ਭਾਰਤ ''ਚ ਰੇਲ ਪਟੜੀਆਂ ਦਾ ਆਧੁਨਿਕੀਕਰਨ
Thursday, Apr 23, 2026 - 05:03 PM (IST)
ਭਾਰਤ ’ਚ ਹਰ ਰੋਜ਼ 25,000 ਤੋਂ ਵੱਧ ਟਰੇਨਾਂ ਚੱਲਦੀਆਂ ਹਨ। ਇਹ ਰੋਜ਼ਾਨਾ 2 ਕਰੋੜ ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਂਦੀਆਂ ਹਨ ਅਤੇ ਕੋਲਾ, ਆਇਰਨ ਅਤੇ ਅਨਾਜ, ਸਟੀਲ, ਸੀਮੈਂਟ ਅਤੇ ਹੋਰ ਵਸਤੂਆਂ ਵੱਡੀ ਮਾਤਰਾ ’ਚ 1,37,000 ਕਿੱਲੋਮੀਟਰ ਤੋਂ ਵੱਧ ਲੰਬੇ ਰੇਲ ਨੈੱਟਵਰਕ ਉੱਤੇ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਂਦੀਆਂ ਹਨ।
ਪੂਰੀ ਵਿਵਸਥਾ ਜਿਸ ਆਧਾਰ ’ਤੇ ਕੰਮ ਕਰਦੀ ਹੈ, ਉਹ ਰੇਲ ਪਟੜੀ ਹੈ। ਜਦੋਂ ਪਟੜੀ ਚੰਗੀ ਹਾਲਤ ’ਚ ਹੁੰਦੀ ਹੈ, ਉਦੋਂ ਟਰੇਨਾਂ ਸੁਰੱਖਿਅਤ ਢੰਗ ਨਾਲ ਜ਼ਿਆਦਾ ਰਫਤਾਰ ਨਾਲ ਚੱਲਦੀਆਂ ਹਨ ਪਰ ਜਦੋਂ ਪਟੜੀ ਖਰਾਬ ਹੁੰਦੀ ਹੈ, ਤਾਂ ਇਸ ਦੇ ਨਤੀਜੇ ਰਫਤਾਰ ਉੱਤੇ ਰੋਕ, ਦੇਰੀ ਅਤੇ ਸੁਰੱਖਿਆ ਸਬੰਧੀ ਜੋਖਮਾਂ ਵਜੋਂ ਸਾਹਮਣੇ ਆਉਂਦੇ ਹਨ। ਰੇਲ ਦੀ ਪਟੜੀ ’ਚ ਦਰਾਰ, ਕੋਈ ਢਿੱਲਾ ਪੁਰਜ਼ਾ ਜਾਂ ਗਿੱਟੀ ਦੀ ਪਰਤ ’ਚ ਰੁਕਾਵਟ, ਇਨ੍ਹਾਂ ’ਚੋਂ ਕੋਈ ਵੀ ਚੀਜ਼ ਟਰੇਨਾਂ ਦੀ ਚਾਲ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਰੇਲ ਪਟੜੀਆਂ ਦੇ ਮਹੱਤਵ ਨੂੰ ਧਿਆਨ ’ਚ ਰੱਖਦੇ ਹੋਏ, ਭਾਰਤੀ ਰੇਲਵੇ ਨੇ ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਿਆਪਕ ਆਧੁਨਿਕੀਕਰਨ ਪ੍ਰੋਗਰਾਮ ਸ਼ੁਰੂ ਕੀਤਾ। ਇਸ ਕੰਮ ’ਚ ਆਧੁਨਿਕ ਮਸ਼ੀਨਾਂ ਤੋਂ ਪਟੜੀਆਂ ਦਾ ਨਵੀਨੀਕਰਨ, ਉੱਨਤ ਤਰੀਕਿਆਂ ਨਾਲ ਜਾਂਚ ਅਤੇ ਨਿਰੀਖਣ, ਮਸ਼ੀਨੀਕ੍ਰਿਤ ਰੱਖ-ਰਖਾਅ, ਸੁਰੱਖਿਆ ਵਾੜਬੰਦੀ ਆਦਿ ਸ਼ਾਮਲ ਸਨ। ਇਨ੍ਹਾਂ ਸਾਰੇ ਯਤਨਾਂ ਨੇ ਮਿਲ ਕੇ ਰੇਲ ਨੈੱਟਵਰਕ ਦੀ ਹਾਲਤ ਨੂੰ ਸਪੱਸ਼ਟ ਰੂਪ ’ਚ ਬਦਲ ਦਿੱਤਾ ਹੈ।
2014 ਤੋਂ ਹੁਣ ਤੱਕ ਲੱਗਭਗ 55,000 ਕਿੱਲੋਮੀਟਰ ਪਟੜੀਆਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਨਾਲ ਸੁਰੱਖਿਆ ਅਤੇ ਯਾਤਰਾ ਦੀ ਗੁਣਵੱਤਾ ’ਚ ਸੁਧਾਰ ਹੋਇਆ ਹੈ ਅਤੇ ਵਾਰ-ਵਾਰ ਮੁਰੰਮਤ ਦੀ ਜ਼ਰੂਰਤ ਘੱਟ ਹੋਈ ਹੈ। ਲੱਗਭਗ 44,000 ਟ੍ਰੈਕ ਕਿੱਲੋਮੀਟਰ ’ਚ 260 ਮੀਟਰ ਲੰਬੇ ਰੇਲ ਪੈਨਲ ਵਿਛਾਏ ਗਏ ਹਨ। ਲੰਬੇ ਪੈਨਲਾਂ ਦਾ ਮਤਲਬ ਹੈ ਘੱਟ ਜੋੜ, ਜਿਸ ਨਾਲ ਟਰੇਨਾਂ ਦੀ ਆਵਾਜਾਈ ਵਧੇਰੇ ਸੁਗਮ ਅਤੇ ਸੁਰੱਖਿਅਤ ਹੁੰਦੀ ਹੈ। ਹੁਣ 80,000 ਟ੍ਰੈਕ ਕਿੱਲੋਮੀਟਰ ਤੋਂ ਵੱਧ ਹਿੱਸੇ ’ਚ ਮਜ਼ਬੂਤ 60 ਕਿਲੋਗ੍ਰਾਮ ਵਾਲੀਆਂ ਰੇਲ ਪਟੜੀਆਂ ਦੀ ਵਰਤੋਂ ਹੋ ਰਹੀ ਹੈ, ਜੋ ਵਧੇਰੇ ਭਾਰ ਅਤੇ ਤੇਜ਼ ਗਤੀ ਦਾ ਸਮਰਥਨ ਕਰਦੀਆਂ ਹਨ।
ਮਜ਼ਬੂਤ ਰੇਲ ਪਟੜੀ ਵਿਛਾਉਣਾ ਜ਼ਰੂਰੀ ਹੈ ਪਰ ਸਮੇਂ ਸਿਰ ਖਰਾਬੀ ਦੀ ਪਛਾਣ ਕਰਨਾ ਵੀ ਓਨਾ ਹੀ ਜ਼ਰੂਰੀ ਹੈ। ਲੁਕੀਆਂ ਹੋਈਆਂ ਦਰਾਰਾਂ ਨੂੰ ਲੱਭਣ ਲਈ ਅਲਟ੍ਰਾਸੋਨਿਕ ਜਾਂਚ ਕੀਤੀ ਗਈ ਹੈ। ਇਸ ਦੇ ਤਹਿਤ ਲੱਗਭਗ 36.2 ਲੱਖ ਟ੍ਰੈਕ ਕਿੱਲੋਮੀਟਰ ਅਤੇ 2.25 ਕਰੋੜ ਵੈਲਡ ਦੀ ਜਾਂਚ ਹੋਈ। ਇਸ ਨਾਲ ਰੇਲ ਅਤੇ ਵੈਲਡ ਟੁੱਟਣ ਦੀਆਂ ਘਟਨਾਵਾਂ ਲੱਗਭਗ 90 ਫੀਸਦੀ ਤੱਕ ਘੱਟ ਹੋ ਗਈਆਂ ਹਨ ਭਾਵ ਹੁਣ ਖਰਾਬੀ ਹੋਣ ਤੋਂ ਬਾਅਦ ਉਸਨੂੰ ਠੀਕ ਕਰਨ ਦੀ ਬਜਾਏ ਪਹਿਲਾਂ ਹੀ ਉਸ ਦੀ ਪਛਾਣ ਕਰ ਕੇ ਰੋਕ ਲਿਆ ਜਾਂਦਾ ਹੈ।
ਹੁਣ ਰੇਲਵੇ ’ਚ ਦੂਜੀਆਂ ਆਧੁਨਿਕ ਜਾਂਚ ਤਕਨੀਕਾਂ ਵੀ ਵਰਤੀਆਂ ਜਾ ਰਹੀਆਂ ਹਨ। ਨਵੀਂ ਵੈਲਡ ਦੀ ਜਾਂਚ ਲਈ ਚੁੰਬਕੀ ਜਾਂਚ, ਫਲੈਸ਼-ਬੱਟ ਵੈਲਡ ਦੀ ਜਾਂਚ ਲਈ ਨਵੀਆਂ ਮਸ਼ੀਨਾਂ ਅਤੇ ਜੀ. ਪੀ. ਐੱਸ. ਨਾਲ ਜੁੜੀ ਅਜਿਹੀ ਵਿਵਸਥਾ ਲਗਾਈ ਗਈ ਹੈ, ਜੋ ਟਰੇਨਾਂ ਦੀ ਯਾਤਰਾ ਦੀ ਗੁਣਵੱਤਾ ਮਾਪਦੀ ਹੈ ਅਤੇ ਪਟੜੀ ਦੇ ਖਰਾਬ ਹਿੱਸੇ ਦੀ ਸਹੀ ਥਾਂ ਦੱਸ ਦਿੰਦੀ ਹੈ।
ਭਾਰਤੀ ਰੇਲਵੇ ਦੀਆਂ ਟ੍ਰੈਕ ਮਸ਼ੀਨਾਂ ਦੀ ਗਿਣਤੀ 2014 ’ਚ 748 ਸੀ, ਜੋ 2026 ’ਚ ਵਧ ਕੇ 1,785 ਹੋ ਗਈ ਹੈ। ਇਹ ਮਸ਼ੀਨਾਂ ਪਟੜੀ ਨੂੰ ਠੀਕ ਕਰਨ, ਗਿੱਟੀ ਸਾਫ਼ ਕਰਨ ਅਤੇ ਰੇਲ ਨੂੰ ਘਿਸ ਕੇ ਬਰਾਬਰ ਕਰਨ ਦਾ ਕੰਮ ਹੱਥ ਨਾਲ ਹੋਣ ਵਾਲੇ ਕੰਮ ਦੀ ਤੁਲਨਾ ’ਚ ਵਧੇਰੇ ਤੇਜ਼, ਬਿਹਤਰ ਅਤੇ ਇਕਸਾਰ ਤਰੀਕੇ ਨਾਲ ਕਰਦੀਆਂ ਹਨ।
ਪਟੜੀ ਦੇ ਹੇਠਾਂ ਵਿਛਾਈ ਗਈ ਗਿੱਟੀ ਦੀ ਪਰਤ ਨੂੰ ਸਾਫ਼ ਕਰਨ ’ਚ ਮਸ਼ੀਨਾਂ ਨੇ ਵੱਡਾ ਫ਼ਰਕ ਪੈਦਾ ਕੀਤਾ ਹੈ। ਇਹੀ ਗਿੱਟੀ ਪਾਣੀ ਕੱਢਣ, ਕੰਪਨ ਘਟਾਉਣ ਅਤੇ ਪਟੜੀ ਨੂੰ ਮਜ਼ਬੂਤ ਬਣਾਈ ਰੱਖਣ ਦਾ ਕੰਮ ਕਰਦੀ ਹੈ ਪਰ ਸਮੇਂ ਦੇ ਨਾਲ ਟਰੇਨਾਂ ਦੇ ਲਗਾਤਾਰ ਭਾਰ ਅਤੇ ਕੰਪਨ ਨਾਲ ਇਹ ਪੱਥਰ ਟੁੱਟ ਕੇ ਪਾਊਡਰ ਵਰਗੇ ਹੋ ਜਾਂਦੇ ਹਨ। ਇਸ ਨਾਲ ਗਿੱਟੀ ਦੀ ਪਰਤ ਜਾਮ ਹੋ ਜਾਂਦੀ ਹੈ ਅਤੇ ਉਹ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦੀ।
ਇਸ ਲਈ ਗਿੱਟੀ ਦੀ ਸਫਾਈ ਕੀਤੀ ਜਾਂਦੀ ਹੈ, ਤਾਂ ਜੋ ਪਟੜੀ ਮੁੜ ਤੋਂ ਸਹੀ ਹਾਲਤ ’ਚ ਆ ਜਾਵੇ। ਇਹ ਕੰਮ ਇਕ ਲੱਖ ਕਿੱਲੋਮੀਟਰ ਤੋਂ ਵੱਧ ਰੇਲ ਪਟੜੀਆਂ ’ਤੇ ਕੀਤਾ ਜਾ ਚੁੱਕਿਆ ਹੈ ਅਤੇ ਜ਼ਿਆਦਾਤਰ ਕੰਮ ਮਸ਼ੀਨਾਂ ਨਾਲ ਹੋਇਆ ਹੈ। ਇਸੇ ਤਰ੍ਹਾਂ ਪਟੜੀ ਦੀ ਉੱਪਰੀ ਸਤ੍ਹਾ ਦੀ ਖਰਾਬੀ ਦੂਰ ਕਰਨ ਲਈ ਵੀ ਇਕ ਲੱਖ ਕਿੱਲੋਮੀਟਰ ਤੋਂ ਵੱਧ ਰੇਲ ਦੀ ਗ੍ਰਾਈਂਡਿੰਗ ਕੀਤੀ ਗਈ ਹੈ। ਇਸ ਨਾਲ ਟਰੇਨ ਦਾ ਸਫ਼ਰ ਵਧੇਰੇ ਆਰਾਮਦਾਇਕ ਅਤੇ ਸੁਰੱਖਿਅਤ ਹੋਇਆ ਹੈ।
ਹਰ ਸਾਲ ਟਰੇਨਾਂ ਦੀ ਗਿਣਤੀ ਵਧ ਰਹੀ ਹੈ, ਇਸ ਲਈ ਟਰੇਨਾਂ ਵਿਚਕਾਰ ਰੱਖ-ਰਖਾਅ ਲਈ ਮਿਲਣ ਵਾਲਾ ਸਮਾਂ ਘੱਟ ਹੁੰਦਾ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਮਸ਼ੀਨਾਂ ਦੀ ਮਦਦ ਨਾਲ ਘੱਟ ਸਮੇਂ ’ਚ ਵੱਧ ਕੰਮ ਹੋ ਜਾਂਦਾ ਹੈ ਅਤੇ ਟਰੇਨ ਸੇਵਾਵਾਂ ਵੀ ਪ੍ਰਭਾਵਿਤ ਨਹੀਂ ਹੁੰਦੀਆਂ ਪਰ ਸੁਰੱਖਿਆ ਸਿਰਫ਼ ਪਟੜੀ ਉੱਤੇ ਨਹੀਂ, ਸਗੋਂ ਉੱਥੇ ਵੀ ਜ਼ਰੂਰੀ ਹੈ ਜਿੱਥੇ ਟਰੇਨਾਂ ਲਾਈਨ ਬਦਲਦੀਆਂ ਹਨ। ਇਸ ਲਈ ਭਾਰਤੀ ਰੇਲਵੇ ਨੇ ਪਟੜੀ ਬਦਲਣ ਦੇ ਨਾਲ ਕਈ ਹੋਰ ਸੁਧਾਰ ਵੀ ਕੀਤੇ ਹਨ। ਲੱਗਭਗ 17,500 ਕਿੱਲੋਮੀਟਰ ਤੱਕ ਸੁਰੱਖਿਆ ਲਈ ਵਾੜ ਲਗਾਈ ਗਈ ਹੈ, ਖਾਸ ਕਰ ਉਨ੍ਹਾਂ ਥਾਵਾਂ ਉੱਤੇ ਜਿੱਥੇ ਟਰੇਨਾਂ 110 ਕਿੱਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਰਫ਼ਤਾਰ ਨਾਲ ਚੱਲਦੀਆਂ ਹਨ। ਇਸ ਨਾਲ ਲੋਕਾਂ ਅਤੇ ਜਾਨਵਰਾਂ ਦੇ ਪਟੜੀ ’ਤੇ ਆਉਣ ਦੀਆਂ ਘਟਨਾਵਾਂ ਘੱਟ ਹੋਈਆਂ ਹਨ।
ਜਿੱਥੇ ਟਰੇਨਾਂ ਇਕ ਲਾਈਨ ਤੋਂ ਦੂਜੀ ਲਾਈਨ ਉੱਤੇ ਜਾਂਦੀਆਂ ਹਨ, ਉੱਥੇ 36,000 ਨਵੇਂ ਅਤੇ ਮਜ਼ਬੂਤ ਸਵਿੱਚ ਲਗਾਏ ਗਏ ਹਨ ਅਤੇ 7,500 ਖਾਸ ਤਰ੍ਹਾਂ ਦੀਆਂ ਕ੍ਰਾਸਿੰਗ ਲਗਾਈਆਂ ਗਈਆਂ ਹਨ। ਇਹ ਵਧੇਰੇ ਸਮੇਂ ਤੱਕ ਚੱਲਦੀਆਂ ਹਨ ਅਤੇ ਟਰੇਨ ਨੂੰ ਬਿਨਾਂ ਝਟਕੇ ਗੁਜ਼ਰਨ ਦਿੰਦੀਆਂ ਹਨ। 2019 ਤੋਂ ਚੌੜੇ ਅਤੇ ਭਾਰੀ ਸਲੀਪਰ ਲਗਾਏ ਜਾ ਰਹੇ ਹਨ, ਜਿਸ ਨਾਲ ਪਟੜੀ ਵਧੇਰੇ ਮਜ਼ਬੂਤ ਰਹਿੰਦੀ ਹੈ, ਖਾਸ ਕਰ ਗਰਮੀਆਂ ’ਚ। ਪੁਲਾਂ ਉੱਤੇ ਵੀ ਮਜ਼ਬੂਤ ਸਲੀਪਰ ਲਗਾਏ ਗਏ ਹਨ ਅਤੇ ਯਾਰਡ ਦੇ ਅੰਦਰ ਲੰਬੀ ਵੈਲਡ ਵਾਲੀਆਂ ਪਟੜੀਆਂ ਵਿਛਾਈਆਂ ਗਈਆਂ ਹਨ। ਇਸ ਨਾਲ ਪੂਰਾ ਰੇਲਵੇ ਨੈੱਟਵਰਕ ਹੋਰ ਮਜ਼ਬੂਤ ਹੋਇਆ ਹੈ।
ਰੇਲ ਪਟੜੀਆਂ ਦੇ ਆਧੁਨਿਕੀਕਰਨ ਦਾ ਸਭ ਤੋਂ ਸਪੱਸ਼ਟ ਅਸਰ ਟਰੇਨਾਂ ਦੀ ਰਫ਼ਤਾਰ ਵਧਣ ਦੀ ਸਮਰੱਥਾ ਵਜੋਂ ਦਿਖਾਈ ਦਿੰਦਾ ਹੈ।
130 ਕਿੱਲੋਮੀਟਰ ਪ੍ਰਤੀ ਘੰਟੇ ਜਾਂ ਉਸ ਤੋਂ ਵੱਧ ਰਫ਼ਤਾਰ ਲਈ ਤਿਆਰ ਰੇਲ ਪਟੜੀ ਦਾ ਹਿੱਸਾ ਪਹਿਲਾਂ ਸਿਰਫ਼ 6 ਫੀਸਦੀ ਸੀ, ਜੋ ਹੁਣ ਵਧ ਕੇ ਲੱਗਭਗ 23 ਫੀਸਦੀ ਹੋ ਗਿਆ ਹੈ। ਇਸੇ ਤਰ੍ਹਾਂ 110 ਕਿੱਲੋਮੀਟਰ ਪ੍ਰਤੀ ਘੰਟਾ ਜਾਂ ਉਸ ਤੋਂ ਵੱਧ ਰਫ਼ਤਾਰ ਵਾਲੀ ਪਟੜੀ ਪਹਿਲਾਂ ਲੱਗਭਗ 40 ਫੀਸਦੀ ਸੀ, ਜੋ ਹੁਣ 80 ਫੀਸਦੀ ਤੱਕ ਪਹੁੰਚ ਗਈ ਹੈ। ਇਸ ਨਾਲ ਸਫ਼ਰ ਦਾ ਸਮਾਂ ਘੱਟ ਹੋਇਆ ਹੈ, ਟਰੇਨਾਂ ਵਧੇਰੇ ਸਮੇਂ ਉੱਤੇ ਚੱਲ ਰਹੀਆਂ ਹਨ ਅਤੇ ਵੰਦੇ ਭਾਰਤ ਐਕਸਪ੍ਰੈੱਸ ਵਰਗੀਆਂ ਤੇਜ਼ ਟਰੇਨਾਂ ਚਲਾਉਣਾ ਆਸਾਨ ਹੋਇਆ ਹੈ।
ਇਨ੍ਹਾਂ ਸੁਧਾਰਾਂ ਦਾ ਅਸਰ ਸੁਰੱਖਿਆ ਉੱਤੇ ਵੀ ਦਿਸਿਆ ਹੈ। 2014-15 ’ਚ 135 ਵੱਡੇ ਰੇਲ ਹਾਦਸੇ ਹੋਏ ਸਨ ਪਰ 2025-26 ’ਚ ਇਹ ਗਿਣਤੀ ਘਟ ਕੇ ਸਿਰਫ਼ 16 ਰਹਿ ਗਈ। ਯਾਨੀ ਹਾਦਸੇ ਲੱਗਭਗ 89 ਫੀਸਦੀ ਘੱਟ ਹੋ ਗਏ।
ਅਸ਼ਵਿਨੀ ਵੈਸ਼ਣਵ (ਕੇਂਦਰੀ ਰੇਲਵੇ, ਇਲੈਕਟ੍ਰੌਨਿਕਸ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ)
