‘ਹੁਣ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਲਈ’ ਹੋਣ ਲੱਗੀ ਨਾਬਾਲਿਗਾਂ ਦੀ ਵਰਤੋਂ!
Sunday, Mar 22, 2026 - 04:38 AM (IST)
ਦੇਸ਼ ਦੇ ਕੋਨੇ-ਕੋਨੇ ’ਚ ਸਮਾਜ ਵਿਰੋਧੀ ਅਨਸਰਾਂ ਨੇ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਨਾਬਾਲਿਗਾਂ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ, ਜੋ ਪਿਛਲੇ ਲਗਭਗ 6 ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 02 ਅਕਤੂਬਰ, 2025 ਨੂੰ ‘ਤਰਨਤਾਰਨ’ ਅਤੇ ‘ਅੰਮ੍ਰਿਤਸਰ’ (ਪੰਜਾਬ) ਦੇ ਨੇੜੇ ਸਰਹੱਦ ਪਾਰੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਇਕ 16 ਸਾਲਾ ਨਾਬਾਲਿਗ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ 12 ਪਿਸਤੌਲਾਂ ਅਤੇ 1.5 ਕਿਲੋ ਹੈਰੋਇਨ ਬਰਾਮਦ ਕੀਤੀ।
* 10 ਜਨਵਰੀ, 2026 ਨੂੰ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਉਣ ਵਾਲੀ ‘ਹੈਦਰਾਬਾਦ’ (ਤੇਲੰਗਾਨਾ) ਪੁਲਸ ਦੀ ‘ਈਗਲ ਫੋਰਸ’ ਨੇ ਰੇਲਵੇ ਸਟੇਸ਼ਨ ’ਤੇ ਇਕ 17 ਸਾਲਾ ਨਾਬਾਲਿਗ ਨੂੰ ਫੜ ਕੇ ਉਸ ਕੋਲੋਂ 5 ਲੱਖ ਰੁਪਏ ਮੁੱਲ ਦਾ 10 ਕਿਲੋ ਗਾਂਜਾ ਬਰਾਮਦ ਕੀਤਾ, ਜਿਸ ਨੂੰ ਉਹ ਵੇਚਣ ਲਈ ਮੁੰਬਈ ਲੈ ਜਾਣ ਦੀ ਕੋਸ਼ਿਸ਼ ’ਚ ਸੀ।
* 5 ਫਰਵਰੀ, 2026 ਨੂੰ ‘ਬਨਕਟਾ’ (ਬਿਹਾਰ) ਦੇ ਏਕਡੰਗਾ ਪਿੰਡ ਕੋਲ ਇਕ ਅੱਲ੍ਹੜ ਨੂੰ 17 ਲੀਟਰ ਸ਼ਰਾਬ ਸਮੇਤ ਹਿਰਾਸਤ ’ਚ ਲਿਆ ਗਿਆ।
* 20 ਫਰਵਰੀ, 2026 ਨੂੰ ‘ਚੇਨਈ’ (ਤਾਮਿਲਨਾਡੂ) ਦੀ ਪੁਲਸ ਨੇ ‘ਦਿਨੇਸ਼ ਕਾਰਤਿਕ’ ਅਤੇ ‘ਮਨੀ’ ਨਾਂ ਦੇ 2 ਨਾਬਾਲਿਗਾਂ ਨੂੰ ਚੇਨਈ ’ਚ ਵਿਕਰੀ ਲਈ ਓਡਿਸ਼ਾ ਤੋਂ ਲਿਆਂਦੀ ਗਈ 5 ਲੱਖ ਰੁਪਏ ਦੀ ਕੀਮਤ ਦੀਆਂ 2548 ਨਸ਼ੀਲੀਆਂ ਗੋਲੀਆਂ ਅਤੇ 2 ਕਿਲੋ ਗਾਂਜੇ ਸਮੇਤ ਹਿਰਾਸਤ ’ਚ ਲਿਆ।
* 6 ਮਾਰਚ, 2026 ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ’ਚ ਸਰਹੱਦ ਪਾਰੋਂ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਭਾਂਡਾ ਭੰਨ ਕੇ ਇਕ 16 ਸਾਲਾ ਨਾਬਾਲਿਗ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 5 ਅਤਿ-ਆਧੁਨਿਕ ਪਿਸਤੌਲਾਂ, 34 ਕਾਰਤੂਸ ਅਤੇ ਇਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ।
* 17 ਮਾਰਚ, 2026 ਨੂੰ ‘ਨਿਊ ਜਲਪਾਈਗੁੜੀ’ (ਪੱਛਮੀ ਬੰਗਾਲ) ਦੀ ਪੁਲਸ ਨੇ ਨਾਜਾਇਜ਼ ਹਥਿਆਰਾਂ ਦੇ ਵਿਰੁੱਧ ਮੁਹਿੰਮ ਦੌਰਾਨ ‘ਰਾਜੀਵ ਲਸਕਰ’ ਅਤੇ ‘ਸਨਤ ਬਰਮਨ’ ਨਾਂ ਦੇ 2 ਨਾਬਾਲਿਗਾਂ ਨੂੰ ਇਕ ਦੇਸੀ ਪਿਸਤੌਲ ਅਤੇ ਕਾਰਤੂਸਾਂ ਸਮੇਤ ਹਿਰਾਸਤ ’ਚ ਲਿਆ।
* 18 ਮਾਰਚ, 2026 ਨੂੰ ‘ਵਿਜੇਵਾੜਾ’ (ਆਂਧਰਾ ਪ੍ਰਦੇਸ਼) ’ਚ ਪੁਲਸ ਦੀ ‘ਸਪੈਸ਼ਲ ਟਾਸਕ ਫੋਰਸ’ (ਐੱਸ. ਟੀ. ਐੱਫ.) ਨੇ 4 ਨਾਬਾਲਿਗਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਸਿੰਥੈਟਿਕ ਨਸ਼ਾ ਬਰਾਮਦ ਕੀਤਾ। ਪੁਲਸ ਅਨੁਸਾਰ ਮੁਲਜ਼ਮ ਖ਼ੁਦ ਵੀ ਨਸ਼ੇ ਦੇ ਆਦੀ ਸਨ ਅਤੇ ਉਨ੍ਹਾਂ ਨੇ ਪੈਸਾ ਕਮਾਉਣ ਦੇ ਸੌਖੇ ਤਰੀਕੇ ਵਜੋਂ ਨਸ਼ੇ ਦੀ ਸਮੱਗਲਿੰਗ ਵੀ ਸ਼ੁਰੂ ਕਰ ਦਿੱਤੀ ਸੀ।
* 19 ਮਾਰਚ, 2026 ਨੂੰ ਅੰਮ੍ਰਿਤਸਰ ਪੁਲਸ ਨੇ ਇਕ ਅੰਤਰਰਾਸ਼ਟਰੀ ਹਥਿਆਰ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਨਾਬਾਲਿਗ ਸਮੇਤ 6 ਲੋਕਾਂ ਨੂੰ ਫੜਿਆ। ਇਨ੍ਹਾਂ ਕੋਲੋਂ 7 ਅਤਿ-ਆਧੁਨਿਕ ਪਿਸਤੌਲਾਂ ਬਰਾਮਦ ਹੋਈਆਂ। ਇਹ ਗਿਰੋਹ ਪੁਰਤਗਾਲ ’ਚ ਬੈਠੇ ਹੈਂਡਲਰ ਦੇ ਸੰਪਰਕ ’ਚ ਸੀ ਅਤੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਉਂਦਾ ਸੀ।
* 21 ਮਾਰਚ, 2026 ਨੂੰ ਮਣੀਪੁਰ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਮੁਹਿੰਮਾਂ ’ਚ ਪਾਬੰਦੀਸ਼ੁਦਾ ਸੰਗਠਨ ‘ਕੇ. ਸੀ. ਪੀ.’ ਦੇ ਇਕ ਨਾਬਾਲਿਗ ਮੈਂਬਰ ਸਮੇਤ 6 ਸ਼ੱਕੀਆਂ ਨੂੰ ਇਕ ਏ. ਕੇ. 47 ਰਾਈਫਲ (2 ਮੈਗਜ਼ੀਨਾਂ ਸਮੇਤ), ਇਕ 9 ਮਿ. ਮੀ. ਕਾਰਬਾਈਨ ਮਸ਼ੀਨਗਨ (ਸੀ. ਐੱਮ. ਜੀ.), 2 ਗ੍ਰੇਨੇਡ ਡੈਟੋਨੇਟਰ, ਵੱਖ-ਵੱਖ ਹਥਿਆਰਾਂ ਦੀਆਂ ਵਾਧੂ ਮੈਗਜ਼ੀਨਾਂ, 2 ਗ੍ਰੇਨੇਡ ਅਤੇ 194 ਰਾਊਂਡ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ।
ਨਾਬਾਲਿਗਾਂ ਦੀ ਡਰੱਗ ਸਮੱਗਲਿੰਗ ’ਚ ਵਰਤੋਂ ਇਕ ਗੰਭੀਰ ਅਪਰਾਧ ਹੈ। ਇਸ ਨਾਲ ਨਾ ਸਿਰਫ ਕਾਨੂੰਨ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਸਗੋਂ ਦੇਸ਼ ਦੀ ਨਵੀਂ ਪੀੜ੍ਹੀ ਦਾ ਭਵਿੱਖ ਵੀ ਬਰਬਾਦ ਹੁੰਦਾ ਹੈ ਅਤੇ ਉਕਤ ਮਾਮਲਿਆਂ ’ਚ ਨਾਬਾਲਿਗਾਂ ਦੀ ਗ੍ਰਿਫ਼ਤਾਰੀ ਨੇ ਡਰੱਗ ਮਾਫੀਆ ਦੀ ਨਵੀਂ ਰਣਨੀਤੀ ਨੂੰ ਉਜਾਗਰ ਕਰ ਦਿੱਤਾ ਹੈ। ਪੁਲਸ ਦੀਆਂ ਨਜ਼ਰਾਂ ਤੋਂ ਬਚਣ ਲਈ ਨਸ਼ਾ ਅਤੇ ਹਥਿਆਰ ਮਾਫੀਆ ਨਾਬਾਲਿਗਾਂ ਨੂੰ ਮੋਹਰਾ ਬਣਾ ਰਹੇ ਹਨ।
ਦਿੱਲੀ ਹਾਈ ਕੋਰਟ ਨੇ 12 ਫਰਵਰੀ, 2026 ਨੂੰ ਨਸ਼ੇ ਦੀ ਸਮੱਗਲਿੰਗ ’ਚ ਇਕ ਬੱਚੇ ਦੀ ਵਰਤੋਂ ਕਰਨ ਦੀ ਮੁਲਜ਼ਮ ਮਹਿਲਾ ਦੀ ਜ਼ਮਾਨਤ ਪਟੀਸ਼ਨ ਰੱਦ ਕਰਦਿਆਂ ਇਹ ਮਹੱਤਵਪੂਰਨ ਟਿੱਪਣੀ ਕੀਤੀ ਸੀ ਕਿ, ‘‘ਨਾਬਾਲਿਗ ਬੱਚਿਆਂ ਨੂੰ ਅਪਰਾਧ ਦੇ ‘ਹਥਿਆਰ’ ਵਜੋਂ ਵਰਤਣਾ ਇਕ ਵਧਦੀ ਹੋਈ ਖ਼ਤਰਨਾਕ ਸਮੱਸਿਆ ਬਣ ਗਈ ਹੈ।’’
ਇਸ ਲਈ ਪੁਲਸ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧ ’ਚ ਚੌਕਸੀ ਵਧਾਉਣ ਅਤੇ ਫੜੇ ਜਾਣ ਵਾਲੇ ਨਾਬਾਲਿਗਾਂ ਤੇ ਉਨ੍ਹਾਂ ਦੇ ਆਕਾਵਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ।
—ਵਿਜੇ ਕੁਮਾਰ
