ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
Monday, Apr 27, 2026 - 05:40 PM (IST)
ਮਾਨਸੂਨ ਦੇ ਮੌਸਮ ’ਚ ਲਗਾਤਾਰ 7 ਸਾਲਾਂ ਦੀ ਚੰਗੀ ਬਾਰਿਸ਼ ਤੋਂ ਬਾਅਦ, ਭਾਰਤ ਦੀ ਕਿਸਮਤ ਹੁਣ ਸਾਥ ਛੱਡਦੀ ਦਿਸ ਰਹੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਦੇ ਅਗਾਊਂ-ਅਨੁਮਾਨ ਅਨੁਸਾਰ, ਇਸ ਸਾਲ ਦਾ ਮਾਨਸੂਨ ਮੁਕਾਬਲਤਨ ਖੁਸ਼ਕ ਰਹਿਣ ਦੀ ਉਮੀਦ ਹੈ। ਆਉਣ ਵਾਲੀ ਵਰਖਾ ਰੁੱਤ ਦੇ ਆਪਣੇ ਪਹਿਲੇ ਅਗਾਊਂ-ਅਨੁਮਾਨ ’ਚ, ਆਈ. ਐੱਮ. ਡੀ. ਨੇ ਮੰਗਲਵਾਰ ਨੂੰ ਕਿਹਾ ਕਿ ਪੂਰੇ ਦੇਸ਼ ’ਚ ਇਸ ਵਾਰ ਸਾਧਾਰਨ ਦੀ ਤੁਲਨਾ ’ਚ ਸਿਰਫ ‘92 ਫੀਸਦੀ ਬਾਰਿਸ਼’ ਹੋਣ ਦੀ ਸੰਭਾਵਨਾ ਹੈ। ਇਹ ਪਿਛਲੇ 20 ਸਾਲਾਂ ’ਚ ਆਈ. ਐੱਮ. ਡੀ. ਵੱਲੋਂ ਜਾਰੀ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਘੱਟ ਅਖਿਲ ਭਾਰਤੀ ਮਾਨਸੂਨ ਵਰਖਾ ਦਾ ਅਗਾਊਂ-ਅਨੁਮਾਨ ਹੈ।
ਜੂਨ ਤੋਂ ਸਤੰਬਰ ਤੱਕ ਚੱਲਣ ਵਾਲਾ 4 ਮਹੀਨੇ ਦਾ ਮਾਨਸੂਨ, ਭਾਰਤ ਦੀ ਸਾਲਾਨਾ ਵਰਖਾ ਦਾ 70 ਫੀਸਦੀ ਤੋਂ ਵੱਧ ਹਿੱਸਾ ਲਿਆਉਂਦਾ ਹੈ। ਭਿਆਨਕ ਗਰਮੀ ਤੋਂ ਰਾਹਤ ਦੇਣ ਤੋਂ ਇਲਾਵਾ, ਇਸ ਮੌਸਮ ’ਚ ਹੋਣ ਵਾਲੀ ਬਾਰਿਸ਼ ਦਾ ਅਰਥਵਿਵਸਥਾ ’ਤੇ ਵੱਡਾ ਪ੍ਰਭਾਵ ਪੈਂਦਾ ਹੈ।
ਭਾਰਤ ਦੀ ਲੱਗਭਗ ਅੱਧੀ ਫਸਲੀ ਭੂਮੀ ਅਜੇ ਵੀ ਸਿੰਚਾਈ ਲਈ ਵਰਖਾ ਜਲ ’ਤੇ ਨਿਰਭਰ ਹੈ। ਚੰਗੀ ਖੇਤੀ ਪੈਦਾਵਾਰ ਦੇ ਲਈ ਸਮੇਂ ਸਿਰ ਅਤੇ ਲੋੜੀਂਦੀ ਵਰਖਾ ਮਹੱਤਵਪੂਰਨ ਹੈ, ਜੋ ਬਦਲੇ ’ਚ ਖੇਤੀ ਆਮਦਨ ਅਤੇ ਪੇਂਡੂ ਮੰਗ ਨੂੰ ਵਧਾਉਂਦੀ ਹੈ।
ਮਾਨਸੂਨ ਦੀ ਬਾਰਿਸ਼ ਭਾਰਤ ਦੇ ਜਲ ਭੰਡਾਰਾਂ ਨੂੰ ਵੀ ਭਰਦੀ ਹੈ, ਜਿਨ੍ਹਾਂ ਦੀ ਵਰਤੋਂ ਬਾਕੀ ਸਾਲ ਲਈ ਪੀਣ ਦੇ ਪਾਣੀ, ਜਲ-ਬਿਜਲੀ ਅਤੇ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਨਦੀਆਂ ਦੇ ਪ੍ਰਵਾਹ ਨੂੰ ਬਣਾਈ ਰੱਖਣਾ, ਅੰਤਰਦੇਸ਼ੀ ਜਲ ਆਵਾਜਾਈ ਅਤੇ ਭੂਜਲ ਰੀਚਾਰਜ ਕੁਝ ਹੋਰ ਚੀਜ਼ਾਂ ਹਨ, ਜੋ ਮਾਨਸੂਨ ਦੀ ਬਾਰਿਸ਼ ਤੋਂ ਪ੍ਰਭਾਵਿਤ ਹੁੰਦੀਆਂ ਹਨ। ਘੱਟ ਬਾਰਿਸ਼ ਦਾ ਅਗਾਊਂ-ਅਨੁਮਾਨ, ਜਿਵੇਂ ਕਿ ਇਸ ਸਾਲ ਦਾ ਹੈ, ਸਰਕਾਰਾਂ ਅਤੇ ਨੀਤੀ ਘੜਨ ਵਾਲਿਆਂ ਲਈ ਇਕ ਤਰ੍ਹਾਂ ਦਾ ਨੋਟਿਸ ਹੈ ਕਿ ਉਹ ਖੁਸ਼ਕ ਮਾਨਸੂਨ ਸੀਜ਼ਨ ਦੇ ਪ੍ਰਭਾਵਾਂ ਨੂੰ ਸੋਖਣ ਲਈ ਸਾਰੀਆਂ ਕਿਸਮਾਂ ਦੀਆਂ ਸੰਭਾਵਨਾਵਾਂ ਦੀ ਤਿਆਰੀ ਸ਼ੁਰੂ ਕਰ ਦੇਣ।
ਵਧਦਾ ਲਚਕੀਲਾਪਨ : ਹਾਲ ਤੱਕ, ਮੁਕਾਬਲਤਨ ਘੱਟ ਵਰਖਾ ਦੀ ਭਵਿੱਖਬਾਣੀ ਆਮ ਤੌਰ ’ਤੇ ਸਰਕਾਰ ’ਚ ਖਤਰੇ ਦੀ ਘੰਟੀ ਵਜਾ ਦਿੰਦੀ ਸੀ। ਇਸ ਨੂੰ ਖੇਤੀ ਸੰਕਟ ਅਤੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ’ਤੇ ਰੋਕ ਦੇ ਇਕ ਨਿਸ਼ਚਿਤ ਸੰਕੇਤ ਦੇ ਰੂਪ ’ਚ ਦੇਖਿਆ ਜਾਂਦਾ ਸੀ। ਇੱਥੋਂ ਤੱਕ ਕਿ ਬਾਜ਼ਾਰ ਦੀ ਧਾਰਨਾ ਵੀ ਪ੍ਰਭਾਵਿਤ ਹੋ ਜਾਂਦੀ ਸੀ। ਪਿਛਲੇ ਕੁਝ ਸਾਲਾਂ ’ਚ ਚੀਜ਼ਾਂ ਬਹੁਤ ਬਿਹਤਰ ਹੋਈਆਂ ਹਨ। ਇਸ ਲਈ ਨਹੀਂ ਕਿ ਮਾਨਸੂਨ ਦੀ ਬਾਰਿਸ਼ ’ਤੇ ਨਿਰਭਰਤਾ ਘੱਟ ਗਈ ਹੈ, ਸਗੋਂ ਇਸ ਲਈ ਕਿ ਭਾਰਤ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਪਹਿਲਕਦਮੀਆਂ ਦੇ ਕਾਰਨ ਮਾਨਸੂਨ ਦੀ ਬਾਰਿਸ਼ ਦੇ ਸਾਲਾਨਾ ਉਤਰਾਅ-ਚੜ੍ਹਾਅ ਪ੍ਰਤੀ ਹੌਲੀ-ਹੌਲੀ ਵਧੇਰੇ ਲਚਕੀਲਾ ਹੁੰਦਾ ਜਾ ਰਿਹਾ ਹੈ।
ਪਿਛਲੇ ਇਕ ਦਹਾਕੇ ’ਚ ਆਈ. ਐੱਮ. ਡੀ. ਦੇ ਆਪਣੇ ਅਗਾਊਂ-ਅਨੁਮਾਨਾਂ ’ਚ ਕਾਫੀ ਸੁਧਾਰ ਹੋਇਆ ਹੈ, ਜਿਸ ਨਾਲ ਕਾਫੀ ਮਦਦ ਮਿਲੀ ਹੈ। ਅਗਾਊਂ-ਅਨੁਮਾਨ ਨਾ ਸਿਰਫ ਵਧੇਰੇ ਸਹੀ ਅਤੇ ਸਮੇਂ ਸਿਰ ਹੋ ਗਏ ਹਨ, ਸਗੋਂ ਵਧੇਰੇ ਵਿਸਤ੍ਰਿਤ, ਸੂਖਮ ਅਤੇ ਕਾਰਵਾਈ ਯੋਗ ਵੀ ਹੋ ਗਏ ਹਨ। ਇਸ ਨੇ ਨੀਤੀ ਨਿਯੋਜਨ ਪ੍ਰਕਿਰਿਆ ’ਚ ਵਧੇਰੇ ਕੁਸ਼ਲਤਾ ਅਤੇ ਨਿਸ਼ਚਿਤਤਾ ਲਿਆ ਦਿੱਤੀ ਹੈ।
ਅਗਾਊਂ-ਅਨੁਮਾਨ ਦੀ ਸਟੀਕਤਾ ’ਚ ਇਹ ਸੁਧਾਰ ਅਜਿਹੇ ਸਮੇਂ ’ਚ ਆਇਆ ਹੈ, ਜਦੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ’ਚ ਮੌਸਮ ਦੇ ਪੈਟਰਨ ਤੇਜ਼ੀ ਨਾਲ ਅਣਕਿਆਸੇ ਹੁੰਦੇ ਜਾ ਰਹੇ ਹਨ। ਵਰਖਾ ਦੀਆਂ ਘਟਨਾਵਾਂ ਵਿਸ਼ੇਸ਼ ਤੌਰ ’ਤੇ ਅਨਿਯਮਿਤ ਹੋ ਗਈਆਂ ਹਨ। ਬਹੁਤ ਭਾਰੀ ਅਤੇ ਬਹੁਤ ਜ਼ਿਆਦਾ ਸਥਾਨਕ ਵਰਖਾ ਦੀਆਂ ਘਟਨਾਵਾਂ ਦੀ ਗਿਣਤੀ ਹਾਲ ਹੀ ਦੇ ਸਾਲਾਂ ’ਚ ਕਾਫੀ ਵਧ ਗਈ ਹੈ ਅਤੇ ਇਸੇ ਤਰ੍ਹਾਂ ਖੁਸ਼ਕ ਦੌਰ ਵੀ ਵਧੇ ਹਨ। ਆਈ. ਐੱਮ. ਡੀ. ਦੇ ਸਾਹਮਣੇ ਅੱਗੇ ਦੀ ਚੁਣੌਤੀ ਇਨ੍ਹਾਂ ਘਟਨਾਵਾਂ ਦੇ ਅਗਾਊਂ-ਅਨੁਮਾਨਾਂ ’ਚ ਹੋਰ ਸੁਧਾਰ ਕਰਨਾ ਹੈ, ਕਿਉਂਕਿ ਇਨ੍ਹਾਂ ’ਚ ਵੱਡੇ ਪੱਧਰ ’ਤੇ ਆਫਤ ਅਤੇ ਵਿਨਾਸ਼ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ। ਅਜਿਹੇ ਕਈ ਹੋਰ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਖਰਾਬ ਮਾਨਸੂਨ ਦੀ ਸੰਭਾਵਨਾ ਨੂੰ ਹੁਣ ਓਨੀ ਚਿੰਤਾ ਦੇ ਵਿਸ਼ੇ ਦੇ ਰੂਪ ’ਚ ਨਹੀਂ ਦੇਖਿਆ ਜਾਂਦਾ। ਬਿਹਤਰ ਜਲ ਪ੍ਰਬੰਧਨ ਪ੍ਰਥਾਵਾਂ, ਜਲ ਭੰਡਾਰਾਂ ਦੀ ਸੁਰੱਖਿਆ ਦੇ ਯਤਨ, ਨਦੀ ਅਤੇ ਝੀਲ ਸਫਾਈ ਅਭਿਆਸਾਂ ਨੇ ਇਹ ਯਕੀਨੀ ਬਣਾਉਣ ’ਚ ਯੋਗਦਾਨ ਪਾਇਆ ਹੈ ਕਿ ਭਾਰਤ ਮਾਨਸੂਨ ਦੌਰਾਨ ਬਾਰਿਸ਼ ਦੀ ਕਮੀ ਨਾਲ ਨਜਿੱਠਣ ਲਈ ਬਹੁਤ ਬਿਹਤਰ ਤਰੀਕੇ ਨਾਲ ਤਿਆਰ ਹੈ।
ਪ੍ਰਮੁੱਖ ਪੇਂਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਦੇ ਤਹਿਤ ਕੀਤੇ ਗਏ ਕਾਰਜਾਂ ਦਾ ਇਕ ਵੱਡਾ ਹਿੱਸਾ ਜਲ ਸੁਰੱਖਿਆ ’ਤੇ ਕੇਂਦਰਿਤ ਸੀ। ਪੇਂਡੂ ਖੇਤਰਾਂ ’ਚ ਹਜ਼ਾਰਾਂ ਤਲਾਬਾਂ, ਖੂਹਾਂ, ਚੈੱਕ ਡੈਮਾਂ ਅਤੇ ਹੋਰ ਸਮਾਨ ਜਾਇਦਾਦਾਂ ਦੇ ਨਿਰਮਾਣ ਨੇ ਪਾਣੀ ਦੀ ਉਪਲਬਧਤਾ ’ਚ ਸੁਧਾਰ ਕੀਤਾ ਹੈ, ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਇਆ ਹੈ ਅਤੇ ਵਰਖਾ ਜਲ ’ਤੇ ਨਿਰਭਰਤਾ ਘੱਟ ਕੀਤੀ ਹੈ। ਕੇਂਦਰੀ ਧਰਤੀ ਹੇਠਲੇ ਪਾਣੀ ਦੇ ਬੋਰਡ ਅਤੇ ਰਾਜ ਸਰਕਾਰਾਂ ਵੱਲੋਂ ਤਿਆਰ ਕੀਤੇ ਗਏ ਜ਼ਮੀਨ ਹੇਠਲੇ ਪਾਣੀ ਦੇ ਸਰੋਤਾਂ ਦੇ ਕ੍ਰਮਵਾਰ ਮੁਲਾਂਕਣ ਨੇ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ’ਚ ਉਤਸ਼ਾਹਜਨਕ ਸੁਧਾਰ ਦਿਖਾਇਆ ਹੈ। ਇਸੇ ਤਰ੍ਹਾਂ, ਨਦੀ ਅਤੇ ਝੀਲ ਸਫਾਈ ਅਭਿਆਸਾਂ ਨੇ ਕਈ ਜਲ ਸਰੋਤਾਂ ਨੂੰ ਆਮ ਵਰਤੋਂ ਲਈ ਆਸਾਨ ਬਣਾ ਦਿੱਤਾ ਹੈ। ਖਰਾਬ ਮਾਨਸੂਨ ਸਾਲ ’ਚ ਇਕ ਵੱਡੀ ਚਿੰਤਾ ਜਲ ਭੰਡਾਰਾ ਦਾ ਖਾਲੀ ਹੋਣਾ ਹੁੰਦੀ ਹੈ। ਪਿਛਲੇ 2 ਸਾਲਾਂ ’ਚ ਹੋਈ ਭਰਪੂਰ ਬਾਰਿਸ਼ ਦੇ ਕਾਰਨ (2024 ਅਤੇ 2025 ਦੋਵਾਂ ’ਚ ਮਾਨਸੂਨ ਦੌਰਾਨ 100 ਫੀਸਦੀ ਤੋਂ ਵੱਧ ਬਾਰਿਸ਼ ਹੋਈ) ਜਲ ਭੰਡਾਰ ਅਜੇ ਤੁਲਨਾਤਮਕ ਰੂਪ ’ਚ ਆਰਾਮਦਾਇਕ ਸਥਿਤੀ ’ਚ ਹਨ।
ਜਦੋਂ ਤੱਕ ਬਾਰਿਸ਼ ਦੀ ਕਮੀ ਅਸਲ ’ਚ ਬਹੁਤ ਤਿੱਖੀ ਨਾ ਹੋਵੇ, ਭਾਰਤ ਬਾਰਿਸ਼ ਦੀ ਬਹੁਤਾਤ ਦੀ ਤੁਲਨਾ ’ਚ ਕਮੀ ਨਾਲ ਨਜਿੱਠਣ ਲਈ ਬਿਹਤਰ ਤਿਆਰ ਦਿਸਦਾ ਹੈ, ਵਿਸ਼ੇਸ਼ ਤੌਰ ’ਤੇ ਜਦੋਂ ਇਸ ਦੇ ਕਾਰਨ ਹੜ੍ਹ ਅਤੇ ਆਫਤਾਂ ਆਉਂਦੀਆਂ ਹਨ। ਪਿਛਲੇ ਇਕ ਦਹਾਕੇ ’ਚ ਹਰ ਸਾਲ ਭਾਰੀ ਬਾਰਿਸ਼ ਦੀਆਂ ਘਟਨਾਵਾਂ ਦੇ ਨਤੀਜੇ ਵਜੋਂ ਘੱਟੋ-ਘੱਟ ਇਕ ਵੱਡੀ ਆਫਤ ਹੋਈ ਹੈ।
ਪ੍ਰਭਾਵ ਇਕਸਾਰ ਨਹੀਂ : ਪੂਰੇ ਦੇਸ਼ ਦੇ ਲਈ ਮਾਨਸੂਨ ਦਾ ਅਗਾਊਂ-ਅਨੁਮਾਨ, ਜੋ ਅਪ੍ਰੈਲ ’ਚ ਕੀਤਾ ਜਾਂਦਾ ਹੈ, ਉਪਯੋਗੀ ਅਤੇ ਸੰਕੇਤਕ ਹੈ ਪਰ ਇਹ ਬਾਰਿਸ਼ ’ਚ ਉਮੀਦ ਕੀਤੀਆਂ ਸਮੇਂ ਅਤੇ ਸਥਾਨ ਦੀਆਂ ਵਿਭਿੰਨਤਾਵਾਂ ਬਾਰੇ ਕੁਝ ਨਹੀਂ ਕਹਿੰਦਾ। 92 ਫੀਸਦੀ ਬਾਰਿਸ਼ ਦੇ ਅਗਾਊਂ-ਅਨੁਮਾਨ ਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਦੇ ਹਰ ਸਥਾਨ ’ਤੇ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਸ਼ੇਸ਼ ਖੇਤਰਾਂ ਅਤੇ ਮਹੀਨਿਆਂ ਲਈ ਅਗਾਊਂ-ਅਨੁਮਾਨ ਮਈ ਦੇ ਮਹੀਨੇ ’ਚ ਕੀਤੇ ਜਾਂਦੇ ਹਨ।
ਇਸ ਸਾਲ, ਹਾਲਾਂਕਿ, ਆਈ. ਐੱਮ. ਡੀ. ਨੇ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਵਿਅਕਤੀਗਤ ਖੇਤਰਾਂ ਅਤੇ ਮਹੀਨਿਆਂ ਲਈ ਕੀ ਸਥਿਤੀ ਹੋ ਸਕਦੀ ਹੈ। ‘ਸਾਧਾਰਨ ਤੋਂ ਘੱਟ ਬਾਰਿਸ਼’ ਲਗਭਗ ਪੂਰੇ ਦੇਸ਼ ’ਚ ਅਨੁਮਾਨਿਤ ਸੀ ਅਤੇ ਉੱਤਰ-ਪੂਰਬ, ਉੱਤਰ-ਪੱਛਮ ਅਤੇ ਦੱਖਣੀ ਪ੍ਰਾਇਦੀਪੀ ਭਾਰਤ ਦੇ ਸਿਰਫ ਕੁਝ ਖੇਤਰਾਂ ’ਚ ਸਾਧਾਰਨ ਜਾਂ ਸਾਧਾਰਨ ਤੋਂ ਵੱਧ ਬਾਰਿਸ਼ ਹੋਣ ਦੀ ਉਮੀਦ ਕੀਤੀ ਜਾ ਸਕਦੀ ਸੀ।
ਸੀਜ਼ਨ ਦੇ ਪਹਿਲੇ 2 ਮਹੀਨਿਆਂ (ਜੂਨ ਅਤੇ ਜੁਲਾਈ) ’ਚ ਬਾਰਿਸ਼ ਸਾਧਾਰਨ ਰਹਿਣ ਦੀ ਸੰਭਾਵਨਾ ਹੈ, ਜਦਕਿ ਦੂਜੀ ਛਿਮਾਹੀ (ਅਗਸਤ ਅਤੇ ਸਤੰਬਰ) ਦੇ ਖੁਸ਼ਕ ਰਹਿਣ ਦੀ ਉਮੀਦ ਹੈ, ਕਿਉਂਕਿ ਮਾਨਸੂਨ ਦੀ ਬਾਰਿਸ਼ ਨੂੰ ਦਬਾਉਣ ਦਾ ਮੁੱਖ ਕਾਰਨ, ਪੂਰਬੀ ਪ੍ਰਸ਼ਾਂਤ ਮਹਾਸਾਗਰ ’ਚ ਅਲ ਨੀਨੋ ਘਟਨਾ, ਜੁਲਾਈ ’ਚ ਕਦੇ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਭਾਰਤ ’ਤੇ ਇਸ ਦਾ ਪ੍ਰਭਾਵ ਆਮ ਤੌਰ ’ਤੇ 1 ਜਾਂ 2 ਮਹੀਨੇ ਦੇ ਫਰਕ ਤੋਂ ਬਾਅਦ ਮਹਿਸੂਸ ਕੀਤਾ ਜਾਂਦਾ ਹੈ।
ਅਪ੍ਰੈਲ ’ਚ ਹੀ ਵਿਸ਼ੇਸ਼ ਮਹੀਨਿਆਂ ਅਤੇ ਖੇਤਰਾਂ ਦੌਰਾਨ ਸੰਭਾਵਿਤ ਪ੍ਰਭਾਵਾਂ ਦਾ ਸੰਕੇਤ ਦੇਣਾ ਆਪਣੇ ਅਗਾਊਂ-ਅਨੁਮਾਨਾਂ ’ਚ ਆਈ. ਐੱਮ. ਡੀ. ਦੇ ਵਧਦੇ ਆਤਮਵਿਸ਼ਵਾਸ ਦਾ ਪ੍ਰਤੀਕ ਹੈ।
—ਅਮਿਤਾਭ ਸਿਨਹਾ
(‘ਆਈ. ਈ.’ ਤੋਂ ਧੰਨਵਾਦ ਸਹਿਤ)
