ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ

Monday, May 04, 2026 - 04:33 PM (IST)

ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ

ਹਾਈ ਕੋਰਟ ਦੀ ਲਖਨਊ ਬੈਂਚ ਨੇ ਇਕ ਕਿੰਨਰ ਦੀ ਪਟੀਸ਼ਨ ’ਤੇ ‘ਨੇਗ’ (ਦਕਸ਼ਿਣਾ ਜਾਂ ਤੋਹਫਾ) ਦੇ ਨਾਂ ’ਤੇ ਜਬਰੀ ਵਸੂਲੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਅਦਾਲਤ ਨੇ ਇਸ ਤਰ੍ਹਾਂ ਦੀ ਵਸੂਲੀ ਨੂੰ ਭਾਰਤੀ ਨਿਆਂ ਜ਼ਾਬਤੇ ਦੇ ਅਧੀਨ ਅਪਰਾਧ ਦੱਸਿਆ ਹੈ। ਇਹ ਕੇਸ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਦੇ ਕਿੰਨਰ ਰੇਖਾ ਦੇਵੀ ਦੀ ਪਟੀਸ਼ਨ ’ਤੇ ਸੁਣਿਆ ਜਾ ਰਿਹਾ ਸੀ, ਜਿਸ ’ਚ ਰੇਖਾ ਦੇਵੀ ਨੇ ਆਪਣੀ ਜਜਮਾਨੀ ਦਾ ਇਲਾਕਾ ਨਿਰਧਾਰਤ ਕਰਨ ਦੀ ਅਦਾਲਤ ਤੋਂ ਮੰਗ ਕੀਤੀ ਸੀ। ਪਟੀਸ਼ਨਕਰਤਾ ਦਾ ਕਹਿਣਾ ਸੀ ਕਿ ਇਲਾਕਿਆਂ ਦੀ ਭੂਗੋਲਿਕ ਹੱਦ ਸਪੱਸ਼ਟ ਨਾ ਹੋਣ ਕਾਰਨ, ਅਕਸਰ ਕਿੰਨਰਾਂ ਦੇ ਵੱਖ-ਵੱਖ ਸਮੂਹਾਂ ਦੇ ਵਿਚਾਲੇ ਝੜਪਾਂ ਅਤੇ ਹਿੰਸਾ ਤੱਕ ਹੋ ਜਾਂਦੀ ਹੈ ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਉਪਰੋਕਤ ਫੈਸਲਾ ਸੁਣਾਇਆ।

ਇਹ ਸਹੀ ਹੈ ਕਿ ਘਰ ’ਚ ਖੁਸ਼ੀ ਦੇ ਮੌਕੇ ’ਤੇ, ਜਿਵੇਂ ਪੁੱਤਰ ਜਾਂ ਧੀ ਦਾ ਜਨਮ, ਵਿਆਹ ਜਾਂ ਨਵੇਂ ਘਰ ’ਚ ਗ੍ਰਹਿ-ਪ੍ਰਵੇਸ਼ ਦੇ ਮੌਕੇ ’ਤੇ ਕਿੰਨਰ ਵਧਾਈ ਦੇਣ ਆਉਂਦੇ ਹਨ ਅਤੇ ਨੱਚ-ਗਾ ਕੇ ਆਪਣੀ ਵਧਾਈ ਮੰਗਦੇ ਹਨ। ਭਾਰਤ ’ਚ ਇਹ ਅਨੋਖੀ ਪ੍ਰਥਾ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਹੈ। ਇਸ ਦੀਆਂ ਜੜ੍ਹਾਂ ਪੌਰਾਣਿਕ ਕਾਲ ’ਚ ਹਨ।

ਸਭ ਤੋਂ ਪ੍ਰਸਿੱਧ ਅਤੇ ਵਿਆਪਕ ਰੂਪ ’ਚ ਸਵੀਕਾਰ ਕੀਤੀ ਕਥਾ ਰਾਮਾਇਣ ਨਾਲ ਜੁੜੀ ਹੈ। ਜਦੋਂ ਭਗਵਾਨ ਰਾਮ 14 ਸਾਲ ਦੇ ਬਨਵਾਸ ਲਈ ਅਯੁੱਧਿਆ ਤੋਂ ਜਾਂਦੇ ਹਨ, ਤਾਂ ਉਹ ਲੋਕਾਂ (ਪੁਰਸ਼ਾਂ ਅਤੇ ਔਰਤਾਂ) ਨੂੰ ਵਾਪਸ ਮੁੜ ਜਾਣ ਲਈ ਕਹਿੰਦੇ ਹਨ। ਕਿੰਨਰ (ਜੋ ਨਾ ਪੁਰਸ਼ ਹਨ, ਨਾ ਔਰਤ) ਇਸ ਆਦੇਸ਼ ਨਾਲ ਖੁਦ ਨੂੰ ਬੱਝਾ ਨਹੀਂ ਮੰਨਦੇ ਅਤੇ ਰਾਮ ਦੀ ਉਡੀਕ ’ਚ ਉੱਥੇ ਹੀ ਰਹਿ ਜਾਂਦੇ ਹਨ। 14 ਸਾਲ ਬਾਅਦ ਰਾਮ ਮੁੜਦੇ ਹਨ ਤਾਂ ਉਨ੍ਹਾਂ ਦੀ ਇਸ ਭਗਤੀ ਤੋਂ ਪ੍ਰਸੰਨ ਹੋ ਕੇ ਰਾਮ ਉਨ੍ਹਾਂ ਨੂੰ ਵਰਦਾਨ ਦਿੰਦੇ ਹਨ ਕਿ ਸ਼ੁੱਭ ਮੌਕਿਆਂ ’ਤੇ ਉਨ੍ਹਾਂ ਦਾ ਆਸ਼ੀਰਵਾਦ ਵਿਸ਼ੇਸ਼ ਰੂਪ ’ਚ ਫਲਦਾਇਕ ਹੋਵੇਗਾ। ਇਸੇ ਵਰਦਾਨ ਨੂੰ ਵਧਾਈ ਦੀ ਪਰੰਪਰਾ ਦਾ ਮੂਲ ਮੰਨਿਆ ਜਾਂਦਾ ਹੈ। ਕਿੰਨਰ ਭਾਈਚਾਰਾ ਗਾਉਂਦੇ-ਵਜਾਉਂਦੇ, ਤਾਲੀਆਂ ਵਜਾਉਂਦੇ ਹੋਏ ਆਸ਼ੀਰਵਾਦ ਦਿੰਦਾ ਹੈ ਅਤੇ ਬਦਲੇ ’ਚ ਵਧਾਈ ਲੈਂਦਾ ਹੈ। ਇਹ ਮਾਨਤਾ ਹੈ ਕਿ ਉਨ੍ਹਾਂ ਦੀ ਮੌਜੂਦਗੀ ਅਤੇ ਆਸ਼ੀਰਵਾਦ ਨਾਂਹ-ਪੱਖੀ ਊਰਜਾ ਦੂਰ ਕਰਦਾ ਹੈ ਅਤੇ ਸੌਭਾਗ ਲਿਆਉਂਦਾ ਹੈ। ਇਹ ਕਥਾ ਵਾਲਮੀਕਿ ਰਾਮਾਇਣ ਅਤੇ ਤੁਲਸੀਦਾਸ ਦੀ ਰਾਮਚਰਿਤਮਾਨਸ ਦੋਵਾਂ ’ਚ ਮਿਲਦੀ ਹੈ।

ਇਸੇ ਤਰ੍ਹਾਂ ਮਹਾਭਾਰਤ ’ਚ ਅਰਜੁਨ ਦਾ ਬ੍ਰਿਹਨਲਾ ਰੂਪ (ਤੀਜੇ ਲਿੰਗ ਵਾਲਾ) ਅਤੇ ਸ਼ਿਖੰਡੀ ਵਰਗੇ ਪਾਤਰ ਤੀਜੇ ਲਿੰਗ ਦੀ ਮਾਨਤਾ ਦਿਖਾਉਂਦੇ ਹਨ। ਲੱਗਭਗ 400 ਈਸਾ ਪੂਰਵ ਲਿਖੇ ਗਏ ਕਾਮਸੂਤਰ ’ਚ ਕਿੰਨਰਾਂ ਦਾ ਸਪੱਸ਼ਟ ਵਰਣਨ ਹੈ। ਵੇਦਾਂ, ਪੁਰਾਣਾਂ ਅਤੇ ਹੋਰ ਸ਼ਾਸਤਰਾਂ ’ਚ ਵੀ ਕਿੰਨਰਾਂ ਦਾ ਜ਼ਿਕਰ ਮਿਲਦਾ ਹੈ। ਕਿੰਨਰਾਂ ਨੂੰ ਗਾਇਨ, ਨ੍ਰਿਤ ਅਤੇ ਅਧਿਆਤਮਿਕ ਸ਼ਕਤੀ ਨਾਲ ਜੁੜਿਆ ਮੰਨਿਆ ਜਾਂਦਾ ਸੀ। ਕਈ ਵਿਦਵਾਨ ਅਤੇ ਸਰੋਤ ਇਸ ਭਾਈਚਾਰੇ ਦੀ ਮੌਜੂਦਗੀ ਨੂੰ 4000 ਸਾਲ ਤੋਂ ਵੱਧ ਪੁਰਾਣੀ ਦੱਸਦੇ ਹਨ।

ਮੁਗਲ ਕਾਲ ’ਚ ਹਿਜੜਿਆਂ ਦੀ ਭੂਮਿਕਾ ਹੋਰ ਸੰਗਠਿਤ ਹੋਈ। ਉਹ ਹਰਮ ਦੀ ਰਖਵਾਲੀ, ਦਰਬਾਰੀ ਸੇਵਾਵਾਂ ਅਤੇ ਪ੍ਰਸ਼ਾਸਨ ’ਚ ਮਹੱਤਵਪੂਰਨ ਸਥਾਨ ਰੱਖਦੇ ਸਨ। ਵਧਾਈ ਦੀ ਪਰੰਪਰਾ ਇਸ ਕਾਲ ’ਚ ਜ਼ਿਆਦਾ ਪ੍ਰਚੱਲਿਤ ਅਤੇ ਸੰਗਠਿਤ ਰੂਪ ’ਚ ਚੱਲੀ, ਜਿੱਥੇ ਉਹ ਸ਼ੁੱਭ ਮੌਕਿਆਂ ’ਤੇ ਨ੍ਰਿਤ-ਗਾਨ ਕਰਕੇ ਆਸ਼ੀਰਵਾਦ ਦਿੰਦੇ ਅਤੇ ਵਧਾਈ ਪ੍ਰਾਪਤ ਕਰਦੇ ਸਨ। ਦਿੱਲੀ ਸਲਤਨਤ ਅਤੇ ਮੁਗਲ ਸਾਮਰਾਜ ’ਚ ਉਨ੍ਹਾਂ ਦੀ ਸੱਭਿਆਚਾਰਕ-ਸਮਾਜਿਕ ਸਥਿਤੀ ਮਜ਼ਬੂਤ ਸੀ।

ਅੰਗਰੇਜ਼ਾਂ ਨੇ 1871 ਦੇ ‘ਕ੍ਰਿਮੀਨਲ ਟ੍ਰਾਈਬਸ ਐਕਟ’ ਤਹਿਤ ਕਿੰਨਰਾਂ ਨੂੰ ਅਪਰਾਧੀ ਐਲਾਨ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਰਵਾਇਤੀ ਆਜੀਵਿਕਾ ਅਤੇ ਸਨਮਾਨ ਪ੍ਰਭਾਵਿਤ ਹੋਇਆ। ਆਜ਼ਾਦੀ ਤੋਂ ਬਾਅਦ ਇਹ ਕਾਨੂੰਨ ਸਮਾਪਤ ਕਰ ਦਿੱਤਾ ਗਿਆ। ਇਸ ਤਰ੍ਹਾਂ ਵਧਾਈ-ਨੇਗ ਦੀ ਪਰੰਪਰਾ ਉੱਤਰ ਭਾਰਤ, ਖਾਸ ਕਰਕੇ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ ਆਦਿ ’ਚ ਅੱਜ ਵੀ ਜੀਵਤ ਹੈ। ਕੁਝ ਰਾਜਾਂ ’ਚ ਸਰਕਾਰ ਨੇ ਵਧਾਈ ਦੀਆਂ ਦਰਾਂ ਤੈਅ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਸ ’ਚ ਵਿਸ਼ੇਸ਼ ਕਾਮਯਾਬੀ ਨਹੀਂ ਮਿਲੀ।

ਇਸੇ ਅਸਪੱਸ਼ਟਤਾ ਦਾ ਲਾਭ ਉਠਾ ਕੇ ਕਿੰਨਰ ਭਾਈਚਾਰਾ ਅਕਸਰ ਆਪਣੇ ਜਜਮਾਨਾਂ ਤੋਂ ਜਬਰੀ ਵਸੂਲੀ ਕਰਦਾ ਹੈ। ਕਦੇ-ਕਦੇ ਤਾਂ ਵਸੂਲੀ ਦਾ ਤਰੀਕਾ ਬਹੁਤ ਅਭੱਦਰ ਹੁੰਦਾ ਹੈ, ਜਿਸ ’ਚ ਜਜਮਾਨ ਦੇ ਪਰਿਵਾਰ ਦੇ ਸਾਹਮਣੇ ਨਿਰਵਸਤਰ ਹੋ ਜਾਣਾ, ਭੱਦੀਆਂ ਗਾਲ੍ਹਾਂ ਦੇਣੀਆਂ, ਬਦਦੁਆਵਾਂ ਦੇਣੀਆਂ ਅਤੇ ਡਰਾਉਣਾ-ਧਮਕਾਉਣਾ। ਕਦੇ-ਕਦੇ ਇਹ ਸਭ ਨਾਟਕ ਇਸ ਹੱਦ ਤੱਕ ਹੋ ਜਾਂਦਾ ਹੈ ਕਿ ਭੈਅਭੀਤ ਜਜਮਾਨ ਆਪਣੀ ਆਰਥਿਕ ਹੈਸੀਅਤ ਤੋਂ ਕਈ ਗੁਣਾ ਜ਼ਿਆਦਾ ਦੇ ਕੇ ਖਹਿੜਾ ਛੁਡਾਉਂਦਾ ਹੈ। ਅਜਿਹੀ ਵਸੂਲੀ ਨੂੰ ‘ਵਧਾਈ’ ਕਦੇ ਵੀ ਨਹੀਂ ਕਿਹਾ ਜਾ ਸਕਦਾ। ਇਹ ਸਰਾਸਰ ਗੁੰਡਾਗਰਦੀ ਅਤੇ ਨਾਜਾਇਜ਼ ਵਸੂਲੀ ਦਾ ਤਰੀਕਾ ਹੈ, ਜਿਸ ’ਤੇ ਸਥਾਨਕ ਪੁਲਸ ਅਤੇ ਪ੍ਰਸ਼ਾਸਨ ਨੂੰ ਲਗਾਮ ਲਗਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ ਜਦੋਂ ਬਾਕਾਇਦਾ ਸੰਪੂਰਨ ਪੁਰਸ਼ ਹੁੰਦੇ ਹੋਏ ਵੀ ਮਰਦ ਔਰਤ ਦਾ ਰੂਪ ਧਾਰਨ ਕਰਕੇ ਕਿੰਨਰ ਹੋਣ ਦਾ ਦਾਅਵਾ ਕਰਦੇ ਹਨ ਅਤੇ ਇਸ ਵਸੂਲੀ ’ਚ ਆਪਣੀ ਤਾਕਤ ਦਿਖਾਉਂਦੇ ਹਨ।

ਸਾਡੀਆਂ ਸਮਾਜਿਕ ਮਾਨਤਾਵਾਂ ਅਨੁਸਾਰ ਕਿੰਨਰਾਂ ਦਾ ਸ਼ੁੱਭ ਮੌਕਿਆਂ ’ਤੇ ਆ ਕੇ ਗਾਉਣਾ-ਵਜਾਉਣਾ ਅਤੇ ਵਧਾਈ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ। ਸਮਾਜ ਇਨ੍ਹਾਂ ਦਾ ਖੁਸ਼ੀ ਨਾਲ ਸਵਾਗਤ ਕਰਦਾ ਹੈ ਅਤੇ ਅਜਿਹੇ ਮੌਕਿਆਂ ’ਤੇ ਆਂਢ-ਗੁਆਂਢ ਜੁੜ ਕੇ ਇਨ੍ਹਾਂ ਨਾਲ ਹਾਸਾ-ਮਖੌਲ ਵੀ ਕਰਦੇ ਹਨ। ਇਹ ਇਕ ਸਿਹਤਮੰਦ ਪਰੰਪਰਾ ਹੈ। ਅਕਸਰ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਕਿੰਨਰਾਂ ਦੇ ਸਮੂਹ ਕਈ ਪੀੜ੍ਹੀਆਂ ਤੱਕ ਆਪਣੇ ਜਜਮਾਨ ਪਰਿਵਾਰਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੁੱਖ-ਖੁਸ਼ਹਾਲੀ ਲਈ ਆਸ਼ੀਰਵਾਦ ਦਿੰਦੇ ਹਨ। ਦੇਖਿਆ ਜਾਵੇ ਤਾਂ ਸਾਰੇ ਕਿੰਨਰ ਸੰਪੰਨ ਨਹੀਂ ਹੁੰਦੇ। ਉਹ ਘਾਟਾਂ ’ਚ ਪਲਦੇ ਹਨ। ਉਨ੍ਹਾਂ ਦੀ ਆਰਥਿਕ, ਵਿੱਦਿਅਕ ਜਾਂ ਸਿਹਤ ਸਬੰਧੀ ਸੁਰੱਖਿਆ ਦਾ ਉਚਿਤ ਇੰਤਜ਼ਾਮ ਨਹੀਂ ਹੁੰਦਾ। ਫਿਰ ਵੀ ਉਹ ਆਪਸੀ ਸਹਿਯੋਗ ਨਾਲ ਆਪਣਾ ਜੀਵਨ ਨਿਰਵਾਹ ਕਰ ਲੈਂਦੇ ਹਨ। ਅਜਿਹੇ ’ਚ ਕਿੰਨਰਾਂ ਨੂੰ ਨੱਚਣ-ਗਾਉਣ ਜਾਂ ਭੀਖ ਮੰਗਣ ਤੋਂ ਹਟਾ ਕੇ ਛੋਟੇ ਕਾਰੋਬਾਰਾਂ ਜਾਂ ਨੌਕਰੀਆਂ ’ਚ ਲਗਾਉਣ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਮਾਜ ਦੋਵਾਂ ਦੀ ਹੈ, ਜਿਸ ਨਾਲ ਉਹ ਸਨਮਾਨਜਨਕ ਜੀਵਨ ਜੀਅ ਸਕਣ ਪਰ ਅਪਰਾਧਿਕ ਤਰੀਕੇ ਨਾਲ ਜਬਰੀ ਵਸੂਲੀ ਕਰਨ ਵਾਲੇ ਕਿੰਨਰਾਂ ਤੋਂ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਸਥਾਨਕ ਪੁਲਸ ਨੂੰ ਤਤਪਰਤਾ ਨਾਲ ਨਿਭਾਉਣੀ ਚਾਹੀਦੀ ਹੈ, ਜਦਕਿ ਅਜਿਹਾ ਨਹੀਂ ਹੁੰਦਾ। ਇਸ ਸਮੱਸਿਆ ਨੂੰ ਵੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਵਿਨੀਤ ਨਾਰਾਇਣ


author

Rakesh

Content Editor

Related News