ਉਮਰ ਸਿਰਫ਼ ਲੰਬੀ ਨਹੀਂ, ਸਰਗਰਮ ਅਤੇ ਸਨਮਾਨਜਨਕ ਵੀ ਹੋਣੀ ਚਾਹੀਦੀ ਹੈ
Saturday, May 02, 2026 - 04:06 PM (IST)
ਇਹ ਚਰਚਾ ਅਕਸਰ ਹੁੰਦੀ ਹੈ ਕਿ ਕੀ ਮਨੁੱਖ ਉਮਰ ਦਾ ਘਟਣਾ ਜਾਂ ਵਧਣਾ ਕੰਟਰੋਲ ਕਰ ਸਕਦਾ ਹੈ ਅਤੇ ਜਿੱਥੇ ਤੱਕ ਸੰਭਵ ਹੋਵੇ, ਮੌਤ ਨੂੰ ਟਾਲ ਸਕਦਾ ਹੈ? ਖ਼ਬਰ ਹੈ ਕਿ ਰੂਸ ਦੇ ਵਿਗਿਆਨੀ ਅਜਿਹੇ ਤਰੀਕੇ ਖੋਜ ਰਹੇ ਹਨ ਕਿ 150-200 ਸਾਲ ਤੱਕ ਜੀਵਿਆ ਜਾ ਸਕਦਾ ਹੈ।
ਮੌਤ ਹੀ ਜੀਵਨ ਨੂੰ ਮੁੱਲ ਦਿੰਦੀ ਹੈ : ਅੱਜ ਜਦੋਂ ਰੂਸ, ਅਮਰੀਕਾ, ਜਾਪਾਨ ਅਤੇ ਕਈ ਹੋਰ ਦੇਸ਼ਾਂ ’ਚ ਵਿਗਿਆਨੀ ਉਮਰ ਵਧਾਉਣ, ਬੁਢਾਪਾ ਦੇਰ ਨਾਲ ਆਉਣ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨ ’ਤੇ ਕੰਮ ਕਰ ਰਹੇ ਹਨ, ਉਦੋਂ ਇਹ ਸਿਰਫ ਵਿਗਿਆਨ ਦਾ ਵਿਸ਼ਾ ਨਹੀਂ ਰਹਿ ਜਾਂਦਾ-ਦਰਸ਼ਨ, ਨੈਤਿਕਤਾ, ਅਰਥਵਿਵਸਥਾ ਅਤੇ ਸਮਾਜਿਕ ਸੰਤੁਲਨ ਦਾ ਸਵਾਲ ਵੀ ਬਣ ਜਾਂਦਾ ਹੈ। ਜਨਮ ਅਤੇ ਮੌਤ ਕੁਦਰਤੀ ਚੱਕਰ ਹੈ, ਜਿਸ ’ਚ ਸਰੀਰ ਇਕ ਮਾਧਿਅਮ ਹੈ। ਇਸੇ ਲਈ ਗੀਤਾ ’ਚ ਕਿਹਾ ਗਿਆ ਹੈ ਕਿ ਮੌਤ ਸਿਰਫ ਚੋਲਾ ਬਦਲਣਾ ਮਾਤਰ ਹੈ। ਗੱਲ ਸਹੀ ਵੀ ਹੈ ਪਰ ਹਮੇਸ਼ਾ ਤੋਂ ਇਹੀ ਖੋਜ ਦਾ ਵਿਸ਼ਾ ਰਿਹਾ ਹੈ ਕਿ ਕੀ ਅੰਤ ਸਮੇਂ ਦਾ ਗਿਆਨ ਸਿਰਫ ਰੱਬ ਨੂੰ ਹੀ ਹੈ ਅਤੇ ਵਿਗਿਆਨ ਇਸ ’ਚ ਕੁਝ ਨਹੀਂ ਕਰ ਸਕਦਾ? ਭਾਰਤੀ ਦਰਸ਼ਨ ਤੋਂ ਲੈ ਕੇ ਯੂਨਾਨੀ ਚਿੰਤਨ ਤੱਕ ’ਚ, ਮੌਤ ਨੂੰ ਅੰਤ ਨਹੀਂ ਸਗੋਂ ਵਿਵਸਥਾ ਦਾ ਹਿੱਸਾ ਮੰਨਿਆ ਗਿਆ ਹੈ। ਜੇਕਰ ਮਨੁੱਖ ਇਸ ਚੱਕਰ ਨੂੰ ਬਦਲਣ ਲੱਗੇ ਤਾਂ ਕੀ ਇਹ ਕੁਦਰਤ ਦੇ ਕੰਮ ’ਚ ਦਖ਼ਲਅੰਦਾਜ਼ੀ ਮੰਨਿਆ ਜਾਵੇਗਾ?
ਸਾਡੇ ਪੌਰਾਣਿਕ ਗ੍ਰੰਥਾਂ ’ਚ ਇਹ ਵਰਣਨ ਮਿਲਦਾ ਹੈ ਕਿ ਲੋਕ ਹਜ਼ਾਰਾਂ ਸਾਲਾਂ ਤੱਕ ਜਿਊਂਦੇ ਸਨ, ਅਨੇਕਾਂ ਨੇ ਇੱਛਾ-ਮੌਤ ਵਰਗੇ ਵਰਦਾਨ ਪ੍ਰਾਪਤ ਕੀਤੇ ਹੋਏ ਸਨ ਅਤੇ ਇਹੀ ਨਹੀਂ, ਉਨ੍ਹਾਂ ਦੀ ਮੌਤ ਕਿਸੇ ਵੀ ਰੂਪ ’ਚ ਸੰਭਵ ਨਹੀਂ ਸੀ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਮਰਨਾ ਹੀ ਪੈਂਦਾ ਸੀ। ਕਹਿੰਦੇ ਹਨ ਕਿ ਜਦੋਂ ਕੌਰਵਾਂ ਅਤੇ ਪਾਂਡਵਾਂ ਦਾ ਯੁੱਧ ਹੋਇਆ, ਉਦੋਂ ਉਨ੍ਹਾਂ ਦੀ ਉਮਰ 60-70 ਤੋਂ ਵੱਧ ਸੀ। ਕ੍ਰਿਸ਼ਨ ਦੀ ਉਮਰ 125 ਸਾਲ ਸੀ ਅਤੇ ਭੀਸ਼ਮ ਦੀ ਤਾਂ ਸੈਂਕੜੇ ਸਾਲ ਸੀ। ਆਪਣਾ ਇੱਛਿਤ ਵਰਦਾਨ ਪਾਉਣ ਲਈ ਤਪੱਸਿਆ ’ਚ ਲੀਨ ਰਹਿਣ ’ਚ ਹੀ ਪਤਾ ਨਹੀਂ ਕਿੰਨੀਆਂ ਸਦੀਆਂ ਨਿਕਲ ਜਾਂਦੀਆਂ ਸਨ। ਇਸ ਦਾ ਅਰਥ ਇਹ ਹੈ ਕਿ ਭਾਰਤ ’ਚ ਉਸ ਸਮੇਂ ਮੈਡੀਕਲ ਵਿਗਿਆਨ ਅਤੇ ਰੋਗ ਨਿਦਾਨ ਤੇ ਸਰੀਰ ਨੂੰ ਬੀਮਾਰੀਆਂ ਨਾਲ ਪੀੜਤ ਨਾ ਹੋਣ ਦੇਣ ਲਈ ਬਹੁਤ ਸ਼ਾਨਦਾਰ ਵਿਵਸਥਾ ਸੀ।
ਸਰੀਰ ਨੂੰ ਰੋਗ-ਮੁਕਤ ਬਣਾਈ ਰੱਖਣ ਦੀ ਕਲਾ ਹੀ ਵੱਧ ਸਮੇਂ ਤੱਕ ਜੀਵਤ ਰਹਿਣਾ ਸੰਭਵ ਬਣਾ ਸਕਦੀ ਹੈ। ਮੌਤ ’ਤੇ ਵੱਸ ਨਾ ਹੋਵੇ, ਪਰ ਸਿਹਤਮੰਦ ਰਹਿ ਕੇ ਜੀਵਨ ਜਿਊਣਾ ਆਪਣੇ ਹੱਥ ’ਚ ਹੈ। ਵਿਗਿਆਨੀ ਇਸੇ ਗੱਲ ’ਤੇ ਖੋਜ ਕਰ ਰਹੇ ਹਨ ਕਿ ਕਿਵੇਂ ਇਨਸਾਨ ਮੌਤ ’ਤੇ ਜਿੱਤ ਤਾਂ ਨਹੀਂ ਪਰ ਉਸ ਨੂੰ ਇਕ ਸੁਭਾਵਿਕ ਪ੍ਰਕਿਰਿਆ ਬਣਾ ਸਕਦਾ ਹੈ। ਇਸ ਦਾ ਅਰਥ ਇਹ ਹੈ ਕਿ ਜੇਕਰ ਵਿਗਿਆਨ ਕੈਂਸਰ, ਅਲਜ਼ਾਈਮਰ, ਦਿਲ ਦੇ ਰੋਗ ਜਾਂ ਬੁਢਾਪੇ ਨਾਲ ਜੁੜੀ ਪੀੜਾ ਘੱਟ ਕਰਦਾ ਹੈ, ਤਾਂ ਇਹ ਮਨੁੱਖ ਕਲਿਆਣ ਹੈ।
ਕੁਝ ਖੋਜਾਂ ਦਾ ਉਦੇਸ਼ ਹੈ :
* ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣ ਦੀ ਰਫਤਾਰ ਹੌਲੀ ਕਰਨਾ।
* ਦਿਮਾਗ ਨੂੰ ਨੁਕਸਾਨ ਤੋਂ ਬਚਾਉਣਾ।
* ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾ ਕੇ ਸਰੀਰ ਨੂੰ ਜਵਾਨ ਬਣਾਈ ਰੱਖਣਾ।
* ਉਮਰ ਨਾਲ ਜੁੜੀਆਂ ਬੀਮਾਰੀਆਂ ਨੂੰ ਟਾਲਣਾ।
ਉਦੇਸ਼ ਇਹ ਹੈ ਕਿ ਸਿਰਫ਼ ਲੰਬੀ ਉਮਰ ਨਹੀਂ, ਸਗੋਂ ਸਰਗਰਮ ਉਮਰ, ਜਿੱਥੇ 80 ਸਾਲ ਦਾ ਵਿਅਕਤੀ ਵੀ 50 ਵਰਗਾ ਸਿਹਤਮੰਦ ਰਹਿ ਸਕੇ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਮੌਤ ਦੇਰ ਨਾਲ ਹੁੰਦੀ ਹੈ ਅਤੇ ਮਨੁੱਖ ਸਿਹਤਮੰਦ ਬਣਿਆ ਰਹਿੰਦਾ ਹੈ ਤਾਂ ਖਾਣ-ਪੀਣ ਦੇ ਸੰਕਟ ਤੋਂ ਲੈ ਕੇ ਰੋਜ਼ਗਾਰ ਅਤੇ ਸਭ ਤੋਂ ਵੱਡਾ ਇਹ ਹੈ ਕਿ ਪੀੜ੍ਹੀਆਂ ਦਾ ਟਕਰਾਅ ਇਕ ਭਿਆਨਕ ਸਮੱਸਿਆ ਬਣ ਜਾਵੇਗਾ। ਇਸੇ ਦੇ ਨਾਲ ਜੇਕਰ ਰਾਜਨੀਤਕ ਜਾਂ ਆਰਥਿਕ ਰੂਪ ’ਚ ਸ਼ਕਤੀਸ਼ਾਲੀ ਲੋਕ ਦਹਾਕਿਆਂ ਤੱਕ ਜਿਊਂਦੇ ਅਤੇ ਪ੍ਰਭਾਵਸ਼ਾਲੀ ਰਹਿਣ, ਤਾਂ ਨਵੀਂ ਪੀੜ੍ਹੀ ਲਈ ਮੌਕੇ ਸੀਮਤ ਹੋ ਸਕਦੇ ਹਨ। ਸਵਾਲ ਇਹ ਵੀ ਹੈ ਕਿ ਜੇਕਰ ਮੌਤ ਬਹੁਤ ਦੂਰ ਚਲੀ ਜਾਵੇ, ਤਾਂ ਕੀ ਜੀਵਨ ਦੇ ਉਦੇਸ਼ ਬਦਲ ਜਾਣਗੇ? ਭਾਰਤੀ ਪਰੰਪਰਾ ’ਚ ‘ਲੰਬੀ ਉਮਰ’ ਦੀ ਕਾਮਨਾ ਹੈ-‘ਸ਼ਤਾਯੂ ਭਵ’, ਭਾਵ ਲੰਬਾ ਜੀਵਨ ਉਦੋਂ ਤੱਕ ਮੁੱਲਵਾਨ ਹੈ ਜਦੋਂ ਤੱਕ ਉਹ ਸੰਤੁਲਿਤ, ਉਪਯੋਗੀ ਅਤੇ ਨੈਤਿਕ ਹੋਵੇ।
ਉਮਰ ਵਧਣਾ ਨਹੀਂ, ਗੈਰ-ਸਿਹਤਮੰਦ, ਬੁਢਾਪਾ ਸਮੱਸਿਆ : ਮਨੁੱਖ ਸਦੀਆਂ ਤੋਂ ਵੱਧ ਜਿਊਣ ਦੀ ਕਾਮਨਾ ਕਰਦਾ ਆਇਆ ਹੈ। ਕਦੇ ਤਪੱਸਿਆ ਨਾਲ, ਕਦੇ ਆਯੁਰਵੇਦ ਨਾਲ, ਕਦੇ ਵਿਗਿਆਨ ਨਾਲ ਅਤੇ ਹੁਣ ਆਧੁਨਿਕ ਜੈਵ-ਤਕਨਾਲੋਜੀ ਨਾਲ। ਦੁਨੀਆ ਭਰ ’ਚ ਉਮਰ ਵਧਾਉਣ, ਬੁਢਾਪਾ ਹੌਲੀ ਕਰਨ ਅਤੇ ਜੀਵਨ ਨੂੰ ਲੰਬਾ ਕਰਨ ’ਤੇ ਖੋਜ ਹੋ ਰਹੀ ਹੈ ਪਰ ਅਸਲੀ ਸਵਾਲ ਇਹ ਨਹੀਂ ਕਿ ਮਨੁੱਖ ਕਿੰਨੇ ਸਾਲ ਜੀਅ ਸਕਦਾ ਹੈ, ਸਗੋਂ ਇਹ ਕਿ ਉਹ ਕਿਵੇਂ ਜੀਅ ਰਿਹਾ ਹੈ। ਜੇਕਰ ਜੀਵਨ ਸਿਰਫ ਸਾਹਾਂ ਦੀ ਗਿਣਤੀ ਬਣ ਕੇ ਰਹਿ ਜਾਵੇ, ਜੇਕਰ ਵਧਦੀ ਉਮਰ ਨਾਲ ਸਰੀਰ ਕਮਜ਼ੋਰ, ਮਨ ਇਕੱਲਾ, ਜੇਬ ਖਾਲੀ ਅਤੇ ਸਮਾਜ ਅਣਗੌਲਿਆ ਕਰ ਦੇਵੇ, ਤਾਂ ਅਜਿਹੀ ਲੰਬੀ ਉਮਰ ਵਰਦਾਨ ਨਹੀਂ, ਕਈ ਵਾਰ ਬੋਝ ਬਣ ਜਾਂਦੀ ਹੈ।
ਸੱਚ ਇਹੀ ਹੈ ਕਿ ਲੰਬੀ ਉਮਰ ਤੋਂ ਵੱਧ ਮਹੱਤਵਪੂਰਨ ਸਿਹਤਮੰਦ, ਸਿੱਖਿਅਤ, ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਹੈ। ਕੁਦਰਤ ਨੇ ਉਮਰ ਵਧਣ ’ਤੇ ਕੋਈ ਪਾਬੰਦੀ ਨਹੀਂ ਲਗਾਈ। ਮੈਡੀਕਲ ਵਿਗਿਆਨ ਵੀ ਹੁਣ ਜੀਵਨਕਾਲ ਵਧਾਉਣ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਪਰ ਜੇਕਰ ਸਮਾਜ ਸਿੱਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਦੀ ਵਿਵਸਥਾ ਨਹੀਂ ਕਰੇਗਾ, ਤਾਂ ਵਧਦੀ ਉਮਰ ਇਕ ਗੰਭੀਰ ਮਾਨਵੀ ਸੰਕਟ ਬਣ ਸਕਦੀ ਹੈ।
ਇਕ ਵਿਅਕਤੀ, ਜਿਸ ਨੇ ਜੀਵਨ ਭਰ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਯੋਗਦਾਨ ਦਿੱਤਾ, ਜੇਕਰ ਉਹੀ ਬਜ਼ੁਰਗ ਇਲਾਜ ਲਈ ਦਰ-ਦਰ ਭਟਕੇ, ਪੈਨਸ਼ਨ ਜਾਂ ਆਰਥਿਕ ਸੁਰੱਖਿਆ ਤੋਂ ਵਾਂਝਾ ਹੋਵੇ, ਪਰਿਵਾਰ ’ਤੇ ‘ਬੋਝ’ ਸਮਝਿਆ ਜਾਵੇ, ਮਾਨਸਿਕ ਤਣਾਅ ਅਤੇ ਇਕੱਲੇਪਣ ’ਚ ਜੀਵੇ ਤਾਂ ਇਹ ਸਿਰਫ ਵਿਅਕਤੀਗਤ ਤ੍ਰਾਸਦੀ ਨਹੀਂ, ਸਗੋਂ ਸਮਾਜਿਕ ਅਸਫਲਤਾ ਹੈ। ਅਜਿਹੀ ਸਥਿਤੀ ਸੱਚਮੁੱਚ ਜਿਊਂਦੇ ਜੀਅ ਮਰ ਜਾਣ ਵਰਗੀ ਹੈ। ਜੇਕਰ ਵਿਅਕਤੀ ਨੂੰ ਘੱਟ ਉਮਰ ਤੋਂ ਹੀ ਇਹ ਸਿਖਾਇਆ ਜਾਵੇ ਕਿ ਸਿਹਤ ਕਿਵੇਂ ਬਣਾਈ ਰੱਖਣੀ ਹੈ, ਭੋਜਨ ਕਿਹੋ ਜਿਹਾ ਹੋਵੇ, ਕਸਰਤ ਕਿਉਂ ਜ਼ਰੂਰੀ ਹੈ, ਮਾਨਸਿਕ ਸੰਤੁਲਨ ਕਿਵੇਂ ਰੱਖਣਾ ਹੈ ਅਤੇ ਸਭ ਤੋਂ ਜ਼ਰੂਰੀ ਇਹ ਕਿ ਆਪਣੀ ਕਮਾਈ ਦੀ ਵਿਵਸਥਾ ਅਜਿਹੀ ਕਰੇ ਕਿ ਕਦੇ ਕਿਸੇ ਸਾਹਮਣੇ ਹੱਥ ਫੈਲਾਉਣ ਜਾਂ ਕੁਝ ਮੰਗਣ ਦੀ ਨੌਬਤ ਨਾ ਆਵੇ। ਜੇਕਰ ਇਸ ਦਾ ਧਿਆਨ ਜਵਾਨੀ ’ਚ ਹੀ ਰੱਖ ਲਿਆ ਗਿਆ ਤਾਂ ਬੁਢਾਪਾ ਅਚਾਨਕ ਆਉਣ ਵਾਲੀ ਆਫਤ ਨਹੀਂ, ਸਗੋਂ ਤਿਆਰੀ ਨਾਲ ਆਉਣ ਵਾਲਾ ਜੀਵਨ ਪੜਾਅ ਬਣ ਸਕਦਾ ਹੈ। ਜਦੋਂ ਬਜ਼ੁਰਗ ਵਿਅਕਤੀ ਆਪਣੀ ਜਮ੍ਹਾ ਪੂੰਜੀ ਦਵਾਈਆਂ, ਆਪ੍ਰੇਸ਼ਨ ਅਤੇ ਹਸਪਤਾਲਾਂ ’ਚ ਗੁਆ ਦਿੰਦਾ ਹੈ, ਉਦੋਂ ਬੀਮਾਰੀ ਸਿਰਫ ਸਰੀਰ ਨਹੀਂ ਤੋੜਦੀ, ਪੂਰਾ ਪਰਿਵਾਰ ਆਰਥਿਕ ਅਤੇ ਮਾਨਸਿਕ ਰੂਪ ’ਚ ਟੁੱਟ ਜਾਂਦਾ ਹੈ। ਇਸ ਲਈ, ਜੇਕਰ ਸਿਹਤ ਸੇਵਾਵਾਂ ਸੁਲਭ ਅਤੇ ਕਿਫਾਇਤੀ ਨਹੀਂ ਹੋਣਗੀਆਂ, ਤਾਂ ਵਧਦੀ ਉਮਰ ਸਮਾਜਿਕ ਸੰਕਟ ਬਣ ਜਾਵੇਗੀ, ਜੋ ਅੰਤ ’ਚ ਸਰਕਾਰ ਲਈ ਇਕ ਚੁਣੌਤੀ ਬਣ ਜਾਵੇਗੀ।
ਲੰਬੀ ਉਮਰ ਬਨਾਮ ਉਪਯੋਗੀ ਉਮਰ : ਟੀਚਾ ਸਿਰਫ ਉਮਰ ਵਧਾਉਣਾ ਨਹੀਂ ਸਗੋਂ ਸਿਹਤਮੰਦ ਜੀਵਨ ਹੋਣਾ ਚਾਹੀਦਾ ਹੈ। ਵਿਅਕਤੀ ਵੱਧ ਸਮੇਂ ਤੱਕ ਚੱਲੇ-ਫਿਰੇ, ਮਾਨਸਿਕ ਰੂਪ ’ਚ ਸਰਗਰਮ ਰਹੇ, ਆਰਥਿਕ ਰੂਪ ’ਚ ਸੁਰੱਖਿਅਤ ਰਹੇ ਅਤੇ ਸਮਾਜਿਕ ਰੂਪ ’ਚ ਉਸ ਦਾ ਆਦਰ-ਸਨਮਾਨ ਕਾਇਮ ਰਹੇ ਕਿਉਂਕਿ ਬਿਸਤਰ ’ਤੇ ਪਏ 20 ਵਾਧੂ ਸਾਲ ਕਿਸੇ ਪ੍ਰਾਪਤੀ ਦਾ ਪ੍ਰਮਾਣ ਨਹੀਂ, ਇਹ ਸਰਕਾਰ ਦੀ ਅਸਫਲਤਾ ਹੈ। ਸਭ ਤੋਂ ਵੱਡਾ ਸਵਾਲ ਹੈ ਕਿ ਜੇਕਰ ਵਿਗਿਆਨ ਸਾਨੂੰ 100-150 ਜਾਂ 200 ਸਾਲ ਜਿਊਣ ਦੀ ਸਮਰੱਥਾ ਦੇ ਦੇਵੇ ਪਰ ਸਮਾਜ ਸਾਨੂੰ 60-70 ਤੋਂ ਬਾਅਦ ਗੈਰ-ਪ੍ਰਾਸੰਗਿਕ ਮੰਨ ਲਵੇ, ਤਾਂ ਇਸ ਦਾ ਕੀ ਉੱਤਰ ਹੈ? ਅੰਤਿਮ ਸੱਚ ਇਹੀ ਹੈ ਕਿ ਲੰਬੀ ਉਮਰ ਕੁਦਰਤ ਦੇ ਸਕਦੀ ਹੈ, ਸਿਹਤਮੰਦ ਉਮਰ ਵਿਗਿਆਨ ਦੇ ਸਕਦਾ ਹੈ ਪਰ ਸਨਮਾਨਜਨਕ ਉਮਰ ਸਿਰਫ ਪਰਿਵਾਰ ਅਤੇ ਸਮਾਜ ਦੇ ਸਕਦਾ ਹੈ। ਜਿਸ ਦਿਨ ਅਸੀਂ ਇਹ ਸਮਝ ਜਾਵਾਂਗੇ, ਉਸ ਦਿਨ ਬੁਢਾਪਾ ਬੋਝ ਨਹੀਂ, ਤਜਰਬਾ, ਸ਼ਾਨ ਅਤੇ ਸੱਭਿਅਤਾ ਦੀ ਪਛਾਣ ਬਣੇਗਾ।
ਪੂਰਨ ਚੰਦ ਸਰੀਨ
