ਕਾਕਰੋਚ ਜਨਤਾ ਪਾਰਟੀ : ਸਰਕਾਰ ਨੂੰ ਕਿਸ ਗੱਲ ਦਾ ਡਰ?
Wednesday, May 27, 2026 - 03:26 PM (IST)
‘ਪਹਿਲਾਂ ਤੋਂ ਹੀ ਅਜਿਹੇ ਪਰਜੀਵੀ ਹਨ ਜੋ ਵਿਵਸਥਾ ’ਤੇ ਹਮਲਾ ਕਰਦੇ ਹਨ ਅਤੇ ਤੁਸੀਂ ਵੀ ਉਨ੍ਹਾਂ ’ਚ ਸ਼ਾਮਲ ਹੋਣਾ ਚਾਹੁੰਦੇ ਹੋ। ਕਾਕਰੋਚ ਵਰਗੇ ਕੁਝ ਨੌਜਵਾਨ ਹਨ ਜਿਨ੍ਹਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ... ਉਨ੍ਹਾਂ ’ਚੋਂ ਕੁਝ ਮੀਡੀਆ ਬਣ ਜਾਂਦੇ ਹਨ, ਕੁਝ ਸੋਸ਼ਲ ਮੀਡੀਆ, ਕੁਝ ਸੂਚਨਾ ਦਾ ਅਧਿਕਾਰ ਅਤੇ ਉਹ ਹਰ ਕਿਸੇ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ’, ਚੀਫ ਜਸਟਿਸ ਸੂਰਿਆਕਾਂਤ ਦੀ ਬੇਰੋਜ਼ਗਾਰ ਨੌਜਵਾਨਾਂ ਬਾਰੇ ਇਸ ਟਿੱਪਣੀ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ, ਵਿਵਾਦਾਂ ਦਾ ਅੰਬਾਰ ਲੱਗ ਗਿਆ, ਇਹ ਇਕ ਇੰਟਰਨੈੱਟ ਫਿਨੋਮਿਨਾ ਬਣ ਗਿਆ ਅਤੇ ਇਕ ਨਵੀਂ ਪਾਰਟੀ ਦਾ ਜਨਮ ਹੋਇਆ-ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.)।
30 ਸਾਲਾ ਸੰਸਥਾਪਕ ਅਭਿਜੀਤ ਦਿਪਕੇ, ਜੋ ਆਮ ਆਦਮੀ ਪਾਰਟੀ ਦੇ ਸਾਬਕਾ ਸਮਾਜਿਕ ਕਾਰਕੁੰਨ ਹਨ, ਲਈ ਇਹ ਇਕ ਵਿਅੰਗਾਤਮਕ ਮੀਮ ਦੇ ਤੌਰ ’ਤੇ ਸ਼ੁਰੂ ਹੋਇਆ ਸੀ। ਬਾਅਦ ’ਚ ਇਹ ਇਕ ਵਿਅੰਗਾਤਮਕ ਅੰਦੋਲਨ/ਸਮੂਹ ’ਚ ਬਦਲ ਗਿਆ, ਜਿਸ ਨੂੰ ਉਨ੍ਹਾਂ ਨੇ ‘ਆਲਸੀ, ਬੇਰੋਜ਼ਗਾਰ ਅਤੇ ਉਨ੍ਹਾਂ ਭੁੱਲੇ-ਵਿਸਰੇ ਨਾਗਰਿਕਾਂ ਲਈ ਭਾਰਤ ਦੀ ਸਭ ਤੋਂ ਇਮਾਨਦਾਰ ਪਾਰਟੀ’ ਦੱਸਿਆ, ਜਿਨ੍ਹਾਂ ਨੂੰ ਵਿਵਸਥਾ ਗਿਣਨਾ ਹੀ ਭੁੱਲ ਗਈ ਸੀ। ਇਸ ਪਾਰਟੀ ਨੇ ਮੁੱਖ ਧਾਰਾ ਦੀ ਰਾਜਨੀਤੀ ਤੋਂ ਨਿਰਾਸ਼ ਨੌਜਵਾਨ ਭਾਰਤੀਆਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕੀਤਾ। 21 ਮਈ ਤੱਕ, ਸੀ. ਜੇ. ਪੀ. ਦੇ ਇੰਸਟਾਗ੍ਰਾਮ ਅਕਾਊਂਟ ’ਤੇ 16 ਮਿਲੀਅਨ ਤੋਂ ਵੱਧ ਫਾਲੋਅਰਜ਼ ਹੋ ਗਏ ਸਨ-ਜੋ ਮਹਿਜ਼ ਇਕ ਦਿਨ ’ਚ 1,400 ਫੀਸਦੀ ਦਾ ਜ਼ਬਰਦਸਤ ਵਾਧਾ ਸੀ ਅਤੇ ਭਾਜਪਾ ਤੇ ਕਾਂਗਰਸ ਦੇ ਕੁੱਲ ਫਾਲੋਅਰਜ਼ ਤੋਂ ਵੀ ਵੱਧ।
ਜਿਵੇਂ ਕਿ ਉਮੀਦ ਸੀ, ਹਾਲੀਆ ਚੋਣ ਜਿੱਤਾਂ ਦਾ ਜਸ਼ਨ ਮਨਾ ਰਹੀ ਘਬਰਾਈ ਹੋਈ ਸੱਤਾ ਨੇ ਇੰਟੈਲੀਜੈਂਸ ਬਿਊਰੋ ਤੋਂ ਮਿਲੀ ਜਾਣਕਾਰੀ ਦੇ ਅਾਧਾਰ ’ਤੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੀ. ਜੇ. ਪੀ. ਦੇ ‘ਐਕਸ’ ਹੈਂਡਲ ਨੂੰ ਰੋਕ ਦਿੱਤਾ ਅਤੇ ਉਸਦਾ ਇੰਸਟਾਗ੍ਰਾਮ ਪੇਜ ਬਲਾਕ ਕਰ ਦਿੱਤਾ। ਭਾਜਪਾ ਕਾਰਕੁੰਨਾਂ ਨੇ ਇਸ ਨੂੰ ‘ਡੀਪ ਸਟੇਟ’ ਵਲੋਂ ਚਲਾਇਆ ਗਿਆ ਇਕ ‘ਪਾਲੀਟੀਕਲ ਲੈਬ ਜੈੱਨ-ਜ਼ੀ ਪ੍ਰਾਜੈਕਟ’ ਕਰਾਰ ਦਿੱਤਾ। ਇਸ ਨੂੰ ‘ਵਿਦੇਸ਼ੀ ਹੱਥ’ ਦੱਸਿਆ ਅਤੇ ਕਿਹਾ ਕਿ ਇਹ ਅਮਰੀਕਾ ਜਾਂ ਪਾਕਿਸਤਾਨ ਵਲੋਂ ਰਚੀ ਗਈ ਕੋਈ ‘ਟ੍ਰੋਜਨ ਹਾਰਸ’ ਵਰਗੀ ਸਾਜ਼ਿਸ਼ ਹੈ।
ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਨੌਜਵਾਨਾਂ ਦੇ ਦਮਨ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ, ਹਾਲਾਂਕਿ ਉਨ੍ਹਾਂ ਨੇ ਸਰਗਰਮ ਰੂਪ ’ਚ ਸੁਣਨ ਅਤੇ ਪੀੜ੍ਹੀਗਤ ਹਮਦਰਦੀ ਰੱਖਣ ਦਾ ਸਾਵਧਾਨ ਰੁਖ ਅਪਣਾਇਆ। ਆਲੋਚਕਾਂ ਦਾ ਕਹਿਣਾ ਹੈ ਕਿ ਦਿਪਕੇ ਆਪਣੀ ਵੈੱਬਸਾਈਟ ਖੁਦ ਹੀ ਬੰਦ ਕਰਕੇ ‘ਵਿਕਟਿਮ ਕਾਰਡ’ ਖੇਡ ਰਹੇ ਹਨ, ਜਦੋਂ ਕਿ ਕੁਝ ਹੋਰ ਲੋਕ ‘ਦੇਖੋ ਅਤੇ ਇੰਤਜ਼ਾਰ ਕਰੋ’ ਦਾ ਰੁਖ ਅਪਣਾਏ ਹੋਏ ਹਨ।
ਫਿਰ ਵੀ, ਉਹ ਅਸਲੀ ਗੱਲ ਸਮਝਣ ਤੋਂ ਖੁੰਝ ਰਹੇ ਹਨ। ਇਕ ਲੋਕਤੰਤਰ ’ਚ ਸੱਤਾ ’ਤੇ ਵਿਅੰਗ ਕਰਨਾ ਅਤੇ ਉਸ ਨੂੰ ਜਵਾਬਦੇਹ ਠਹਿਰਾਉਣਾ ਇਕ ਕੁਦਰਤੀ ਪ੍ਰਵਿਰਤੀ ਹੈ। ਇਹ ਇਕ ਅਜਿਹੀ ਪੀੜ੍ਹੀ ਦੀ ਮਾਨਸਿਕਤਾ ਹੈ ਜੋ ਸੰਸਥਾਵਾਂ ਵਲੋਂ ਅਪਮਾਨਿਤ ਮਹਿਸੂਸ ਕਰਦੀ ਹੈ, ਪਾਰਟੀਆਂ ਵਲੋਂ ਨਜ਼ਰਅੰਦਾਜ਼ ਕੀਤੀ ਜਾਂਦੀ ਹੈ ਅਤੇ ਇਸ ਨੂੰ ਉਨ੍ਹਾਂ ਨੇਤਾਵਾਂ ਵਲੋਂ ਸਰਪ੍ਰਸਤੀ ਦਿੱਤੀ ਜਾਂਦੀ ਹੈ, ਜੋ ਸਿਰਫ਼ ਹੁਕਮ ਮੰਨਣ ਦੀ ਭਾਸ਼ਾ ਬੋਲਦੇ ਹਨ। ਇਸ ਤਰ੍ਹਾਂ, ਰਾਜਨੀਤਿਕ ਹਿੱਸੇਦਾਰੀ ਲਈ ਜਗ੍ਹਾ ਸੁੰਗੜਦੀ ਜਾ ਰਹੀ ਹੈ, ਜਦੋਂ ਕਿ ਇਕ ਮਜ਼ਬੂਤ ਲੋਕਤੰਤਰ ਲਈ ਸਾਰੇ ਦ੍ਰਿਸ਼ਟੀਕੋਣਾਂ ਦੀ ਹਿੱਸੇਦਾਰੀ ਬੇਹੱਦ ਜ਼ਰੂਰੀ ਹੈ। ਇਹ ਇਕ ਸਵਾਲ ਹੈ ਕਿ ਉਸ ਸੰਸਥਾ ਤੋਂ ਡਰਨ ਦੀ ਕੀ ਲੋੜ ਹੈ, ਜਿਸਦਾ ਅਜੇ ਹੁਣੇ ਜਨਮ ਹੋਇਆ ਹੈ ਅਤੇ ਜੋ ਮੁੱਖ ਧਾਰਾ ਦੀਆਂ ਪਾਰਟੀਆਂ ਦਾ ਮਜ਼ਾਕ ਉਡਾਉਣ ਦੀ ਇਕ ਵਿਅੰਗਾਤਮਕ ਕੋਸ਼ਿਸ਼ ਜ਼ਿਆਦਾ ਲੱਗਦੀ ਹੈ?
ਨਿਸ਼ਚਿਤ ਤੌਰ ’ਤੇ, ਸਾਡੇ ਰਾਜਨੀਤਿਕ ਤੰਤਰ ਤੋਂ ਨਾਖੁਸ਼, ਭਾਵੇਂ ਮੋਦੀ ਸਭ ਤੋਂ ਪ੍ਰਸਿੱਧ ਨੇਤਾ ਹੋਣ, ਪਰ ਆਰਥਿਕ ਸੰਕਟ, ਬੇਰੋਜ਼ਗਾਰੀ, ਨਵੇਂ ਗ੍ਰੈਜੂਏਟ, ਜੋ ਚਪੜਾਸੀ ਦੀ ਨੌਕਰੀ ਲਈ ਵੀ ਯੋਗਤਾ ਪ੍ਰਾਪਤ ਨਹੀਂ ਕਰ ਪਾਉਂਦੇ ਅਤੇ ਇਨ੍ਹਾਂ ਸਭ ਦੇ ਉੱਪਰ ਨੀਟ ਪੇਪਰ ਲੀਕ, ਜਿਸ ’ਚ ਕਿਸੇ ਦੀ ਕੋਈ ਜਵਾਬਦੇਹੀ ਤੈਅ ਨਹੀਂ ਹੋਈ- ਇਨ੍ਹਾਂ ਸਭ ਨੇ ਮਿਲ ਕੇ ਸੀ. ਜੇ. ਪੀ. ਨੂੰ ਜੈੱਨ-ਜ਼ੀ (1995-2007) ਦੇ ਨਾਲ ਜੋੜ ਦਿੱਤਾ ਹੈ। ਜੈੱਨ-ਜ਼ੀ ਬੇਸਬਰੀ ਨਾਲ ਅਜਿਹੇ ਨਵੇਂ ਨੇਤਾਵਾਂ ਦੀ ਭਾਲ ’ਚ ਹੈ, ਜੋ ਉਨ੍ਹਾਂ ਨੂੰ ਨਵੀਂ ਉਮੀਦ ਦੇ ਸਕਣ, ਕਿਉਂਕਿ ਵਿਰੋਧੀ ਧਿਰ ਇਸ ਬੇਚੈਨੀ ਦੀ ਆਪਣੇ ਰਾਜਨੀਤਿਕ ਫਾਇਦੇ ਲਈ ਵਰਤੋਂ ਕਰਨ ’ਚ ਨਾਕਾਮ ਰਹੀ ਹੈ।
ਹਾਲਾਂਕਿ ਇਸ ਦੀ ਸ਼ੁਰੂਆਤ ਇਕ ਮਜ਼ਾਕ ਵਜੋਂ ਹੋਈ ਸੀ, ਪਰ ਸੀ. ਜੇ. ਪੀ. ਹੁਣ ਉਸ ਤੋਂ ਕਿਤੇ ਵੱਡੀ ਚੀਜ਼ ਬਣ ਗਈ ਹੈ। ਵਾਰ-ਵਾਰ ਦੁਹਰਾਏ ਜਾਣ ਨਾਲ ਇਸ ਨੂੰ ਮਾਨਤਾ ਮਿਲੀ ਹੈ, ਮੀਡੀਆ ਨੇ ਇਸ ਨੂੰ ਖ਼ੂਬ ਉਛਾਲਿਆ ਹੈ ਅਤੇ ਵਿਰੋਧੀ ਸਮੂਹ ਇਸ ਨੂੰ ਆਪਣੇ ਸੰਖੇਪ ਸੰਦੇਸ਼ਾਂ ਵਜੋਂ ਅਪਣਾ ਕੇ ਖ਼ੂਬ ਫਾਇਦਾ ਉਠਾ ਰਹੇ ਹਨ, ਜੋ ਕਿਤੇ ਨਾ ਕਿਤੇ ਜਨਤਾ ਦੇ ਮਨ, ਉਨ੍ਹਾਂ ਦੀ ਪ੍ਰਵਾਨਗੀ ਜਾਂ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦਿਖਾਉਂਦਾ ਹੈ।
ਫਿਰ ਵੀ, ਸੀ. ਜੇ. ਪੀ. ਕਿਸੇ ਪਾਰਟੀ ਜਾਂ ਵੱਡੇ ਜਨ-ਅੰਦੋਲਨ ਵਾਂਗ ਕੋਈ ਸੰਗਠਿਤ ਰਾਜਨੀਤਿਕ ਅੰਦੋਲਨ ਨਹੀਂ ਹੈ। ਇਹ ਜ਼ਿਆਦਾਤਰ ਇਕ ਵਿਚਾਰਕ ਘਟਨਾ ਹੈ, ਜਨਮਤ ’ਚ ਉੱਠੀ ਇਕ ਕਹਾਣੀ ਦੀ ਲਹਿਰ। ਬੇਸ਼ੱਕ, ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸੀ. ਜੇ. ਪੀ. ਦੀ ਪ੍ਰਸਿੱਧੀ ਤੇਜ਼ੀ ਨਾਲ ਵਧੇਗੀ ਅਤੇ ਫਿਰ ਅਚਾਨਕ ਖ਼ਤਮ ਹੋ ਜਾਵੇਗੀ, ਜਾਂ ਇਹ ਪੂਰੇ ਵੋਟਰਾਂ ਦੀ ਬਜਾਏ ਸਿਰਫ਼ ਕੁਝ ‘ਈਕੋ ਚੈਂਬਰਜ਼’ (ਆਪਣੀ ਹੀ ਸੋਚ ਵਾਲੇ ਲੋਕਾਂ ਦੇ ਸਮੂਹ) ਦੀ ਹੀ ਨੁਮਾਇੰਦਗੀ ਕਰੇਗੀ। ਹੋ ਸਕਦਾ ਹੈ ਕਿ ਇਹ ਸਿਰਫ਼ ਰਾਜਨੀਤਿਕ ਸੁਨੇਹਾ ਦੇਣ ਦਾ ਇਕ ਜ਼ਰੀਆ ਬਣ ਕੇ ਰਹਿ ਜਾਵੇ, ਕਿਉਂਕਿ ਚੋਣਾਂ ਅੱਜ ਵੀ ਸਰਕਾਰੀ ਯੋਜਨਾਵਾਂ ਦੇ ਲਾਭ, ਨੇਤਾ ਦਾ ਅਕਸ, ਜਾਤ/ਭਾਈਚਾਰੇ ਦੇ ਸਮੀਕਰਨਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਅਾਧਾਰ ’ਤੇ ਹੀ ਤੈਅ ਹੁੰਦੀਆਂ ਹਨ, ਨਾ ਕਿ ਮੀਮ ਵਾਲੇ ਨਾਅਰਿਆਂ ਦੇ ਆਧਾਰ ’ਤੇ।
ਯਕੀਨਨ, ਸਾਡੇ ਸੱਤਾਧਾਰੀ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਾਕਰੋਚਾਂ ਨੂੰ ਖ਼ਤਮ ਕਰਨਾ ਕਿੰਨਾ ਮੁਸ਼ਕਲ ਹੁੰਦਾ ਹੈ, ਠੀਕ ਉਵੇਂ ਹੀ, ਜਿਵੇਂ ਲੋਕਤੰਤਰ ’ਚ ਸੱਤਾ ’ਤੇ ਤੰਜ਼ ਕੱਸਣ ਅਤੇ ਉਸ ਨੂੰ ਜਵਾਬਦੇਹ ਠਹਿਰਾਉਣ ਦੀ ਪ੍ਰਵਿਰਤੀ ਨੂੰ ਖ਼ਤਮ ਕਰਨਾ। ਅਜੇ ਪਿਛਲੇ ਹੀ ਸਾਲ, ਨੇਪਾਲ ’ਚ ਜੈੱਨ-ਜ਼ੀ ਦੀ ਅਗਵਾਈ ’ਚ ਇਕ ਅਜਿਹਾ ਅੰਦੋਲਨ ਹੋਇਆ ਸੀ ਜਿਸ ਨੇ ਉੱਥੋਂ ਦੀ ਸਰਕਾਰ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਸੀ।
ਇਹ ਸਾਫ਼ ਹੈ ਕਿ ਸੀ. ਜੇ. ਪੀ. ਦੇ ਅਕਾਊਂਟ ਨੂੰ ਬਲਾਕ ਕੀਤਾ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅਸਲੀ ਸਮੱਸਿਆ ਕਿੱਥੇ ਹੈ। ਇਹ ਸਮੱਸਿਆ ਇਸ ਦੇਸ਼ ਦੇ ਬੇਚੈਨ ਨੌਜਵਾਨਾਂ ’ਚ ਨਹੀਂ ਹੈ, ਭਾਵੇਂ ਉਹ ਰੋਜ਼ਗਾਰਸ਼ੁਦਾ ਹੋਣ ਜਾਂ ਬੇਰੋਜ਼ਗਾਰ ਅਤੇ ਭਾਵੇਂ ਉਨ੍ਹਾਂ ਕੋਲ ਸ਼ੱਕੀ ਡਿਗਰੀਆਂ ਹੋਣ ਜਾਂ ਨਾ ਹੋਣ। ਇਸ ਦੀ ਬਜਾਏ, ਅਸਲੀ ਸਮੱਸਿਆ ਤਾਂ ‘ਮਜ਼ਬੂਤ’ ਕਹੀ ਜਾਣ ਵਾਲੀ ਸਰਕਾਰ ਦੀ ਉਸ ਆਦਤ ’ਚ ਹੈ, ਜਿਸਦੇ ਤਹਿਤ ਉਹ ਅਕਸਰ ਹੀ ਵਿਅੰਗ ਅਤੇ ਹਾਸੇ ਦੀਆਂ ਆਵਾਜ਼ਾਂ ਨੂੰ ਮਤਭੇਦਾਂ ਅਤੇ ਅਸਹਿਮਤੀ ਨੂੰ ਦਬਾਉਣ ਲਈ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕਰਦੀ ਹੈ।
ਉਹ ਇਹ ਭੁੱਲ ਜਾਂਦੇ ਹਨ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਗੁਣ ਇਹੋ ਹੈ ਕਿ ਉਹ ਜਨਤਾ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਪ੍ਰਗਟ ਕਰਨ ਲਈ ਇਕ ਮੰਚ ਉਪਲਬਧ ਕਰਵਾਉਂਦਾ ਹੈ। ਬੇਸ਼ੱਕ, ਸੀ. ਜੇ. ਪੀ. ਤੋਂ ਕੁਝ ਅਹਿਮ ਸਬਕ ਮਿਲਦੇ ਹਨ। ਜੇਕਰ ਸਾਡੇ ਨੇਤਾ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਗੇ, ਤਾਂ ਇਸਦਾ ਖਮਿਆਜ਼ਾ ਉਨ੍ਹਾਂ ਨੂੰ ਖੁਦ ਹੀ ਭੁਗਤਣਾ ਪਵੇਗਾ। ਬੇਰੋਜ਼ਗਾਰੀ, ਵਧਦੀਆਂ ਕੀਮਤਾਂ ਅਤੇ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ-ਇਹ ਨਾ ਸਿਰਫ਼ ਇਕ ਵਿਸਫੋਟਕ ਸਥਿਤੀ ਪੈਦਾ ਕਰਦੇ ਹਨ, ਸਗੋਂ ਅਸਮਾਨਤਾ ਅਤੇ ਲੋਕਾਂ ਨੂੰ ਦੁੱਖ-ਤਕਲੀਫ਼ਾਂ ਦੇਣ ਵਾਲੇ ਲੋਕਾਂ ਵਿਰੁੱਧ ਇਕ ਜਾਇਜ਼ ਗੁੱਸਾ ਵੀ ਜਗਾਉਂਦੇ ਹਨ। ਇਹ ਆਰਥਿਕ ਸ਼ਿਕਾਇਤਾਂ, ਵਧਦੀ ਬੇਰੋਜ਼ਗਾਰੀ ਅਤੇ ਰਾਜਨੀਤਿਕ ਜਵਾਬਦੇਹੀ ਦੀਆਂ ਮੰਗਾਂ ਦਾ ਇਕ ਬੇਹੱਦ ਖ਼ਤਰਨਾਕ ਅਤੇ ਜ਼ੋਰਦਾਰ ਸੁਮੇਲ ਹੈ।
ਸੰਦੇਸ਼ ਸਾਫ਼ ਹੈ, ਸਾਡੇ ਨੇਤਾਵਾਂ ਲਈ ਇਕ ਚਿਤਾਵਨੀ ਹੈ-ਉਨ੍ਹਾਂ ਨੇਤਾਵਾਂ ਲਈ, ਜੋ ਇਹ ਭੁੱਲ ਜਾਂਦੇ ਹਨ ਕਿ ਉਹ ਆਮ ਅਾਦਮੀ ਦੇ ਬਿਹਤਰ ਜੀਵਨ ਦੇ ਸੁਪਨਿਆਂ , ਭਾਵ ਰੋਜ਼ਗਾਰ, ਸਿੱਖਿਆ ਅਤੇ ਸ਼ਾਨ , ਨੂੰ ਪੂਰਾ ਕਰਨ ਦੀਆਂ ਉਮੀਦਾਂ ਕਾਰਨ ਹੀ ਉਸ ਅਹੁਦੇ ’ਤੇ ਹਨ। ਬਿਹਤਰ ਹੋਵੇਗਾ ਕਿ ਉਹ ਇਸ ਗੱਲ ’ਤੇ ਧਿਆਨ ਦੇਣ ਅਤੇ ਕਿਸੇ ਮਕਸਦ ਤੇ ਸੋਚ-ਸਮਝ ਦੇ ਨਾਲ ਕੰਮ ਕਰਨ।
ਅੱਗੇ ਕੀ? ਭਾਰਤ ਨੂੰ ਪਾਰਦਰਸ਼ਤਾ, ਸਹਿਣਸ਼ੀਲਤਾ ਅਤੇ ਸਮਾਵੇਸ਼ਿਤਾ - ਰਾਜਨੀਤਿਕ ਅਤੇ ਆਰਥਿਕ ਪ੍ਰਤੀ ਵਚਨਬੱਧਤਾ ਦੀ ਲੋੜ ਹੈ। ਨਿਰਪੱਖਤਾ ਦੀ ਭਾਵਨਾ ਨੂੰ ਇਕ ਆਵਾਜ਼ ਚਾਹੀਦੀ ਹੈ, ਜੋ ਿਸਰਫ ਜਨਤਕ ਸੰਵਾਦ ਅਤੇ ਇਮਾਨਦਾਰ ਚਰਚਾ ਰਾਹੀਂ ਹਾਸਲ ਕੀਤੀ ਜਾ ਸਕਦੀ ਹੈ, ਨਾ ਕਿ ਸਿਰਫ ਦਿਖਾਵਟੀ ਇਸ਼ਾਰਿਆਂ ਅਤੇ ਬੇਤੁਕੀ ਬਿਆਨਬਾਜ਼ੀ ਨਾਲ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ। ਸਾਡੀ ਰਾਜਨੀਤੀ ਨੂੰ ਇਹ ਸੁਣਨ ਦੀ ਲੋੜ ਹੈ ਕਿ ਜੈੱਨ-ਜ਼ੀ ਕੀ ਕਹਿ ਰਹੀ ਹੈ। ਇਹੀ ਕਾਰਨ ਹੈ ਕਿ ਸੀ. ਜੇ. ਪੀ. ਉਨ੍ਹਾਂ ਦੇ ਮਿਜ਼ਾਜ ਨੂੰ ਫੜਦੀ ਹੈ ਅਤੇ ਉਨ੍ਹਾਂ ਨਾਲ ਜੁੜਾਅ ਮਹਿਸੂਸ ਕਰਦੀ ਹੈ।
ਯਾਦ ਰੱਖੋ, ਵਿਅੰਗ ਉੱਥੇ ਪਹੁੰਚਦਾ ਹੈ, ਜਿੱਥੇ ਰਾਜਨੀਤੀ ਆਪਣੀ ਭਰੋਸੇਯੋਗਤਾ ਗੁਆ ਚੁੱਕੀ ਹੁੰਦੀ ਹੈ।
ਉਨ੍ਹਾਂ ਨੌਜਵਾਨ ਵੋਟਰਾਂ ਲਈ, ਜੋ ਐਲਗੋਰਿਦਮ ਦੀ ਮਨਮਰਜ਼ੀ ਦੇ ਵਿਚਾਲੇ ਪਲ਼ੇ-ਵੱਡੇ ਹੋਏ ਹਨ, ਵਿਰਾਸਤ ਕੋਈ ਕਰਿਸ਼ਮਾ ਨਹੀਂ ਹੈ ਅਤੇ ਖਾਨਦਾਨੀ ਉਪਨਾਮ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦੇ। ਉਹ ਹਰ ਚੀਜ਼ ’ਤੇ ਸਵਾਲ ਉਠਾਉਂਦੇ ਹਨ। ਇੱਥੋਂ ਤੱਕ ਕਿ ‘ਅਧਿਕਾਰਕ’ ਕਹੀ ਜਾਣ ਵਾਲੀ ਪਤਲੀ ਜਿਹੀ ਪਰਤ ’ਤੇ ਵੀ। ਤਾਮਿਲਨਾਡੂ ’ਚ ਵਿਜੇ ਦਾ ਉਭਾਰ ਇਸਦੀ ਇਕ ਜਿਊਂਦੀ-ਜਾਗਦੀ ਉਦਾਹਰਣ ਹੈ।
ਬਿਨਾਂ ਸ਼ੱਕ, ਸੀ. ਜੇ. ਪੀ. ਦੀ ਤਾਕਤ ਇਸ ਗੱਲ ’ਚ ਹੈ ਕਿ ਉਹ ਹਾਸੇ ਨੂੰ ਇਕ ਭਾਈਚਾਰੇ ’ਚ ਬਦਲ ਦਿੰਦੀ ਹੈ, ਆਲਸੀ ਨੂੰ ਅਤਿ-ਸਰਗਰਮ, ਬੇਰੋਜ਼ਗਾਰ ਨੂੰ ਸੰਵਾਦ ਕਰਨ ਵਾਲਾ, ਜੁਝਾਰੂਪਨ ਨੂੰ ਜਿਊਂਦੇ ਰਹਿਣ ਦੀ ਬਿਰਤੀ ’ਚ ਬਦਲ ਦਿੰਦੀ ਹੈ ਅਤੇ ਇਸ ਤਰ੍ਹਾਂ ਇਕ ਮਜ਼ਾਕ ਇਕ ਸਮੂਹਿਕ ਆਵਾਜ਼ ਬਣ ਜਾਂਦਾ ਹੈ। ਇਹ ਆਵਾਜ਼ ਹੈ-ਰੋਜ਼ਗਾਰ ਲਈ, ਨਿਰਪੱਖ ਪ੍ਰੀਖਿਆਵਾਂ ਲਈ, ਇਕ ਕਿਫਾਇਤੀ ਭਵਿੱਖ ਲਈ, ਪ੍ਰਗਟਾਵੇ ਦੀ ਆਜ਼ਾਦੀ ਲਈ, ਸਾਫ਼-ਸੁਥਰੀਆਂ ਸੰਸਥਾਵਾਂ ਲਈ ਅਤੇ ਬਿਨਾਂ ਕਿਸੇ ਖਾਨਦਾਨੀ ਉਪਨਾਮ ਦੇ ਰਾਜਨੀਤੀ ’ਚ ਦਾਖਲ ਲਈ।
ਹੁਣ ਸਮਾਂ ਆ ਗਿਆ ਹੈ ਕਿ ਸਾਡੇ ਨੇਤਾ ਇਹ ਸਮਝਣ ਕਿ ਸਭ ਤੋਂ ਬਿਹਤਰੀਨ ਰਾਜਨੀਤਿਕ ਵਿਵਸਥਾਵਾਂ ਇਮਾਨਦਾਰੀ, ਸੱਚਾਈ ਅਤੇ ਨਿਰਪੱਖਤਾ ਦੇ ਸਰਵਉੱਚ ਸਿਧਾਂਤਾਂ ’ਤੇ ਅਾਧਾਰਿਤ ਹੁੰਦੀਆਂ ਹਨ। ਜਦੋਂ ਲੰਮੇ ਸਮੇਂ ਤੋਂ ਦੱਬੀ ਹੋਈ, ਉੱਭਰ ਰਹੀ ਜੈੱਨ-ਜ਼ੀ ਅਤੇ ਉਤਸੁਕ ਜੈੱਨ-ਵਾਈ ਦੀ ਆਵਾਜ਼ ਬੁਲੰਦ ਹੋਵੇਗੀ, ਤਾਂ ਇਹ ਭਾਰਤੀ ਰਾਜਨੀਤੀ ਦੇ ਪਤਨ ਦੀ ਘੰਟੀ ਵਜਾ ਦੇਵੇਗੀ। ਹੁਣ ਸਮਾਂ ਹੈ ਲੋਕਤੰਤਰ ਦੀ ਰੱਖਿਆ ਕਰਨ ਦਾ। ਨਹੀਂ ਤਾਂ, ਕੰਧ ’ਤੇ ਲਿਖੀ ਇਬਾਰਤ ਪੜ੍ਹ ਲਓ, ਜਾਂ ਤਾਂ ਸੁਧਰ ਜਾਓ ਜਾਂ ਫਿਰ ਬਾਹਰ ਦਾ ਰਸਤਾ ਦੇਖੋ।
—ਪੂਨਮ ਆਈ. ਕੌਸ਼ਿਸ਼
