ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ

Thursday, Apr 30, 2026 - 04:43 PM (IST)

ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ

ਪਿਛਲੇ ਹਫ਼ਤੇ ਮੁੰਬਈ ’ਚ ਮਹਾਰਾਸ਼ਟਰ ਦੇ ਪਾਣੀ ਸੋਮਿਆਂ ਬਾਰੇ ਮੰਤਰੀ ਗਿਰੀਸ਼ ਮਹਾਜਨ ਅਤੇ ਪੁਲਸ ਮੁਲਾਜ਼ਮਾਂ ਦਾ ਸਾਹਮਣਾ ਕਰਦੀ ਇਕ ਨਾਰਾਜ਼ ਔਰਤ ਦੀ ਵੀਡੀਓ ਵਾਇਰਲ ਹੋ ਗਈ, ਜਿਸ ਨੂੰ ਲੱਖਾਂ ਲੋਕਾਂ ਦਾ ਸਮਰਥਨ ਮਿਲਿਆ ਅਤੇ ਉਸ ਦੇ ਬੋਲਣ ਦੀ ਹਿੰਮਤ ਦੀ ਤਾਰੀਫ਼ ਹੋਈ।

ਮੰਤਰੀ ਦੀ ਅਗਵਾਈ ’ਚ ਭਾਜਪਾ ਵਰਕਰ ਸੰਸਦ ’ਚ ਨਾਰੀ ਸ਼ਕਤੀ ਵੰਦਨ (ਸੋਧ) ਬਿੱਲ ਦੀ ਹਾਰ ਦੇ ਵਿਰੋਧ ’ਚ ਜਨਤਕ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸਥਾਨਕ ਪੁਲਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਲੋੜੀਂਦੀ ਪੁਲਸ ਮੌਜੂਦਗੀ ਦੇ ਬਾਵਜੂਦ, ਇਸ ਇਕੱਠ ਦੇ ਕਾਰਨ ਟ੍ਰੈਫਿਕ ਜਾਮ ਹੋ ਗਿਆ। ਇਸ ਕਾਰਨ ਉਸ ਔਰਤ ਦਾ ਸੁਭਾਵਿਕ ਵਿਰੋਧ ਪ੍ਰਦਰਸ਼ਨ ਹੋਇਆ ਜੋ ਆਪਣੇ ਬੱਚੇ ਨੂੰ ਸਕੂਲ ਤੋਂ ਲੈਣ ਜਾ ਰਹੀ ਸੀ।

ਮੁੰਬਈ ਦੀ ਉਕਤ ਔਰਤ ਦੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਤੋਂ ਉਸ ਦੀ ਪਛਾਣ ਇਕ ਅਖਬਾਰ ਨੇ ਸ਼੍ਰੀਮਤੀ ਗਰੇਵਾਲ ਵਜੋਂ ਕੀਤੀ । ਉਹ ਜਨਤਕ ਸਹੂਲਤ ਦੀ ਪੂਰੀ ਤਰ੍ਹਾਂ ਅਣਦੇਖੀ ’ਤੇ ਆਪਣਾ ਗੁੱਸਾ ਕਾਬੂ ਨਹੀਂ ਕਰ ਸਕੀ ਅਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਮੰਤਰੀ ਅਤੇ ਇਹ ਯਕੀਨੀ ਬਣਾਉਣ ਲਈ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਭਿੜਨ ਦਾ ਫ਼ੈਸਲਾ ਕੀਤਾ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਭਾਜਪਾ ਵਰਕਰਾਂ ਦਾ ਰੋਸ ਪ੍ਰਦਰਸ਼ਨ, ਜੋ ਕਿ ਪਹਿਲਾਂ ਤੋਂ ਤੈਅ ਸੀ ਅਤੇ ਸ਼ਾਇਦ ਪਾਰਟੀ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ, ਦੇ ਉਲਟ ਉਕਤ ਔਰਤ ਦਾ ਇਹ ਇਕ ਸਹਿਜ ਵਿਰੋਧ ਸੀ। ਉਸ ਨੇ ਮੰਤਰੀ ਤੋਂ ਪੁੱਛਿਆ ਕਿ ਉਹ ਰੋਸ ਪ੍ਰਦਰਸ਼ਨ ਕਿਸੇ ਜਨਤਕ ਪਾਰਕ ਜਾਂ ਕਿਸੇ ਹੋਰ ਜਗ੍ਹਾ ’ਤੇ ਕਿਉਂ ਨਹੀਂ ਕਰ ਸਕਦੇ ਸਨ ਤਾਂ ਜੋ ਆਮ ਜਨਤਾ ਨੂੰ ਅਸੁਵਿਧਾ ਨਾ ਹੋਵੇ। ਮੰਤਰੀ ਕੋਲ ਸਪੱਸ਼ਟ ਤੌਰ ’ਤੇ ਕੋਈ ਜਵਾਬ ਨਹੀਂ ਸੀ। ਉਸ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੇ ਪੁਲਸ ਮੁਲਾਜ਼ਮਾਂ ’ਤੇ ਵੀ ਗੁੱਸਾ ਕੱਢਿਆ। ਹਾਲਾਂਕਿ, ਉਨ੍ਹਾਂ ਵੱਲੋਂ ਅਪਸ਼ਬਦਾਂ ਦੀ ਵਰਤੋਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਇਹ ਗੁੱਸੇ ਦੀ ਗਰਮੀ ’ਚ ਬੋਲੇ ਗਏ ਸਨ।

ਉਨ੍ਹਾਂ ਦੀ ਨਿਰਾਸ਼ਾ ਅਤੇ ਗੁੱਸਾ ਉਨ੍ਹਾਂ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੈ, ਜਿਨ੍ਹਾਂ ਨੂੰ ਕਥਿਤ ਵੀ.ਆਈ.ਪੀ ਮੂਵਮੈਂਟ ਜਾਂ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਜਾਂ ਵਿਆਹ ਅਤੇ ਧਾਰਮਿਕ ਜਲੂਸਾਂ ਦੇ ਕਾਰਨ ਲੱਗਭਗ ਰੋਜ਼ਾਨਾ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ। ਲੱਗਭਗ ਅਜਿਹੇ ਸਾਰੇ ਮਾਮਲਿਆਂ ’ਚ, ਆਮ ਆਦਮੀ ਗੁੱਸੇ ’ਚ ਸੜਦੇ ਹੋਏ ਵੀ ਚੁੱਪਚਾਪ ਸਭ ਸਹਿੰਦਾ ਹੈ।

ਅਸੀਂ ਸਾਰੇ ਹੀ ਵੀ. ਆਈ. ਪੀ. ਮੂਵਮੈਂਟ ਦੇ ਕਾਰਨ ਲੱਗਣ ਵਾਲੇ ਟ੍ਰੈਫਿਕ ਜਾਮ ’ਚ ਫਸਣ ਦਾ ਸ਼ਿਕਾਰ ਹੋਏ ਹਾਂ। ਕੁਝ ਅਜੀਬ ਕਾਰਨਾਂ ਕਰ ਕੇ, ਸਾਇਰਨ ਲੱਗੀਅਾਂ ਪੁਲਸ ਗੱਡੀਆਂ ਨਾਲ ਐਸਕੋਰਟ ਕੀਤੇ ਜਾ ਰਹੇ ਕਥਿਤ ਵੀ. ਆਈ. ਪੀ. ਹਮੇਸ਼ਾ ਜਲਦੀ ’ਚ ਦਿਖਾਈ ਦਿੰਦੇ ਹਨ। ਇੱਥੋਂ ਤੱਕ ਕਿ ਮੰਤਰੀਆਂ, ਜੱਜਾਂ, ਨੌਕਰਸ਼ਾਹਾਂ ਅਤੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਵੀ ਸਾਇਰਨ ਵਜਾਉਂਦੇ ਹੋਏ ਰਸਤੇ ਦੇ ਅਧਿਕਾਰ ਦਾ ਦਾਅਵਾ ਕਰਦੇ ਹਨ। ਸ਼ਾਇਦ ਅਜਿਹਾ ਵਿਸ਼ੇਸ਼ ਅਧਿਕਾਰ ਸਿਰਫ਼ ਉਨ੍ਹਾਂ ਦੇ ਹੰਕਾਰ ਨੂੰ ਸੰਤੁਸ਼ਟ ਕਰਦਾ ਹੈ।

ਅਕਸਰ ਵੱਡੇ ਕਾਫ਼ਲੇ ਹੁੰਦੇ ਹਨ। ਚੋਟੀ ਦੇ ਮੰਤਰੀਆਂ ਅਤੇ ਇੱਥੋਂ ਤੱਕ ਕਿ ਰਾਜਪਾਲਾਂ ਦੇ ਕਾਫ਼ਲੇ ’ਚ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਇੱਥੋਂ ਤੱਕ ਕਿ ਬੁਲਡੋਜ਼ਰ ਤੋਂ ਇਲਾਵਾ ਦਰਜਨਾਂ ਵਾਹਨ ਸ਼ਾਮਲ ਹੁੰਦੇ ਹਨ!

ਜੇਕਰ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਹੋਰ ਮੁਸਾਫ਼ਰਾਂ ਨੂੰ ਚੌਕਸ ਕਰਨ ਲਈ ਸਾਇਰਨ ਵਜਾ ਰਹੇ ਹੋਣ ਜਾਂ ਇੱਥੋਂ ਤੱਕ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀਆਂ ਨੂੰ ਸੁਰੱਖਿਆ ਦੀ ਜ਼ਰੂਰਤ ਹੋਵੇ, ਤਾਂ ਸਮਝਿਆ ਜਾ ਸਕਦਾ ਹੈ ਪਰ ਜੂਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਵੀ ਆਮ ਲੋਕਾਂ ਨੂੰ ਕਿਉਂ ਅਸੁਵਿਧਾ ਦੇਣੀ ਚਾਹੀਦੀ ਹੈ, ਜੋ ਸਿਰਫ ਉਨ੍ਹਾਂ ਲਈ ਮਨ ਹੀ ਮਨ ’ਚ ਅਪਸ਼ਬਦਾਂ ਦੀ ਵਰਤੋਂ ਕਰਦੇ ਹਨ।

ਇਹ ‘ਵਿਸ਼ੇਸ਼ ਅਧਿਕਾਰ ਪ੍ਰਾਪਤ’ ਵਿਅਕਤੀ ਇਹ ਮਹਿਸੂਸ ਨਹੀਂ ਕਰਦੇ ਕਿ ਟ੍ਰੈਫਿਕ ’ਚ ਗੰਭੀਰ ਮਰੀਜ਼ਾਂ ਵਾਲੀਆਂ ਐਂਬੂਲੈਂਸਾਂ ਫਸੀਆਂ ਹੋ ਸਕਦੀਆਂ ਹਨ, ਮਾਪੇ ਆਪਣੇ ਬੱਚਿਆਂ ਨੂੰ ਲੈਣ ਜਾ ਰਹੇ ਹੋ ਸਕਦੇ ਹਨ, ਲੋਕ ਟਰੇਨ ਜਾਂ ਹੋਰ ਜਨਤਕ ਟ੍ਰਾਂਸਪੋਰਟ ਫੜਨ ਜਾ ਰਹੇ ਹੋ ਸਕਦੇ ਹਨ, ਹੋਰ ਲੋਕ ਕਿਸੇ ਐਮਰਜੈਂਸੀ ਦੀ ਸਥਿਤੀ ’ਚ ਸ਼ਾਮਲ ਹੋਣ ਜਾਂ ਮਹੱਤਵਪੂਰਨ ਮੀਟਿੰਗਾਂ ’ਚ ਹਿੱਸਾ ਲੈਣ ਦੀ ਜਲਦੀ ’ਚ ਹੋ ਸਕਦੇ ਹਨ।

‘ਰਾਜੇ ਤੋਂ ਜ਼ਿਆਦਾ ਵਫਾਦਾਰ’ ਪੁਲਸ ਸੋਚਦੀ ਹੈ ਕਿ ਇਨ੍ਹਾਂ ਵੀ. ਆਈ. ਪੀਜ਼ ਦੇ ਸੁਰੱਖਿਅਤ ਮਾਰਗ ਲਈ ਟ੍ਰੈਫਿਕ ਰੋਕਣਾ ਉਨ੍ਹਾਂ ਦਾ ਮੁਢਲਾ ਫ਼ਰਜ਼ ਹੈ। ਅਕਸਰ ਕਾਫ਼ਲੇ ਦੇ ਲੰਘਣ ਤੋਂ 10 ਤੋਂ 15 ਮਿੰਟ ਪਹਿਲਾਂ ਟ੍ਰੈਫਿਕ ਰੋਕ ਦਿੱਤਾ ਜਾਂਦਾ ਹੈ।

ਪੁਲਸ ਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਅਮਰੀਕਾ ਜਾਂ ਯੂਰਪ ’ਚ ਪੁਲਸ ਅਜਿਹੀ ਹੀ ਸਥਿਤੀ ਨਾਲ ਕਿਵੇਂ ਨਜਿੱਠਦੀ ਹੈ। ਉੱਥੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਲਈ ਵੀ ਸ਼ਾਇਦ ਹੀ ਕਦੇ ਟ੍ਰੈਫਿਕ ਰੋਕਿਆ ਜਾਂਦਾ ਹੈ। ਆਮ ਜਨਤਾ ਨੂੰ ਘੱਟ ਤੋਂ ਘੱਟ ਅਸੁਵਿਧਾ ਪਹੁੰਚਾਉਣ ਲਈ ਵਾਹਨਾਂ ਦੇ ਲੰਘਣ ਤੋਂ ਮਸਾਂ ਇਕ ਮਿੰਟ ਜਾਂ ਉਸ ਤੋਂ ਵੀ ਘੱਟ ਸਮਾਂ ਪਹਿਲਾਂ ਟ੍ਰੈਫਿਕ ਰੋਕਿਆ ਜਾਂਦਾ ਹੈ।

ਲੋਕਾਂ ਨੇ ਵਾਰ-ਵਾਰ ਟ੍ਰੈਫਿਕ ਜਾਮ ਨੂੰ ਇਕ ਲੋੜੀਂਦੀ ਬੁਰਾਈ ਦੇ ਰੂਪ ’ਚ ਸਵੀਕਾਰ ਕਰ ਲਿਆ ਹੈ ਪਰ ਇਹ ਰੁਕਾਵਟਾਂ ਆਮ ਵਿਅਕਤੀ ਦੀ ਸਿਹਤ, ਕੰਮ ਅਤੇ ਵਾਤਾਵਰਣ ’ਤੇ ਬੁਰਾ ਅਸਰ ਪਾਉਂਦੀਆਂ ਹਨ। ਸਾਨੂੰ ਰੋਸ ਪ੍ਰਦਰਸ਼ਨਾਂ, ਰੈਲੀਆਂ ਜਾਂ ਜਨਤਕ ਪ੍ਰੋਗਰਾਮਾਂ ਲਈ ਖੇਤਰਾਂ ਨੂੰ ਨਿਰਧਾਰਤ ਕਰਨ ਸਮੇਤ ਟ੍ਰੈਫਿਕ ਜਾਮ ਨੂੰ ਰੋਕਣ ਦੇ ਤਰੀਕੇ ਲੱਭਣ ਦੀ ਲੋੜ ਹੈ।

ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਆਪਣਾ ਰਵੱਈਆ ਅਤੇ ਵਿਵਹਾਰ ਬਦਲਣ ਦੀ ਲੋੜ ਹੈ। ਉਨ੍ਹਾਂ ਨੂੰ ਆਮ ਜਨਤਾ ਦੇ ਪ੍ਰਤੀ ਹਮਦਰਦੀ ਰੱਖਣ ਦੀ ਲੋੜ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਬੇਲੋੜੇ ਕੰਮਾਂ ਤੋਂ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਪੀੜਤ ਜਨਤਾ ਤੋਂ ਸਿਰਫ਼ ਬਦਦੁਆਵਾਂ ਹੀ ਮੰਗ ਰਹੇ ਹਨ। ਮੁੰਬਈ ਦੀ ਔਰਤ ਨੇ ਉਹੀ ਪ੍ਰਗਟਾਇਆ ਜੋ ਭਾਰਤ ਦੀਆਂ ਸੜਕਾਂ ’ਤੇ ਲੱਖਾਂ ਹੋਰ ਲੋਕ ਅਕਸਰ ਮਹਿਸੂਸ ਕਰਦੇ ਹਨ।

ਵਿਪਿਨ ਪੱਬੀ


author

Rakesh

Content Editor

Related News