ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ ਕਦਮ

Saturday, Mar 28, 2026 - 05:14 PM (IST)

ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ ਕਦਮ

ਪ੍ਰੋਫ਼ੈਸਰ ਹੈਰਾਲਡ ਜ਼ੁਰ ਹਾਊਜ਼ੇਨ ਨੂੰ 2008 ’ਚ ਉਨ੍ਹਾਂ ਦੀ ਇਸ ਖੋਜ ਲਈ ਨੋਬਲ ਪੁਰਸਕਾਰ ਮਿਲਿਆ ਕਿ ਹਿਊਮਨ ਪੈਪੀਲੋਮਾ ਵਾਇਰਸ (ਐੱਚ. ਪੀ. ਵੀ.) ਦੇ ਹਾਈ-ਰਿਸਕ ਸਟ੍ਰੇਨ ਨਾਲ ਲਗਾਤਾਰ ਹੋਣ ਵਾਲਾ ਇਨਫੈਕਸ਼ਨ ਹੀ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਹੈ। ਇਹ ਦੁਨੀਆ ਭਰ ’ਚ ਬਿਮਾਰੀ ਅਤੇ ਮੌਤ ਦਾ ਇਕ ਵੱਡਾ ਕਾਰਨ ਹੈ, ਪਰ ਘੱਟ ਅਤੇ ਹੇਠਲੇ-ਮੱਧ ਆਮਦਨ ਵਾਲੇ ਦੇਸ਼ਾਂ (ਐੱਲ. ਐੱਮ. ਆਈ. ਸੀ.) ’ਚ ਇਸ ਦਾ ਪ੍ਰਭਾਵ ਜ਼ਿਆਦਾ ਹੈ। ਉਨ੍ਹਾਂ ਦੀ ਇਸ ਖੋਜ ਨੇ ਬਿਮਾਰੀ ਤੋਂ ਬਚਾਉਣ ਵਾਲੇ ਟੀਕਿਆਂ ਦੇ ਨਾਲ-ਨਾਲ ਇਨਫੈਕਸ਼ਨ ਫੈਲਾਉਣ ਵਾਲੇ ਏਜੰਟ ਦਾ ਪਤਾ ਲਗਾਉਣ ਵਾਲੇ ਟੈਸਟਾਂ ਦੇ ਵਿਕਾਸ ਦਾ ਰਾਹ ਵੀ ਪੱਧਰਾ ਕੀਤਾ।

ਸਰਵਾਈਕਲ ਕੈਂਸਰ ਭਾਰਤ ’ਚ ਔਰਤਾਂ ’ਚ ਦੂਜਾ ਸਭ ਤੋਂ ਆਮ ਕੈਂਸਰ ਹੈ। ਹਰ ਸਾਲ ਇਸ ਦੇ ਲਗਭਗ 1 ਲੱਖ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ ’ਚੋਂ ਕਰੀਬ ਅੱਧੇ ਮਾਮਲਿਆਂ ’ਚ ਮੌਤ ਹੋ ਜਾਂਦੀ ਹੈ, ਜੋ ਦੁਨੀਆ ਭਰ ਦੇ ਕੈਂਸਰ ਦੇ ਬੋਝ ਦਾ ਲਗਭਗ ਇਕ-ਚੌਥਾਈ ਹਿੱਸਾ ਹੈ। ਪੀੜਤ ਔਰਤਾਂ ਮੁਕਾਬਲਤਨ ਘੱਟ ਉਮਰ ਦੀਆਂ ਹੁੰਦੀਆਂ ਹਨ ਅਤੇ ਪਰਿਵਾਰ ਤੇ ਸਮਾਜ ’ਚ ਅਹਿਮ ਭੂਮਿਕਾ ਨਿਭਾਅ ਰਹੀਆਂ ਹੁੰਦੀਆਂ ਹਨ। ਕੈਂਸਰ ਮਾਹਿਰ ਵਜੋਂ, ਮੈਂ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਨੇੜਿਓਂ ਦੇਖਿਆ ਹੈ। ਅਜਿਹੀਆਂ ਔਰਤਾਂ, ਜਿਨ੍ਹਾਂ ’ਚ ਚੌਥੀ ਸਟੇਜ ’ਤੇ ਇਸ ਰੋਗ ਦਾ ਪਤਾ ਲੱਗਿਆ, ਉਨ੍ਹਾਂ ’ਚ ‘ਯੂਰੀਨਰੀ ਫਿਸਟੁਲਾ’ ਵਿਕਸਿਤ ਹੋ ਚੁੱਕਾ ਸੀ ਅਤੇ ਕੰਸਲਟਿੰਗ ਰੂਮ ’ਚ ਉਨ੍ਹਾਂ ਦੇ ਦਾਖ਼ਲ ਹੋਣ ਤੋਂ ਪਹਿਲਾਂ ਹੀ ਬਦਬੂ ਆਉਣ ਲੱਗਦੀ ਸੀ। ਫਿਰ ਕੁਝ ਮੁਕਾਬਲਤਨ ਕਿਸਮਤ ਵਾਲੀਆਂ ਔਰਤਾਂ ਵੀ ਸਨ, ਜਿਨ੍ਹਾਂ ਨੂੰ ਸ਼ੁਰੂਆਤੀ ਅਵਸਥਾ ’ਚ ਹੀ ਬਿਮਾਰੀ ਦਾ ਪਤਾ ਲੱਗ ਗਿਆ ਸੀ, ਜਦੋਂ ਇਹ ਠੀਕ ਹੋ ਸਕਦੀ ਸੀ, ਪਰ ਸਿਰਫ਼ ਰੈਡੀਕਲ ਸਰਜਰੀ ਜਾਂ ਕੀਮੋ ਅਤੇ ਰੇਡੀਏਸ਼ਨ ਥੈਰੇਪੀ ਨਾਲ। ਅਜਿਹੀ ਹਾਲਤ ’ਚ ਸਖ਼ਤ ਸਰਜਰੀ ਦਾ ਸਰੀਰ ’ਤੇ ਅਸਰ ਹੋਇਆ, ਲੰਬੇ ਸਮੇਂ ਤੱਕ ਚੱਲੇ ਰੇਡੀਏਸ਼ਨ ਇਲਾਜ ਕਾਰਨ ਦੇਖਭਾਲ ਕਰਨ ਵਾਲਿਆਂ ਨੂੰ ਪੜ੍ਹਾਈ ਜਾਂ ਕੰਮ ਤੋਂ ਵਾਂਝੇ ਰਹਿਣਾ ਪਿਆ। ਇਸ ਤੋਂ ਇਲਾਵਾ, ਸਾਡੀਆਂ ਹਰ ਸੰਭਵ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਮਾਮਲਿਆਂ ’ਚ ਕੈਂਸਰ ਦੁਬਾਰਾ ਪਰਤ ਆਇਆ, ਜਿਸ ਲਈ ਹੋਰ ਵੀ ਗੁੰਝਲਦਾਰ ਪ੍ਰਕਿਰਿਆਵਾਂ ਦੀ ਲੋੜ ਪਈ। ਹਾਂ, ਅਸੀਂ ਇਲਾਜ ਕਰ ਸਕਦੇ ਸੀ, ਪਰ ਇਸ ਦੀ ਸਰੀਰਕ, ਭਾਵਨਾਤਮਕ ਅਤੇ ਆਰਥਿਕ ਕੀਮਤ ਚੁਕਾਉਣੀ ਪੈਂਦੀ ਸੀ।

ਹੋਰ ਵੀ ਦੁਖਦਾਈ ਗੱਲ ਇਹ ਸੀ ਕਿ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਸੀ। 1940 ਦੇ ਦਹਾਕੇ ਤੋਂ ਹੀ ਪੱਛਮੀ ਦੇਸ਼ਾਂ ’ਚ ਨਿਯਮਿਤ ‘ਪੈਪ ਸਮੀਅਰ’ ਜਾਂਚ ਰਾਹੀਂ ਰੋਕਥਾਮ ਦੀ ਵਿਵਸਥਾ ਕੀਤੀ ਗਈ ਸੀ, ਜਿਸ ਨਾਲ ਨਾ ਸਿਰਫ਼ ਕੈਂਸਰ ਦਾ, ਸਗੋਂ ਰੋਗ ਦੀਆਂ ਸ਼ੁਰੂਆਤੀ ਅਵਸਥਾਵਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਸੀ। ਸਰਵਾਈਕਲ ਕੈਂਸਰ ਦੇ ਇਤਿਹਾਸ ’ਚ 10-15 ਸਾਲਾਂ ਦਾ ਲੰਬਾ ‘ਪ੍ਰੀ-ਕੈਂਸਰਸ’ ਪੜਾਅ ਹੁੰਦਾ ਹੈ, ਜਿਸ ਨੂੰ ‘ਸਰਵਾਈਕਲ ਇੰਟਰਾਏਪੀਥੀਲੀਅਲ ਨਿਓਪਲਾਸੀਆ’ (ਸੀ. ਆਈ. ਐੱਨ.) ਕਿਹਾ ਜਾਂਦਾ ਹੈ। ਬੱਚੇਦਾਨੀ ਦੇ ਮੂੰਹ ਤੋਂ ਸੈੱਲਾਂ ਦੀ ਮਾਈਕ੍ਰੋਸਕੋਪਿਕ ਜਾਂਚ ਕਰਕੇ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ।

ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ’ਚ ਸਾਡੇ ਕੋਲ ਇੰਨੀਆਂ ਬੁਨਿਆਦੀ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਟਾਫ਼ ਨਹੀਂ ਸੀ ਕਿ 30 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਦੀ ਜੀਵਨ ’ਚ ਇਕ ਵਾਰ ਵੀ ਜਾਂਚ ਕੀਤੀ ਜਾ ਸਕੇ, ਜਦਕਿ ਹਰ ਤਿੰਨ ਸਾਲ ਦੇ ਵਕਫੇ ’ਤੇ ਇਹ ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਸੀ। ਅੱਜ ਵੀ, ਵਿਜ਼ੂਅਲ ਇਨਸਪੈਕਸ਼ਨ (ਵੀ. ਆਈ.) ਰਾਹੀਂ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਹੋਣ ਦੇ ਬਾਵਜੂਦ, ਜਾਂਚ ਦਾ ਘੇਰਾ 5 ਫ਼ੀਸਦੀ ਤੋਂ ਵੱਧ ਨਹੀਂ ਹੈ।

ਸਰਵਾਈਕਲ ਕੈਂਸਰ ਦੀ ਮੁੱਢਲੀ ਰੋਕਥਾਮ ਲਈ ਐੱਚ. ਪੀ. ਵੀ. ਟੀਕਾਕਰਨ ਨੇ 2006 ਵਿਚ ਇਕ ਉਮੀਦ ਭਰੇ ਸੁਪਰਹੀਰੋ ਵਾਂਗ ਪ੍ਰਵੇਸ਼ ਕੀਤਾ। ਸ਼ੁਰੂ ਵਿਚ ਇਹ 3 ਖ਼ੁਰਾਕਾਂ ਵਾਲਾ ਟੀਕਾ ਸੀ, ਪਰ ਲਗਾਤਾਰ ਖੋਜ ਨੇ ਸਾਬਿਤ ਕੀਤਾ ਕਿ ਇਸ ਨੂੰ 2 ਖ਼ੁਰਾਕਾਂ ਤੱਕ ਘਟਾਇਆ ਜਾ ਸਕਦਾ ਹੈ ਅਤੇ ਅੱਗੇ ਚੱਲ ਕੇ ਇਹ ਵੀ ਪਾਇਆ ਗਿਆ ਕਿ ਸਿਰਫ਼ ਇਕ ਖ਼ੁਰਾਕ ਹੀ 85-90 ਫ਼ੀਸਦੀ ਕੈਂਸਰ ਤੋਂ ਸੁਰੱਖਿਆ ਦੇਣ ਲਈ ਕਾਫ਼ੀ ਹੈ। ਇਕ ਸਾਧਾਰਨ ਜਿਹਾ ਇੰਜੈਕਸ਼ਨ ਇੰਨੀ ਵੱਡੀ ਤਕਲੀਫ਼ ਤੋਂ ਬਚਾ ਸਕਦਾ ਹੈ!

ਹੁਣ ਤੱਕ ਦੁਨੀਆ ਭਰ ਵਿਚ 50 ਕਰੋੜ ਤੋਂ ਵੱਧ ਅਤੇ ਭਾਰਤ ਵਿਚ ਲਗਭਗ 40 ਲੱਖ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਅੰਕੜਿਆਂ ਤੋਂ ਸਪੱਸ਼ਟ ਹੈ ਕਿ ਟੀਕਾ ਲਗਵਾਉਣ ਵਾਲੀਆਂ ਔਰਤਾਂ ਵਿਚ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਦੇਖੇ ਗਏ। ਇਨ੍ਹਾਂ ਟੀਕਿਆਂ ਦਾ ਪ੍ਰਜਨਨ ਸ਼ਕਤੀ ਜਾਂ ਮਾਹਵਾਰੀ ’ਤੇ ਕੋਈ ਨਕਾਰਾਤਮਕ ਅਸਰ ਨਹੀਂ ਪਾਇਆ ਗਿਆ।

ਡਬਲਯੂ. ਐੱਚ. ਓ. ਦੀ ਮੁਹਿੰਮ ਦਾ ਟੀਚਾ ਸਰਵਾਈਕਲ ਕੈਂਸਰ ਨੂੰ ਇਕ ਦੁਰਲੱਭ ਕੈਂਸਰ ਬਣਾਉਣਾ ਹੈ। ਇਸ ਲਈ 2030 ਤੱਕ 15 ਸਾਲ ਦੀ ਉਮਰ ਤੋਂ ਪਹਿਲਾਂ 90 ਫ਼ੀਸਦੀ ਕੁੜੀਆਂ ਦਾ ਟੀਕਾਕਰਨ, 35 ਅਤੇ 45 ਸਾਲ ਦੀ ਉਮਰ ਵਿਚ 70 ਫ਼ੀਸਦੀ ਔਰਤਾਂ ਦੀ ਜਾਂਚ ਅਤੇ ਪੀੜਤ ਔਰਤਾਂ ਵਿਚੋਂ 90 ਫ਼ੀਸਦੀ ਦਾ ਇਲਾਜ ਕਰਨਾ ਜ਼ਰੂਰੀ ਹੈ।

ਅਖ਼ੀਰ, ਹੁਣ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ—ਮਾਣਯੋਗ ਪ੍ਰਧਾਨ ਮੰਤਰੀ ਵੱਲੋਂ 28 ਫ਼ਰਵਰੀ, 2026 ਨੂੰ ਰਾਸ਼ਟਰੀ ਐੱਚ. ਪੀ. ਵੀ. ਟੀਕਾਕਰਨ ਮੁਹਿੰਮ ਨੂੰ ਦੇਸ਼ ਵਿਆਪੀ ਪੱਧਰ ’ਤੇ ਲਾਂਚ ਕੀਤਾ ਜਾਣਾ, ਔਰਤਾਂ ਦੀ ਸਿਹਤ ਪ੍ਰਤੀ ਉੱਚ ਸਿਆਸੀ ਵਚਨਬੱਧਤਾ ਦਾ ਸੰਕੇਤ ਹੈ, ਜਿਸ ਦੀਆਂ ਉਹ ਹੱਕਦਾਰ ਹਨ।

—ਨੀਰਜਾ ਭਟਲਾ
(ਪ੍ਰੋਫ਼ੈਸਰ ਐਮੇਰਿਟਸ, ਰਾਸ਼ਟਰੀ ਕੈਂਸਰ ਸੰਸਥਾ, ਝੱਜਰ; ਏਮਜ਼ ਦਿੱਲੀ ਦੇ ਇਸਤਰੀ ਰੋਗ ਵਿਭਾਗ ਦੀ ਸਾਬਕਾ ਮੁਖੀ)


author

Anmol Tagra

Content Editor

Related News