ਼ਾਜ਼ਤ ਦਿੱਤੇ ਜਾਣ ਤੋਂ ਮਿਲਦੀ ਹੈ,
ਫਿਕਰਮੰਦੀ ਇਸ ਗੱਲ ਦੀ ਹੈ ਕਿ ਭਾਰਤ ਨੂੰ ਸਾਮਰਾਜੀ ਦੇਸ਼ ਅਮਰੀਕਾ ਤੇ ਇਸਦੇ ਭਾਈਵਾਲਾਂ ਵੱਲੋਂ ਆਰਥਿਕ ਤੇ ਰਾਜਨੀਤਕ ‘ਚੱਕਰਵਿਊ’ ’ਚੋਂ ਬਾਹਰ ਕੱਢਣ ਵਾਸਤੇ ਸਾਨੂੰ ਆਜ਼ਾਦੀ ਦੀ ਇਕ ਹੋਰ ਜੰਗ ਲੜਨੀ ਪੈ ਸਕਦੀ ਹੈ। ਇਹ ਜੰਗ 1947 ’ਚ ਪ੍ਰਾਪਤ ਕੀਤੀ ਆਜ਼ਾਦੀ ਲਈ ਲੜੇ ਲੰਬੇ ਕੌਮੀ ਮੁਕਤੀ ਸੰਗਰਾਮ ਨਾਲੋਂ ਕਿਤੇ ਜ਼ਿਆਦਾ ਕਠਿਨ ਤੇ ਖਤਰਨਾਕ ਹੋਵੇਗੀ।
- ਮੰਗਤ ਰਾਮ ਪਾਸਲਾ
