ਈਰਾਨ ’ਤੇ ਹਮਲਾ ਅਤੇ ਉਸ ਤੋਂ ਬਾਅਦ

Monday, Mar 23, 2026 - 06:00 AM (IST)

ਈਰਾਨ ’ਤੇ ਹਮਲਾ ਅਤੇ ਉਸ ਤੋਂ ਬਾਅਦ

ਸ਼ਾਇਦ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਵਿਰੁੱਧ ਜੰਗ ਛੇੜਨ ਦੀ ਨੀਤੀ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਤਮਾਮ ਦਾਅਵਿਆਂ ਨਾਲੋਂ ਵੀ ਬਿਹਤਰ ਢੰਗ ਨਾਲ ਗਾਲਿਬ ਦੇ ਉਕਤ ਸ਼ੇਅਰ ਰਾਹੀਂ ਪ੍ਰਗਟ ਕੀਤੀ ਜਾ ਸਕਦੀ ਹੈ। ਜੇਕਰ ਪਹਿਲੇ ਹਫ਼ਤੇ ਦੌਰਾਨ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ (ਜਿਸ ਦੀ ਹੋਂਦ ਹੀ ਨਹੀਂ ਹੈ) ਨੂੰ ਸਮਾਪਤ ਕਰਨ ਅਤੇ ਸਰਕਾਰ ਬਦਲਣ ਲਈ ਖ਼ਾਮੇਨੇਈ ਅਤੇ 10 ਜਰਨੈਲਾਂ ਦਾ ਕੰਮ ਤਮਾਮ ਕੀਤਾ, ਦੂਜਾ ਹਫ਼ਤਾ ਹੋਰ ਜਰਨੈਲਾਂ ਨੂੰ ਮਾਰ ਕੇ ਫ਼ੌਜੀ ਸਮਰੱਥਾ ਖ਼ਤਮ ਕਰਨ ਦਾ ਸੀ।

ਇਸ ਤੋਂ ਬਾਅਦ ਆਇਆ ਤੀਜਾ ਹਫ਼ਤਾ—ਈਰਾਨ ਦੀ ਆਰਥਿਕ ਸਮਰੱਥਾ ਨੂੰ ਨਸ਼ਟ ਕਰਨ ਲਈ, ਈਰਾਨ ਦੇ ਦੱਖਣ ’ਚ ਸਥਿਤ ਅਤੇ ਵਿਸ਼ਵ ’ਚ ਸਭ ਤੋਂ ਵੱਡੇ ਅਤੇ ਸੰਵੇਦਨਸ਼ੀਲ ਗੈਸ ਭੰਡਾਰ ’ਤੇ ਹਮਲਾ ਕੀਤਾ ਗਿਆ ਤਾਂ ਜੋ ਆਪਣੀ ਬਿਜਲੀ ਅਤੇ ਗੈਸ ਦੀਆਂ ਜ਼ਰੂਰਤਾਂ ਇੱਥੋਂ ਹੀ ਪੂਰੀਆਂ ਕਰਨ ਵਾਲੇ ਈਰਾਨ ਵਾਸੀਆਂ ਲਈ ਜੀਵਨ ਮੁਸ਼ਕਲ ਬਣਾ ਦਿੱਤਾ ਜਾਵੇ।

ਕੁੱਲ ਮਿਲਾ ਕੇ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ’ਤੇ 1434 ਹਮਲੇ ਕੀਤੇ ਹਨ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਰਵਰੀ ਤੋਂ ਬਾਅਦ ਹੁਣ ਤੱਕ 7800 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰਦੇ ਹਨ, ਜਿਸ ਦੌਰਾਨ ‘ਕੰਬੈਟ ਮਿਸ਼ਨ’ ਦੇ 8000 ਜਹਾਜ਼ਾਂ ਨੇ ਉਡਾਣ ਭਰੀ। ਟਰੰਪ ਦੇ ਦਾਅਵੇ ਅਨੁਸਾਰ ਨਾ ਸਿਰਫ ਈਰਾਨ ਦੇ 120 ਸਮੁੰਦਰੀ ਜਹਾਜ਼ ਨਸ਼ਟ ਕਰ ਦਿੱਤੇ ਗਏ ਸਗੋਂ ਇਜ਼ਰਾਈਲ ਨੇ ਈਰਾਨ ਦਾ ਜਲ ਵੰਡ ਪਲਾਂਟ ਵੀ ਨਸ਼ਟ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਈਰਾਨ ਵਾਸੀ ਪਾਣੀ, ਬਿਜਲੀ ਅਤੇ ਗੈਸ ਤੋਂ ਵਾਂਝੇ ਹੋ ਗਏ।

ਅਜਿਹਾ ਨਹੀਂ ਹੈ ਕਿ ਈਰਾਨ ਨੇ ਜਵਾਬੀ ਕਾਰਵਾਈ ਨਹੀਂ ਕੀਤੀ। ਈਰਾਨ ਨੇ ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ’ਚ ਇਜ਼ਰਾਈਲ ਅਤੇ ਗੁਆਂਢ ’ਚ ਕਤਰ, ਬਹਿਰੀਨ ਅਤੇ ਯੂ. ਏ. ਈ., ਲੈਬਨਾਨ, ਇਰਾਕ, ਕੁਵੈਤ, ਓਮਾਨ, ਜਾਰਡਨ ਅਤੇ ਅਜ਼ਰਬਾਈਜਾਨ ’ਚ ਬਾਲਣ ਦੇ ਟਿਕਾਣਿਆਂ ’ਤੇ ਜਵਾਬੀ ਕਾਰਵਾਈ ਅਤੇ ਜਲ ਵੰਡ ਪਲਾਂਟਾਂ ’ਤੇ ਹਮਲਿਆਂ ਤੋਂ ਇਲਾਵਾ ਕਤਰ ਦੇ ਮੁੱਖ ਗੈਸ ਭੰਡਾਰ ਰਾਸਾਫਾਨ ’ਤੇ ਹਮਲੇ ਕਰਕੇ ਦਾਅਵਾ ਕੀਤਾ ਹੈ ਕਿ ਬ੍ਰਿਟਿਸ਼ ਬੇਸ ਡਿਆਗੋ ਗਾਰਸੀਆ, ਜੋ ਕਿ 4000 ਕਿਲੋਮੀਟਰ ਦੂਰ ਹੈ, ’ਤੇ ਵੀ ਹਮਲਾ ਕੀਤਾ।

ਅਹਰਾਜ, ਮਾਰੂਨ ਅਤੇ ਗਾਸ਼ਾਰਨ ਤੋਂ ਮਿਲਣ ਵਾਲਾ 90 ਫੀਸਦੀ ਈਰਾਨੀ ਤੇਲ ਖਾਰਗ ਟਾਪੂ ’ਤੇ ਜਮ੍ਹਾ ਕੀਤਾ ਜਾਂਦਾ ਹੈ, ਇਸ ਲਈ ਇੱਥੋਂ ਤੇਲ ਸਾਰੇ ਦੇਸ਼ਾਂ ਨੂੰ ਹੋਰਮੁਜ਼ ਸਟ੍ਰੇਟ ਰਾਹੀਂ ਭੇਜਿਆ ਜਾਂਦਾ ਹੈ, ਜਿਸ ਨੂੰ ਖੋਲ੍ਹਣ ਅਤੇ ਖਾਰਗ ਟਾਪੂ ’ਤੇ ਕਬਜ਼ਾ ਕਰਨ ਦੇ ਮਕਸਦ ਨਾਲ ਡੋਨਾਲਡ ਟਰੰਪ ਨੇ 20 ਮਾਰਚ ਨੂੰ ਅਮਰੀਕਾ ਤੋਂ 4000 ਜ਼ਮੀਨੀ ਸੈਨਿਕ ਭੇਜਣ ਤੋਂ ਬਾਅਦ ਜਾਪਾਨ ਨੂੰ ਵੀ 3000 ਸੈਨਿਕ ਭੇਜਣ ਲਈ ਕਿਹਾ ਹੈ। ਖਾਰਗ ਟਾਪੂ ਹੀ ਪੀਣ ਵਾਲੇ ਪਾਣੀ ਦਾ ਵੀ ਕੁਦਰਤੀ ਸਰੋਤ ਹੈ।

21 ਮਾਰਚ ਨੂੰ ਟਰੰਪ ਨੇ ਕਿਹਾ ਕਿ ਜੰਗ ਲਗਭਗ ਸਮਾਪਤ ਹੋ ਚੁੱਕੀ ਹੈ ਅਤੇ ਅਸੀਂ ਇੱਥੋਂ ਹਟ ਜਾਵਾਂਗੇ। 22 ਨੂੰ ਕਿਹਾ ਕਿ ਅਸੀਂ ਜੰਗ ਹੋਰ ਤੇਜ਼ ਕਰ ਰਹੇ ਹਾਂ। ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਈਰਾਨ ਨੇ 48 ਘੰਟਿਆਂ ’ਚ ਸਟ੍ਰੇਟ ਆਫ ਹੋਰਮੁਜ਼ ਨੂੰ ਨਹੀਂ ਖੋਲ੍ਹਿਆ ਤਾਂ ਈਰਾਨ ਦੇ ਪਾਵਰ ਪਲਾਂਟਾਂ ਨੂੰ ਨੇਸਤਨਾਬੂਦ ਕਰ ਦਿੱਤਾ ਜਾਵੇਗਾ, ਜਦਕਿ ਈਰਾਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਦੇ ਪਾਵਰ ਪਲਾਂਟਾਂ ’ਤੇ ਹਮਲਾ ਕੀਤਾ ਗਿਆ ਤਾਂ ਮੱਧ-ਪੂਰਬ ’ਚ ਅਮਰੀਕਾ ਨਾਲ ਸਬੰਧਤ ਊਰਜਾ ਬੁਨਿਆਦੀ ਢਾਂਚਿਆਂ ’ਤੇ ਜਵਾਬੀ ਹਮਲਾ ਕਰਾਂਗੇ।

ਪਰ ਇਸ ਜੰਗ ਦੇ ਵਿਸ਼ਵ ਦੀ ਆਰਥਿਕਤਾ ’ਤੇ ਪੈਣ ਵਾਲੇ ਪ੍ਰਭਾਵ ਆਉਣ ਵਾਲੇ ਕੁਝ ਸਮੇਂ ਤੱਕ ਖ਼ਤਮ ਨਹੀਂ ਹੋਣਗੇ। ਅਮਰੀਕਾ ਵੱਲੋਂ ਈਰਾਨ ਦੇ ਤੇਲ ਬਰਾਮਦ ਕੇਂਦਰ ‘ਖਾਰਗ’ ਟਾਪੂ ਦੇ 90 ਟਿਕਾਣਿਆਂ ’ਤੇ ਕੀਤੇ ਹਮਲਿਆਂ ਦਾ ਪ੍ਰਭਾਵ ਸਿਰਫ ਸਟਾਕ ਮਾਰਕੀਟ ਢਹਿ-ਢੇਰੀ ਹੋਣ ਜਾਂ ਵਿੱਤੀ ਪ੍ਰਭਾਵਾਂ ਤੱਕ ਹੀ ਸੀਮਤ ਨਹੀਂ ਹੈ। ਤੇਲ ਉਤਪਾਦਨ ਪ੍ਰਭਾਵਿਤ ਹੋਣ ਨਾਲ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ 70 ਡਾਲਰ ਤੋਂ 110 ਤੋਂ 126 ਡਾਲਰ ਤੱਕ ਵਧ ਸਕਦੀਆਂ ਹਨ ਜਿਸ ਦਾ ਡੂੰਘਾ ਪ੍ਰਭਾਵ ਵਪਾਰ ’ਤੇ ਵੀ ਪਵੇਗਾ ਅਤੇ ਰੋਜ਼ਾਨਾ ਦੀਆਂ ਵਸਤਾਂ ਮਹਿੰਗੀਆਂ ਹੋ ਸਕਦੀਆਂ ਹਨ। ਈਰਾਨੀ ਸੰਸਦ ਮੈਂਬਰ ਐਲੈਦੀਨ ਬੋਰੌਜਰਡੀ ਨੇ ਕਿਹਾ ਹੈ ਕਿ ਈਰਾਨ ਸਟ੍ਰੇਟ ਆਫ ਹੋਰਮੁਜ਼ ਤੋਂ ਗੁਜ਼ਰਨ ਵਾਲੇ ਕੁਝ ਜਹਾਜ਼ਾਂ ਤੋਂ ਜੰਗ ਦੀ ਲਾਗਤ ਦੇ ਤੌਰ ’ਤੇ 2 ਮਿਲੀਅਨ ਡਾਲਰ (ਲਗਭਗ 18.8 ਕਰੋੜ ਰੁਪਏ) ਵਸੂਲ ਕਰ ਰਿਹਾ ਹੈ।

ਗੈਸ ਦੀਆਂ ਕੀਮਤਾਂ 40 ਤੋਂ 50 ਫੀਸਦੀ ਤੱਕ ਚੜ੍ਹ ਗਈਆਂ ਹਨ, ਜ਼ਰੂਰੀ ਖਣਿਜਾਂ ਦੀ ਕਮੀ ਵੀ ਪ੍ਰਭਾਵਿਤ ਹੈ ਕਿਉਂਕਿ ਜੰਗ ਦੇ ਕਾਰਨ ਵਿਸ਼ਵਵਿਆਪੀ ਸਲਫ਼ਰ ਸਪਲਾਈ ਜੋ ਕਿ ਈਰਾਨ ਤੋਂ ਆਉਂਦੀ ਹੈ, 45 ਫੀਸਦੀ ਤੱਕ ਘੱਟ ਹੋਈ ਹੈ। ਹੀਲੀਅਮ, ਜਿਸ ਦੀ ਵਰਤੋਂ ਐੱਮ. ਆਰ. ਆਈ. ਮਸ਼ੀਨਾਂ ’ਚ ਇਕ ਸੁਪਰ ਕੂਲਿੰਗ ਏਜੰਟ ਵਜੋਂ ਕੀਤੀ ਜਾਂਦੀ ਹੈ, ਦੀ ਸਪਲਾਈ ਰੁਕਣ ਨਾਲ ਭਾਰਤ ਦੇ ਐੱਮ. ਆਰ. ਆਈ. ਸਕੈਨਿੰਗ ਉਦਯੋਗ ਲਈ ਖ਼ਤਰਾ ਪੈਦਾ ਹੋ ਗਿਆ ਹੈ, ਕਿਉਂਕਿ ਜੇਕਰ ਤਰਲ ਹੀਲੀਅਮ ਖ਼ਤਮ ਹੋ ਜਾਵੇ, ਤਾਂ ਐੱਮ. ਆਰ. ਆਈ. ਮਸ਼ੀਨ ਗਰਮ ਹੋ ਕੇ ਕੰਮ ਕਰਨਾ ਬੰਦ ਕਰ ਦੇਵੇਗੀ। ਖਾਦ ਅਤੇ ਤਾਂਬਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ।

ਖਾੜੀ ਦੇਸ਼ ਗੰਭੀਰ ਮੰਦੀ ਦਾ ਸਾਹਮਣਾ ਕਰ ਸਕਦੇ ਹਨ। ਇੱਥੋਂ ਤੱਕ ਕਿ ਆਪਣੀ ‘ਮੋਸਾਇਕ ਡਾਕਟਰੀਨ’, ਜੋ ਫ਼ੌਜੀ ਸਮਰੱਥਾਵਾਂ ਨੂੰ ਵਿਕੇਂਦਰੀਕ੍ਰਿਤ ਕਰਦਿਆਂ ਲੀਡਰਾਂ ਦੇ ਮਾਰੇ ਜਾਣ ’ਤੇ ਖਾਲੀ ਥਾਂ ਤੁਰੰਤ ਭਰਨ ’ਚ ਇਸ ਨੂੰ ਸਮਰੱਥ ਬਣਾਉਂਦੀ ਹੈ, ’ਤੇ ਨਿਰਭਰ ਈਰਾਨ ਵੀ ਵਿਸ਼ਾਲ ਖਾੜੀ ਦੇਸ਼ ਵਜੋਂ ਖ਼ੁਦ ਨੂੰ ਬਚਾ ਨਹੀਂ ਸਕੇਗਾ।

ਇਸ ਸਭ ਦੇ ਵਿਚਾਲੇ ਸਵਾਲ ਉੱਠਦਾ ਹੈ ਕਿ ਸਭ ਤੋਂ ਵੱਡਾ ਅਤੇ ਤਾਕਤਵਰ ਮੱਧ-ਪੂਰਬੀ ਦੇਸ਼ ਬਣਨ ਦੀ ਇਜ਼ਰਾਈਲ ਦੀ ਮਹੱਤਵਪੂਰਨ ਇੱਛਾ ਅਤੇ ਟਰੰਪ ਦੇ ਸਭ ਤੋਂ ਸ਼ਕਤੀਸ਼ਾਲੀ ਬਣਨ ਦੇ ਮਹਾਨ ਸੁਪਨੇ ਨੂੰ ਪੂਰਾ ਕਰਨ ਅਤੇ ਅਮਰੀਕੀ ਜਨਤਾ ਦਾ ਧਿਆਨ ਐਪਸਟੀਨ ਫਾਈਲਾਂ ਤੋਂ ਹਟਾਉਣ ਲਈ ਛੇੜੀ ਗਈ ਇਸ ਜੰਗ ਦੀ ਆਧੁਨਿਕ ਵਿਸ਼ਵ ’ਚ ਕੋਈ ਜਗ੍ਹਾ ਹੋਣੀ ਚਾਹੀਦੀ ਹੈ?


author

Sandeep Kumar

Content Editor

Related News