ਡਿਗਰੀਆਂ ਦੇ ਹੜ੍ਹ ’ਚ ‘ਹੁਨਰ ਦੀ ਬੇੜੀ’
Sunday, Mar 29, 2026 - 04:50 PM (IST)
ਹਾਲ ਹੀ ’ਚ ਜਾਰੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੀ ਇਕ ਰਿਸਰਚ ਰਿਪੋਰਟ ਮੁਤਾਬਕ, ਭਾਰਤ ’ਚ ਬੇਰੋਜ਼ਗਾਰ ਨੌਜਵਾਨਾਂ ’ਚ ਲੱਗਭਗ 67 ਫੀਸਦੀ ਗ੍ਰੈਜੂਏਟ ਹਨ। 17 ਮਾਰਚ ਨੂੰ ਜਾਰੀ ਇਸ ਰਿਪੋਰਟ ਅਨੁਸਾਰ, ਸਾਲ 2023 ’ਚ ਦੇਸ਼ ਦੇ ਕਰੀਬ 1.1 ਕਰੋੜ ਬੇਰੋਜ਼ਗਾਰ ਨੌਜਵਾਨਾਂ ’ਚੋਂ ਦੋ-ਤਿਹਾਈ ਤੋਂ ਵੱਧ ਗ੍ਰੈਜੂਏਟ ਸਨ, ਜਦਕਿ 2004 ’ਚ ਇਹ ਅੰਕੜਾ ਸਿਰਫ 32 ਫੀਸਦੀ ਸੀ। ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ. ਐੱਲ. ਓ.) ਦੀ ਇੰਡੀਆ ਇੰਪਲਾਇਮੈਂਟ ਰਿਪੋਰਟ 2024 ਵੀ ਇਕ ਹੈਰਾਨ ਕਰਨ ਵਾਲੀ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਆਈ. ਐੱਲ. ਓ. ਅਨੁਸਾਰ, ਭਾਰਤ ਦੇ ਕੁੱਲ ਬੇਰੋਜ਼ਗਾਰਾਂ ’ਚ ਲਗਭਗ 83 ਫੀਸਦੀ ਹਿੱਸਾ ਨੌਜਵਾਨਾਂ ਦਾ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਤੱਥ ਇਹ ਹੈ ਕਿ ਗ੍ਰੈਜੂਏਟ ਨੌਜਵਾਨਾਂ ’ਚ ਬੇਰੋਜ਼ਗਾਰੀ ਦੀ ਦਰ ਅਨਪੜ੍ਹ ਲੋਕਾਂ ਦੀ ਤੁਲਨਾ ’ਚ ਲੱਗਭਗ 9 ਗੁਣਾ ਵੱਧ ਹੈ।
ਤਾਜ਼ਾ ਹਾਲਾਤ ਭਾਰਤ ਦੀ ਸਿੱਖਿਆ ਵਿਵਸਥਾ ਅਤੇ ਰੋਜ਼ਗਾਰ ਬਾਜ਼ਾਰ ਦੇ ਵਿਚਾਲੇ ਡੂੰਘੇ ਹੁੰਦੇ ਅਸੰਤੁਲਨ ਦਾ ਸੰਕੇਤ ਹਨ। ਸੱਚਾਈ ਇਹ ਹੈ ਕਿ ਭਾਰਤ ਅੱਜ ਨੌਕਰੀਆਂ ਦੀ ਕਮੀ ਨਾਲੋਂ ਵੱਧ ਡਿਗਰੀ ਦੀ ‘ਹਾਈਪਰ-ਇਨਫਲੇਸ਼ਨ’ ਦਾ ਸਾਹਮਣਾ ਕਰ ਰਿਹਾ ਹੈ। ਉੱਚ ਸਿੱਖਿਆ ਸੰਸਥਾਵਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਪਰ ਉਨ੍ਹਾਂ ’ਚ ਪੜ੍ਹਾਈ ਅਤੇ ਉਦਯੋਗ ਦੀਆਂ ਅਸਲ ਲੋੜਾਂ ਦੇ ਵਿਚਾਲੇ ਖਾਈ ਡੂੰਘੀ ਹੁੰਦੀ ਜਾ ਰਹੀ ਹੈ। ਭਾਰਤ ’ਚ ਹਰ ਸਾਲ ਲੱਖਾਂ ਵਿਦਿਆਰਥੀ ਉੱਜਲ ਭਵਿੱਖ ਦੇ ਸੁਪਨੇ ਸਜਾਏ ਯੂਨੀਵਰਸਿਟੀਆਂ ’ਚ ਦਾਖਲਾ ਲੈਂਦੇ ਹਨ। ਉਨ੍ਹਾਂ ਦੇ ਸਾਹਮਣੇ ਉਹੀ ਪੁਰਾਣਾ ਆਰਥਿਕ ਸੂਤਰ ਰੱਖਿਆ ਜਾਂਦਾ ਹੈ ਜੋ 1990 ਦੇ ਦਹਾਕੇ ਤੋਂ ਦੁਹਰਾਇਆ ਜਾ ਰਿਹਾ ਹੈ ਕਿ ਚੰਗੇ ਅੰਕ ਲਿਆਓ, ਡਿਗਰੀ ਹਾਸਲ ਕਰੋ ਅਤੇ ਪੱਕੀ ਨੌਕਰੀ ਆਪਣੇ ਆਪ ਮਿਲ ਜਾਵੇਗੀ। ਪਿਛਲੀਆਂ ਪੀੜ੍ਹੀਆਂ ਲਈ ਇਹ ਸੱਚ ਵੀ ਸੀ। ਉਸ ਸਮੇਂ ਉੱਚ ਸਿੱਖਿਆ ਦੁਰਲੱਭ ਸੀ ਅਤੇ ਉਸ ’ਤੇ ਖਰਚ ਵੀ ਬਹੁਤ ਸੀ ਪਰ ਹੁਣ ਇਹ ਧਾਰਨਾ ਤੇਜ਼ੀ ਨਾਲ ਟੁੱਟਦੀ ਦਿਖਾਈ ਦੇ ਰਹੀ ਹੈ।
ਬੀਤੇ ਦੋ ਦਹਾਕਿਆਂ ’ਚ ਉੱਚ ਸਿੱਖਿਆ ਤੱਕ ਪਹੁੰਚ ’ਚ ਜ਼ਿਕਰਯੋਗ ਵਿਸਤਾਰ ਹੋਇਆ ਹੈ। ਸਾਲ 2004 ’ਚ ਜਿੱਥੇ ਨੌਜਵਾਨਾਂ ’ਚ ਗ੍ਰੈਜੂਏਟਸ ਦੀ ਹਿੱਸੇਦਾਰੀ ਲੱਗਭਗ 10 ਫੀਸਦੀ ਸੀ, ਉਹ 2023 ਤੱਕ ਵਧ ਕੇ 28 ਫੀਸਦੀ ਹੋ ਗਈ ਪਰ ਇਸ ਅਰਸੇ ’ਚ ਡਿਗਰੀਧਾਰਕਾਂ ਦੀ ਗਿਣਤੀ ਜਿੰਨੀ ਤੇਜ਼ੀ ਨਾਲ ਵਧੀ, ਰੋਜ਼ਗਾਰ ਦੇ ਮੌਕੇ ਓਨੀ ਗਤੀ ਨਾਲ ਨਹੀਂ ਵਧ ਸਕੇ। ਨਤੀਜਾ ਇਹ ਹੋਇਆ ਕਿ ਅੱਜ ਭਾਰਤ ਇਕ ਅਜਿਹੇ ਦੌਰ ’ਚ ਖੜ੍ਹਾ ਹੈ, ਜਿੱਥੇ ਡਿਗਰੀਆਂ ਦੀ ਗਿਣਤੀ ਵਧ ਰਹੀ ਹੈ ਪਰ ਨੌਕਰੀਆਂ ਉਸ ਅਨੁਪਾਤ ’ਚ ਨਹੀਂ ਹਨ। ਅਰਥ ਸ਼ਾਸਤਰ ’ਚ ਇਕ ਸਿਧਾਂਤ ਹੈ-‘ਸਿਗਨਲਿੰਗ ਥਿਊਰੀ’। ਇਸ ਦੇ ਅਨੁਸਾਰ ਡਿਗਰੀ ਸਿਰਫ ਗਿਆਨ ਦਾ ਪ੍ਰਮਾਣ ਨਹੀਂ ਹੁੰਦੀ, ਸਗੋਂ ਇਹ ਇੰਪਲਾਇਰਜ਼ ਲਈ ਇਕ ਸੰਕੇਤ ਹੁੰਦੀ ਹੈ ਕਿ ਵਿਅਕਤੀ ਅਨੁਸ਼ਾਸਿਤ ਹੈ, ਮਿਹਨਤੀ ਹੈ ਅਤੇ ਸਿੱਖਣ ਦੀ ਸਮਰੱਥਾ ਰੱਖਦਾ ਹੈ। ਪਹਿਲਾਂ ਜਦੋਂ ਗ੍ਰੈਜੂਏਟਸ ਘੱਟ ਹੁੰਦੇ ਸਨ, ਉਦੋਂ ਇਹ ਸੰਕੇਤ ਬਹੁਤ ਸ਼ਕਤੀਸ਼ਾਲੀ ਸੀ।
ਸਕਿੱਲ ਅਸੈਸਮੈਂਟ ਏਜੰਸੀ ‘ਮਰਸੇਰ ਮੈਟਲ’ ਦੀ ਸਾਲ 2024-25 ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ ਸਿਰਫ ਲੱਗਭਗ 55 ਫੀਸਦੀ ਗ੍ਰੈਜੂਏਟਸ ਹੀ ਅਸਲ ’ਚ ‘ਇੰਪਲਾਏਬਲ’ ਮੰਨੇ ਗਏ। ਇਸ ਸਥਿਤੀ ਦੀ ਇਕ ਵਜ੍ਹਾ ਇਹ ਵੀ ਹੈ ਕਿ ਯੂਨੀਵਰਸਿਟੀਆਂ ਦੇ ਸਿਲੇਬਸ ਅਕਸਰ ਸਾਲਾਂ ਤੱਕ ਅਪਡੇਟ ਨਹੀਂ ਹੁੰਦੇ, ਜਦਕਿ ਡਿਜੀਟਲ ਅਰਥਵਿਵਸਥਾ ਹਰ ਮਹੀਨੇ ਬਦਲਦੀ ਹੈ। ਨਤੀਜੇ ਵਜੋਂ ਕਈ ਗ੍ਰੈਜੂਏਟਸ ਅਜਿਹੇ ਹੁਨਰ ਲੈ ਕੇ ਨਿਕਲਦੇ ਹਨ, ਜਿਨ੍ਹਾਂ ਦੀ ਬਾਜ਼ਾਰ ’ਚ ਮੰਗ ਹੀ ਨਹੀਂ ਬਚੀ। ਤਕਨੀਕੀ ਬਦਲਾਅ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਤੇਜ਼ੀ ਨਾਲ ਪਸਾਰ ਨੇ ਆਮ ਗਿਆਨ-ਆਧਾਰਿਤ ਕੰਮਾਂ ਦੀ ਆਰਥਿਕ ਕੀਮਤ ਘੱਟ ਕਰ ਦਿੱਤੀ ਹੈ। ਜੇਕਰ ਕਿਸੇ ਡਿਗਰੀ ਦਾ ਸਿਖਲਾਈ ਸਿਰਫ ਬੁਨਿਆਦੀ ਕੋਡਿੰਗ, ਆਮ ਰਿਪੋਰਟ ਲਿਖਣ ਜਾਂ ਤੱਥਾਂ ਨੂੰ ਯਾਦ ਰੱਖਣ ਤੱਕ ਸੀਮਤ ਹੈ, ਤਾਂ ਅੱਜ ਏ.ਆਈ. ਉਹੀ ਕੰਮ ਕੁਝ ਸੈਕਿੰਡਾਂ ’ਚ ਕਰ ਸਕਦਾ ਹੈ। ਨਾਸਕਾਮ (ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸ ਕੰਪਨੀਜ਼) ਅਨੁਸਾਰ, ਭਾਰਤ ਨੂੰ 2026 ਦੇ ਅੰਤ ਤੱਕ 10 ਲੱਖ ਤੋਂ ਵੱਧ ਏ.ਆਈ. ਪੇਸ਼ੇਵਰਾਂ ਦੀ ਲੋੜ ਹੋਵੇਗੀ ਪਰ ਅਜਿਹੇ ਮਾਹਿਰ ਸਿਰਫ ਸਿਧਾਂਤਕ ਸਿੱਖਿਆ ਨਾਲ ਨਹੀਂ ਬਣਦੇ। ਉਨ੍ਹਾਂ ਨੂੰ ਅਸਲ ਪ੍ਰਾਜੈਕਟ, ਪ੍ਰਯੋਗ ਅਤੇ ਸਮੱਸਿਆ-ਹੱਲ ਦਾ ਤਜਰਬਾ ਹੋਵੇ। ਇਸ ਦਾ ਮਤਲਬ ਸਾਫ਼ ਹੈ-ਅੱਜ ਦਾ ਬਾਜ਼ਾਰ ਸਿਰਫ ‘ਕੀ ਜਾਣਦੇ ਹੋ?’ ਲਈ ਨਹੀਂ, ਸਗੋਂ ‘ਕੀ ਕਰ ਸਕਦੇ ਹੋ?’ ਲਈ ਭੁਗਤਾਨ ਕਰਦਾ ਹੈ।
ਅੱਜ ਜੇਕਰ ਕੋਈ ਏ.ਆਈ. ਇੰਜੀਨੀਅਰ ਬਣਨਾ ਚਾਹੁੰਦਾ ਹੈ ਤਾਂ ਉਸ ਦੇ ‘ਗਿਟਹੱਬ’ ’ਤੇ ਪ੍ਰਾਜੈਕਟ ਦਿਸਣੇ ਚਾਹੀਦੇ ਹਨ। ਜੇਕਰ ਕੋਈ ਲੇਖਕ ਜਾਂ ਡਿਜੀਟਲ ਮਾਰਕੀਟਰ ਹੈ ਤਾਂ ਉਸ ਦੇ ਪ੍ਰਕਾਸ਼ਿਤ ਲੇਖ, ਬਲਾਗ ਜਾਂ ਆਨਲਾਈਨ ਆਡੀਅੰਸ ਉਸ ਦਾ ਪ੍ਰਮਾਣ ਹੁੰਦੇ ਹਨ। ਇਸ ਸੰਦਰਭ ’ਚ ਡਿਗਰੀ ਸਿਰਫ ਸੰਭਾਵਨਾਵਾਂ ਦਾ ਵਾਅਦਾ ਹੈ, ਜਦਕਿ ਡਿਜੀਟਲ ਪੋਰਟਫੋਲੀਓ ਅਸਲ ਸਮਰੱਥਾ ਦਾ ਪ੍ਰਮਾਣ ਬਣ ਚੁੱਕਾ ਹੈ। ਭਾਰਤ ’ਚ ਹੌਲੀ-ਹੌਲੀ ਇਕ ਸਮਾਂਤਰ ਸਿੱਖਣ ਦੀ ਵਿਵਸਥਾ ਵੀ ਉੱਭਰ ਰਹੀ ਹੈ। ਆਨਲਾਈਨ ਕੋਰਸ, ਸਕਿੱਲ-ਬੂਟਕੈਂਪ, ਕੋਡਿੰਗ ਕਮਿਊਨਿਟੀ, ਸਟਾਰਟ-ਅਪ ਇੰਟਰਨਸ਼ਿਪ ਅਤੇ ਡਿਜੀਟਲ ਲਰਨਿੰਗ ਹੱਬ। ਇਹ ਪਲੇਟਫਾਰਮ ਵਿਦਿਆਰਥੀਆਂ ਨੂੰ ਉਹੀ ਹੁਨਰ ਦਿੰਦੇ ਹਨ, ਜਿਸ ਦੀ ਰੋਜ਼ਗਾਰ ਬਾਜ਼ਾਰ ਨੂੰ ਸਭ ਤੋਂ ਵੱਧ ਲੋੜ ਹੈ, ਭਾਵ ਵਿਹਾਰਕ ਤਜਰਬਾ। ਕਈ ਵਿਸ਼ਵਵਿਆਪੀ ਕੰਪਨੀਆਂ ਹੁਣ ਭਰਤੀ ਦੌਰਾਨ ਰਵਾਇਤੀ ਡਿਗਰੀ ਨਾਲੋਂ ਵੱਧ ਹੁਨਰ-ਆਧਾਰਿਤ ਟ੍ਰੇਨਿੰਗ ਅਤੇ ਪ੍ਰਾਜੈਕਟ ਪੋਰਟਫੋਲੀਓ ’ਤੇ ਧਿਆਨ ਦੇਣ ਲੱਗੀਆਂ ਹਨ।
ਸਕਿੱਲ ਇੰਡੀਆ ਮਿਸ਼ਨ ਅਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਾਂ ਨੌਜਵਾਨਾਂ ਨੂੰ ਪੇਸ਼ੇਵਰ ਹੁਨਰ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕਰਨ ’ਤੇ ਜ਼ੋਰ ਦੇ ਰਹੀਆਂ ਹਨ ਪਰ ਚੁਣੌਤੀ ਇਹ ਹੈ ਕਿ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਰਸਮੀ ਸਿੱਖਿਆ ਵਿਵਸਥਾ ਅਜੇ ਵੀ ਪੁਰਾਣੇ ਢੱਰੇ ’ਤੇ ਚੱਲ ਰਹੀ ਹੈ। ਕਾਲਜ ਦੀ ਪੜ੍ਹਾਈ ਸਮਾਜਿਕ ਉਮੀਦਾਂ ਨੂੰ ਪੂਰਾ ਕਰਨ ਅਤੇ ਰਵਾਇਤੀ ਨੌਕਰੀਆਂ ਲਈ ਇਕ ਘੱਟੋ-ਘੱਟ ਯੋਗਤਾ ਪ੍ਰਦਾਨ ਕਰਦੀ ਹੈ ਪਰ ਕਾਲਜ ਦੇ ਨਾਲ ਡਿਜੀਟਲ ਕੌਸ਼ਲ, ਡੇਟਾ ਐਨਲਸਿਜ਼, ਏ.ਆਈ., ਡਿਜ਼ਾਈਨ, ਉੱਦਮਤਾ ਜਾਂ ਹੋਰ ਉੱਚ-ਮੁੱਲ ਕੌਸ਼ਲ ਵਿਕਸਿਤ ਕਰੋ। ਪ੍ਰਾਜੈਕਟ ਬਣਾਓ, ਇੰਟਰਨਸ਼ਿਪ ਕਰੋ ਅਤੇ ਆਪਣਾ ਪੋਰਟਫੋਲੀਓ ਤਿਆਰ ਕਰੋ। ਭਾਰਤ ਦੁਨੀਆ ਦੀ ਸਭ ਤੋਂ ਨੌਜਵਾਨ ਆਬਾਦੀ ਵਾਲੇ ਦੇਸ਼ਾਂ ’ਚੋਂ ਇਕ ਹੈ। ਇਹ ਜਨਸੰਖਿਆ ਲਾਭ ਤਾਂ ਹੀ ਅਸਲ ਆਰਥਿਕ ਸ਼ਕਤੀ ਬਣ ਸਕਦਾ ਹੈ, ਜਦੋਂ ਸਿੱਖਿਆ ਵਿਵਸਥਾ ਰੋਜ਼ਗਾਰ ਦੀਆਂ ਅਸਲ ਲੋੜਾਂ ਨਾਲ ਤਾਲਮੇਲ ਬਿਠਾਏ। 21ਵੀਂ ਸਦੀ ਦੀ ਅਰਥਵਿਵਸਥਾ ’ਚ ਸਫਲਤਾ ਉਨ੍ਹਾਂ ਨੌਜਵਾਨਾਂ ਨੂੰ ਮਿਲੇਗੀ, ਜੋ ਡਿਗਰੀ ਨੂੰ ਆਧਾਰ ਅਤੇ ਹੁਨਰ ਨੂੰ ਹਥਿਆਰ ਬਣਾ ਕੇ ਅੱਗੇ ਵਧਣਗੇ।
ਦਿਨੇਸ਼ ਸੂਦ
