ਪੁਤਿਨ ਦੇ ਭਾਰਤ ਦੌਰੇ ਦਾ ਰਣਨੀਤਿਕ ਅਤੇ ਆਰਥਿਕ ਮਹੱਤਵ

Sunday, Dec 07, 2025 - 04:29 PM (IST)

ਪੁਤਿਨ ਦੇ ਭਾਰਤ ਦੌਰੇ ਦਾ ਰਣਨੀਤਿਕ ਅਤੇ ਆਰਥਿਕ ਮਹੱਤਵ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ 2 ਦਿਨਾ ਭਾਰਤ ਦੌਰਾ ਅਤੇ 23ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਮੁਲਾਕਾਤ, ਬਦਲਦੇ ਸੰਸਾਰਕ ਦ੍ਰਿਸ਼ ’ਚ ਨਵੀਂ ਦਿੱਲੀ ਅਤੇ ਮਾਸਕੋ ’ਚ ਇਤਿਹਾਸਕ ਤੌਰ ’ਤੇ ਮਜ਼ਬੂਤ ਸੰਬੰਧਾਂ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਇਹ ਯਾਤਰਾ ਨਾ ਸਿਰਫ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਦੀ ਸਮੀਖਿਆ ਦਾ ਮੰਚ ਹੈ ਸਗੋਂ ਇਹ ਦਰਸਾਉਂਦੀ ਹੈ ਕਿ ਦਬਾਅ ਦੇ ਬਾਵਜੂਦ ਦੋਵਾਂ ਦੇਸ਼ਾਂ ਦੇ ਵਿਚਾਲੇ ਦੀ ਸਾਂਝੇਦਾਰੀ ਸਮੇਂ ਦੀ ਕਸੌਟੀ ’ਤੇ ਖਰੀ ਉਤਰੀ ਹੈ।

ਪੁਤਿਨ ਦਾ ਇਹ ਦੌਰਾ ਨਾ ਸਿਰਫ ਰਵਾਇਤੀ ਊਰਜਾ ਜਿਵੇਂ ਤੇਲ, ਗੈਸ ਅਤੇ ਰੱਖਿਆ ਸਹਿਯੋਗ ਤੱਕ ਸੀਮਤ ਹੈ ਸਗੋਂ ਆਰਥਿਕ, ਤਕਨੀਕੀ, ਸਿਹਤ, ਖੇਤੀ ਵਰਗੇ ਕਈ ਮੋਰਚਿਆਂ ’ਤੇ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਨੂੰ ਅੱਗੇ ਵਧਾਉਣ ਦੀ ਯੋਜਨਾ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਨੇ 2030 ਤੱਕ ਵਪਾਰ ਨੂੰ 100 ਬਿਲੀਅਨ ਡਾਲਰ ਤੱਕ ਵਧਾਉਣ ਦਾ ਟੀਚਾ ਵੀ ਰੱਖਿਆ ਹੈ। ਪੁਤਿਨ ਦੀ ਭਾਰਤ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਮਜ਼ਬੂਤ ਆਰਥਿਕ ਸਾਂਝੇਦਾਰੀ ਲਈ 5 ਸਾਲਾ ਯੋਜਨਾ ਬਣਾਉਣ ਅਤੇ ਵਪਾਰ ਘਾਟੇ ’ਤੇ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਸਹਿਮਤੀ ਜਤਾਈ। ਦੋਹਾਂ ਧਿਰਾਂ ਨੇ ਕੁੱਲ 11 ਸਮਝੌਤਿਆਂ ’ਤੇ ਦਸਤਖਤ ਕੀਤੇ।

ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਿਹਾ ਕਿ ਯੂਕ੍ਰੇਨ ’ਚ ਜੰਗ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਖਤਮ ਕੀਤਾ ਜਾਣਾ ਚਾਹੀਦਾ ਹੈ। ਮੋਦੀ ਅਤੇ ਪੁਤਿਨ ਵਿਚਾਲੇ ਸਿਖਰ ਵਾਰਤਾ ਦਾ ਮੁੱਖ ਨੁਕਤਾ ਤੇਲ ਅਤੇ ਰੱਖਿਆ ਦੇ ਰਵਾਇਤੀ ਖੇਤਰਾਂ ’ਚ ਸਹਿਯੋਗ ਤੋਂ ਹਟ ਕੇ ਆਰਥਿਕ ਸਾਂਝੇਦਾਰੀ ਨੂੰ ਮਹੱਤਵਪੂਰਨ ਤੌਰ ’ਤੇ ਵਿਆਪਕ ਬਣਾਉਣਾ ਸੀ। ਹਾਲਾਂਕਿ ਪੱਛਮੀ ਦੇਸ਼ਾਂ ਵਲੋਂ ਭਾਰਤ ’ਤੇ ਰੂਸ ਦੇ ਨਾਲ ਆਪਣੇ ਸੰਬੰਧਾਂ ਨੂੰ ਘੱਟ ਕਰਨ ਲਈ ਦਬਾਅ ਵਧ ਰਿਹਾ ਸੀ ਪਰ ਬੈਠਕ ਤੋਂ ਬਾਅਦ ਦੋਵਾਂ ਨੇਤਾਵਾਂ ਨੇ 8 ਦਹਾਕਿਆਂ ਤੋਂ ਵੱਧ ਪੁਰਾਣੀ ਭਾਰਤ-ਰੂਸ ਮਿੱਤਰਤਾ ਨੂੰ ਨਵੀਂ ਰਫਤਾਰ ਦੇਣ ਦੇ ਆਪਣੇ ਦ੍ਰਿੜ੍ਹ ਸੰਕਲਪ ਦਾ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਿੱਤਰਤਾ ‘ਧਰੂ ਤਾਰੇ’ ਵਾਂਗ ਅਟੱਲ ਬਣੀ ਹੋਈ ਹੈ।

ਵਲਾਦੀਮੀਰ ਪੁਤਿਨ ਦਾ ਇਹ ਭਾਰਤ ਦੌਰਾ ਸਿਰਫ ਇਕ ਮੁਲਾਕਾਤ ਹੀ ਨਹੀਂ ਸਗੋਂ ਇਹ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ, ਇਹ ਵਿਸ਼ਵ ਦੇ ਬਦਲਦੇ ਸਮੀਕਰਨ ਨੂੰ ਵੀ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦਾ ਕੰਮ ਕਰੇਗਾ। ਦਰਅਸਲ, ਭਾਰਤ ਪੱਛਮੀ ਮੁਲਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਉਹ ਕਿਸੇ ਦੇ ਦਬਾਅ ’ਚ ਵਿਦੇਸ਼ ਨੀਤੀ ਦਾ ਨਿਰਮਾਣ ਨਹੀਂ ਕਰਦਾ ਅਤੇ ਨਾ ਹੀ ਕਿਸੇ ਗਰੁੱਪ ਦਾ ਹਿੱਸਾ ਹੈ। ਉਥੇ ਹੀ ਦੂਜੇ ਪਾਸੇ ਪੁਤਿਨ ਚੀਨ ਨੂੰ ਇਹ ਦੱਸਣਾ ਚਾਹ ਰਹੇ ਹਨ ਕਿ ਰੂਸ ਸਿਰਫ ਇਕ ਦੇਸ਼ ’ਤੇ ਿਨਰਭਰ ਨਹੀਂ ਰਹੇਗਾ ਸਗੋਂ ਬਦਲਾਂ ਦੀ ਭਾਲ ’ਚ ਹੈ। ਆਮ ਗੱਲ ਇਹ ਹੈ ਕਿ ਬਦਲਦੇ ਸਮੇਂ ਦੇ ਦੌਰ ’ਚ ਵੀ ਭਾਰਤ ਅਤੇ ਰੂਸ ਇਕ-ਦੂਜੇ ਦੇ ਨੇੜੇ ਨਜ਼ਰ ਆਏ ਹਨ।

ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪੁਤਿਨ ਦੀਆਂ ਸਭ ਤੋਂ ਦੁਰਲੱਭ ਵਿਦੇਸ਼ ਯਾਤਰਾਵਾਂ ’ਚੋਂ ਇਕ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਅਤੇ ਯੂਰਪ ਪੁਤਿਨ ਨੂੰ ਸੰਸਾਰਕ ਮੰਚ ਤੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਜਦੋਂ ਪੁਤਿਨ ਦਾ ਰੈੱਡ ਕਾਰਪੈਟ ਵੈੱਲਕਮ ਕਰਦਾ ਹੈ ਤਾਂ ਪੱਛਮੀ ਦੇਸ਼ਾਂ ਦੀ ਇਹ ਮੁਹਿੰਮ ਕਮਜ਼ੋਰ ਸਾਬਿਤ ਹੁੰਦੀ ਦਿਸਦੀ ਹੈ। ਰੂਸ ਨਾਲ ਭਾਰਤ ਦੇ ਸੰਬੰਧਾਂ ਨੂੰ ਲੈ ਕੇ ਪੱਛਮ ਦੇ ਦੇਸ਼ ਅਸਹਿਜ ਵੀ ਰਹਿੰਦੇ ਹਨ। ਪੱਛਮੀ ਦੇਸ਼ਾਂ ਦੀ ਕੋਸ਼ਿਸ਼ ਹੈ ਕਿ ਪੁਤਿਨ ਨੂੰ ਅਲੱਗ-ਥਲੱਗ ਕਰ ਦਿੱਤਾ ਜਾਵੇ ਪਰ ਭਾਰਤ ਵਰਗਾ ਵੱਡਾ ਦੇਸ਼ ਪੁਤਿਨ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹੈ।

ਰੂਸ ਦੀ ਇਕਾਨਮੀ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਯੂਰਪ ਅਤੇ ਅਮਰੀਕਾ ਨੇ ਰੂਸ ’ਤੇ ਕਈ ਪਾਬੰਦੀਆਂ ਲਗਾਈਆਂ ਸਨ ਪਰ ਭਾਰਤ ਸਸਤੀ ਕੀਮਤ ’ਤੇ ਰੂਸ ਤੋਂ ਕੱਚਾ ਤੇਲ ਕਾਫੀ ਮਾਤਰਾ ’ਚ ਖਰੀਦ ਰਿਹਾ ਹੈ। ਯੂਰਪ ਨੂੰ ਲੱਗਦਾ ਹੈ ਕਿ ਰੂਸ ’ਤੇ ਲੱਗੇ ਬੈਨ ਦੇ ਬਾਵਜੂਦ ਉਸ ਨੂੰ ਚੰਗਾ-ਖਾਸਾ ਰੈਵੇਨਿਊ ਮਿਲ ਰਿਹਾ ਹੈ, ਜਿਸ ਨੂੰ ਉਹ ਯੂਕ੍ਰੇਨ ਜੰਗ ’ਚ ਖਰਚ ਕਰ ਰਿਹਾ ਹੈ। ਯੂਰਪ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੈ। ਅਮਰੀਕਾ ਅਤੇ ਯੂਰਪ ਚਾਹੁੰਦੇ ਹਨ ਕਿ ਰੂਸ ਤੋਂ ਕੋਈ ਵੀ ਦੇਸ਼ ਡਿਫੈਂਸ ਇਕੁਇਪਮੈਂਟ ਜਾਂ ਹਥਿਆਰਾਂ ਦਾ ਕੋਈ ਕਾਰੋਬਾਰ ਨਾ ਕਰੇ ਪਰ ਹਥਿਆਰਾਂ ਦੇ ਮਾਮਲੇ ’ਚ ਭਾਰਤ ਹਮੇਸ਼ਾ ਤੋਂ ਰੂਸ ਦਾ ਸਭ ਤੋਂ ਵੱਡਾ ਅਤੇ ਭਰੋਸੇਮੰਦ ਖਰੀਦਦਾਰ ਰਿਹਾ ਹੈ।

ਇਸ ਨਾਲ ਯੂਰਪ ਦੀ ਉਸ ਰਣਨੀਤੀ ਨੂੰ ਧੱਕਾ ਪਹੁੰਚਦਾ ਹੈ ਜਿਸ ’ਚ ਉਹ ਚਾਹੁੰਦਾ ਹੈ ਕਿ ਫੌਜੀ ਤੌਰ ’ਤੇ ਰੂਸ ਨੂੰ ਅਲੱਗ-ਥਲੱਗ ਕਰ ਦਿੱਤਾ ਜਾਵੇ। ਪੱਛਮੀ ਦੇਸ਼ ਚਾਹੁੰਦੇ ਸਨ ਕਿ ਭਾਰਤ ਯੂਕ੍ਰੇਨ ਜੰਗ ਨੂੰ ਲੈ ਕੇ ਰੂਸ ਦੀ ਖੁੱਲ੍ਹ ਕੇ ਿਨੰਦਾ ਕਰੇ ਅਤੇ ਉਹ ਯੂਰਪ ਦੇ ਖੇਮੇ ’ਚ ਆ ਜਾਵੇ ਪਰ ਭਾਰਤ ਨੇ ਇੱਥੇ ਆਪਣੀ ਵਿਦੇਸ਼ ਨੀਤੀ ਦੀ ਪਾਲਣਾ ਕਰਦੇ ਹੋਏ ਇਸ ’ਤੇ ਨਿਰਪੱਖ ਰੁਖ਼ ਰੱਖਿਆ। ਉਸ ਨੇ ਰੂਸ ਦੇ ਵਿਰੁੱਧ ਸੰਯੁਕਤ ਰਾਸ਼ਟਰ ’ਚ ਵੋਟਿੰਗ ਤੋਂ ਦੂਰੀ ਬਣਾਈ ਰੱਖੀ ਹੈ ਅਤੇ ਕਿਸੇ ਵੀ ਪਾਲੇ ’ਚ ਸ਼ਾਮਲ ਨਹੀਂ ਹੋਇਆ। ਭਾਰਤ ਦੇ ਇਸ ਨਿਰਪੱਖ ਰੁਖ਼ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਮਿਲੇਗੀ। ਦਰਅਸਲ ਪੱਛਮੀ ਦੇਸ਼ ਰੂਸ ਦੇ ਵਿਰੁੱਧ ਪੂਰੀ ਦੁਨੀਆ ਨੂੰ ਲਾਮਬੰਦ ਕਰਨਾ ਚਾਹੁੰਦੇ ਹਨ ਪਰ ਪੁਤਿਨ ਦਾ ਭਾਰਤ ਦੌਰਾ ਰੂਸ-ਚੀਨ-ਭਾਰਤ ਦੇ ਵਿਚਾਲੇ ਮਜ਼ਬੂਤ ਹੁੰਦੇ ਸੰਬੰਧਾਂ ਦਾ ਮੈਸੇਜ ਦਿੰਦਾ ਹੈ। ਅਜਿਹੇ ’ਚ ਯੂਰਪ ਲਈ ਪੁਤਿਨ ਦੇ ਇਸ ਦੌਰੇ ਨੂੰ ਕੂਟਨੀਤਿਕ ਝਟਕੇ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ।

ਕੁਲ ਮਿਲਾ ਕੇ ਦੁਨੀਆ ਭਰ ਦੀਆਂ ਨਜ਼ਰਾਂ ਮੋਦੀ ਅਤੇ ਪੁਤਿਨ ਦੇ ਵਿਚਾਲੇ ਹੋਣ ਵਾਲੀ ਗੱਲਬਾਤ ’ਤੇ ਰਹੀਆਂ ਜਿਸ ’ਚ ਦੋਵਾਂ ਨੇਤਾਵਾਂ ਨੇ 8 ਦਹਾਕਿਆਂ ਤੋਂ ਵੱਧ ਪੁਰਾਣੀ ਭਾਰਤ-ਰੂਸ ਮਿੱਤਰਤਾ ਨੂੰ ਨਵੀਂ ਰਫਤਾਰ ਪ੍ਰਦਾਨ ਕਰਨ ਦੀ ਆਪਣੀ ਦ੍ਰਿੜ੍ਹ ਇੱਛਾ ਪ੍ਰਦਰਸ਼ਿਤ ਕੀਤੀ। ਭਾਰਤ, ਰੂਸ ਅਤੇ ਚੀਨ ਦਾ ਨੇੜੇ ਆਉਣਾ ਅਮਰੀਕਾ ਲਈ ਕਿਤੇ ਨਾ ਕਿਤੇ ਇਕ ਵੱਡੀ ਚਿੰਤਾ ਹੈ। ਪਿਛਲੇ ਸਾਲ ਭਾਰਤ ਅਤੇ ਰੂਸ, ਨਾਲ ਹੀ ਹੋਰ ਵਿਕਸਤ ਦੇਸ਼ ਕਜ਼ਾਨ ’ਚ ਇਕੱਠੇ ਹੋਏ ਸਨ। ਇਸ ਦੌਰਾਨ ਡਾਲਰ ਦੇ ਪ੍ਰਭੂਤੱਵ ਨੂੰ ਘੱਟ ਕਰਨ ਦੀ ਦਿਸ਼ਾ ’ਚ ਨਵੀਂ ਕਰੰਸੀ ਲਿਆਉਣ ਦੀ ਯੋਜਨਾ ਬਣਾਉਣ ਨੂੰ ਲੈ ਕੇ ਗੱਲ ਕੀਤੀ ਗਈ ਸੀ।

ਬ੍ਰਿਕਸ ’ਚ ਨਵੀਂ ਕਰੰਸੀ ਦੀ ਗੱਲ ਕਰਨਾ ਅਤੇ ਅਮਰੀਕਾ ਦੇ ਵਿਰੁੱਧ ਜਾ ਕੇ ਭਾਰਤ ਦਾ ਲਗਾਤਾਰ ਰੂਸ ਤੋਂ ਵੱਡੀ ਪੱਧਰ ’ਤੇ ਤੇਲ ਖਰੀਦਣਾ ਇਨ੍ਹਾਂ ਹੀ ਸਭ ਚੀਜ਼ਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ ਉਪਰ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ। ਇਨ੍ਹਾਂ ਸਭ ਚੁਣੌਤੀਆਂ ਦੇ ਬਾਅਦ ਵੀ ਭਾਰਤ ਦਾ ਰੂਸ ਦੇ ਨੇੜੇ ਆਉਣਾ ਇਕ ਨਵੇਂ ਗਲੋਬਲ ਸ਼ਿਫਟ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਅਮਰੀਕਾ ਨੂੰ ਡਰ ਹੈ ਕਿ ਭਾਰਤ-ਰੂਸ ਸੰਬੰਧਾਂ ’ਚ ਮਜ਼ਬੂਤੀ ਰੂਸ, ਚੀਨ ਅਤੇ ਭਾਰਤ ਵਿਚਾਲੇ ਰਣਨੀਤਿਕ ਸਾਂਝੇਦਾਰੀ ਨੂੰ ਵਧਾਉਣ ਦਾ ਕੰਮ ਕਰੇਗੀ। ਇਸ ਨਾਲ ਭਵਿੱਖ ’ਚ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਜੋ ਪ੍ਰਭੂਤੱਵ ਹੈ ਉਹ ਕਮਜ਼ੋਰ ਹੋ ਸਕਦਾ ਹੈ।

–ਰਵੀ ਸ਼ੰਕਰ


author

Harpreet SIngh

Content Editor

Related News