ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
Thursday, Apr 23, 2026 - 04:32 PM (IST)
ਇਨ੍ਹਾਂ ਸਤਰਾਂ ਦੇ ਲਿਖੇ ਜਾਣ ਤੱਕ ਸਿੱਟਾ ਇਹੀ ਹੈ ਕਿ ਅਮਰੀਕਾ-ਈਰਾਨ ਦੇ ਵਿਚਕਾਰ ਤੁਰੰਤ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਖਤਮ ਹੋ ਚੁੱਕੀ ਹੈ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੱਲਬਾਤ ਕਰਨ ਦੇ ਆਪਣੇ 2 ਪ੍ਰਤੀਨਿਧੀਆਂ ਸਟੀਵ ਵਿਟਕਾਫ ਅਤੇ ਜੇਰੇਡ ਕੁਸ਼ਨਰ ਨੂੰ ਇਸਲਾਮਾਬਾਦ ਭੇਜਣ ਵਾਲੇ ਸਨ ਅਤੇ ਉਨ੍ਹਾਂ ਨੇ ਖੁਦ ਕਿਹਾ ਸੀ ਕਿ ਅਸੀਂ ਸਮਝੌਤੇ ਦੇ ਕਰੀਬ ਹਾਂ ਅਤੇ ਇਸਲਾਮਾਬਾਦ ਜਾ ਸਕਦੇ ਹਾਂ। ਉਨ੍ਹਾਂ ਨੇ ਈਰਾਨ ਦੀ ਮੰਗ ਨੂੰ ਧਿਆਨ ’ਚ ਰੱਖ ਕੇ ਇਜ਼ਰਾਈਲ-ਲੇਬਨਾਨ ਦੇ ਵਿਚਕਾਰ ਵੀ 10 ਦਿਨਾਂ ਦੀ ਜੰਗ ਬੰਦੀ ਦਾ ਐਲਾਨ ਕਰ ਦਿੱਤਾ। ਇਸ ਦੇ ਬਾਵਜੂਦ ਕਿਸੇ ਨੂੰ ਜੇਕਰ ਉਮੀਦ ਰਹੀ ਹੋਵੇ ਕਿ ਪਹਿਲੇ ਦੌਰ ਦੀ ਟੁੱਟੀ ਵਾਰਤਾ ਪਟੜੀ ’ਤੇ ਪਰਤ ਆਈ ਹੈ, ਤਾਂ ਉਸ ਨੇ ਇਸ ਜੰਗ ਦੀ ਪਿਛੋਕੜ, ਈਰਾਨ ਦੀ ਮੌਜੂਦਾ ਸਥਿਤੀ ਅਤੇ ਇਜ਼ਰਾਈਲ ਨੂੰ ਲੈ ਕੇ ਉਸ ਦੀ ਵਿਚਾਰਧਾਰਾ ਆਦਿ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਨਹੀਂ ਕੀਤਾ।
ਗੱਲਬਾਤ ਦੀ ਤਿਆਰੀ ਦੇ ਵਿਚਕਾਰ ਖਬਰ ਆਈ ਹੈ ਕਿ ਹੋਰਮੁਜ਼ ਜਲਡਮਰੂਮੱਧ ’ਚ ਅਮਰੀਕੀ ਸਮੁੰਦਰੀ ਫੌਜ ਕਮਾਂਡੋਜ਼ ਨੇ ਈਰਾਨ ਦੇ ਗੁਜ਼ਰਦੇ ਜਹਾਜ਼ ’ਤੇ ਹਮਲਾ ਕਰ ਕੇ ਉਸ ਨੂੰ ਕਬਜ਼ੇ ’ਚ ਲੈ ਲਿਆ। ਅਮਰੀਕਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਮਝੌਤਾ ਨਹੀਂ ਹੋਵੇਗਾ ਹੋਰਮੁਜ਼ ਤੋਂ ਈਰਾਨ ਦਾ ਜਹਾਜ਼ ਨਹੀਂ ਗੁਜ਼ਰੇਗਾ। ਅਸਲ ’ਚ ਅਮਰੀਕਾ ਨੇ ਈਰਾਨ ਨੂੰ ਹੋਰਮੁਜ਼ ਦੀ ਨਾਕੇਬੰਦੀ ਖਤਮ ਕਰਨ ਲਈ ਕਿਹਾ ਸੀ ਅਤੇ ਟਰੰਪ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਅਜਿਹਾ ਕਰਨ ਜਾ ਰਹੇ ਹਨ। ਖੁਦ ਈਰਾਨ ਨੇ ਵੀ ਇਸ ਦਾ ਐਲਾਨ ਕਰ ਦਿੱਤਾ ਪਰ 24 ਘੰਟੇ ਦੇ ਅੰਦਰ ਹੀ ਉਸ ਨੇ ਨਾਕੇਬੰਦੀ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਸ਼ਾਂਤੀ ਸਮਝੌਤੇ ਦੀ ਉਮੀਦ ਪ੍ਰਗਟ ਕਰਦੇ ਰਹੇ ਪਰ ਈਰਾਨ ਵੱਲੋਂ ਹਮਲਾਵਰ ਅਤੇ ਜੰਗਜੂ ਬਿਆਨ ਹੀ ਆਉਂਦੇ ਰਹੇ।
ਇਸਲਾਮਿਕ ਰਿਪਬਲਿਕ ਆਫ ਈਰਾਨ ਬ੍ਰਾਡਕਾਸਟਿੰਗ (ਆਈ. ਆਰ. ਈ. ਬੀ.) ’ਚ ਕਿਹਾ ਗਿਆ ਕਿ ਅਮਰੀਕੀ ਨੇਤਾ ਹਵਾ ’ਚ ਕਿਲੇ ਬਣਾ ਰਹੇ ਹਨ। ਅਮਰੀਕਾ ਇਕ ਅਜਿਹੀ ਇੱਛਾ ਪ੍ਰਗਟ ਕਰ ਰਿਹਾ ਹੈ ਜਿਨ੍ਹਾਂ ਦਾ ਹਕੀਕਤ ਨਾਲ ਦੂਰ ਤੱਕ ਦਾ ਸਬੰਧ ਨਹੀਂ ਹੈ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਦਾ ਬਿਆਨ ਆਇਆ ਕਿ ਅਸੀਂ ਆਪਣਾ ਯੂਰੇਨੀਅਮ ਅਮਰੀਕਾ ਨੂੰ ਨਹੀਂ ਸੌਂਪਾਂਗੇ। ਆਖਰ ਸਾਡਾ ਐਨਰਿਚਡ ਯੂਰੇਨੀਅਮ ਟਰੰਪ ਕਿਸ ਅਧਿਕਾਰ ਦੇ ਤਹਿਤ ਲੈਣਗੇ?
ਟਰੰਪ ਭਾਵੇਂ ਪਾਕਿਸਤਾਨ ਦੀ ਪ੍ਰਸ਼ੰਸਾ ਕਰ ਰਹੇ ਹੋਣ, ਕਹਿ ਰਹੇ ਹੋਣ ਕਿ ਈਰਾਨ ਸ਼ਾਂਤੀ ਸਮਝੌਤਾ ਕਰ ਲਵੇਗਾ ਪਰ ਉਨ੍ਹਾਂ ਨੂੰ ਵੀ ਮਾਮਲੇ ਦੀ ਗੁੰਝਲ ਅਤੇ ਈਰਾਨ ਦੇ ਇਸਲਾਮੀ ਸ਼ਾਸਨ ਦੀ ਸੋਚ ਦਾ ਅਹਿਸਾਸ ਹੈ। ਇਸ ਲਈ ਉਨ੍ਹਾਂ ਨੇ ਨਾਲ-ਨਾਲ ਐਲਾਨ ਕੀਤਾ ਸੀ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਸਮੁੰਦਰੀ ਫੌਜ ਦੀ ਨਾਕੇਬੰਦੀ ਜਾਰੀ ਰਹੇਗੀ। ਜਦੋਂ ਤੱਕ ਈਰਾਨ ਦੇ ਨਾਲ 100 ਫੀਸਦੀ ਸਮਝੌਤਾ ਨਹੀਂ ਹੋ ਜਾਂਦਾ, ਉਦੋਂ ਤੱਕ ਹੋਰਮੁਜ਼ ਦੀ ਨਾਕੇਬੰਦੀ ਜਾਰੀ ਰਹੇਗੀ। ਹੋਰਮੁਜ਼ ਨੇ ਦੁਨੀਆ ਲਈ ਸੰਕਟ ਪੈਦਾ ਕਰ ਦਿੱਤਾ ਹੈ ਅਤੇ ਦੇਸ਼ਾਂ ਨੂੰ ਆਪਣੇ ਜਹਾਜ਼ ਅਫਰੀਕਾ ਦੇ ‘ਕੇਪ ਆਫ ਗੁੱਡ ਹੋਪ’ ਦੇ ਰਸਤੇ ਤੋਂ ਲਿਆਉਣੇ ਪੈ ਰਹੇ ਹਨ ਜੋ ਲੰਬਾ ਰਸਤਾ ਹੈ। 2000 ਤੋਂ ਵੱਧ ਜਹਾਜ਼ ਖਾੜੀ ’ਚ ਫਸੇ ਹੋਏ ਹਨ। 20 ਲੱਖ ਤੋਂ ਵੱਧ ਕੰਟੇਨਰ ਰੁਕੇ ਪਏ ਹਨ। ਈਰਾਨ ਤੋਂ ਸਭ ਤੋਂ ਵੱਧ ਤੇਲ ਅਤੇ ਕੱਚਾ ਮਾਲ ਚੀਨ ਖਰੀਦਦਾ ਹੈ, ਇਸ ਲਈ ਅਮਰੀਕੀ ਨਾਕੇਬੰਦੀ ਨਾਲ ਸਭ ਤੋਂ ਵੱਧ ਸਮੱਸਿਆ ਉਸ ਨੂੰ ਹੈ ਅਤੇ ਈਰਾਨ ਦੀ ਆਮਦਨ ਪੂਰੀ ਤਰ੍ਹਾਂ ਰੁਕ ਗਈ ਹੈ। ਭਾਰਤ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਦਰਾਮਦਕਾਰ ਹੈ, ਇਸ ਲਈ ਸਾਡੇ ਲਈ ਵੀ ਵੱਡਾ ਸੰਕਟ ਹੈ। ਵਿਸ਼ਵ ਦੀ ਸਪਲਾਈ ਚੇਨ ਇਸ ਨਾਲ ਪ੍ਰਭਾਵਿਤ ਹੈ।
ਆਈ.ਅਾਰ.ਜੀ.ਸੀ. ਦੇ ਸੀਨੀਅਰ ਅੈਡਵਾਈਜ਼ਰ ਕਮਾਂਡਰ ਰੀਆ ਨਕਵੀ ਦਾ ਬਿਆਨ ਚਲ ਰਿਹਾ ਹੈ ਕਿ ਅਸੀਂ ਕੁਝ ਜ਼ਿਆਦਾ ਮਹੱਤਵਪੂਰਨ ਕੰਮ ਅੱਗੇ ਲਈ ਛੱਡੇ ਹੋਏ ਹਨ। ਜੇਕਰ ਫਿਰ ਜੰਗ ਸ਼ੁਰੂ ਹੁੰਦੀ ਹੈ ਤਾਂ ਵੀ ਸਾਡੀ ਲੀਡ ਬਣੀ ਰਹੇਗੀ। ਅਸੀਂ ਤੇਲ ਉਤਪਾਦਨ ਰੋਕ ਸਕਦੇ ਹਾਂ। ਰੋਜ਼ ਦੇ 15 ਮਿਲੀਅਨ ਬੈਰਲ ਤੇਲ ਨੂੰ ਇਕ ਸਾਲ ਤੱਕ ਬੰਦ ਰੱਖ ਸਕਦੇ ਹਾਂ। ਅਸੀਂ ਦੁਨੀਆ ’ਚ ਵੱਡਾ ਸੰਕਟ ਨਹੀਂ ਪੈਦਾ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਧੀਰਜ ਰੱਖਿਆ ਅਤੇ ਸੰਜਮ ਤੋਂ ਕੰਮ ਲਿਆ। ਅਮਰੀਕਾ ਦੀ ਅਾਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਤਕਨੀਕ ਸਾਡੇ ਕੰਟਰੋਲ ’ਚ ਹਨ। ਉਨ੍ਹਾਂ ਦੇ ਆਈ. ਟੀ. ’ਤੇ ਵੀ ਸਾਡਾ ਕੰਟਰੋਲ ਹੈ।
ਅਸਲ ’ਚ ਜਿਹੀ ਜਾਣਕਾਰੀ ਹੈ, ਈਰਾਨ ਦੇ ਹੈਕਰਾਂ ਨੇ ਅਮਰੀਕਾ ’ਤੇ ਜ਼ਬਰਦਸਤ ਸਾਈਬਰ ਹਮਲਾ ਕੀਤਾ ਅਤੇ ਉੱਥੇ ਸਮੱਸਿਆਵਾਂ ਪੈਦਾ ਕੀਤੀਆਂ। ਗੈਸ, ਤੇਲ ਅਤੇ ਊਰਜਾ ਕੇਂਦਰਾਂ ’ਤੇ ਈਰਾਨ ਦੇ ਸਾਈਬਰ ਹਮਲਿਆਂ ਨਾਲ ਕੁਝ ਸਮੇਂ ਲਈ ਕੰਮ ਠੱਪ ਹੋਇਆ। ਇਸੇ ਕਮਾਂਡਰ ਨੇ ਕਿਹਾ ਕਿ ਸਾਨੂੰ ਮਿਜ਼ਾਈਲ ਬਣਾਉਣ ਤੋਂ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ। ਇਸ ਦਾ ਅਰਥ ਹੋਇਆ ਕਿ ਈਰਾਨ ਨਾ ਤਾਂ ਮਿਜ਼ਾਈਲ ਬਣਾਉਣਾ ਰੋਕੇਗਾ ਅਤੇ ਨਾ ਯੂਰੇਨੀਅਮ ਸੌਂਪੇਗਾ ਅਤੇ ਹੋਰਮੁਜ਼ ’ਤੇ ਕੰਟਰੋਲ ਸਥਾਪਤ ਕਰਨ ਦੇ ਫੈਸਲੇ ’ਤੇ ਵੀ ਅਟੱਲ ਹੈ।
ਜੇਕਰ ਟਰੰਪ ਸ਼ਾਂਤੀ ਸਮਝੌਤੇ ਦੀ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਰੱਖਿਆ ਮੰਤਰੀ ਇਸ ਦੇ ਬਰਾਬਰ ਈਰਾਨ ਨੂੰ ਸਪੱਸ਼ਟ ਚਿਤਾਵਨੀ ਦੇ ਰਹੇ ਸਨ। ਰੱਖਿਆ ਮੰਤਰੀ ਪੀਟ ਹੇਗਸੇਥ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਨਿਊਕਲੀਅਰ ਅਤੇ ਖੇਤਰੀ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਦਾ ਹੈ, ਤਾਂ ਅਮਰੀਕਾ ਦੁਬਾਰਾ ਫੌਜੀ ਕਾਰਵਾਈ ਵਧ ਸ਼ਕਤੀ ਨਾਲ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜ ‘ਲਾਕ ਐਂਡ ਲੋਡਿਡ’ ਭਾਵ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਰਾਸ਼ਟਰਪਤੀ ਟਰੰਪ ਦੇ ਹੁਕਮ ’ਤੇ ਈਰਾਨ ’ਤੇ ਪਹਿਲਾਂ ਤੋਂ ਵੱਧ ਤਾਕਤ ਨਾਲ ਹਮਲਾ ਕਰ ਸਕਦੀ ਹੈ। ਹੇਗਸੇਥ ਨੇ ਸਿਰਫ ਕਿਹਾ ਨਹੀਂ ਸਗੋਂ ਅਮਰੀਕਾ ਨੇ ਇਸ ਦੀ ਪੂਰੀ ਨਿਯੋਜਿਤ ਤਿਆਰੀ ਦਿਖਾਈ।
ਪੱਛਮੀ ਯੂਰਪੀਨ ਮੀਡੀਆ ਨੇ ਲਿਖਿਆ ਕਿ ਅਮਰੀਕਾ ਈਰਾਨ ਨੂੰ ਐਨਾਕੋਂਡਾ ਪਲਾਨ ’ਚ ਫਸਾ ਰਿਹਾ ਹੈ। ਅਮਰੀਕਾ ਨੇ ਫੌਜ ਦੇ ਤਿੰਨਾਂ ਅੰਗਾਂ ਦੇ ਲੱਗਭਗ 10 ਹਜ਼ਾਰ ਫੌਜੀ ਸਮੁੰਦਰ ’ਚ ਉਤਾਰ ਦਿੱਤੇ, 12 ਜੰਗੀ ਬੇੜੇ ਤਾਇਨਾਤ ਹਨ। ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਈਰਾਨ ਦੀ ਸੀਮਾ ਤੋਂ 200 ਕਿਲੋਮੀਟਰ ਦੂਰ ਹੈ ਤਾਂ ਯੂ.ਐੱਸ.ਐੱਸ. ਤ੍ਰਿਪੋਲੀ ਨਾਵਿਕ ਅਤੇ ਕਮਾਂਡੋ ਲਈ ਤਾਇਨਾਤ ਹੈ। ਗਾਈਡਡ ਮਿਜ਼ਾਈਲ ਡਿਸਟ੍ਰਾਇਰ ਵੀ ‘ਹੋਰਮੁਜ਼’ ਦੇ ਕੋਲ ਹੈ। ਅਮਰੀਕਾ ਨੇ 100 ਤੋਂ ਵੱਧ ਨਿਗਰਾਨੀ ਅਤੇ ਲੜਾਕੂ ਜਹਾਜ਼ ਵੀ ਭੇਜ ਦਿੱਤੇ ਹਨ ਜੋ ਈਰਾਨ ਦੀ ਨਾਕੇਬੰਦੀ ਕਰ ਰਹੇ ਹਨ ਅਤੇ ਉਸ ਦੇ ਜਹਾਜ਼ਾਂ ਨੂੰ ਰੋਕਣ ਲਈ ਸੀ-ਹਾਕ ਹੈਲੀਕਾਪਟਰ ਉਡਾਣ ਭਰ ਰਹੇ ਹਨ। ਸੈਟੇਲਾਈਟ ਨਾਲ ਜਹਾਜ਼ ਦੀ ਨਿਗਰਾਨੀ ਹੁੰਦੀ ਹੈ। ਇੰਨੀ ਤਿਆਰੀ ਦਾ ਅਰਥ ਹੈ ਕਿ ਅਮਰੀਕਾ ਇਸ ਵਾਰ ਈਰਾਨ ਨੂੰ ਉਸ ਸਥਿਤੀ ’ਚ ਪਹੁੰਚਾਉਣ ਦੇ ਟੀਚੇ ’ਤੇ ਵਧ ਰਿਹਾ ਹੈ, ਤਾਂ ਜੋ ਫਿਰ ਉਹ ਜੰਗ ਕਰਨ ਦੀ ਸੋਚ ਨਾ ਸਕੇ।
ਇਹ ਸਪੱਸ਼ਟ ਦਿਸ ਰਿਹਾ ਹੈ ਕਿ ਈਰਾਨ ’ਤੇ ਹੁਣ ਕੱਟੜਪੰਥੀ ਇਸਲਾਮੀ ਸ਼ਕਤੀਆਂ ਦਾ ਕੰਟਰੋਲ ਹੈ ਅਤੇ ਆਈ. ਆਰ. ਜੀ. ਸੀ. ਹੀ ਨੀਤੀਆਂ ਅਤੇ ਵਿਵਹਾਰ ਨਿਰਧਾਰਿਤ ਕਰ ਰਿਹਾ ਹੈ। ਅੱਬਾਸ ਅਰਾਘਚੀ ਜਾਂ ਮਸੂਦ ਪੇਜੇਸ਼ਕੀਅਨ ਉਨ੍ਹਾਂ ਦੇ ਸਹਿਯੋਗੀ ਦੀ ਭੂਮਿਕਾ ’ਚ ਹਨ, ਨਹੀਂ ਤਾਂ ਇਹ ਰਣਨੀਤੀ ਦੇ ਤਹਿਤ ਹੀ ਸਹੀ ਅਤੇ ਤੁਰੰਤ ਅਮਰੀਕਾ ਨਾਲ ਕੁਝ ਸਮਝੌਤਾ ਕਰ ਲੈਂਦੇ, ਭਾਵੇਂ ਅੱਗੇ ਪੂਰੀ ਤਰ੍ਹਾਂ ਪਾਲਣ ਕਰਦੇ ਜਾਂ ਨਹੀਂ ਕਰਦੇ। ਹੋਰਮੁਜ਼ ਖੋਲ੍ਹਣ ਦਾ ਬਿਆਨ ਅੱਬਾਸ ਅਰਾਘਚੀ ਨੇ ਦਿੱਤਾ ਅਤੇ 24 ਘੰਟੇ ਬਾਅਦ ਨਾਕੇਬੰਦੀ ਜਾਰੀ ਰਹਿਣ ਦਾ ਐਲਾਨ ਆਈ. ਆਰ. ਜੀ. ਸੀ. ਨੇ ਕੀਤਾ। ਆਈ. ਆਰ. ਜੀ. ਸੀ. ਨੇ ਅਰਾਘਚੀ ਨੂੰ ਬੇਵਕੂਫ ਵੀ ਕਰਾਰ ਦੇ ਦਿੱਤਾ।
-ਅਵਧੇਸ਼ ਕੁਮਾਰ
