ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ

Monday, May 18, 2026 - 04:56 PM (IST)

ਸੰਜਮ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ

ਸੰਜਮ ਉਦੋਂ ਹੀ ਸਫ਼ਲ ਹੋ ਸਕਦਾ ਹੈ, ਜਦੋਂ ਇਹ ਸਾਂਝਾ ਕੀਤਾ ਜਾਵੇ। ਜੇਕਰ ਦੇਸ਼ ਨੂੰ ਈਂਧਨ ਬਚਾਉਣ, ਫ਼ਾਲਤੂ ਖ਼ਰਚੇ ਘਟਾਉਣ ਅਤੇ ਸੰਜਮ ਨਾਲ ਰਹਿਣ ਲਈ ਕਿਹਾ ਜਾ ਰਿਹਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਸਿਰਫ ਆਮ ਨਾਗਰਿਕਾਂ ’ਤੇ ਨਹੀਂ ਪਾਈ ਜਾ ਸਕਦੀ। ਇਸ ਦੀ ਸ਼ੁਰੂਆਤ ਸ਼ਾਸਨ ਕਰਨ ਵਾਲਿਆਂ ਤੋਂ ਹੋਣੀ ਚਾਹੀਦੀ ਹੈ, ਇਸ ਦਾ ਵਿਸਥਾਰ ਹਰ ਸੰਸਥਾ ਤੱਕ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਘਰਾਂ, ਦੁਕਾਨਾਂ, ਸਕੂਲਾਂ ਅਤੇ ਕੰਮ ਦੇ ਸਥਾਨਾਂ ’ਚ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ।

ਨਰਿੰਦਰ ਮੋਦੀ ਨੇ ਗਲੋਬਲ ਅਨਿਸ਼ਚਿਤਤਾ ਦੇ ਸਮੇਂ ’ਚ ਸਰੋਤਾਂ, ਵਿਸ਼ੇਸ਼ ਤੌਰ ’ਤੇ ਈਂਧਨ ਬਚਾਉਣ ਦੀ ਲੋੜ ਬਾਰੇ ਗੱਲ ਕੀਤੀ ਹੈ। ਯੁੱਧਾਂ, ਅਸਥਿਰ ਅੰਤਰਰਾਸ਼ਟਰੀ ਬਾਜ਼ਾਰਾਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਨਾਲ, ਬਚਾਏ ਗਏ ਈਂਧਨ ਦਾ ਹਰ ਇਕ ਲੀਟਰ ਮਾਅਨੇ ਰੱਖਦਾ ਹੈ। ਭਾਰਤ ਆਪਣੇ ਤੇਲ ਦਾ ਇਕ ਵੱਡਾ ਹਿੱਸਾ ਦਰਾਮਦ ਕਰਦਾ ਹੈ, ਇਸ ਲਈ ਗਲੋਬਲ ਘਟਨਾਵਾਂ ਦਾ ਅਸਰ ਮੁਦਰਾਸਫੀਤੀ (ਮਹਿੰਗਾਈ), ਆਵਾਜਾਈ ਦੀ ਲਾਗਤ ਅਤੇ ਰੋਜ਼ਾਨਾ ਦੇ ਖ਼ਰਚਿਆਂ ਰਾਹੀਂ ਸਿੱਧਾ ਭਾਰਤੀ ਘਰਾਂ ਤੱਕ ਪਹੁੰਚਦਾ ਹੈ। ਬੱਚਤ ਕਰਨ ਦਾ ਇਹ ਸੱਦਾ ਵਿਵਹਾਰਕ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤੇ ਜਾਣ ਲਈ, ਇਹ ਉਨ੍ਹਾਂ ਲੋਕਾਂ ’ਤੇ ਵੀ ਬਰਾਬਰ ਲਾਗੂ ਹੋਣਾ ਚਾਹੀਦਾ ਹੈ ਜੋ ਨਿਯਮ ਬਣਾਉਂਦੇ ਹਨ।

ਭਾਰਤ ’ਚ, ਜਨਤਾ ਆਪਣੇ ਸ਼ਾਸਕਾਂ ਬਾਰੇ ਸਭ ਕੁਝ ਨੋਟਿਸ ਕਰਦੀ ਹੈ। ਨਾਗਰਿਕ ਹਮੇਸ਼ਾ ਇਸ ਨੂੰ ਖੁੱਲ੍ਹ ਕੇ ਨਹੀਂ ਕਹਿੰਦੇ ਪਰ ਉਹ ਦੇਖਦੇ ਹਨ। ਉਹ ਕਾਫ਼ਲੇ ’ਚ ਕਾਰਾਂ ਦੀ ਗਿਣਤੀ, ਛੋਟੇ ਸਮਾਗਮਾਂ ਲਈ ਲਈਆਂ ਜਾਣ ਵਾਲੀਆਂ ਉਡਾਣਾਂ, ਅਧਿਕਾਰਤ ਗੈਸਟ ਹਾਊਸ, ਦਲ-ਬਲ ਅਤੇ ਸੱਤਾ ’ਚ ਬੈਠੇ ਲੋਕਾਂ ਦੀ ਜੀਵਨਸ਼ੈਲੀ ’ਤੇ ਧਿਆਨ ਦਿੰਦੇ ਹਨ। ਪਹਿਲੇ ਸਮਿਆਂ ’ਚ ਅਜਿਹੀਆਂ ਕਈ ਚੀਜ਼ਾਂ ਅਣਦੇਖੀਆਂ ਰਹਿ ਜਾਂਦੀਆਂ ਸਨ। ਸੋਸ਼ਲ ਮੀਡੀਆ ਸਭ ਕੁਝ ਰਿਕਾਰਡ ਕਰ ਲੈਂਦਾ ਹੈ। ਇਕ ਤਸਵੀਰ, ਇਕ ਵੀਡੀਓ, ਇਕ ਪੋਸਟ ਮਿੰਟਾਂ ’ਚ ਪੂਰੇ ਦੇਸ਼ ’ਚ ਫੈਲ ਸਕਦੀ ਹੈ।

ਜਦੋਂ ਨੌਜਵਾਨ ਭਾਰਤੀ ਨਿਰਪੱਖਤਾ ਦੇਖਦੇ ਹਨ ਤਾਂ ਉਹ ਰਾਸ਼ਟਰੀ ਯਤਨਾਂ ਦਾ ਸਮਰਥਨ ਕਰਨ ਲਈ ਤਿਆਰ ਰਹਿੰਦੇ ਹਨ ਪਰ ਉਹ ਦੋਹਰੇ ਮਾਪਦੰਡਾਂ ’ਤੇ ਸਵਾਲ ਉਠਾਉਣ ’ਚ ਵੀ ਕਾਹਲੇ ਹੁੰਦੇ ਹਨ। ਜੇਕਰ ਉਨ੍ਹਾਂ ਨੂੰ ਪੈਟਰੋਲ ਬਚਾਉਣ, ਜਨਤਕ ਆਵਾਜਾਈ ਦੀ ਵਰਤੋਂ ਕਰਨ ਅਤੇ ਘੱਟ ਖ਼ਰਚ ਕਰਨ ਲਈ ਕਿਹਾ ਜਾਵੇ, ਜਦੋਂ ਕਿ ਸੱਤਾ ’ਚ ਬੈਠੇ ਲੋਕ ਲੰਬੇ ਕਾਫ਼ਲਿਆਂ ਅਤੇ ਮੁਫ਼ਤ ਉਡਾਣਾਂ ਨਾਲ ਯਾਤਰਾ ਕਰਨਾ ਜਾਰੀ ਰੱਖਣ, ਤਾਂ ਸੁਨੇਹਾ ਆਪਣੀ ਭਰੋਸੇਯੋਗਤਾ ਗੁਆ ਲੈਂਦਾ ਹੈ।

ਇਹੀ ਕਾਰਨ ਹੈ ਕਿ ਸੰਜਮ ਦੀ ਸ਼ੁਰੂਆਤ ਸਿਖਰ ਤੋਂ ਹੋਣੀ ਚਾਹੀਦੀ ਹੈ। ਮੰਤਰੀਆਂ, ਨੌਕਰਸ਼ਾਹਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਪ੍ਰਤੱਖ ਉਦਾਹਰਣਾਂ ਸੈੱਟ ਕਰਨੀਆਂ ਚਾਹੀਦੀਆਂ ਹਨ। ਅਧਿਕਾਰਤ ਕਾਰਾਂ ਨੂੰ ਘੱਟ ਅਤੇ ਵੱਡੇ ਕਾਫ਼ਲਿਆਂ ਨੂੰ ਸੀਮਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਸਮਾਗਮ ਸਾਦੇ ਹੋਣੇ ਚਾਹੀਦੇ ਹਨ। ਦਫ਼ਤਰਾਂ ’ਚ ਊਰਜਾ ਦੀ ਵਰਤੋਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ।

ਇਕ ਆਗੂ ਸੰਜਮ ਦੀ ਚੋਣ ਕਰ ਸਕਦਾ ਹੈ ਪਰ ਜੇਕਰ 10 ਸਹਾਇਕ ਵਾਹਨ ਚੱਲਦੇ ਰਹਿਣਗੇ, ਤਾਂ ਬੱਚਤ ਗਾਇਬ ਹੋ ਜਾਵੇਗੀ। ਹਵਾਈ ਯਾਤਰਾ ਇਸ ਦੀਆਂ ਸਭ ਤੋਂ ਸਪੱਸ਼ਟ ਉਦਾਹਰਣਾਂ ’ਚੋਂ ਇਕ ਹੈ। ਕਈ ਸੀਨੀਅਰ ਅਧਿਕਾਰੀਆਂ ਨੂੰ ਮੁਫ਼ਤ ਜਾਂ ਟੈਕਸਦਾਤਾਵਾਂ ਦੇ ਪੈਸੇ ਨਾਲ ਟਿਕਟਾਂ ਮਿਲਦੀਆਂ ਹਨ। ਉਡਾਣਾਂ ਦੀ ਵਰਤੋਂ ਅਕਸਰ ਨਿਯਮਿਤ ਮੀਟਿੰਗਾਂ, ਛੋਟੀ ਹਾਜ਼ਰੀ ਅਤੇ ਅਜਿਹੇ ਸਮਾਗਮਾਂ ਲਈ ਕੀਤੀ ਜਾਂਦੀ ਹੈ ਜੋ ਆਸਾਨੀ ਨਾਲ ਆਨਲਾਈਨ ਹੋ ਸਕਦੇ ਹਨ। ਕੁਝ ਮਾਮਲਿਆਂ ’ਚ, ਸਹੂਲਤ ਲਈ ਨਿੱਜੀ ਜਹਾਜ਼ ਜਾਂ ਚਾਰਟਰਡ ਯਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ। ਸੰਜਮ ਦੇ ਦੌਰਾਨ, ਇਸ ਦੀ ਸਮੀਖਿਆ ਦੀ ਲੋੜ ਹੈ। ਇਕ ਰੱਦ ਕੀਤੀ ਗਈ ਅਧਿਕਾਰਤ ਯਾਤਰਾ ਸੈਂਕੜੇ ਪਰਿਵਾਰਾਂ ਵਲੋਂ ਇਕ ਛੋਟੀ ਕਾਰ ਯਾਤਰਾ ਨੂੰ ਘਟਾਉਣ ਦੀ ਤੁਲਨਾ ’ਚ ਵੱਧ ਈਂਧਨ ਬਚਾ ਸਕਦੀ ਹੈ।

ਲਗਜ਼ਰੀ (ਵਿਲਾਸਤਾ) ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਮੁਫ਼ਤ ਰਿਹਾਇਸ਼, ਮਹਿੰਗੀ ਅਧਿਕਾਰਤ ਮਹਿਮਾਨਨਿਵਾਜ਼ੀ, ਫ਼ਾਲਤੂ ਵਿਦੇਸ਼ੀ ਦੌਰੇ, ਰਸਮੀ ਖ਼ਰਚੇ ਅਤੇ ਵਿਸ਼ੇਸ਼ ਯਾਤਰਾ ਵਿਸ਼ੇਸ਼ ਅਧਿਕਾਰ, ਇਹ ਸਾਰੇ ਜਨਤਾ ਦੀ ਰਾਏ ਨੂੰ ਪ੍ਰਭਾਵਿਤ ਕਰਦੇ ਹਨ। ਇਹ ਟੈਕਸਦਾਤਾਵਾਂ ਵਲੋਂ ਵਿੱਤ-ਪੋਸ਼ਿਤ ਹੁੰਦੇ ਹਨ। ਸੰਜਮ ਸਿਰਫ ਸਰਕਾਰ ਤੱਕ ਹੀ ਸੀਮਤ ਨਹੀਂ ਹੋ ਸਕਦੀ, ਇਸ ਨੂੰ ਇਕ ਸਮਾਜਿਕ ਸੱਭਿਆਚਾਰ ਬਣਾਉਣਾ ਹੋਵੇਗਾ। ਭਾਰਤ ਦਾ ਹਰ ਘਰ ਇਸ ਦੀ ਸ਼ੁਰੂਆਤ ਕਰ ਸਕਦਾ ਹੈ। ਇਕ ਪਰਿਵਾਰ ਦਾ ਈਂਧਨ ਬਚਾਉਣਾ ਛੋਟਾ ਲੱਗ ਸਕਦਾ ਹੈ, ਪਰ ਇਕ ਕਰੋੜ ਪਰਿਵਾਰਾਂ ਦਾ ਅਜਿਹਾ ਕਰਨਾ ਰਾਸ਼ਟਰੀ ਤਸਵੀਰ ਨੂੰ ਬਦਲ ਦਿੰਦਾ ਹੈ। ਪਰਿਵਾਰ ਕਈ ਛੋਟੀਆਂ ਯਾਤਰਾਵਾਂ ਕਰਨ ਦੀ ਬਜਾਏ ਆਪਣੀਆਂ ਯਾਤਰਾਵਾਂ ਨੂੰ ਇਕੱਠਾ ਮਿਲਾ ਸਕਦੇ ਹਨ। ਬੱਚੇ ਸੰਭਵ ਹੋਣ ’ਤੇ ਨੇੜੇ ਪੈਦਲ ਜਾ ਸਕਦੇ ਹਨ। ਕਾਰਪੂਲਿੰਗ ਆਮ ਹੋ ਸਕਦੀ ਹੈ। ਘਰਾਂ ਅਤੇ ਸਕੂਲਾਂ ਦੇ ਬਾਹਰ ਇੰਜਣਾਂ ਨੂੰ ਚਾਲੂ ਨਹੀਂ ਛੱਡਿਆ ਜਾਣਾ ਚਾਹੀਦਾ। ਮਾਈਲੇਜ ਸੁਧਾਰਨ ਲਈ ਵਾਹਨਾਂ ਦੀ ਬਿਹਤਰ ਦੇਖਭਾਲ ਕੀਤੀ ਜਾ ਸਕਦੀ ਹੈ। ਇਹ ਵਿਵਹਾਰਕ ਬਦਲਾਅ ਹਨ, ਕੋਈ ਕੁਰਬਾਨੀ ਨਹੀਂ।

ਘਰਾਂ ’ਚ ਬਿਨਾਂ ਵਰਤੋਂ ਵਾਲੀਆਂ ਲਾਈਟਾਂ, ਪੱਖੇ ਅਤੇ ਉਪਕਰਨਾਂ ਨੂੰ ਬੰਦ ਕਰਕੇ ਬਿਜਲੀ ਬਚਾਈ ਜਾ ਸਕਦੀ ਹੈ। ਏਅਰ ਕੰਡੀਸ਼ਨਰ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾ ਸਕਦੀ ਹੈ। ਪਾਣੀ ਦੇ ਪੰਪਾਂ ਅਤੇ ਹੀਟਰਾਂ ਨੂੰ ਵਧੇਰੇ ਕੁਸ਼ਲਤਾ ਨਾਲ ਪ੍ਰਬੰਧਿਤ ਕੀਤਾ ਜਾ ਸਕਦਾ ਹੈ। ਸ਼ਹਿਰਾਂ ਅਤੇ ਕਸਬਿਆਂ ’ਚ ਕਈ ਦੁਕਾਨਾਂ ਫ਼ਾਲਤੂ ਲਾਈਟਾਂ ਚਾਲੂ ਛੱਡ ਦਿੰਦੀਆਂ ਹਨ। ਜਨਰੇਟਰ ਉਦੋਂ ਵੀ ਚੱਲਦੇ ਹਨ ਜਦੋਂ ਉਨ੍ਹਾਂ ਦੀ ਲੋੜ ਨਹੀਂ ਹੁੰਦੀ। ਬਾਜ਼ਾਰ ਐਸੋਸੀਏਸ਼ਨਾਂ ਸਾਂਝੇ ਸੁਰੱਖਿਆ ਯਤਨ ਬਣਾ ਸਕਦੀਆਂ ਹਨ।

ਸਕੂਲਾਂ ਦੀ ਮਹੱਤਵਪੂਰਨ ਭੂਮਿਕਾ ਹੈ। ਘੱਟ ਉਮਰ ’ਚ ਬਣੀਆਂ ਆਦਤਾਂ ਜੀਵਨ ਭਰ ਰਹਿੰਦੀਆਂ ਹਨ। ਸਕੂਲ ਬੱਚਿਆਂ ਨੂੰ ਸਿਖਾ ਸਕਦੇ ਹਨ ਕਿ ਈਂਧਨ ਅਤੇ ਊਰਜਾ ਦੀ ਬੱਚਤ ਸਿਰਫ ਪੈਸੇ ਬਾਰੇ ਨਹੀਂ, ਸਗੋਂ ਇਹ ਇਕ ਰਾਸ਼ਟਰੀ ਜ਼ਿੰਮੇਵਾਰੀ ਵੀ ਹੈ। ਸਾਂਝੀ ਸਕੂਲ ਆਵਾਜਾਈ ਅਤੇ ਜਾਗਰੂਕਤਾ ਪ੍ਰੋਗਰਾਮ ਇਨ੍ਹਾਂ ਵਿਚਾਰਾਂ ਨੂੰ ਰੋਜ਼ਾਨਾ ਦੀ ਦਿਨਚਰਿਆ ਦਾ ਹਿੱਸਾ ਬਣਾ ਸਕਦੇ ਹਨ।

ਸਮਾਜਿਕ ਸਮਾਗਮ ਇਕ ਹੋਰ ਖੇਤਰ ਹੈ। ਵਿਆਹਾਂ, ਉਤਸਵਾਂ ਅਤੇ ਨਿੱਜੀ ਸਮਾਰੋਹਾਂ ’ਚ ਅਕਸਰ ਵਾਹਨਾਂ, ਲਾਈਟਿੰਗ ਅਤੇ ਜਨਰੇਟਰਾਂ ਦੀ ਬਹੁਤ ਜ਼ਿਆਦਾ ਵਰਤੋਂ ਸ਼ਾਮਲ ਹੁੰਦੀ ਹੈ। ਇਕ ਸਾਦੀ ਸ਼ੈਲੀ ਖ਼ੁਸ਼ੀ ਨੂੰ ਘੱਟ ਕੀਤੇ ਬਿਨਾਂ ਸਰੋਤਾਂ ਨੂੰ ਬਚਾ ਸਕਦੀ ਹੈ। ਮੁੱਖ ਮੁੱਦਾ ਵਿਸ਼ਵਾਸ ਦਾ ਹੈ। ਨਾਗਰਿਕ ਉਦੋਂ ਸਹਿਯੋਗ ਕਰਨ ਲਈ ਤਿਆਰ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਕੁਰਬਾਨੀ ਸਾਂਝੀ ਕੀਤੀ ਜਾ ਰਹੀ ਹੈ। ਦੇਖਣਾ ਹੀ ਮਾਅਨੇ ਰੱਖਦਾ ਹੈ। ਸੋਸ਼ਲ ਮੀਡੀਆ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਕਾਰਵਾਈ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾਵੇ, ਉਸ ਦੀ ਤੁਲਨਾ ਕੀਤੀ ਜਾਵੇ ਅਤੇ ਉਸ ’ਤੇ ਚਰਚਾ ਕੀਤੀ ਜਾਵੇ।

ਭਾਰਤ ਨੇ ਪਹਿਲਾਂ ਵੀ ਸਮੂਹਿਕ ਕੁਰਬਾਨੀਆਂ ਦੇਖੀਆਂ ਹਨ—ਯੁੱਧ ਦੇ ਸਮੇਂ, ਘਾਟਾਂ ਅਤੇ ਰਾਸ਼ਟਰੀ ਸੰਕਟਾਂ ’ਚ। ਉਹ ਯਤਨ ਇਸ ਲਈ ਸਫ਼ਲ ਹੋਏ ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਹਰ ਕੋਈ ਯੋਗਦਾਨ ਪਾ ਰਿਹਾ ਹੈ। ਸਾਂਝਾ ਅਨੁਸ਼ਾਸਨ ਏਕਤਾ ਪੈਦਾ ਕਰਦਾ ਹੈ। ਅਸਮਾਨ ਕੁਰਬਾਨੀ ਅਵਿਸ਼ਵਾਸ ਪੈਦਾ ਕਰਦੀ ਹੈ। ਪ੍ਰਧਾਨ ਮੰਤਰੀ ਦਾ ਸੁਨੇਹਾ ਇਕ ਆਰਜ਼ੀ ਨਿਰਦੇਸ਼ ਤੋਂ ਕਿਤੇ ਵੱਧ ਬਣ ਸਕਦਾ ਹੈ। ਇਹ ਇਕ ਰਾਸ਼ਟਰੀ ਚਰਿੱਤਰ ਬਣ ਸਕਦਾ ਹੈ। ਸੰਜਮ ਸਨਮਾਨ ਨੂੰ ਘੱਟ ਕਰਨ ਬਾਰੇ ਨਹੀਂ ਹੈ। ਇਹ ਜ਼ਿੰਮੇਵਾਰੀ ਵਧਾਉਣ ਬਾਰੇ ਹੈ।

ਦੇਵੀ ਐੱਮ. ਚੇਰੀਅਨ
 


author

Rakesh

Content Editor

Related News