ਸੁਪ੍ਰਿਆ ਸੁਲੇ ਦੇ ਦੋਸ਼ਾਂ ’ਚ ਸੱਚਾਈ ਹੈ

Friday, Dec 05, 2025 - 02:03 PM (IST)

ਸੁਪ੍ਰਿਆ ਸੁਲੇ ਦੇ ਦੋਸ਼ਾਂ ’ਚ ਸੱਚਾਈ ਹੈ

ਨੈਸ਼ਨਲ ਕਾਂਗਰਸ ਪਾਰਟੀ (ਐੱਨ. ਸੀ. ਪੀ.) ਸ਼ਰਦ ਪਵਾਰ ਗੁੱਟ ਦੀ ਵਰਕਿੰਗ ਪ੍ਰੈਜ਼ੀਡੈਂਟ ਸੁਪ੍ਰਿਆ ਸੁਲੇ ਨੇ ਮਹਾਰਾਸ਼ਟਰ ’ਚ ਹੁਣ ਰਾਜ ਕਰ ਰਹੀ ਮਹਾਯੁਤੀ ਸਰਕਾਰ ’ਤੇ ਗੰਭੀਰ ਦੋਸ਼ ਲਗਾਏ ਸਨ। ਭਾਜਪਾ ਦੀ ਲੀਡਰਸ਼ਿਪ ਵਾਲੀ ਮਹਾਯੁਤੀ ’ਚ ਸ਼ਿਵ ਸੈਨਾ ਦਾ ਸ਼ਿੰਦੇ ਗੁੱਟ ਅਤੇ ਐੱਨ. ਸੀ. ਪੀ. ਦਾ ਅਜੀਤ ਪਵਾਰ ਗੁੱਟ ਸ਼ਾਮਲ ਹੈ। ਸੁਲੇ ਨੇ ਭਾਜਪਾ ਅਤੇ ਮਹਾਯੁਤੀ ’ਚ ਉਸ ਦੇ ਸਹਿਯੋਗੀਆਂ ’ਤੇ ਆਉਣ ਵਾਲੇ ਲੋਕਲ ਬਾਡੀ ਇਲੈਕਸ਼ਨ ’ਚ ਵਿਰੋਧੀ ਧਿਰ ਦੇ ਉਮੀਦਵਾਰਾਂ ’ਤੇ ਪੁਲਸ ਰਾਹੀਂ ਦਬਾਅ ਪਾਉਣ ਦਾ ਦੋਸ਼ ਲਗਾਇਆ ਤਾਂ ਕਿ ਵਿਰੋਧੀ ਧਿਰ ਦੇ ਕਈ ਉਮੀਦਵਾਰ ਮੁਕਾਬਲੇ ਤੋਂ ਹਟ ਜਾਣ ਅਤੇ ਉਨ੍ਹਾਂ ਦੇ ਆਪਣੇ ਉਮੀਦਵਾਰ ਬਿਨਾਂ ਕਿਸੇ ਵਿਰੋਧ ਦੇ ਜਿੱਤ ਜਾਣ। ਸੁਲੇ ਨੇ ਦੋਸ਼ ਲਗਾਇਆ ਕਿ 100 ਤੋਂ ਵੱਧ ਵਿਰੋਧੀ ਧਿਰ ਦੇ ਉਮੀਦਵਾਰਾਂ ਨੇ ਦਬਾਅ ’ਚ ਆ ਕੇ ਗਵਰਨਿੰਗ ਗੱਠਜੋੜ ਨੂੰ ਫਾਇਦਾ ਪਹੁੰਚਾਉਣ ਲਈ ਆਪਣੀ ਉਮੀਦਵਾਰੀ ਵਾਪਸ ਲੈ ਲਈ ਹੈ। ਉਨ੍ਹਾਂ ਨੇ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਇਹ ਪੱਕਾ ਕਰਨ ਕਿ ਚੋਣਾਂ ਆਜ਼ਾਦ ਅਤੇ ਨਿਰਪੱਖ ਮਾਹੌਲ ’ਚ ਹੋਣ ਜਿਵੇਂ ਕਿ ਉਨ੍ਹਾਂ ਦਾ ਕੰਮ ਹੈ।

ਆਪਣੇ ਵਿਰੋਧੀਆਂ ਨੂੰ ਪੈਸੇ ਜਾਂ ਦੂਜੇ ਲਾਲਚ ਦੇ ਕੇ ਮੁਕਾਬਲੇ ਤੋਂ ਹਟਣ ਲਈ ਮੰਨਣਾ ਮਹਾਰਾਸ਼ਟਰ ’ਚ ਪਹਿਲਾਂ ਤੋਂ ਹੀ ਇਕ ਪ੍ਰੈਕਟਿਸ ਰਹੀ ਹੈ। ਵੱਡੀ ਜ਼ਮੀਨ ਵਾਲੇ ਵੱਡੇ ਸਿਆਸੀ ਪਰਿਵਾਰ (ਜ਼ਮੀਨ ਦੀ ਹੱਦਬੰਦੀ ਵਾਲੇ ਕਾਨੂੰਨਾਂ ਦੇ ਬਾਵਜੂਦ) ਹਮੇਸ਼ਾ ਆਪਣੀ ਇਸ ਕਾਬਲੀਅਤ ’ਤੇ ਮਾਣ ਕਰਦੇ ਰਹੇ ਹਨ ਕਿ ਉਹ ਬਿਨਾਂ ਕਿਸੇ ਚੁਣੌਤੀ ਦੇ ਆਪਣੀ ਬੇਕਾਬੂ ਤਾਕਤ ਦੀ ਵਰਤੋਂ ਕਰਦੇ ਹਨ। ਪਿਛਲੇ ਇਕ ਦਹਾਕੇ ’ਚ ਇਸ ਤਰ੍ਹਾਂ ਦੇ ਦਬਾਅ ਦੀਆਂ ਅਫਵਾਹਾਂ ਅਤੇ ਕਹਾਣੀਆਂ ਕਈ ਗੁਣਾ ਵਧ ਗਈਆਂ ਹਨ, ਪੈਸੇ ਦਾ ਲਾਲਚ ਜੋ ਸਰੰਡਰ ਦਾ ਸਭ ਤੋਂ ਆਮ ਤਰੀਕਾ ਸੀ, ਉਸ ’ਚ ਐਨਫੋਰਸਮੈਂਟ ਏਜੰਸੀਆਂ ਦੀਆਂ ਲਗਾਤਾਰ ਨਜ਼ਰਾਂ ਦਾ ਸਾਹਮਣਾ ਕਰਨ ਦੀ ਧਮਕੀ ਵੀ ਜੁੜ ਗਈ ਹੈ। ਪਿਛਲੇ ਕੁਝ ਸਾਲਾਂ ’ਚ ਵਿਰੋਧੀਆਂ ਨੂੰ ਨਰਮ ਕਰਨ ਲਈ ਪੁਲਸ ਮਸ਼ੀਨਰੀ ਦੀ ਵਰਤੋਂ ਇਕ ਵਧੀਆ ਕਲਾ ਬਣ ਗਈ ਹੈ। ਆਜ਼ਾਦੀ ਦੇ ਬਾਅਦ ਦੇ ਦਹਾਕਿਆਂ ’ਚ ਚੋਣਾਂ ਜਿੱਤਣ ਲਈ ਪੁਲਸ ਨੂੰ ਸ਼ਾਮਲ ਕਰਨਾ ਲੱਗਭਗ ਅਣਜਾਣ ਸੀ। ਸਰਦਾਰ ਪਟੇਲ ਦੀ ਇਹ ਗੱਲ ਕਿ ਪੁਲਸ ਨੂੰ ਕਦੇ ਵੀ ਸਿਆਸੀ ਪਾਰਟੀਆਂ ਦੇ ਸਿਆਸੀ ਝਗੜਿਆਂ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ, ਦੀ ਸਖਤੀ ਨਾਲ ਪਾਲਣਾ ਕੀਤੀ ਗਈ ਪਰ ਜਦੋਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਾਬਰਮਤੀ ਦੇ ਕੰਢੇ ਸਰਦਾਰ ਦੀ ਸਭ ਤੋਂ ਉੱਚੀ ਮੂਰਤੀ ਬਣਾਉਣ ਵਾਲੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਖਰੇ ਉਤਰਨਗੇ, ਤਾਂ ਪੁਲਸ ਲੀਡਰਸ਼ਿਪ ਖੁਦ ਨੂੰ ਉਸੇ ਮਾਮਲੇ ’ਚ ਭਟਕਦੀ ਹੋਈ ਪਾਉਂਦੀ ਹੈ।

ਪੁਲਸ ਵਾਲਿਆਂ ’ਚ ਇਹ ਪੱਕਾ ਯਕੀਨ ਹੈ ਕਿ ਜੋ ਲੋਕ ਹੁਕਮਰਾਨਾਂ ਦੇ ਨਾਲ ਮਿਲ ਕੇ ਹਮੇਸ਼ਾ ਪਾਵਰ ’ਚ ਬਣੇ ਰਹਿਣ ਦੀ ਉਨ੍ਹਾਂ ਦੀ ਚਾਹਤ ’ਚ ਮਦਦ ਕਰਦੇ ਹਨ, ਉਹ ਕਾਮਯਾਬ ਹੋਣਗੇ ਅਤੇ ਵਧਣ-ਫੁੱਲਣਗੇ। ਅਜਿਹੇ ਬੁਰੇ ਵਿਚਾਰ ਪਹਿਲਾਂ ਵੀ ਸਾਜ਼ਿਸ਼ ਕਰਨ ਵਾਲਿਆਂ ਦੇ ਦਿਮਾਗ ’ਚ ਆਉਂਦੇ ਸਨ ਅਤੇ ਕੁਝ ਮਾਮਲਿਆਂ ’ਤੇ ਗੱਲ ਵੀ ਹੁੰਦੀ ਸੀ ਪਰ ਖੁਸ਼ਕਿਸਮਤੀ ਨਾਲ ਵੱਲਭ ਭਾਈ ਵਿਰੋਧੀ ਇਹੀ ਸੋਚ ਨੂੰ ਸਾਹਮਣੇ ਆਉਣ ਦੇ ਡਰ ਤੋਂ ਰੋਕ ਦਿੱਤਾ ਗਿਆ। ਡਰ ਨੂੰ ਕਦੋਂ, ਕਿਵੇਂ ਅਤੇ ਕਿਉਂ ਬਾਹਰ ਦਾ ਰਸਤਾ ਦਿਖਾਇਆ ਗਿਆ, ਇਹ ਰਿਸਰਚ ਅਤੇ ਸਟੱਡੀ ਦਾ ਵਿਸ਼ਾ ਹੋਣਾ ਚਾਹੀਦਾ ਹੈ। ਇਕ ਸਮਾਂ ਆਵੇਗਾ ਜਦੋਂ ਅਜਿਹੀ ਸਟੱਡੀ ਦਾ ਹੁਕਮ ਦਿੱਤਾ ਜਾਵੇਗਾ ਜਿਵੇਂ ਇੰਦਰਾ ਦੀ ਐਮਰਜੈਂਸੀ ਹਟਣ ਤੋਂ ਬਾਅਦ ਕੀਤਾ ਗਿਆ ਸੀ। ਸਰਦਾਰ ਪਟੇਲ ਦੇ ਸਿਧਾਂਤ, ਜਿਨ੍ਹਾਂ ਨੂੰ ਉਨ੍ਹਾਂ ਨੇ ਸੰਵਿਧਾਨ ਸਭਾ ’ਚ ਆਪਣੇ ਭਾਸ਼ਣਾਂ ’ਚ ਦੱਸਿਆ ਸੀ, ਜਿੱਥੇ ਉਨ੍ਹਾਂ ਨੇ ਇਕ ਨਾਨ-ਪੋਲੀਟੀਕਲ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਅਤੇ ਇੰਡੀਅਨ ਪੁਲਸ ਸਰਵਿਸ ਬਣਾਉਣ ਦੀ ਜ਼ੋਰਦਾਰ ਸਪੋਰਟ ਕੀਤੀ ਸੀ, ਆਸਾਨੀ ਨਾਲ ਸਮਝੇ ਜਾ ਸਕਦੇ ਹਨ। ਸਾਡੇ ਅੱਜ ਦੇ ਹੁਕਮਰਾਨਾਂ ਨੂੰ ਜੋ ਸਰਦਾਰ ਦੇ ਸਿਧਾਂਤਾਂ ਦੀ ਸਹੁੰ ਖਾਂਦੇ ਹਨ, ਉਨ੍ਹਾਂ ਦੇ ਭਾਸ਼ਣ ਪੜ੍ਹਨੇ ਚਾਹੀਦੇ ਹਨ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਮਲ ’ਚ ਲਿਆਉਣਾ ਚਾਹੀਦਾ ਹੈ। ਇਹੀ ਉਸ ਮਹਾਨ ਆਦਮੀ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।

ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਮਹਾਰਾਸ਼ਟਰ ਦੀ ਰਾਜਨੀਤੀ ’ਚ ਹਮੇਸ਼ਾ ਤੋਂ ਤਾਕਤਵਰ ਮਰਾਠਾ ਪਰਿਵਾਰਾਂ ਦਾ ਦਬਦਬਾ ਰਿਹਾ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈ, ਜਿਵੇਂ ਕਿ ਸੁਲੇ ਨੇ ਸਟੇਟ ਇਲੈਕਸ਼ਨ ਕਮਿਸ਼ਨਰ ਨੂੰ ਲਿਖੇ ਆਪਣੇ ਲੈਟਰ ’ਚ ਦੱਸਿਆ ਹੈ, ਜਦੋਂ ਉਨ੍ਹਾਂ ਨੇ ਦੋਸ਼ ਲਾਇਆ ਿਕ 100 ਤੋਂ ਵੱਧ ਉਮੀਦਵਾਰਾਂ ਨੇ ਦਬਾਅ ’ਚ ਆ ਕੇ ਆਪਣਾ ਨਾਂ ਵਾਪਸ ਲੈ ਲਿਆ ਹੈ। ਹੋ ਸਕਦਾ ਹੈ ਕਿ ਅੰਕੜੇ ਵਧਾ-ਚੜ੍ਹਾ ਕੇ ਦੱਸੇ ਗਏ ਹੋਣ ਪਰ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਨ੍ਹਾਂ ’ਚੋਂ ਕਈ ਜੋ ਬੇਵਜ੍ਹਾ ਪ੍ਰੈਸ਼ਰ ਪਾ ਸਕਦੇ ਹਨ, ਉਹ ਉਨ੍ਹਾਂ ਦੇ ਪਿਤਾ ਦੀ ਪਾਰਟੀ, ਓਰਿਜਨਲ ਐੱਨ. ਸੀ. ਪੀ. ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੀ ਵਫਾਦਾਰੀ ਐੱਨ. ਸੀ. ਪੀ. ਦੇ ਅਜੀਤ ਪਵਾਰ ਦੇ ਅਲੱਗ ਹੋਏ ਗੁੱਟ ਜਾਂ ਭਾਜਪਾ ਵੱਲ ਕਰ ਲਈ ਹੈ। ਸੂਬੇ ਦੇ ਸਿਆਸੀ ਖੇਤਰ ’ਚ ਭਾਜਪਾ ਦਾ ਉਭਾਰ ਜ਼ਬਰਦਸਤ ਰਿਹਾ ਹੈ। ਆਰ. ਐੱਸ. ਐੱਸ. ਤੋਂ ਟ੍ਰੇਂਡ ਇਸ ਦੇ ਕਮਿਟੇਡ ਜ਼ਮੀਨੀ ਵਰਕਰਸ, ਇਸ ਦੀ ਸੰਗਠਨਾਤਮਕ ਤਾਕਤ, ਹਰ ਮੁਮਕਿਨ ਚੋਣ ਜਿੱਤਣ ਦੀ ਇਸ ਦੀ ਚਾਹਤ, ਇਹ ਸਭ ਮਿਲ ਕੇ ਆਖਰੀ ਕਾਮਯਾਬੀ ਦਿਵਾਉਂਦੇ ਹਨ। ਮੈਨੂੰ ਜੁਲਾਈ 1955 ’ਚ ਬੰਬੇ (ਹੁਣ ਮੁੰਬਈ) ਤੋਂ ਕੋਹਲਾਪੁਰ ਤੱਕ ਕਾਰ ਰਾਹੀਂ ਆਪਣੀ ਜਰਨੀ ਯਾਦ ਹੈ, ਜਦੋਂ ਮੈਂ ਆਪਣੀ ਫਾਰਮਲ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਆਪਣੇ ਪਹਿਲੇ ਸਬ ਡਵੀਜ਼ਨ ਗੜ੍ਹ ਗਿਲਾਜ ਦਾ ਚਾਰਜ ਲੈਣ ਗਿਆ ਸੀ।

ਸਾਂਗਲੀ ਅਤੇ ਸਤਾਰਾ ਦੇ ਮਰਾਠਾ ਗੜ੍ਹਾਂ ਤੋਂ ਗੁਜ਼ਰਨ ਵਾਲੀ ਸੜਕ ’ਤੇ ਮੈਂ ਕਈ ਘਰ ਸੜੇ ਹੋਏ ਅਤੇ ਬਿਨਾਂ ਮੁਰੰਮਤ ਦੇ ਪਏ ਦੇਖੇ। ਇਹ ਘਰ ਬ੍ਰਾਹਮਣਾਂ ਦੇ ਸਨ ਜੋ ਗਾਂਧੀ ਜੀ ਦੀ ਹੱਤਿਆ ਦੇ ਬਾਅਦ ਨਿਸ਼ਾਨਾ ਬਣੇ ਸਨ। ਇੰਨੇ ਸਾਲਾਂ ’ਚ ਚੀਜ਼ਾਂ ਬਦਲ ਗਈਆਂ ਹਨ। ਭਾਜਪਾ, ਜਿਸ ਦੇ ਬਹੁਤ ਘੱਟ ਸਮਰਥਕ ਸਨ ਜੋ ਸਦੀ ਦੀ ਸ਼ੁਰੂਆਤ ’ਚ ਸਿਰਫ ਉੱਚੀਆਂ ਜਾਤੀਆਂ ਤੱਕ ਹੀ ਸੀਮਤ ਸੀ, ਹੁਣ ਰਾਜ ਦੀ ਰਾਜਨੀਤੀ ’ਚ ਸਭ ਤੋਂ ਅੱਗੇ ਹਨ। ਮੁੱਖ ਮੰਤਰੀ ਇਕ ਬ੍ਰਾਹਮਣ ਹਨ ਅਤੇ ਬਹੁਤ ਕਾਬਿਲ ਵੀ। ਬਦਕਿਸਮਤੀ ਨਾਲ, ਸੱਤਾ ਪਾਉਣ/ ਹਾਸਲ ਕਰਨ ਲਈ ਜੋ ਤਰੀਕੇ ਅਪਣਾਏ, ਉਹ ਸਹੀ ਨਹੀਂ ਹਨ। ਭਾਜਪਾ ਅਤੇ ਸ਼ਿੰਦੇ ਦੀ ਸ਼ਿਵ ਸੈਨਾ ਨੇ ਲੋਕਲ ਬਾਡੀਜ਼ ਦੀਆਂ ਚੋਣਾਂ ਲੜਨ ਲਈ ਇਕ ਹੀ ਪਰਿਵਾਰ ਦੇ 5 ਜਾਂ 6 ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਪਿਤਾ, ਮਾਤਾ, ਬੇਟੇ, ਬੇਟੀ ਜਾਂ ਨੂੰਹਾਂ, ਸਭ ਨੂੰ ਫੇਵਰ ਕੀਤਾ ਿਗਆ ਹੈ ਅਤੇ ਅਜਿਹੇ ਫੇਵਰੇਟ ਕੈਂਡੀਡੇਟ ਨੂੰ ਬਿਨਾਂ ਵਿਰੋਧ ਦੇ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ‘ਆਪੋਜ਼ੀਸ਼ਨ-ਮੁਕਤ’ ਸ਼ਾਸਨ ਦੇ ਪੂਰੇ ਕੰਸੈਪਟ ਨੂੰ ਬਹੁਤ ਮਜ਼ਾਕੀਆ ਬਣਾ ਰਿਹਾ ਹੈ ਅਤੇ ਅਜਿਹਾ ਕਰਦੇ ਸਮੇਂ ਇਕ ਹੋਰ ਕੰਸੈਪਟ, ਭਾਵ ਵੰਸ਼ਵਾਦ-ਮੁਕਤਵਾਦ ਨੂੰ ਵੀ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੌਜੂਦਾ ਲੋਕਲ ਬਾਡੀ ਚੋਣਾਂ ਦੀ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਟਕਰਾਅ ਸਾਹਮਣੇ ਆਇਆ ਹੈ ਅਤੇ ਐੱਸ. ਈ. ਸੀ. ਨੇ ਸ਼ਿਵ ਸੈਨਾ ਦੇ ਕੁਝ ਨੇਤਾਵਾਂ ਦੇ ਆਫਿਸ ਅਤੇ ਘਰਾਂ ’ਚ ਛਾਪੇ ਮਾਰੇ ਹਨ, ਜਿਸ ਨਾਲ ਰਾਜ ’ਚ ਭਾਜਪਾ ਦੀ ਮੁੱਖ ਸਪੋਰਟਿੰਗ ਪਾਰਟੀ ਨਾਰਾਜ਼ ਹੈ।

ਜੂਲੀਓ ਰਿਬੈਰੋ


author

DIsha

Content Editor

Related News