ਕਮਜ਼ੋਰ ਪੈ ਰਹੀ ਪਤੀ-ਪਤਨੀ ਦੇ ਰਿਸ਼ਤਿਆਂ ਦੀ ਡੋਰ

Tuesday, Apr 01, 2025 - 06:38 AM (IST)

ਕਮਜ਼ੋਰ ਪੈ ਰਹੀ ਪਤੀ-ਪਤਨੀ ਦੇ ਰਿਸ਼ਤਿਆਂ ਦੀ ਡੋਰ

ਸਾਡੇ ਦੇਸ਼ ’ਚ ਪਿਛਲੇ ਕੁਝ ਸਾਲਾਂ ਤੋਂ ਕਈ ਅਨੈਤਿਕ ਅਤੇ ਅਣਮਨੁੱਖੀ ਕੰਮ ਹੋ ਰਹੇ ਹਨ। ਇੱਥੋਂ ਤੱਕ ਕਿ ਸੱਤ ਜਨਮਾਂ ਦਾ ਬੰਧਨ ਅਖਵਾਉਣ ਵਾਲੇ ਪਤੀ-ਪਤਨੀ ਦੇ ਰਿਸ਼ਤਿਆਂ ’ਤੇ ਵੀ ਅਨੈਤਿਕਤਾ ਦਾ ਪਰਛਾਵਾਂ ਮੰਡਰਾਉਣ ਲੱਗਾ ਹੈ।
ਇੱਥੇ ਦਿੱਤੀਆਂ ਜਾ ਰਹੀਆਂ ਸਿਰਫ ਲਗਭਗ 1 ਮਹੀਨੇ ਦੀਆਂ ਘਟਨਾਵਾਂ ਦੇਖ ਕੇ ਮਨ ’ਚ ਆਪਣੇ ਆਪ ਹੀ ਇਹ ਸਵਾਲ ਉੱਠਦਾ ਹੈ ਕਿ ਅਖੀਰ ਸਾਡੇ ਭਾਰਤ ਦੇਸ਼ ’ਚ ਕੀ ਹੋ ਰਿਹਾ ਹੈ ਅਤੇ ਇਹ ਕੀ ਕਰ ਰਹੇ ਹੋ।
* 3 ਮਾਰਚ ਨੂੰ ਗੁੜਗਾਓਂ ’ਚ ‘ਅੰਕਿਤ’ ਨਾਂ ਦੇ ਇਕ ਵਿਅਕਤੀ ਨੇ ਆਪਣੀ ਪਤਨੀ ‘ਰੇਨੂ’ ਨਾਲ ਮਾਮੂਲੀ ਗੱਲ ’ਤੇ ਹੋਈ ਬਹਿਸ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ ਅਤੇ ਆਪਣੇ ਪੁਸ਼ਤੈਨੀ ਜ਼ਿਲੇ ਬਲੀਆ ਚਲਾ ਗਿਆ। ਘਰ ’ਚੋਂ ਬਦਬੂ ਆਉਣ ’ਤੇ ਹੱਤਿਆ ਦਾ ਪਤਾ ਲੱਗਾ। ਪੁਲਸ ਨੇ 23 ਮਾਰਚ ਨੂੰ ਦੋਸ਼ੀ ਨੂੰ ਬਲੀਆ ਤੋਂ ਗ੍ਰਿਫਤਾਰ ਕਰ ਲਿਆ।
* 4 ਮਾਰਚ ਨੂੰ ਮੇਰਠ (ਉੱਤਰ ਪ੍ਰਦੇਸ਼) ’ਚ ਮਰਚੈਂਟ ਨੇਵੀ ਅਧਿਕਾਰੀ ‘ਸੌਰਭ ਰਾਜਪੂਤ’ ਦੀ ਪਤਨੀ ‘ਮੁਸਕਾਨ’ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਨਾ ਸਿਰਫ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਗੋਂ ਉਸ ਦੀ ਲਾਸ਼ ਦੇ 15 ਟੁਕੜੇ ਕਰ ਕੇ ਉਨ੍ਹਾਂ ਨੂੰ ਇਕ ਡਰੰਮ ’ਚ ਸੁੱਟ ਕੇ ਉਸ ਨੂੰ ਸੀਮੈਂਟ ਨਾਲ ਸੀਲ ਕਰ ਦਿੱਤਾ।
* 16 ਮਾਰਚ ਨੂੰ ਜੈਪੁਰ ’ਚ ਸਬਜ਼ੀ ਵੇਚਣ ਵਾਲੇ ‘ਧਨਾ ਲਾਲ ਸੈਣੀ’ ਦੀ ਉਸੇ ਦੀ ਪਤਨੀ ‘ਗੋਪਾਲੀ’ ਨੇ ਆਪਣੇ ਪ੍ਰੇਮੀ ‘ਦੀਨਦਿਆਲ’ ਦੇ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਬੋਰੇ ’ਚ ਭਰ ਕੇ ਕਿਸੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਅੱਗ ਲਾ ਦਿੱਤੀ ਪਰ ਪੁਲਸ ਨੂੰ ਇਸ ਦੀ ਭਿਣਕ ਲੱਗ ਗਈ ਅਤੇ ਦੋਵੇਂ ਫੜ ਲਏ ਗਏ।
* 19 ਮਾਰਚ ਨੂੰ ‘ਮੋਤੀਹਾਰੀ’ (ਬਿਹਾਰ) ਦੇ ‘ਗੜ੍ਹਹੀਆ’ ਥਾਣਾ ਇਲਾਕੇ ’ਚ ‘ਅਫਰੀਦਾ ਖਾਤੂਨ’ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਕ ਸੁਪਾਰੀ ਕਿਲਰ ਰਾਹੀਂ ਆਪਣੇ ਪਤੀ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਵਾ ਦਿੱਤਾ।
* 20 ਮਾਰਚ ਨੂੰ ‘ਝਾਂਸੀ’ (ਉੱਤਰ ਪ੍ਰਦੇਸ਼) ਕੋਤਵਾਲੀ ਥਾਣਾ ਇਲਾਕੇ ਦੇ ‘ਲਕਸ਼ਮੀ ਗੇਟ ਮੁਹੱਲੇ’ ’ਚ ਇਕ ਸ਼ਰਾਬ ਪਾਰਟੀ ਦੌਰਾਨ ਬੈੱਡਰੂਮ ’ਚ ਆਪਣੇ ਪਤੀ ‘ਰਵਿੰਦਰ’ ਅਤੇ ਪ੍ਰੇਮੀ ‘ਰੋਹਿਤ’ ਨਾਲ ਬੈਠ ਕੇ ਸ਼ਰਾਬ ਪੀ ਰਹੀ ‘ਸੰਗੀਤਾ’ ਨਾਂ ਦੀ ਔਰਤ ਦੀ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਕਾਰਨ ‘ਰਵਿੰਦਰ’ ਅਤੇ ‘ਰੋਹਿਤ’ ਨੇ ਹੱਤਿਆ ਕਰ ਦਿੱਤੀ।
*20 ਮਾਰਚ ਨੂੰ ਹੀ ਮੁੰਬਈ ਦੇ ‘ਗੋਰੇਗਾਂਵ’ ’ਚ ‘ਰੰਜੂ ਚੌਹਾਨ’ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਨਾਲ ਸ਼ਾਦੀ ਕਰਨ ਲਈ ਆਪਣੇ ਪਤੀ ‘ਚੰਦਰਸ਼ੇਖਰ ਚੌਹਾਨ’ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।
* 20 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ‘ਫਤੇਹਪੁਰ’ ਜ਼ਿਲੇ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਬੇਰਹਿਮੀ ਨਾਲ ਕੁੱਟਣ ਪਿੱਛੋਂ ਗਲ਼ ਘੁੱਟ ਕੇ ਲੱਕੜੀ ਦਾ ਟੋਟਾ ਉਸ ਦੇ ਮੂੰਹ ’ਚ ਦੇ ਕੇ ਮਾਰ ਦਿੱਤਾ।
* 21 ਮਾਰਚ ਨੂੰ ਪੂਰਬੀ ਦਿੱਲੀ ਦੇ ‘ਸਤਿਅਮ ਐਨਕਲੇਵ’ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਨੇ ਪੁਲਸ ਪੁੱਛਗਿੱਛ ’ਚ ਦੱਸਿਆ ਕਿ ਉਹ ਸਮਲਿੰਗੀ ਹੈ ਅਤੇ ਆਪਣੀ ਪਤਨੀ ਤੋਂ ਖੁਸ਼ ਨਹੀਂ ਸੀ।
* 24 ਮਾਰਚ ਨੂੰ ‘ਔਰਈਆ’ (ਉੱਤਰ ਪ੍ਰਦੇਸ਼) ’ਚ ਇਕ ਨਵ-ਵਿਆਹੁਤਾ ਨੇ ਆਪਣੇ ਬੇਰੋਜ਼ਗਾਰ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ।
* 26 ਮਾਰਚ ਨੂੰ ਬੈਂਗਲੁਰੂ ’ਚ ‘ਰਾਕੇਸ਼ ਰਾਜੇਂਦਰ’ ਨਾਂ ਦੇ ਇਕ ਵਿਅਕਤੀ ਨੇ ਮਾਮੂਲੀ ਗੱਲ ’ਤੇ ਹੋਈ ਬਹਿਸ ਪਿੱਛੋਂ ਘਰ ’ਚ ਹੀ ਆਪਣੀ ਪਤਨੀ ‘ਗੌਰੀ ਅਨਿਲ’ ਦੀ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਸੂਟਕੇਸ ’ਚ ਪਾ ਦਿੱਤਾ। ਦੋਸ਼ੀ ਨੇ ਇਸ ਦੀ ਸੂਚਨਾ ਆਪਣੇ ਸਹੁਰਿਆਂ ਨੂੰ ਵੀ ਦੇ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
* 28 ਮਾਰਚ ਨੂੰ ਮਹਾਰਾਸ਼ਟਰ ਦੇ ‘ਸਾਂਗਲੀ’ ਜ਼ਿਲੇ ਦੇ ‘ਮੰਗਲੇ’ ਪਿੰਡ ’ਚ ‘ਮੰਗੇਸ਼’ ਨਾਂ ਦੇ ਇਕ ਵਿਅਕਤੀ ਨੇ ਆਪਣੀ ਪਤਨੀ ‘ਪ੍ਰਾਜਕਤਾ’ ਦੀ ਹੱਤਿਆ ਪਿੱਛੋਂ ਲਾਸ਼ ਦੇ ਟੁਕੜੇ ਕਰ ਕੇ ਇਲੈਕਟ੍ਰਿਕ ਪੰਪ ਬਾਕਸ ’ਚ ਪਾ ਦਿੱਤੇ। ਇਸ ਪਿੱਛੋਂ ਖੁਦ ਪੁਲਸ ਸਟੇਸ਼ਨ ਪੁੱਜਾ ਅਤੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਪ੍ਰਾਜਕਤਾ ਅਤੇ ਉਸ ਦੇ ਦਿਉਰ ‘ਨੀਲੇਸ਼’ ’ਚ ਬਹਿਸ ਹੋਈ। ਇਸ ਪਿੱਛੋਂ ‘ਨੀਲੇਸ਼’ ਘਰ ਤੋਂ ਚੱਲਾ ਗਿਆ ਪਰ ‘ਮੰਗੇਸ਼’ ਨੇ ਆਪਣੀ ਪਤਨੀ ‘ਪ੍ਰਾਜਕਤਾ’ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।
ਉਕਤ ਘਟਨਾਵਾਂ ਗਵਾਹ ਹਨ ਕਿ ਅੱਜ ਪਤੀ-ਪਤਨੀ ਵਰਗੇ ਪਵਿੱਤਰ ਰਿਸ਼ਤਿਆਂ ਦੀ ਡੋਰ ਵੀ ਕਿੰਨੀ ਕਮਜ਼ੋਰ ਹੁੰਦੀ ਜਾ ਰਹੀ ਹੈ। ਸਪੱਸ਼ਟ ਤੌਰ ’ਤੇ ਇਹ ਘਟਨਾਵਾਂ ਔਰਤਾਂ ਅਤੇ ਮਰਦਾਂ ਦੋਵਾਂ ’ਚ ਵਧ ਰਹੀ ਅਸਹਿਣਸ਼ੀਲਤਾ, ਚਰਿੱਤਰ ਪਤਨ ਅਤੇ ਨਿੱਜੀ ਸਬੰਧਾਂ ’ਚ ਸੁਆਰਥ ਦੇ ਹਾਵੀ ਹੋਣ ਦਾ ਨਤੀਜਾ ਹਨ।
ਇਸ ਨਾਲ ਦੇਸ਼ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਦੂਜੇ ਲੋਕਾਂ ਨੂੰ ਵੀ ਗਲਤ ਕੰਮ ਕਰਨ ਲਈ ਉਤਸ਼ਾਹ ਮਿਲ ਰਿਹਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸਜ਼ਾ ਦੇਣ ਦੀ ਤੁਰੰਤ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

–ਵਿਜੇ ਕੁਮਾਰ
 

 


author

Sandeep Kumar

Content Editor

Related News