ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’

Monday, May 04, 2026 - 04:26 PM (IST)

ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’

ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ’ਚ ਸਿੱਖਿਆ ਨੂੰ ਅਕਸਰ ਅੰਕਾਂ, ਰੈਂਕਿੰਗ ਅਤੇ ਮੁਕਾਬਲੇਬਾਜ਼ੀ ਵਾਲੀ ਸਫਲਤਾ ਨਾਲ ਮਾਪਿਆ ਜਾਂਦਾ ਹੈ। ਸਕੂਲ ਗਣਿਤ, ਵਿਗਿਆਨ ਅਤੇ ਤਕਨੀਕ ਵਰਗੇ ਵਿਸ਼ਿਆਂ ’ਤੇ ਭਾਰੀ ਧਿਆਨ ਕੇਂਦਰਿਤ ਕਰਦੇ ਹਨ, ਜੋ ਕਿ ਬਿਨਾਂ ਸ਼ੱਕ ਮਹੱਤਵਪੂਰਨ ਹਨ। ਹਾਲਾਂਕਿ, ਕਈ ਜਮਾਤਾਂ ’ਚੋਂ ਹੌਲੀ-ਹੌਲੀ ਕੁਝ ਜ਼ਰੂਰੀ ਚੀਜ਼ਾਂ ਓਝਲ ਹੋ ਗਈਆਂ ਹਨ—ਕਦਰਾਂ-ਕੀਮਤਾਂ। ਪੁਰਾਣੇ ਸਮਿਆਂ ’ਚ, ਸਕੂਲਾਂ ’ਚ ‘ਮੋਰਲ ਸਾਇੰਸ’ (ਨੈਤਿਕ ਵਿਗਿਆਨ) ਨਾਂ ਦਾ ਇਕ ਵਿਸ਼ਾ ਹੁੰਦਾ ਸੀ ਅਤੇ ਸਵੇਰ ਦੀਆਂ ਸਭਾਵਾਂ ਅਕਸਰ ਰਾਸ਼ਟਰੀ ਗਾਨ ਅਤੇ ਇਕ ਸਰਲ ਭਜਨ ਨਾਲ ਸ਼ੁਰੂ ਹੁੰਦੀਆਂ ਸਨ। ਇਹ ਸਿਰਫ ਰਸਮਾਂ ਨਹੀਂ ਸਨ, ਇਨ੍ਹਾਂ ਨੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ’ਚ ਇਕ ਸ਼ਾਂਤ ਪਰ ਸ਼ਕਤੀਸ਼ਾਲੀ ਭੂਮਿਕਾ ਨਿਭਾਈ। ਅੱਜ ਦੀ ਗੁੰਝਲਦਾਰ, ਡਿਜੀਟਲ ਦੁਨੀਆ ’ਚ ਵੱਡੇ ਹੋ ਰਹੇ ਬੱਚਿਆਂ ਲਈ ਇਨ੍ਹਾਂ ਪ੍ਰਥਾਵਾਂ ਨੂੰ ਵਾਪਸ ਸਕੂਲਾਂ ’ਚ ਲਿਆਉਣਾ ਡੂੰਘਾ ਹਾਂਪੱਖੀ ਪ੍ਰਭਾਵ ਪਾ ਸਕਦਾ ਹੈ।

ਮੋਰਲ ਸਾਇੰਸ ਕਦੇ ਵੀ ਪ੍ਰੀਖਿਆ ਜਾਂ ਗ੍ਰੇਡ ਬਾਰੇ ਨਹੀਂ ਸੀ। ਇਹ ਇਕ ਚੰਗਾ ਇਨਸਾਨ ਬਣਨ ਬਾਰੇ ਸੀ। ਸਰਲ ਕਹਾਣੀਆਂ, ਚਰਚਾਵਾਂ ਅਤੇ ਉਦਾਹਰਣਾਂ ਜ਼ਰੀਏ ਬੱਚਿਆਂ ਨੂੰ ਇਮਾਨਦਾਰੀ, ਦਇਆ, ਸਨਮਾਨ, ਧੀਰਜ ਅਤੇ ਜ਼ਿੰਮੇਵਾਰੀ ਦੀ ਕਲਾ ਸਿਖਾਈ ਜਾਂਦੀ ਸੀ। ਇਹ ਸਬਕ ਉਸ ਸਮੇਂ ਛੋਟੇ ਲੱਗ ਸਕਦੇ ਸਨ ਪਰ ਉਹ ਜੀਵਨ ਭਰ ਵਿਦਿਆਰਥੀਆਂ ਦੇ ਨਾਲ ਰਹੇ। ਉਨ੍ਹਾਂ ਨੇ ਬੱਚਿਆਂ ਨੂੰ ਸਹੀ ਅਤੇ ਗਲਤ ਦੇ ਵਿਚਾਲੇ ਫਰਕ ਸਮਝਣ ’ਚ ਮਦਦ ਕੀਤੀ, ਡਰ ਦੇ ਕਾਰਨ ਨਹੀਂ, ਸਗੋਂ ਸਮਝ ਅਤੇ ਹਮਦਰਦੀ ਦੇ ਕਾਰਨ।

ਅੱਜ ਦੇ ਬੱਚੇ ਬਹੁਤ ਵੱਖਰੇ ਮਾਹੌਲ ’ਚ ਵੱਡੇ ਹੋ ਰਹੇ ਹਨ। ਸੋਸ਼ਲ ਮੀਡੀਆ ਉਨ੍ਹਾਂ ਦੇ ਰੋਜ਼ਾਨਾ ਜੀਵਨ ਦਾ ਇਕ ਵੱਡਾ ਹਿੱਸਾ ਬਣ ਗਿਆ ਹੈ। ਜਿੱਥੇ ਇਹ ਗਿਆਨ ਅਤੇ ਜੁੜਾਅ ਪ੍ਰਦਾਨ ਕਰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਨਕਾਰਾਤਮਕਤਾ, ਹਿੰਸਾ, ਬਦਮਾਸ਼ੀ, ਅਵਾਸਤਵਿਕ ਜੀਵਨਸ਼ੈਲੀ ਅਤੇ ਨਿਰੰਤਰ ਤੁਲਨਾ ਦੇ ਸੰਪਰਕ ’ਚ ਵੀ ਲਿਆਉਂਦਾ ਹੈ। ਨੌਜਵਾਨ ਦਿਮਾਗ ਅਜੇ ਵਿਕਸਿਤ ਹੋ ਰਹੇ ਹਨ ਅਤੇ ਉਹ ਜੋ ਦੇਖਦੇ ਅਤੇ ਸੁਣਦੇ ਹਨ, ਉਸ ਤੋਂ ਆਸਾਨੀ ਨਾਲ ਪ੍ਰਭਾਵਿਤ ਹੋ ਸਕਦੇ ਹਨ। ਉਚਿਤ ਮਾਰਗਦਰਸ਼ਨ ਤੋਂ ਬਿਨਾਂ, ਉਨ੍ਹਾਂ ਲਈ ਇਨ੍ਹਾਂ ਪ੍ਰਭਾਵਾਂ ਨੂੰ ਸਿਹਤਮੰਦ ਤਰੀਕੇ ਨਾਲ ਸਮਝਣਾ ਮੁਸ਼ਕਲ ਹੋ ਜਾਂਦਾ ਹੈ।

ਇਹੀ ਉਹ ਜਗ੍ਹਾ ਹੈ ਜਿੱਥੇ ਮੋਰਲ ਸਾਇੰਸ ਫਿਰ ਤੋਂ ਬਦਲਾਅ ਲਿਆ ਸਕਦੀ ਹੈ। ਇਸ ਨੂੰ ਸਕੂਲਾਂ ’ਚ ਫਿਰ ਤੋਂ ਸ਼ੁਰੂ ਕਰਕੇ, ਅਸੀਂ ਬੱਚਿਆਂ ਨੂੰ ਚਿੰਤਨ ਕਰਨ, ਸਵਾਲ ਪੁੱਛਣ ਅਤੇ ਭਾਵਨਾਤਮਕ ਬੁੱਧੀ ਵਿਕਸਿਤ ਕਰਨ ਲਈ ਇਕ ਜਗ੍ਹਾ ਦਿੰਦੇ ਹਾਂ। ਇਹ ਉਨ੍ਹਾਂ ਨੂੰ ਸਾਥੀਆਂ ਦੇ ਦਬਾਅ ਨੂੰ ਸੰਭਾਲਣ, ਅਸਫਲਤਾ ਨਾਲ ਨਜਿੱਠਣ ਅਤੇ ਬਿਨਾਂ ਹੰਕਾਰ ਦੇ ਆਤਮਵਿਸ਼ਵਾਸ ਵਿਕਸਿਤ ਕਰਨ ’ਚ ਮਦਦ ਕਰ ਸਕਦਾ ਹੈ। ਇਹ ਉਨ੍ਹਾਂ ਨੂੰ ਸਿਖਾਉਂਦਾ ਹੈ ਕਿ ਸਫਲਤਾ ਸਿਰਫ ਜਿੱਤਣ ਬਾਰੇ ਨਹੀਂ, ਸਗੋਂ ਨਿਰਪੱਖ, ਦਿਆਲੂ ਅਤੇ ਇਮਾਨਦਾਰ ਹੋਣ ਬਾਰੇ ਵੀ ਹੈ।

ਸਵੇਰ ਦੀਆਂ ਸਭਾਵਾਂ ਵੀ ਦਿਨ ਦੀ ਲੈਅ ਤੈਅ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦਿਨ ਦੀ ਸ਼ੁਰੂਆਤ ਰਾਸ਼ਟਰੀ ਗਾਨ ਜਾਂ ਵੰਦੇ ਮਾਤਰਮ ਜਾਂ ਕਿਸੇ ਦੇਸ਼ ਭਗਤੀ ਦੇ ਗੀਤ ਨਾਲ ਕਰਨ ਨਾਲ ਏਕਤਾ ਅਤੇ ਅਪਣੇਪਨ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਵਿਦਿਆਰਥੀਆਂ ਨੂੰ ਯਾਦ ਦਿਵਾਉਂਦਾ ਹੈ ਕਿ ਉਹ ਆਪਣੇ ਆਪ ਤੋਂ ਵੱਡੀ ਕਿਸੇ ਚੀਜ਼ (ਆਪਣੇ ਦੇਸ਼) ਦਾ ਹਿੱਸਾ ਹਨ। ਇਹ ਜ਼ਬਰਦਸਤੀ ਨਹੀਂ, ਸਗੋਂ ਰੋਜ਼ਾਨਾ ਅਭਿਆਸ ਦੇ ਜ਼ਰੀਏ ਸਨਮਾਨ ਅਤੇ ਮਾਣ ਦੀ ਭਾਵਨਾ ਜਗਾਉਂਦਾ ਹੈ।

ਭਜਨ ਜਾਂ ਇਕ ਸਾਧਾਰਨ ਭਗਤੀ ਜਾਂ ਪ੍ਰੇਰਨਾਦਾਇਕ ਗੀਤ ਜੋੜਨ ਨਾਲ ਨੌਜਵਾਨ ਦਿਮਾਗਾਂ ’ਚ ਸ਼ਾਂਤੀ ਅਤੇ ਇਕਾਗਰਤਾ ਆ ਸਕਦੀ ਹੈ। ਇਸ ਨੂੰ ਸਖ਼ਤ ਅਰਥਾਂ ’ਚ ਧਾਰਮਿਕ ਹੋਣ ਦੀ ਲੋੜ ਨਹੀਂ, ਇਹ ਅਧਿਆਤਮਿਕ ਜਾਂ ਕਦਰਾਂ-ਕੀਮਤਾਂ ’ਤੇ ਆਧਾਰਿਤ ਹੋ ਸਕਦਾ ਹੈ। ਵਿਚਾਰ ਇਕ ਸ਼ਾਂਤੀਪੂਰਨ ਪਲ ਬਣਾਉਣ ਦਾ ਹੈ, ਜਿੱਥੇ ਬੱਚੇ ਆਪਣਾ ਅਕਾਦਮਿਕ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਰੁਕਣ, ਸਾਹ ਲੈਣ ਅਤੇ ਹਾਂਪੱਖੀ ਵਿਚਾਰਾਂ ਨਾਲ ਜੁੜਨ। ਅਜਿਹੀ ਦੁਨੀਆ ’ਚ, ਜਿੱਥੇ ਬੱਚੇ ਲਗਾਤਾਰ ਸਕ੍ਰੀਨ ਅਤੇ ਤੇਜ਼ ਕੰਟੈਂਟ ਨਾਲ ਉਤੇਜਿਤ ਰਹਿੰਦੇ ਹਨ, ਕੁਝ ਮਿੰਟਾਂ ਦਾ ਸ਼ਾਂਤ ਚਿੰਤਨ ਵੀ ਬਹੁਤ ਸ਼ਕਤੀਸ਼ਾਲੀ ਹੋ ਸਕਦਾ ਹੈ।

ਕੁਝ ਲੋਕ ਤਰਕ ਦੇ ਸਕਦੇ ਹਨ ਕਿ ਸਕੂਲਾਂ ਨੂੰ ਸਿਰਫ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਅਜਿਹੀ ਕਿਸੇ ਵੀ ਚੀਜ਼ ਤੋਂ ਬਚਣਾ ਚਾਹੀਦਾ ਹੈ, ਜੋ ਰਵਾਇਤੀ ਜਾਂ ਪੁਰਾਣੀ ਲੱਗਦੀ ਹੋਵੇ ਪਰ ਸੱਚ ਤਾਂ ਇਹ ਹੈ ਕਿ ਚਰਿੱਤਰ ਨਿਰਮਾਣ ਤੋਂ ਬਿਨਾਂ ਸਿੱਖਿਆ ਅਧੂਰੀ ਹੈ। ਇਕ ਬੱਚਾ ਜੋ ਉੱਚ ਅੰਕ ਪ੍ਰਾਪਤ ਕਰਦਾ ਹੈ ਪਰ ਜਿਸ ’ਚ ਹਮਦਰਦੀ ਜਾਂ ਅਖੰਡਤਾ ਦੀ ਕਮੀ ਹੈ, ਉਹ ਅਸਲ ਜੀਵਨ ’ਚ ਸੰਘਰਸ਼ ਕਰ ਸਕਦਾ ਹੈ। ਦੂਜੇ ਪਾਸੇ, ਇਕ ਬੱਚਾ ਜੋ ਕਦਰਾਂ-ਕੀਮਤਾਂ ਨੂੰ ਸਮਝਦਾ ਹੈ, ਭਾਵੇਂ ਉਹ ਪੜ੍ਹਾਈ ’ਚ ਔਸਤ ਹੋਵੇ, ਉਸ ਦੇ ਇਕ ਜ਼ਿੰਮੇਵਾਰ ਅਤੇ ਸੰਤੁਲਿਤ ਬਾਲਗ ਦੇ ਰੂਪ ’ਚ ਵਿਕਸਿਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।

ਮੋਰਲ ਸਾਇੰਸ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਮਤਲਬ ਪਿੱਛੇ ਜਾਣਾ ਨਹੀਂ, ਇਸ ਦਾ ਅਰਥ ਹੈ ਨੀਂਹ ਨੂੰ ਮਜ਼ਬੂਤ ਕਰਨਾ। ਆਧੁਨਿਕ ਸਮੇਂ ਦੇ ਅਨੁਕੂਲ ਇਸ ਵਿਸ਼ੇ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਪਾਠਾਂ ’ਚ ਡਿਜੀਟਲ ਜ਼ਿੰਮੇਵਾਰੀ, ਸੋਸ਼ਲ ਮੀਡੀਆ ’ਤੇ ਸਨਮਾਨ, ਮਾਨਸਿਕ ਸਿਹਤ ਜਾਗਰੂਕਤਾ ਅਤੇ ਰੋਜ਼ਾਨਾ ਜੀਵਨ ’ਚ ਦਿਆਲਤਾ ਦੇ ਮਹੱਤਵ ਜਿਹੇ ਵਿਸ਼ੇ ਸ਼ਾਮਲ ਕੀਤੇ ਜਾ ਸਕਦੇ ਹਨ। ਅਧਿਆਪਕ ਸਿਰਫ ਪਾਠ-ਪੁਸਤਕਾਂ ਦੀ ਬਜਾਏ ਅਸਲ ਜੀਵਨ ਦੀਆਂ ਉਦਾਹਰਣਾਂ, ਸਮੂਹ ਚਰਚਾਵਾਂ ਅਤੇ ਗਤੀਵਿਧੀਆਂ ਦੀ ਵਰਤੋਂ ਕਰ ਸਕਦੇ ਹਨ।

ਇਸੇ ਤਰ੍ਹਾਂ, ਸਵੇਰ ਦੀਆਂ ਸਭਾਵਾਂ ਨੂੰ ਦਿਲਚਸਪ ਅਤੇ ਸਮਾਵੇਸ਼ੀ ਬਣਾਇਆ ਜਾ ਸਕਦਾ ਹੈ। ਗਾਉਣ ਅਤੇ ਭਜਨ ਦੇ ਨਾਲ, ਵਿਦਿਆਰਥੀ ਕਦਰਾਂ-ਕੀਮਤਾਂ ਬਾਰੇ ਛੋਟੇ ਵਿਚਾਰ, ਕਹਾਣੀਆਂ ਜਾਂ ਅਨੁਭਵ ਸਾਂਝੇ ਕਰ ਸਕਦੇ ਹਨ। ਉਹ ਦਿਆਲਤਾ, ਟੀਮ ਵਰਕ ਜਾਂ ਇਮਾਨਦਾਰੀ ਦੇ ਉਨ੍ਹਾਂ ਕਾਰਜਾਂ ਬਾਰੇ ਗੱਲ ਕਰ ਸਕਦੇ ਹਨ, ਜੋ ਉਨ੍ਹਾਂ ਨੇ ਦੇਖੇ ਜਾਂ ਕੀਤੇ ਹਨ। ਇਹ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਕਦਰਾਂ-ਕੀਮਤਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਂਦਾ ਹੈ, ਨਾ ਕਿ ਸਿਰਫ ਜਮਾਤ ਦਾ ਇਕ ਵਿਸ਼ਾ।

ਮਾਤਾ-ਪਿਤਾ ਅਤੇ ਅਧਿਆਪਕ ਦੋਵਾਂ ਦੀ ਇਸ ’ਚ ਭੂਮਿਕਾ ਹੈ। ਇਕੱਲੇ ਸਕੂਲ ਇਕ ਬੱਚੇ ਨੂੰ ਪੂਰੀ ਤਰ੍ਹਾਂ ਆਕਾਰ ਨਹੀਂ ਦੇ ਸਕਦੇ ਪਰ ਉਹ ਇਕ ਮਜ਼ਬੂਤ ਵਾਤਾਵਰਣ ਬਣਾ ਸਕਦੇ ਹਨ, ਜਿੱਥੇ ਚੰਗੀਆਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਅਤੇ ਉਨ੍ਹਾਂ ਦਾ ਅਭਿਆਸ ਕੀਤਾ ਜਾਂਦਾ ਹੈ। ਜਦੋਂ ਬੱਚੇ ਸਕੂਲ ’ਚ ਸਿਖਾਈਆਂ ਜਾਣ ਵਾਲੀਆਂ ਗੱਲਾਂ ਅਤੇ ਘਰ ’ਚ ਮਿਲਣ ਵਾਲੇ ਤਜਰਬਿਆਂ ਦੇ ਵਿਚਾਲੇ ਨਿਰੰਤਰਤਾ ਦੇਖਦੇ ਹਨ, ਤਾਂ ਪ੍ਰਭਾਵ ਹੋਰ ਵੀ ਡੂੰਘਾ ਹੋ ਜਾਂਦਾ ਹੈ।

ਅੱਜ ਦੀ ਦੁਨੀਆ ’ਚ, ਜਿੱਥੇ ਤਣਾਅ, ਮੁਕਾਬਲਾ ਅਤੇ ਭਟਕਣਾ ਵਧ ਰਹੀ ਹੈ, ਬੱਚਿਆਂ ਨੂੰ ਸਿਰਫ ਅਕਾਦਮਿਕ ਗਿਆਨ ਤੋਂ ਵੱਧ ਦੀ ਲੋੜ ਹੈ। ਉਨ੍ਹਾਂ ਨੂੰ ਮਾਰਗਦਰਸ਼ਨ, ਭਾਵਨਾਤਮਕ ਸ਼ਕਤੀ ਅਤੇ ਸਹੀ-ਗਲਤ ਦੀ ਸਪੱਸ਼ਟ ਸਮਝ ਦੀ ਲੋੜ ਹੈ। ਮੋਰਲ ਸਾਇੰਸ ਅਤੇ ਸਾਰਥਕ ਸਵੇਰ ਦੀਆਂ ਸਭਾਵਾਂ ਸਰਲ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਸਹਾਇਤਾ ਪ੍ਰਦਾਨ ਕਰ ਸਕਦੀਆਂ ਹਨ।

ਪਿੱਛੇ ਮੁੜ ਕੇ ਦੇਖਣ ’ਤੇ, ਕਈ ਬਾਲਗਾਂ ਨੂੰ ਆਪਣੇ ਸਕੂਲ ਦੇ ਦਿਨ ਸਿਰਫ ਪਾਠਾਂ ਅਤੇ ਪ੍ਰੀਖਿਆਵਾਂ ਲਈ ਨਹੀਂ, ਸਗੋਂ ਉਨ੍ਹਾਂ ਵੱਲੋਂ ਸਿੱਖੀਆਂ ਗਈਆਂ ਕਦਰਾਂ-ਕੀਮਤਾਂ, ਗਾਏ ਗਏ ਗੀਤਾਂ ਅਤੇ ਅਨੁਸ਼ਾਸਨ ਅਤੇ ਇਕਜੁੱਟਤਾ ਦੀ ਭਾਵਨਾ ਲਈ ਯਾਦ ਆਉਂਦੇ ਹਨ। ਇਨ੍ਹਾਂ ਯਾਦਾਂ ਨੇ ਉਨ੍ਹਾਂ ਨੂੰ ਉਹ ਬਣਾਇਆ, ਜੋ ਉਹ ਅੱਜ ਹਨ। ਹੁਣ ਸਮਾਂ ਆ ਗਿਆ ਹੈ ਕਿ ਅੱਜ ਦੇ ਬੱਚਿਆਂ ਨੂੰ ਵੀ ਉਹੀ ਮੌਕਾ ਦਿੱਤਾ ਜਾਵੇ। ਇਹ ਬੱਚਿਆਂ ਨੂੰ ਜੀਵਨ ਲਈ ਤਿਆਰ ਕਰਨ ਬਾਰੇ ਹੈ, ਨਾ ਕਿ ਸਿਰਫ ਕਰੀਅਰ ਲਈ। ਇਹ ਉਨ੍ਹਾਂ ਨੂੰ ਵਿਚਾਰਸ਼ੀਲ, ਸਤਿਕਾਰਯੋਗ ਅਤੇ ਜ਼ਿੰਮੇਵਾਰ ਵਿਅਕਤੀਆਂ ਦੇ ਰੂਪ ’ਚ ਵਧਣ ’ਚ ਮਦਦ ਕਰਨ ਬਾਰੇ ਹੈ। ਲੰਬੇ ਸਮੇਂ ’ਚ, ਇਹੀ ਅਸਲ ’ਚ ਇਕ ਮਜ਼ਬੂਤ ਸਮਾਜ ਦਾ ਨਿਰਮਾਣ ਕਰਦਾ ਹੈ।

ਜੇਕਰ ਸਕੂਲ ਇਹ ਕਦਮ ਉਠਾਉਂਦੇ ਹਨ, ਤਾਂ ਇਸ ਦਾ ਪ੍ਰਭਾਵ ਮਾਰਕਸ਼ੀਟ ’ਚ ਤੁਰੰਤ ਜਾਂ ਪ੍ਰਤੱਖ ਰੂਪ ’ਚ ਨਹੀਂ ਦਿਸੇਗਾ ਪਰ ਇਹ ਬੱਚਿਆਂ ਦੇ ਸੋਚਣ ਅਤੇ ਦੂਜਿਆਂ ਨਾਲ ਵਿਵਹਾਰ ਕਰਨ ਦੇ ਤਰੀਕੇ ’ਚ ਦਿਖਾਈ ਦੇਵੇਗਾ। ਅਤੇ ਅੰਤ ’ਚ, ਇਹੀ ਸਿੱਖਿਆ ਦਾ ਅਸਲ ਉਦੇਸ਼ ਹੈ।

ਦੇਵੀ ਐੱਮ. ਚੇਰੀਅਨ


author

Rakesh

Content Editor

Related News