ਬੱਚੇ ਦੇ ਜਨਮ ’ਤੇ ਪਿਤਾ ਨੂੰ ਵੀ ਛੁੱਟੀ ਮਿਲੇ

Tuesday, Mar 24, 2026 - 04:16 PM (IST)

ਬੱਚੇ ਦੇ ਜਨਮ ’ਤੇ ਪਿਤਾ ਨੂੰ ਵੀ ਛੁੱਟੀ ਮਿਲੇ

ਹਾਲ ਹੀ ’ਚ ਸੁਪਰੀਮ ਕੋਰਟ ਜਣੇਪਾ ਛੁੱਟੀ ਨਾਲ ਜੁੜੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਮਾਮਲਾ ਗੋਦ ਲੈਣ ਦੇ ਮਾਮਲੇ ’ਚ ਛੁੱਟੀ ਦਾ ਸੀ। ਭਾਰਤ ’ਚ ਜਣੇਪਾ ਛੁੱਟੀ ਛੇ ਮਹੀਨਿਆਂ ਦੀ ਹੈ। ਦੁਨੀਆ ’ਚ ਇਹ ਸਭ ਤੋਂ ਵੱਧ ਅਰਸਾ ਹੈ। ਪਟੀਸ਼ਨ ’ਚ 1961 ਦੇ ਮੈਟਰਨਿਟੀ ਐਕਟ ਦੀ ਧਾਰਾ 5(4) ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨ ’ਚ ਕਿਹਾ ਗਿਆ ਸੀ ਕਿ ਗੋਦ ਲੈਣ ਦੀ ਪ੍ਰਕਿਰਿਆ ’ਚ ਹੀ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ। ਅਜਿਹੇ ’ਚ ਬੱਚੇ ਦੀ ਉਮਰ ਤਿੰਨ ਮਹੀਨੇ ਤੋਂ ਜ਼ਿਆਦਾ ਵਧ ਸਕਦੀ ਹੈ। ਅਜਿਹੀ ਸਥਿਤੀ ’ਚ ਜੇਕਰ ਕੰਮਕਾਜੀ ਮਾਂ ਨੂੰ ਛੁੱਟੀ ਹੀ ਨਹੀਂ ਮਿਲੇਗੀ, ਤਾਂ ਉਹ ਆਪਣੇ ਬੱਚੇ ਦੀ ਦੇਖਭਾਲ ਕਿਵੇਂ ਕਰੇਗੀ। ਅਜਿਹੀਆਂ ਸਾਰੀਆਂ ਗੱਲਾਂ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ 2024 ’ਚ ਸਰਕਾਰ ਤੋਂ ਜਵਾਬ ਮੰਗਿਆ ਸੀ।

ਇਸ ਦੇ ਅਨੁਸਾਰ ਜੇਕਰ ਕੋਈ ਔਰਤ ਬੱਚਾ ਗੋਦ ਲੈਂਦੀ ਹੈ, ਤਾਂ ਉਸ ਨੂੰ ਬਾਰ੍ਹਾਂ ਹਫ਼ਤਿਆਂ ਦੀ ਛੁੱਟੀ ਤਦ ਹੀ ਮਿਲੇਗੀ, ਜਦੋਂ ਬੱਚਾ ਤਿੰਨ ਮਹੀਨੇ ਤੋਂ ਘੱਟ ਉਮਰ ਦਾ ਹੋਵੇ। ਜਦਕਿ ਜਣੇਪਾ ਛੁੱਟੀ ਦੇ ਤਹਿਤ ਔਰਤ ਨੂੰ ਜਣੇਪੇ ਤੋਂ ਛੇ ਹਫ਼ਤੇ ਪਹਿਲਾਂ ਅਤੇ ਛੇ ਹਫ਼ਤੇ ਬਾਅਦ ਤੱਕ ਦੀ ਛੁੱਟੀ ਦਾ ਪ੍ਰਬੰਧ ਹੈ। ਅਜਿਹੇ ’ਚ ਗੋਦ ਲੈਣ ਵਾਲੀ ਮਾਂ ਨੂੰ ਅਜਿਹੀ ਸਹੂਲਤ ਤੋਂ ਵਾਂਝਾ ਕਿਉਂ ਕੀਤਾ ਜਾਵੇ, ਕਿਉਂਕਿ ਬੱਚੇ ਦੀ ਦੇਖਭਾਲ ਉਸ ਨੂੰ ਹੀ ਕਰਨੀ ਹੋਵੇਗੀ। ਜੇਕਰ ਮਾਂ ਇਕੱਲੀ ਹੈ ਤਾਂ ਮੁਸ਼ਕਲ ਹੋਰ ਵੀ ਜ਼ਿਆਦਾ ਹੈ।

ਗੋਦ ਲੈਣ ਵਾਲੀ ਮਾਂ ਦੀਆਂ ਛੁੱਟੀਆਂ ’ਤੇ ਗੱਲ ਕਰਦੇ ਹੋਏ ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਪਿਤਾ ਲਈ ਛੁੱਟੀ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ। ਗੱਲ ਵੀ ਸਹੀ ਹੈ। ਜੇਕਰ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਮਾਤਾ-ਪਿਤਾ ਦੋਵਾਂ ਦੀ ਹੈ, ਤਾਂ ਮਾਂ ਦੇ ਨਾਲ-ਨਾਲ ਪਿਤਾ ਨੂੰ ਵੀ ਛੁੱਟੀ ਮਿਲਣੀ ਹੀ ਚਾਹੀਦੀ ਹੈ। ਅਜਿਹਾ ਕਿਉਂ ਮੰਨ ਲਿਆ ਗਿਆ ਹੈ ਕਿ ਬੱਚੇ ਦੀ ਦੇਖਭਾਲ ’ਚ ਪਿਤਾ ਦੀ ਕੋਈ ਭੂਮਿਕਾ ਹੀ ਨਹੀਂ ਹੁੰਦੀ, ਇਸ ਲਈ ਉਸ ਨੂੰ ਛੁੱਟੀ ਦੀ ਕੋਈ ਲੋੜ ਨਹੀਂ। ਅਦਾਲਤ ਨੇ ਇਸ ਮਸਲੇ ’ਚ ਸੁਣਵਾਈ ਕਰਦੇ ਹੋਏ ਇਹ ਵੀ ਕਿਹਾ ਕਿ ਬੱਚੇ ਨੂੰ ਪਾਲਣ ’ਚ ਮਾਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਪਰ ਪਿਤਾ ਦੀ ਭੂਮਿਕਾ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।

ਹੁਣ ਉਹ ਜ਼ਮਾਨਾ ਵੀ ਨਹੀਂ ਰਿਹਾ ਕਿ ਪਰਿਵਾਰ ਵੱਡੇ ਹੁੰਦੇ ਸਨ। ਬੱਚੇ ਦੇ ਜਨਮ ਜਾਂ ਉਸ ਨੂੰ ਗੋਦ ਲੈਣ ਤੋਂ ਬਾਅਦ ਉਸ ਨੂੰ ਪਾਲਣ ਦੀ ਜ਼ਿੰਮੇਵਾਰੀ ਸਿਰਫ਼ ਮਾਤਾ-ਪਿਤਾ ਦੀ ਹੀ ਨਹੀਂ ਹੁੰਦੀ ਸੀ। ਘਰ ਦੇ ਹੋਰ ਮੈਂਬਰ ਜਿਵੇਂ ਦਾਦਾ-ਦਾਦੀ, ਚਾਚਾ-ਚਾਚੀ, ਤਾਇਆ-ਤਾਈ, ਉਨ੍ਹਾਂ ਦੇ ਬਾਲ-ਬੱਚੇ, ਇੱਥੋਂ ਤੱਕ ਕਿ ਗੁਆਂਢੀ ਵੀ ਬੱਚੇ ਨੂੰ ਪਾਲਣ ’ਚ ਮਦਦ ਦਿੰਦੇ ਸਨ। ਮਹਾਨਗਰਾਂ ’ਚ ਅਜਿਹੀਆਂ ਮੁਸ਼ਕਲਾਂ ਬਹੁਤ ਦਿਖਾਈ ਦਿੰਦੀਆਂ ਹਨ, ਜਿੱਥੇ ਨੌਜਵਾਨ ਜੋੜੇ ਅਕਸਰ ਇਕੱਲੇ ਰਹਿੰਦੇ ਹਨ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਉਹ ਆਪਣੇ-ਆਪਣੇ ਸ਼ਹਿਰ, ਪਿੰਡ ਤੋਂ ਦੂਰ ਇਥੇ ਰੋਟੀ ਕਮਾਉਣ ਆਏ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਪਰਿਵਾਰ ਕਿਸੇ ਨਾ ਕਿਸੇ ਕਾਰਨ ਕਰ ਕੇ ਆਪਣੇ ਪਰਿਵਾਰ ਤੋਂ ਵੱਖ ਰਹਿੰਦੇ ਹਨ।

ਹੁਣ ਵੀ ਦੇਸ਼ ’ਚ ਇੰਨੀ ਗਿਣਤੀ ’ਚ ਡੇ-ਕੇਅਰ ਸੈਂਟਰ ਨਹੀਂ ਹਨ, ਜਿਨ੍ਹਾਂ ਦੇ ਭਰੋਸੇ ਬੱਚਿਆਂ ਨੂੰ ਪਾਲਿਆ ਜਾ ਸਕੇ। ਇਸ ਤੋਂ ਇਲਾਵਾ ਇਹ ਵੀ ਹੈ ਕਿ ਬਹੁਤ ਸਾਰੇ ਡੇ-ਕੇਅਰ ਸੈਂਟਰ ਬਹੁਤ ਛੋਟੇ ਬੱਚਿਆਂ ਨੂੰ ਆਪਣੇ ਕੋਲ ਨਹੀਂ ਰੱਖਦੇ। ਤਦ ਬੱਚੇ ਦੀ ਚੌਵੀ ਘੰਟੇ ਦੇਖਭਾਲ ਦੀ ਜ਼ਿੰਮੇਵਾਰੀ ਮਾਤਾ-ਪਿਤਾ ’ਤੇ ਹੀ ਆ ਜਾਂਦੀ ਹੈ। ਜੇਕਰ ਮਾਤਾ-ਪਿਤਾ ਨੌਕਰੀ ਕਰਦੇ ਹਨ ਤਾਂ ਛੁੱਟੀ ਲੈਣੀ ਵੀ ਟੇਢੀ ਖੀਰ ਹੁੰਦੀ ਹੈ। ਫਿਰ ਗੋਦ ਲੈਣ ਤੋਂ ਬਾਅਦ ਤਮਾਮ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਹੁੰਦੀਆਂ ਹਨ। ਬੱਚੇ ਨੂੰ ਨਵੇਂ ਵਾਤਾਵਰਣ ’ਚ ਪਾਲਣਾ, ਉਸ ਨੂੰ ਸੁਰੱਖਿਆ ਦੇਣੀ, ਉਸ ਦੀ ਸਹੀ ਦੇਖਭਾਲ ਕਰਨਾ ਆਦਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਮਾਤਾ-ਪਿਤਾ ਨੂੰ ਮਿਲ ਕੇ ਉਠਾਉਣਾ ਪੈਂਦਾ ਹੈ।

ਜਿਸ ਦਫ਼ਤਰ ’ਚ ਲੰਬੇ ਸਮੇਂ ਤੱਕ ਕੰਮ ਕੀਤਾ, ਉਸ ’ਚ ਦੋ-ਤਿੰਨ ਲੜਕੀਆਂ ਅਜਿਹੀਆਂ ਸਨ, ਜੋ ਸਿੰਗਲ ਸਨ ਪਰ ਉਨ੍ਹਾਂ ਨੇ ਬੱਚਿਆਂ ਨੂੰ ਗੋਦ ਲਿਆ ਹੋਇਆ ਸੀ। ਉਹ ਅਕਸਰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਕਰਦੀਆਂ। ਕਈ ਵਾਰ ਇਸ ਗੱਲ ’ਤੇ ਪਰੇਸ਼ਾਨ ਵੀ ਹੁੰਦੀਆਂ ਕਿ ਕਿਤੇ ਬੱਚੇ ਨੂੰ ਗੋਦ ਲੈ ਕੇ ਕੋਈ ਗਲਤੀ ਤਾਂ ਨਹੀਂ ਕੀਤੀ, ਕਿਉਂਕਿ ਦਫ਼ਤਰ ਦੀ ਚੌਵੀ ਘੰਟੇ ਦੀ ਭੱਜ-ਦੌੜ ਨੂੰ ਝੱਲਣ ਤੋਂ ਬਾਅਦ ਬੱਚੇ ਦੀ ਦੇਖਭਾਲ ਕਰਨਾ, ਉਹ ਵੀ ਸਿਰਫ਼ ਆਪਣੇ ਦਮ ’ਤੇ ਇਕ ਮੁਸ਼ਕਲ ਕੰਮ ਸੀ। ਇਨ੍ਹਾਂ ’ਚੋਂ ਸਭ ਨੇ ਲੜਕੀਆਂ ਗੋਦ ਲਈਆਂ ਸਨ।

ਲੜਕੀਆਂ ਦੇ ਮਾਮਲੇ ’ਚ ਆਪਣੇ ਸਮਾਜ ’ਚ ਇਹ ਇਕ ਵੱਡਾ ਸੱਚ ਤਾਂ ਇਹ ਹੈ ਹੀ ਕਿ ਉਹ ਜ਼ਿਆਦਾ ਅਸੁਰੱਖਿਅਤ ਹਨ। ਅਜਿਹੇ ’ਚ ਇਹ ਔਰਤਾਂ ਛੁੱਟੀ ਹੋਣ ਤੋਂ ਬਾਅਦ, ਬਿਨਾਂ ਰੁਕੇ ਘਰ ਵੱਲ ਭੱਜਦੀਆਂ ਸਨ। ਜੇਕਰ ਕੋਈ ਜ਼ਰੂਰੀ ਮੀਟਿੰਗ ਹੋ ਗਈ ਤਾਂ ਇਨ੍ਹਾਂ ਦੀ ਚਿੰਤਾ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਸੀ। ਕਿਉਂਕਿ ਕਿਸੇ ਨੂੰ ਡੇ-ਕੇਅਰ ਸੈਂਟਰ ਦੇ ਬੰਦ ਹੋਣ ਦਾ ਡਰ ਰਹਿੰਦਾ, ਤਾਂ ਕਿਸੇ ਨੂੰ ਘਰੇਲੂ ਸਹਾਇਕਾ ਦੇ ਚਲੇ ਜਾਣ ਦਾ। ਤੁਹਾਨੂੰ ਯਾਦ ਹੋਵੇਗਾ ਕਿ ਇਕ ਜ਼ਮਾਨੇ ’ਚ ਅਣਵਿਆਹੀਆਂ ਕੁੜੀਆਂ ਬੱਚਾ ਗੋਦ ਨਹੀਂ ਲੈ ਸਕਦੀਆਂ ਸਨ, ਬਾਅਦ ’ਚ ਅਦਾਲਤ ਦੇ ਦਖ਼ਲ ਤੋਂ ਬਾਅਦ ਹੀ ਇਸ ਕਾਨੂੰਨ ’ਚ ਸੁਧਾਰ ਕੀਤਾ ਗਿਆ।

ਇਕ ਪਰਿਵਾਰ ਅਜਿਹਾ ਵੀ ਸੀ, ਜਿੱਥੇ ਪਤੀ-ਪਤਨੀ ਦੋਵੇਂ ਇਕ ਹੀ ਜਗ੍ਹਾ ਕੰਮ ਕਰਦੇ ਸਨ। ਬੱਚਾ ਗੋਦ ਲਿਆ ਤਾਂ ਛੁੱਟੀ ਦੇ ਕਾਰਨ ਪਤਨੀ ਤਾਂ ਘਰ ’ਚ ਸੀ ਪਰ ਪਿਤਾ ਨੂੰ ਦਫ਼ਤਰ ਆਉਣਾ ਪੈਂਦਾ। ਕਿਉਂਕਿ ਇਕ ਹੀ ਵਿਭਾਗ ਹੋਣ ਦੇ ਕਾਰਨ ਦੋਵਾਂ ਨੂੰ ਇਕੱਠੇ ਛੁੱਟੀ ਨਹੀਂ ਮਿਲ ਸਕਦੀ ਸੀ। ਜੇਕਰ ਪਿਤਾ ਨੂੰ ਛੁੱਟੀ ਹੁੰਦੀ, ਤਾਂ ਕਾਨੂੰਨੀ ਤੌਰ ’ਤੇ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ। ਛੁੱਟੀ ਦੇਣੀ ਹੀ ਪੈਂਦੀ। ਦੋਵੇਂ ਹੀ ਬੱਚੇ ਦੀ ਦੇਖਭਾਲ ਕਰ ਸਕਦੇ ਸਨ ਅਤੇ ਕੰਮ ਵੰਡ ਸਕਦੇ ਸਨ। ਲੰਚ ਦੇ ਸਮੇਂ ਨਵਾਂ ਪਿਤਾ ਬਣਿਆ ਇਹ ਨੌਜਵਾਨ ਅਕਸਰ ਬਾਜ਼ਾਰ ਵੱਲ ਭੱਜਦਾ ਦਿਸਦਾ, ਤਾਂ ਜੋ ਬੱਚੇ ਲਈ ਦੱਸੀਆਂ ਗਈਆਂ ਜ਼ਰੂਰੀ ਚੀਜ਼ਾਂ ਖਰੀਦ ਸਕੇ। ਫਿਰ ਬੱਚੇ ਨੂੰ ਗੋਦ ਲੈਣ ਤੋਂ ਬਾਅਦ ਜੇਕਰ ਉਹ ਬੀਮਾਰ ਪੈ ਜਾਵੇ, ਹਸਪਤਾਲ ਲੈ ਕੇ ਜਾਣਾ ਪਵੇ ਅਤੇ ਪਿਤਾ ਘਰ ’ਚ ਨਾ ਹੋਵੇ, ਤਾਂ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸ਼ਮਾ ਸ਼ਰਮਾ


author

Rakesh

Content Editor

Related News