‘ਨੇਪਾਲ-35 ਸਾਲ ਦੇ ਬਾਲੇਨ ਸ਼ਾਹ ਬਣੇ ਪ੍ਰਧਾਨ ਮੰਤਰੀ’ ਭਾਰਤ ਨਾਲ ਸੰਬੰਧਾਂ ’ਚ ਗਰਮਜ਼ੋਸ਼ੀ ਦੀ ਉਮੀਦ!
Saturday, Mar 28, 2026 - 04:15 AM (IST)
ਨੇਪਾਲ ’ਚ 239 ਸਾਲ ਪੁਰਾਣੀ ਰਾਜਸ਼ਾਹੀ ਵਿਵਸਥਾ 2008 ’ਚ ਖ਼ਤਮ ਹੋਈ ਸੀ। ਉਦੋਂ ਤੋਂ ਹੁਣ ਤੱਕ ਨੇਪਾਲ ’ਚ ਕਿਸੇ ਵੀ ਪਾਰਟੀ ਨੇ ਆਪਣੇ ਦਮ ’ਤੇ ਸਰਕਾਰ ਨਹੀਂ ਬਣਾਈ। ਇਸ ਵਾਰ ‘ਰਾਸ਼ਟਰੀ ਸੁਤੰਤਰ ਪਾਰਟੀ’ ਬਾਲੇਨ ਸ਼ਾਹ ਦੀ ਅਗਵਾਈ ’ਚ ਆਪਣੇ ਦਮ ’ਤੇ ਬਹੁਮਤ ’ਚ ਆਈ ਹੈ। 5 ਮਾਰਚ ਨੂੰ ਹੋਈਆਂ ਚੋਣਾਂ ’ਚ ‘ਰਾਸ਼ਟਰੀ ਸੁਤੰਤਰ ਪਾਰਟੀ’ ਨੇ 275 ’ਚੋਂ 182 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।
35 ਸਾਲਾ ਬਾਲੇਨ ਸ਼ਾਹ ਦਾ ਜਨਮ ਕਾਠਮੰਡੂ ਦੇ ਗੈਰ ਗਾਊਨ ’ਚ 1990 ’ਚ ਹੋਇਆ ਸੀ। ਬਾਲੇਨ ਦੇ ਪਿਤਾ ਰਾਮ ਨਾਰਾਇਣ ਸ਼ਾਹ ਆਯੁਰਵੇਦ ਦੇ ਡਾਕਟਰ ਹਨ ਅਤੇ ਇਨ੍ਹਾਂ ਦੀ ਮਾਤਾ ਦਾ ਨਾਂ ਧਰੁਵਦੇਵੀ ਸ਼ਾਹ ਹੈ। ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਕਈ ਸਾਲਾਂ ਤੋਂ ਨੇਪਾਲ ਦੇ ਹਿਪ-ਹਾਪ ਸੰਗੀਤ ਜਗਤ ‘ਨੇਫਹਾਪ’ ਨਾਲ ਜੁੜੇ ਰਹੇ ਹਨ। ਬਾਲੇਨ ਸ਼ਾਹ ਮਈ 2022 ’ਚ ਪਹਿਲੀ ਵਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਮੇਅਰ ਬਣੇ ਸਨ।
ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਪਾਬੰਦੀ ਦੇ ਵਿਰੁੱਧ ਸ਼ੁਰੂ ਹੋਏ ਪ੍ਰਦਰਸ਼ਨਾਂ ਦੌਰਾਨ ਨੌਜਵਾਨਾਂ ’ਚ ਉਨ੍ਹਾਂ ਦੀ ਲੋਕਪ੍ਰਿਯਤਾ ਹੋਰ ਵਧ ਗਈ। ਇਨ੍ਹਾਂ ਪ੍ਰਦਰਸ਼ਨਾਂ ’ਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਆਰਥਿਕ ਖੜੋਤ ਨੂੰ ਲੈ ਕੇ ਵੀ ਗੁੱਸਾ ਸੀ। ਇਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਕੇ. ਪੀ. ਓਲੀ ਨੂੰ ਅਹੁਦਾ ਛੱਡਣਾ ਪਿਆ।
ਜਦੋਂ ਨੇਪਾਲ ’ਚ ਬਾਲੇਨ ਸ਼ਾਹ ਦੀ ਰਾਸ਼ਟਰੀ ਸੁਤੰਤਰ ਪਾਰਟੀ ਨੇ ਚੋਣਾਂ ’ਚ ਜਿੱਤ ਹਾਸਲ ਕੀਤੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੇਨ ਸ਼ਾਹ ਨੂੰ ਟੈਲੀਫੋਨ ’ਤੇ ਵਧਾਈ ਦਿੱਤੀ ਸੀ ਅਤੇ ਹੁਣ ਸ਼ੁੱਕਰਵਾਰ ਨੂੰ ਜਦੋਂ ਬਾਲੇਨ ਸ਼ਾਹ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ “ਸ਼੍ਰੀ ਬਾਲੇਨ ਸ਼ਾਹ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲੈਣ ’ਤੇ ਹਾਰਦਿਕ ਵਧਾਈ। ਤੁਹਾਡੀ ਨਿਯੁਕਤੀ ਨੇਪਾਲ ਦੀ ਜਨਤਾ ਵੱਲੋਂ ਤੁਹਾਡੀ ਅਗਵਾਈ ’ਚ ਜਤਾਏ ਗਏ ਭਰੋਸੇ ਨੂੰ ਦਰਸਾਉਂਦੀ ਹੈ। ਮੈਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਆਪਸੀ ਲਾਭ ਅਤੇ ਭਾਰਤ-ਨੇਪਾਲ ਦੋਸਤੀ ਤੇ ਸਹਿਯੋਗ ਨੂੰ ਹੋਰ ਵੀ ਨਵੀਆਂ ਉਚਾਈਆਂ ’ਤੇ ਲੈ ਕੇ ਜਾਣ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ।”
ਬਾਲੇਨ ਸ਼ਾਹ ਨੇ ਜੂਨ 2023 ’ਚ ਕਾਠਮੰਡੂ ਦੇ ਮੇਅਰ ਹੁੰਦਿਆਂ ਹਿੰਦੀ ਫਿਲਮ ‘ਆਦਿ ਪੁਰਸ਼’ ’ਤੇ ਪਾਬੰਦੀ ਲਗਾ ਦਿੱਤੀ ਸੀ। ਬਾਲੇਨ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਫਿਲਮ ’ਚ ਹਿੰਦੂ ਦੇਵੀ ਸੀਤਾ ਨੂੰ ਭਾਰਤ ਨਾਲ ਸਬੰਧਤ ਦੱਸਿਆ ਗਿਆ ਸੀ। ਇਸ ਤੋਂ ਇਲਾਵਾ 2020 ’ਚ ਨੇਪਾਲ ਦੇ ਤਤਕਾਲੀ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਵੱਲੋਂ ਉੱਤਰਾਖੰਡ ਦੇ ਕਈ ਹਿੱਸਿਆਂ ਨੂੰ ਨੇਪਾਲ ਦਾ ਹਿੱਸਾ ਦੱਸਣ ਵਾਲੇ ਨਕਸ਼ੇ ਨੂੰ ਉਨ੍ਹਾਂ ਨੇ ਆਪਣੇ ਦਫ਼ਤਰ ’ਚ ਲਗਾ ਦਿੱਤਾ ਸੀ।
ਇਸੇ ਤਰ੍ਹਾਂ ਨੇਪਾਲ ’ਚ ਝਾਪਾ ਦੇ ਦਮਕ ’ਚ ਬਣਨ ਵਾਲੇ ਨੇਪਾਲ-ਚੀਨ ਫ੍ਰੈਂਡਸ਼ਿਪ ਇੰਡਸਟਰੀਅਲ ਪਾਰਕ ਨੂੰ ਬਾਲੇਨ ਸ਼ਾਹ ਨੇ ਆਪਣੇ ਐਲਾਨ ਪੱਤਰ ਤੋਂ ਹਟਾ ਦਿੱਤਾ ਸੀ। ਇਹ ਪ੍ਰਾਜੈਕਟ ਭਾਰਤ-ਨੇਪਾਲ ਸਰਹੱਦ ਦੇ ਨੇੜੇ ਸਥਿਤ ਸੰਵੇਦਨਸ਼ੀਲ ਸਿਲੀਗੁੜੀ ਕਾਰੀਡੋਰ ਭਾਵ ‘ਚਿਕਨ ਨੈੱਕ’ ਦੇ ਨੇੜੇ ਹੈ, ਜੋ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕ ਤੰਗ ਪੱਟੀ ਹੈ। ਭਾਰਤ ਇਸ ਪ੍ਰਾਜੈਕਟ ਨੂੰ ਲੈ ਕੇ ਖੁਸ਼ ਨਹੀਂ ਸੀ ਅਤੇ ਇਸ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਜਗ-ਜ਼ਾਹਿਰ ਹਨ।
ਸਿਰਫ਼ ਤਿੰਨ ਸਾਲ ਪਹਿਲਾਂ ਬਣੀ ਆਰ. ਐੱਸ. ਪੀ. ਅਤੇ ਬਾਲੇਨ ਸ਼ਾਹ ਨੇਪਾਲ ਦੀਆਂ ਬਾਕੀ ਪਾਰਟੀਆਂ ਅਤੇ ਨੇਤਾਵਾਂ ਦੇ ਮੁਕਾਬਲੇ ਬਿਲਕੁਲ ਨਵੇਂ ਹਨ। ਭਾਰਤ ਕੋਲ ਨੇਪਾਲ ਦੀਆਂ ਕਮਿਊਨਿਸਟ ਪਾਰਟੀਆਂ ਅਤੇ ਨੇਪਾਲੀ ਕਾਂਗਰਸ ਪਾਰਟੀ ਨਾਲ ਕੰਮ ਕਰਨ ਦਾ ਤਜਰਬਾ ਹੈ, ਪਰ ਆਰ. ਐੱਸ. ਪੀ. ਨਾਲ ਕੰਮ ਕਰਨਾ ਭਾਰਤ ਲਈ ਵੀ ਨਵਾਂ ਤਜਰਬਾ ਹੋਵੇਗਾ। ਲਿਹਾਜ਼ਾ ਹੁਣ ਭਾਰਤੀ ਵਿਦੇਸ਼ ਮੰਤਰਾਲਾ ਦੇ ਅਫਸਰਾਂ ਨੂੰ ਵੀ ਇਸ ਮਾਮਲੇ ’ਚ ਨੇਪਾਲ ਨਾਲ ਰਿਸ਼ਤਿਆਂ ਨੂੰ ਲੈ ਕੇ ਸਖ਼ਤ ਮਿਹਨਤ ਕਰਨੀ ਪਵੇਗੀ।
ਹੁਣ ਤੱਕ ਇਹ ਧਾਰਨਾ ਸੀ ਕਿ 2015 ’ਚ ਨਵਾਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਨੇਪਾਲ ’ਚ ਕੋਈ ਵੀ ਪਾਰਟੀ ਆਪਣੇ ਦਮ ’ਤੇ ਸਰਕਾਰ ਨਹੀਂ ਬਣਾ ਸਕੇਗੀ, ਪਰ ਬਾਲੇਨ ਸ਼ਾਹ ਨੇ ਇਸ ਧਾਰਨਾ ਨੂੰ ਵੀ ਤੋੜ ਦਿੱਤਾ ਹੈ। ਬਾਲੇਨ ਸ਼ਾਹ ਲਈ ਇਹ ਇਕ ਤਾਕਤ ਵੀ ਹੈ ਅਤੇ ਇਕ ਵੱਡੀ ਚੁਣੌਤੀ ਵੀ।
ਤਾਕਤ ਇਸ ਲਈ ਕਿ ਸਰਕਾਰ ਕਿਸੇ ਦੇ ਸਮਰਥਨ ’ਤੇ ਨਿਰਭਰ ਨਹੀਂ ਹੋਵੇਗੀ। ਚੁਣੌਤੀ ਇਸ ਲਿਹਾਜ਼ ਨਾਲ ਹੋਵੇਗੀ ਕਿ ਬਾਲੇਨ ਤੋਂ ਨਾ ਸਿਰਫ਼ ਨੇਪਾਲ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ, ਸਗੋਂ ਭਾਰਤ ਨੂੰ ਵੀ ਨੇਪਾਲ ਨਾਲ ਸੰਬੰਧਾਂ ’ਚ ਗਰਮਜ਼ੋਸ਼ੀ ਦੀ ਆਸ ਹੈ, ਕਿਉਂਕਿ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦਾ ਚੀਨ ਪ੍ਰਤੀ ਝੁਕਾਅ ਜਗ-ਜ਼ਾਹਿਰ ਸੀ, ਪਰ ਫਿਲਹਾਲ ਬਾਲੇਨ ਸ਼ਾਹ ਦੇ ਮਾਮਲੇ ’ਚ ਅਜਿਹਾ ਨਜ਼ਰ ਨਹੀਂ ਆਉਂਦਾ।
-ਵਿਜੇ ਕੁਮਾਰ
