‘ਵਿਦੇਸ਼ ਭੇਜਣ ਦੇ ਨਾਂ ’ਤੇ’ ਠੱਗੀ ਲਗਾਤਾਰ ਜਾਰੀ!
Wednesday, Mar 25, 2026 - 05:31 AM (IST)
ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਏ ਅਤੇ ਬਿਹਤਰ ਜੀਵਨ ਜੀਵੇ। ਇਸੇ ਆਸ ’ਚ ਸੁਖਦਾਈ ਭਵਿੱਖ ਦੇ ਸੁਪਨੇ ਸੰਜੋਅ ਕੇ ਅਨੇਕਾਂ ਨੌਜਵਾਨ ਕਿਸੇ ਵੀ ਤਰ੍ਹਾਂ ਵਿਦੇਸ਼ ਪਹੁੰਚਣਾ ਚਾਹੁੰਦੇ ਹਨ। ਇਸੇ ਜਨੂੰਨ ’ਚ ਅਨੇਕਾਂ ਨੌਜਵਾਨ ਜਾਅਲਸਾਜ਼ ਏਜੰਟਾਂ ਵੱਲੋਂ ਲਗਾਤਾਰ ਠੱਗੇ ਜਾ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ ਸਾਢੇ ਤਿੰਨ ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 13 ਦਸੰਬਰ, 2025 ਨੂੰ ‘ਰਾਏਬਰੇਲੀ’ (ਉੱਤਰ ਪ੍ਰਦੇਸ਼) ਦੇ ‘ਲਾਲਗੰਜ’ ’ਚ ਵਿਦੇਸ਼ ਭੇਜਣ ਦੇ ਨਾਂ ’ਤੇ 100 ਤੋਂ ਵੱਧ ਲੋਕਾਂ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਮਾਮਲੇ ’ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸ਼ਾਤਿਰਾਂ ਨੇ ਇਕ ਫ਼ਰਜ਼ੀ ਕੰਪਨੀ ਖੋਲ੍ਹ ਕੇ ਨੌਜਵਾਨਾਂ ਨੂੰ ‘ਅਜ਼ਰਬਾਈਜਾਨ’ ’ਚ ਇਲੈਕਟ੍ਰੀਸ਼ੀਅਨ, ਸ਼ਟਰਿੰਗ ਅਤੇ ਫੂਡ ਪੈਕੇਜਿੰਗ ਵਰਗੀਆਂ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਹਰੇਕ ਵਿਅਕਤੀ ਤੋਂ 90,000 ਤੋਂ 1 ਲੱਖ ਰੁਪਏ ਤੱਕ ਦੀ ਰਕਮ ਵਸੂਲ ਕੇ ਨਕਲੀ ਦਸਤਾਵੇਜ਼ ਫੜਾ ਦਿੱਤੇ, ਜਿਸ ਦਾ ਪਤਾ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਪਹੁੰਚਣ ’ਤੇ ਲੱਗਾ।
* 18 ਫਰਵਰੀ, 2026 ਨੂੰ ‘ਦੁਬਈ’ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਲਗਭਗ 130 ਲੋਕਾਂ ਨਾਲ 1.50 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਵਿਅਕਤੀ ਨੂੰ ‘ਕੰਨਿਆਕੁਮਾਰੀ’ (ਤਾਮਿਲਨਾਡੂ) ਪੁਲਸ ਨੇ ਗ੍ਰਿਫ਼ਤਾਰ ਕੀਤਾ।
* 23 ਫਰਵਰੀ, 2026 ਨੂੰ ‘ਸ਼ਿਮਲਾ’ ’ਚ ਇਕ ਮੁਟਿਆਰ ਦਾ ਕੈਨੇਡਾ ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਲਗਭਗ 25 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ‘ਬਾਲੂਗੰਜ’ ਥਾਣਾ ਖੇਤਰ ਦੀ ਪੁਲਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ।
* 1 ਮਾਰਚ, 2026 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ’ਚ ਨੌਕਰੀ ਦਾ ਝਾਂਸਾ ਦੇ ਕੇ 100 ਤੋਂ ਵੱਧ ਲੋਕਾਂ ਨਾਲ 70 ਲੱਖ ਰੁਪਏ ਤੋਂ ਜ਼ਿਆਦਾ ਦੀ ਠੱਗੀ ਕਰਨ ਦੇ ਦੋਸ਼ ’ਚ ਠੱਗ ਟ੍ਰੈਵਲ ਏਜੰਟਾਂ ਵਿਰੁੱਧ ਮਾਮਲਾ ਦਰਜ ਕੀਤਾ।
* 15 ਮਾਰਚ, 2026 ਨੂੰ ਲੋਕਾਂ ਨੂੰ ‘ਡਾਟਾ ਐਂਟਰੀ ਜੌਬ’ ਦਾ ਝਾਂਸਾ ਦੇ ਕੇ ਕੰਬੋਡੀਆ ਭੇਜਣ ਦੇ ਦੋਸ਼ ’ਚ ਪੁਲਸ ਨੇ ‘ਕਾਨਪੁਰ’ ਤੋਂ ਇਕ ਫ਼ਰਜ਼ੀ ‘ਰਿਕਰੂਟਰ’ ਨੂੰ ਗ੍ਰਿਫ਼ਤਾਰ ਕੀਤਾ, ਜਿੱਥੇ ਉਨ੍ਹਾਂ ਨੂੰ ਜ਼ਬਰਦਸਤੀ ਸਾਈਬਰ ਅਪਰਾਧ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
* 20 ਮਾਰਚ, 2026 ਨੂੰ ‘ਨਾਗਪੁਰ’ (ਮਹਾਰਾਸ਼ਟਰ) ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ 15 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ।
* 22 ਮਾਰਚ, 2026 ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਅੰਮ੍ਰਿਤਸਰ, ਥਾਣਾ ਸਦਰ ਦੀ ਪੁਲਸ ਨੇ ਟ੍ਰੈਵਲ ਏਜੰਟ ਦਵਿੰਦਰ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਮੁਲਜ਼ਮ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 5.81 ਲੱਖ ਰੁਪਏ ਠੱਗ ਲਏ ਪਰ ਨਾ ਤਾਂ ਮੁਲਜ਼ਮ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
* 23 ਮਾਰਚ, 2026 ਨੂੰ ਯੂਰਪ, ਫਿਨਲੈਂਡ, ਪੋਲੈਂਡ ਅਤੇ ਰੂਸ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 50 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨਾਲ ਠੱਗੀ ਕਰਨ ਅਤੇ ਉਨ੍ਹਾਂ ਦੇ ਪਾਸਪੋਰਟ ਵੀ ਜ਼ਬਤ ਕਰ ਲੈਣ ਦੇ ਦੋਸ਼ ’ਚ ਪੀੜਤਾਂ ਨੇ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
* 23 ਮਾਰਚ, 2026 ਨੂੰ ਹੀ ਇਕ ਵਿਅਕਤੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਸਾਢੇ ਚਾਰ ਲੱਖ ਰੁਪਏ ਠੱਗਣ ਦੇ ਦੋਸ਼ ’ਚ ਥਾਣਾ ਮਾਡਲ ਟਾਊਨ, ‘ਹੁਸ਼ਿਆਰਪੁਰ’ (ਪੰਜਾਬ) ਦੀ ਪੁਲਸ ਨੇ ਇਕ ਮੁਲਜ਼ਮ ਵਿਰੁੱਧ ਮਾਮਲਾ ਦਰਜ ਕੀਤਾ।
* 23 ਮਾਰਚ, 2026 ਨੂੰ ਹੀ ‘ਬਰਾੜਾ’ (ਹਰਿਆਣਾ) ਪੁਲਸ ਨੇ ‘ਰਾਜੋਖੇੜੀ’ ਪਿੰਡ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਯਮੁਨਾਨਗਰ ਦੇ 4 ਟ੍ਰੈਵਲ ਏਜੰਟਾਂ ਵਿਰੁੱਧ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਪੌਣੇ 26 ਲੱਖ ਰੁਪਏ ਠੱਗ ਲੈਣ ਅਤੇ ਆਪਣੀ ਰਕਮ ਵਾਪਸ ਮੰਗਣ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਕੇਸ ਦਰਜ ਕੀਤਾ।
* 23 ਮਾਰਚ, 2026 ਨੂੰ ਹੀ ‘ਰਸੜਾ’ (ਬਲੀਆ, ਉੱਤਰ ਪ੍ਰਦੇਸ਼) ਦੀ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਅਤੇ ਮੋਬਾਈਲ ’ਤੇ ਫ਼ਰਜ਼ੀ ਵੀਜ਼ਾ ਭੇਜ ਕੇ 4 ਲੋਕਾਂ ਤੋਂ ਲਗਭਗ 5 ਲੱਖ ਰੁਪਏ ਠੱਗ ਲੈਣ ਅਤੇ ਆਪਣੇ ਪੈਸੇ ਵਾਪਸ ਮੰਗਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਰਿਸ਼ਤੇ ’ਚ ਜੀਜਾ-ਸਾਲਾ ‘ਹਾਰੂਨ’ ਅਤੇ ‘ਨਦੀਮ’ ਨਾਂ ਦੇ 2 ਏਜੰਟਾਂ ਵਿਰੁੱਧ ਕੇਸ ਦਰਜ ਕੀਤਾ।
ਅਜਿਹੀਆਂ ਹੀ ਘਟਨਾਵਾਂ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਫ਼ਰਜ਼ੀ ਪ੍ਰਸਤਾਵਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਭਰਤੀ ਏਜੰਟਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।
ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਬਿਹਤਰ ਹੋਵੇਗਾ ਕਿ ਜਿੰਨੀ ਰਕਮ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖ਼ਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖ਼ਰਚ ਕਰਕੇ ਉਹ ਉਨ੍ਹਾਂ ਨੂੰ ਕੋਈ ਕਾਰੋਬਾਰ ਸ਼ੁਰੂ ਕਰਵਾ ਦੇਣ।
—ਵਿਜੇ ਕੁਮਾਰ
