‘ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ’ ਕੁਝ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਦਰਿੰਦਗੀਆਂ!
Tuesday, May 19, 2026 - 03:35 AM (IST)
ਪ੍ਰਾਚੀਨ ਕਾਲ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ, ਅਹਿੰਸਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਵਜੋਂ ਜਾਣਿਆ ਜਾਂਦਾ ਹੈ ਪਰ ਅੱਜ ਲੋਕ ਆਪਣੇ ਉੱਚੇ ਪ੍ਰਾਚੀਨ ਆਦਰਸ਼ਾਂ ਨੂੰ ਭੁੱਲ ਕੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਸਥਿਤੀ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਪਿਛਲੇ ਢਾਈ ਮਹੀਨਿਆਂ ਵਿਚ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :
* 28 ਫਰਵਰੀ ਨੂੰ ‘ਜਗਤ ਸਿੰਘ ਪੁਰ’ (ਓਡਿਸ਼ਾ) ’ਚ ਇਕ ਔਰਤ ਨਾਲ ਉਸਦੇ ਬੁਆਏਫ੍ਰੈਂਡ ਵਲੋਂ ਜਬਰ-ਜ਼ਨਾਹ ਕਰਨ ਅਤੇ ਉਸੇ ਦਿਨ ਉਸਦੀ ਮਦਦ ਕਰਨ ਦੇ ਬਹਾਨੇ ਇਕ ਹੋਰ ਵਿਅਕਤੀ ਵਲੋਂ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸਨੂੰ ਚਾਰ ਮੰਜ਼ਿਲਾ ਇਮਾਰਤ ਤੋਂ ਹੇਠਾਂ ਸੁੱਟ ਕੇ ਉਸ ਦਾ ਕਤਲ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 6 ਅਪ੍ਰੈਲ ਨੂੰ ‘ਕੋਰਬਾ’ (ਛੱਤੀਸਗੜ੍ਹ) ’ਚ ਸ਼ਰਾਬ ਪੀਣ ਦੇ ਆਦੀ ‘ਅਮਰਦਾਸ’ ਨਾਂ ਦੇ ਨੌਜਵਾਨ ਨੇ ਸ਼ਰਾਬ ਦੀ ਖ਼ਾਤਰ ਆਪਣੇ ਦੋਸਤ ਦਾ ਉਧਾਰ ਮੰਗਿਆ ਹੋਇਆ ਮੋਟਰਸਾਈਕਲ ਵੇਚ ਦਿੱਤਾ, ਜਿਸ ’ਤੇ ਉਸ ਦੇ ਦੋਸਤ ਨੂੰ ਇੰਨਾ ਗੁੱਸਾ ਆਇਆ ਕਿ ਉਸਨੇ ‘ਅਮਰਦਾਸ’ ਨੂੰ ਨਗਨ ਕਰ ਕੇ ਉਸ ਨੂੰ ਸੜਕ ’ਤੇ ਦੌੜਾ-ਦੌੜਾ ਕੇ ਕੁੱਟਿਆ, ਜਿਸ ਨਾਲ ਉਸਦੀ ਮੌਤ ਹੋ ਗਈ।
* 7 ਅਪ੍ਰੈਲ ਨੂੰ ‘ਕੋਰਬਾ’ (ਛੱਤੀਸਗੜ੍ਹ) ’ਚ ‘ਰੰਜੀਤ ਕੁਮਾਰ’ ਨਾਂ ਦੇ ਨੌਜਵਾਨ ਨੇ ਇਕ 7 ਸਾਲਾ ਬੱਚੇ ਨੂੰ ਸੁੰਨਸਾਨ ਥਾਂ ’ਤੇ ਲਿਜਾ ਜਾ ਕੇ ਉਸ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੂੰ 12 ਫੁੱਟ ਡੂੰਘੇ ਖੂਹ ਵਿਚ ਸੁੱਟ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ।
* 22 ਅਪ੍ਰੈਲ ਨੂੰ ‘ਬਾਗਪਤ’ (ਉੱਤਰ ਪ੍ਰਦੇਸ਼) ’ਚ 3 ਨੌਜਵਾਨਾਂ ਨੂੰ ਇਕ ਨੌਜਵਾਨ ਦਾ ਅਗਵਾ ਕਰ ਕੇ ਉਸ ਨੂੰ ਸੁੰਨਸਾਨ ਥਾਂ ’ਤੇ ਲਿਜਾ ਜਾ ਕੇ ਨੰਗਾ ਕਰ ਕੇ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣ ਅਤੇ ਉਸ ਨਾਲ ਕੁਕਰਮ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 27 ਅਪ੍ਰੈਲ ਨੂੰ ‘ਬਾਰਾਬੰਕੀ’ (ਉੱਤਰ ਪ੍ਰਦੇਸ਼) ’ਚ ਇਕ ਨੌਜਵਾਨ ਨੂੰ ਦਬੰਗਾਂ ਵਲੋਂ ਰਸਤੇ ’ਚ ਰੋਕ ਕੇ ਉਸ ਨੂੰ ਨੰਗਾ ਕਰ ਕੇ ਲੱਤਾਂ-ਮੁੱਕਿਆਂ ਅਤੇ ਡਾਂਗਾਂ-ਡੰਡਿਆਂ ਨਾਲ ਕੁੱਟਣ, ਆਪਣੇ ਪੈਰਾਂ ’ਤੇ ਨੱਕ ਰਗੜਵਾਉਣ ਅਤੇ ਪਿਸ਼ਾਬ ਪਿਲਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
* 28 ਅਪ੍ਰੈਲ ਨੂੰ ‘ਸੰਭਲ’ (ਉੱਤਰ ਪ੍ਰਦੇਸ਼) ’ਚ 3 ਨਾਬਾਲਗਾਂ ਵਿਰੁੱਧ ਪੰਜਵੀਂ ਜਮਾਤ ਦੇ ਇਕ ਵਿਦਿਆਰਥੀ ਨਾਲ ਗੈਰ-ਮਨੁੱਖੀ ਹਰਕਤ ਕਰਨ ਅਤੇ ਉਸ ਦੇ ਨਿੱਜੀ ਅੰਗ ’ਚ ਪੈੱਨ ਪਾਉਣ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 30 ਅਪ੍ਰੈਲ ਨੂੰ ‘ਹਨੂਮਾਨਗੰਜ’ (ਭੋਪਾਲ) ’ਚ 4 ਬਦਮਾਸ਼ਾਂ ਨੇ ਇਕ 22 ਸਾਲਾ ਆਦਿਵਾਸੀ ਨੌਜਵਾਨ ਨਾਲ ਕਿਸੇ ਗੱਲ ’ਤੇ ਵਿਵਾਦ ਹੋਣ ’ਤੇ ਗੁੱਸੇ ’ਚ ਆ ਕੇ ਉਸ ਨੂੰ ਨੰਗਾ ਕਰ ਕੇ ਬੇਰਹਿਮੀ ਨਾਲ ਕੁੱਟ ਕੇ ਅੱਧ-ਮਰਿਆ ਕਰ ਕੇ ਉਸਦੇ ਚਿਹਰੇ ’ਤੇ ਪਿਸ਼ਾਬ ਕਰ ਦਿੱਤਾ।
* 3 ਮਈ ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ਦੇ ‘ਹਸਨਪੁਰ’ ਪਿੰਡ ’ਚ ਇਕ ਬਿਊਟੀ ਪਾਰਲਰ ਦੇ ਮਾਲਕ ਦਾ ਇਕ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਣ ’ਤੇ ਉਸਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਨੂੰ ਨੰਗਾ ਕਰ ਕੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ।
* 12 ਮਈ ਨੂੰ ‘ਉਲਹਾਸਨਗਰ’ (ਮਹਾਰਾਸ਼ਟਰ) ’ਚ ਇਕ ਧਾਰਮਿਕ ਅਸਥਾਨ ’ਤੇ ਗਈ ਔਰਤ ਦਾ ਭੀੜ ਕਾਰਨ ਕੁਝ ਲੋਕਾਂ ਨਾਲ ਵਿਵਾਦ ਹੋ ਜਾਣ ’ਤੇ ਉਨ੍ਹਾਂ ਨੇ ਔਰਤ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਨਿਰਵਸਤਰ ਕਰ ਕੇ ਚੱਪਲਾਂ ਦਾ ਹਾਰ ਪਾ ਕੇ ਉਸ ਨੂੰ ਪਿੰਡ ’ਚ ਘੁਮਾਇਆ।
* 16 ਮਈ ਨੂੰ ‘ਚੰਡੀਗੜ੍ਹ’ ’ਚ ਇਕ ਭਖਦੇ ਤੰਦੂਰ ’ਚ ਕੁੱਤੇ ਦੇ 2 ਮਹੀਨੇ ਦੇ ਕਤੂਰੇ ਨੂੰ ਕਿਸੇ ਅਣਜਾਣ ਵਿਅਕਤੀ ਨੇ ਸੁੱਟ ਦਿੱਤਾ, ਜਿਸ ਨਾਲ ਉਹ ਤੜਫ-ਤੜਫ ਕੇ ਮਰ ਗਿਆ। ਪੁਲਸ ਨੇ ਇਸ ਸਬੰਧ ’ਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
* 17 ਮਈ ਨੂੰ ‘ਅੰਬਿਕਾਪੁਰ’ (ਛੱਤੀਸਗੜ੍ਹ) ਜ਼ਿਲੇ ’ਚ ਇਕ ਵਿਅਕਤੀ ਨੂੰ ਆਪਣੀ ਗਰਭਵਤੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਬੇਹੋਸ਼ ਕਰ ਦੇਣ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ’ਚ ਲੱਗਭਗ 10 ਇੰਚ ਲੰਬੀ ਲੋਹੇ ਦੀ ਰਾਡ ਪਾ ਕੇ ਉਸਦੀ ਅਤੇ ਗਰਭ ’ਚ ਪਲ ਰਹੇ ਬੱਚੇ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 17 ਮਈ ਨੂੰ ਹੀ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ’ਚ ਸ਼ਰਾਬ ਲਈ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਦਬੰਗਾਂ ਨੇ ਇਕ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦੇ ਸਿਰ ’ਚ ਲੋਹੇ ਦੀ ਕਿੱਲ ਠੋਕ ਦਿੱਤੀ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ।
* 17 ਮਈ ਨੂੰ ਹੀ ‘ਹਰਦੋਈ’ (ਉੱਤਰ ਪ੍ਰਦੇਸ਼) ਦੇ ‘ਬੇਨੀਗੰਜ’ ’ਚ ਇਕ ਲੜਕੀ ਦੇ ਇਕਤਰਫ਼ਾ ਪਿਆਰ ’ਚ ਪਾਗਲ 24 ਸਾਲਾ ਨੌਜਵਾਨ ਵਿਆਹ ਤੋਂ ਨਾਂਹ ਕਰਨ ’ਤੇ ਲੜਕੀ ਨੂੰ ਚੁੱਕ ਕੇ ਸੁੰਨਸਾਨ ਜਗ੍ਹਾ ’ਚ ਲੈ ਗਿਆ ਅਤੇ ਉੱਥੇ ਰੁੱਖ ਨਾਲ ਬੰਨ੍ਹ ਕੇ ਉਸ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਣ ਤੋਂ ਬਾਅਦ ਉਸਦੀਅਾਂ ਦੋਵੇਂ ਛਾਤੀਆਂ ਕੱਟ ਕੇ ਭੱਜ ਗਿਆ।
ਉਕਤ ਘਟਨਾਵਾਂ ਨੇ ਜਿੱਥੇ ਦੇਸ਼ ’ਚ ਅਪਰਾਧੀਆਂ ’ਤੇ ਸ਼ਿਕੰਜਾ ਕੱਸਣ ’ਚ ਸੁਰੱਖਿਆ ਬਲਾਂ ਦੀ ਅਸਫਲਤਾ ਨੂੰ ਉਜਾਗਰ ਕੀਤਾ ਹੈ, ਉੱਥੇ ਹੀ ਬੇਲਗਾਮ ਹੁੰਦੇ ਬਦਮਾਸ਼ਾਂ ਅਤੇ ਰੰਜਿਸ਼ ਦੇ ਮਾਮਲਿਆਂ ’ਚ ਵਧਦੀ ਦਰਿੰਦਗੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਸ਼ਾਮਲ ਬਦਮਾਸ਼ਾਂ ਨੂੰ ਜਿੱਥੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ, ਉੱਥੇ ਹੀ ਲੋਕਾਂ ’ਚ ਇਨਸਾਨੀ ਕਦਰਾਂ-ਕੀਮਤਾਂ ਅਤੇ ਦਇਆ-ਭਾਵਨਾ ਦੀ ਸਿੱਖਿਆ ਦੇਣ ਲਈ ਸੰਤਾਂ-ਮਹਾਤਮਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ।
—ਵਿਜੇ ਕੁਮਾਰ
