ਮੁੱਖ ਮੰਤਰੀ ‘ਸਤੀਸ਼ਨ’ ਦੇ ਸਾਹਮਣੇ ਸਹਿਯੋਗੀਆਂ ਨੂੰ ਸੰਤੁਸ਼ਟ ਕਰਨ ਦੀ ਚੁਣੌਤੀ
Tuesday, May 19, 2026 - 04:31 PM (IST)
ਕਾਂਗਰਸ ਪਾਰਟੀ ਨੂੰ ਕੇਰਲਮ ਦੇ ਮੁੱਖ ਮੰਤਰੀ ਦੀ ਚੋਣ ਕਰਦੇ ਸਮੇਂ ਮਹੱਤਵਪੂਰਨ ਅੰਦਰੂਨੀ ਧੜੇਬੰਦੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਹ ਪ੍ਰਕਿਰਿਆ 11 ਦਿਨਾਂ ਤੱਕ ਚੱਲੀ ਅਤੇ ਇਸ ਦਾ ਉਦੇਸ਼ ਵੱਖ-ਵੱਖ ਪਾਰਟੀ ਸਮੂਹਾਂ ਵਿਚਾਲੇ ਵਿਵਾਦਾਂ ਨੂੰ ਸੁਲਝਾਉਣਾ ਸੀ। ਇਨ੍ਹਾਂ ਤਣਾਵਾਂ ਨਾਲ ਨਜਿੱਠਣਾ ਮੁਸ਼ਕਿਲ ਸੀ ਅਤੇ ਇਸ ਦੌਰਾਨ ਦਿਖਾਈ ਗਈ ਸਹਿਣਸ਼ੀਲਤਾ ਸ਼ਲਾਘਾਯੋਗ ਹੈ।
ਕੇ. ਸੀ. ਵੇਣੂਗੋਪਾਲ ਅਤੇ ਰਮੇਸ਼ ਚੇਨੀਥਲਾ ਤੋਂ ਸਖ਼ਤ ਮੁਕਾਬਲੇ ਦੇ ਬਾਵਜੂਦ ਵੀ. ਡੀ. ਸਤੀਸ਼ਨ ਨੂੰ ਇਸ ਭੂਮਿਕਾ ਲਈ ਚੁਣਿਆ ਗਿਆ। ਪ੍ਰਿਯੰਕਾ ਅਤੇ ਰਾਹੁਲ ਗਾਂਧੀ ਨੇ ਆਪਣਾ ਫੈਸਲਾ ਲੈਂਦੇ ਸਮੇਂ ਜਨਤਾ ਦੀਆਂ ਭਾਵਨਾਵਾਂ ’ਤੇ ਵਿਚਾਰ ਕੀਤਾ। ਚੋਣ ਪ੍ਰਕਿਰਿਆ ਦੇ ਦੌਰਾਨ ਅੰਦਰੂਨੀ ਤਣਾਅ ਉੱਭਰੇ ਪਰ ਅੰਤ ’ਚ ਵੇਣੂਗੋਪਾਲ ਨੇ ਪਾਰਟੀ ਦੇ ਵਿਆਪਕ ਹਿੱਤ ਲਈ ਸਤੀਸ਼ਨ ਦੀ ਨਿਯੁਕਤੀ ਦਾ ਸਮਰਥਨ ਕੀਤਾ।
ਕਾਂਗਰਸ ਹਾਈਕਮਾਂਡ ਵੰਡੀ ਹੋਈ ਸੀ। ਸੋਨੀਆ ਗਾਂਧੀ ਨੇ ਚੇਨੀਥਲਾ ਦਾ ਸਮਰਥਨ ਕੀਤਾ, ਰਾਹੁਲ ਗਾਂਧੀ ਨੇ ਵੇਣੂਗੋਪਾਲ ਦਾ ਸਮਰਥਨ ਕੀਤਾ ਅਤੇ ਪ੍ਰਿਯੰਕਾ ਗਾਂਧੀ ਨੇ ਸਤੀਸ਼ਨ ਦਾ ਪੱਖ ਲਿਆ। ਇਸ ਦਰਾਰ ਨੇ ਪਾਰਟੀ ਦੀ ਹਾਈਕਮਾਂਡ ਦੇ ਅੰਦਰੂਨੀ ਤਕਰਾਰ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ, ਕਾਂਗਰਸ ਨੂੰ ਆਪਣੇ ਸਹਿਯੋਗੀ, ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਅਤੇ ਜਨਤਾ ਦੀਆਂ ਭਾਵਨਾਵਾਂ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਗਾਂਧੀ ਪਰਿਵਾਰ ਦੇ ਅਕਸ ਨੂੰ ਪ੍ਰਭਾਵਿਤ ਕੀਤਾ।
ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਸਥਿਤੀ ’ਤੇ ਚਰਚਾ ਕੀਤੀ ਪਰ ਉਨ੍ਹਾਂ ਦੇ ਮਤਭੇਦ ਕਾਂਗਰਸ ਦਫ਼ਤਰਾਂ ਦੇ ਬਾਹਰ ਅਤੇ ਪ੍ਰਿਯੰਕਾ ਦੇ ਵਾਇਨਾਡ ਦਫ਼ਤਰ ’ਚ ਲਗਾਏ ਗਏ ਪੋਸਟਰਾਂ ’ਚ ਸਪੱਸ਼ਟ ਸਨ। ਅਜਿਹਾ ਹੀ ਇਕ ਪੋਸਟਰ ਸੀ, ‘‘ਸ਼੍ਰੀਮਾਨ ਰਾਹੁਲ, ਕੇ. ਸੀ. ਤੁਹਾਡੇ ਥੈਲੇ ਚੁੱਕਣ ਵਾਲੇ (ਬੈਗ ਬੇਰੀਅਰ) ਹੋ ਸਕਦੇ ਹਨ ਪਰ ਕੇਰਲਮ ਦੀ ਜਨਤਾ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ,’’ ਜੋ ਵੇਣੂਗੋਪਾਲ ਦੇ ਪ੍ਰਤੀ ਰਾਹੁਲ ਦੀ ਪਸੰਦ ’ਤੇ ਅਸੰਤੁਸ਼ਟੀ ਪ੍ਰਗਟ ਕਰ ਰਿਹਾ ਸੀ।
ਰਾਹੁਲ ਗਾਂਧੀ ਨੇ ਜਨਤਾ ਦੀਆਂ ਭਾਵਨਾਵਾਂ ਦਾ ਮੁਲਾਂਕਣ ਕਰ ਕੇ ਅਤੇ ਦਾਅਵੇਦਾਰਾਂ ਵੇਣੂਗੋਪਾਲ, ਸਤੀਸ਼ਨ ਅਤੇ ਚੇਨੀਥਲਾ ਨਾਲ ਤਾਲਮੇਲ ਕਰ ਕੇ ਕੇਰਲਮ ਦੇ ਮੁੱਖ ਮੰਤਰੀ ਦੀ ਚੋਣ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਦੇ ਅੰਦਰ ਚੋਣਾਂ ਤੋਂ ਬਾਅਦ ਦੇ ਅੜਿੱਕੇ ਨੂੰ ਦੂਰ ਕਰਨ ਲਈ ਦਿੱਲੀ ਵਿਚ ਮੱਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਨਾਲ ਵਿਆਪਕ ਬੈਠਕਾਂ ਕੀਤੀਆਂ।
ਵੇਣੂਗੋਪਾਲ ਨੇ ਮੁੱਖ ਮੰਤਰੀ ਵਜੋਂ ਸਤੀਸ਼ਨ ਦੀ ਨਿਯੁਕਤੀ ਲਈ ਆਪਣਾ ਸਮਰਥਨ ਪ੍ਰਗਟ ਕਰਨ ਲਈ ਰਾਹੁਲ ਅਤੇ ਪ੍ਰਿਯੰਕਾ ਨਾਲ ਦੋ ਘੰਟੇ ਤੋਂ ਵੱਧ ਸਮੇਂ ਤੱਕ ਮੁਲਾਕਾਤ ਕੀਤੀ। ਹਾਲਾਂਕਿ ਵੇਣੂਗੋਪਾਲ ਵੀ ਇਕ ਪ੍ਰਮੁੱਖ ਉਮੀਦਵਾਰ ਸਨ, ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਾਰਟੀ ਦੇ ਹਿੱਤ ਸਭ ਤੋਂ ਪਹਿਲਾਂ ਆਉਣੇ ਚਾਹੀਦੇ ਹਨ। ਸਤੀਸ਼ਨ, ਜੋ ਛੇ ਵਾਰ ਦੇ ਵਿਧਾਇਕ ਅਤੇ ਯੂ. ਡੀ. ਐੱਫ. ਮੁਹਿੰਮ ਦੇ ਨੇਤਾ ਹਨ, ਨੇ ਅਸਤੀਫ਼ਾ ਦੇਣ ਦਾ ਪ੍ਰਣ ਲਿਆ ਸੀ ਜੇਕਰ ਯੂ. ਡੀ. ਐੱਫ. ਕੇਰਲਮ ਦੀਆਂ 140 ਸੀਟਾਂ ’ਚੋਂ ਘੱਟੋ-ਘੱਟ 100 ਸੀਟਾਂ ਹਾਸਲ ਨਹੀਂ ਕਰ ਪਾਉਂਦਾ। ਗੱਠਜੋੜ ਨੇ ਅੰਤ ’ਚ 102 ਸੀਟਾਂ ਜਿੱਤੀਆਂ, ਜਿਸ ’ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ, ਜੋ ਸਤੀਸ਼ਨ ਦੀ ਲੀਡਰਸ਼ਿਪ ’ਚ ਭਰੋਸੇ ਨੂੰ ਦਰਸਾਉਂਦੀ ਹੈ।
ਵੇਣੂਗੋਪਾਲ ਦੇ ਲਈ ਰਾਹੁਲ ਗਾਂਧੀ ਦਾ ਸਮਰਥਨ ਇਸ ਗੱਲ ਨਾਲ ਗੁੰਝਲਦਾਰ ਹੋ ਗਿਆ ਕਿ ਵੇਣੂਗੋਪਾਲ ਨੂੰ ਵਿਧਾਇਕ ਬਣਨ ਲਈ ਆਪਣੀ ਸੰਸਦ ਮੈਂਬਰ (ਐੱਮ.ਪੀ.) ਦੀ ਭੂਮਿਕਾ ਤੋਂ ਅਸਤੀਫ਼ਾ ਦੇਣਾ ਪੈਂਦਾ। ਜ਼ਮੀਨੀ ਪੱਧਰ ਦੇ ਵਿਰੋਧ ਪ੍ਰਦਰਸ਼ਨਾਂ ਨੇ ਸਤੀਸ਼ਨ ਦਾ ਪੱਖ ਲਿਆ, ਜੋ ਪਿਨਾਰਾਈ ਵਿਜ਼ਯਨ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਇਕ ਮਜ਼ਬੂਤ ਵਿਰੋਧੀ ਆਵਾਜ਼ ਵਜੋਂ ਉੱਭਰੀ। ਉਨ੍ਹਾਂ ਨੇ ਇਕ ਦਹਾਕੇ ਦੇ ਬਾਅਦ ਕੇਰਲਮ ’ਚ ਯੂ. ਡੀ. ਐੱਫ. ਦੀ ਸੱਤਾ ’ਚ ਵਾਪਸੀ ’ਚ ਮਹੱਤਵਪੂਰਨ ਭੂਮਿਕਾ ਨਿਭਾਈ।
ਮੁੱਖ ਮੰਤਰੀ ਵਜੋਂ ਵੇਣੂਗੋਪਾਲ ਦੀ ਸੰਭਾਵਿਤ ਨਿਯੁਕਤੀ ਦੇ ਖ਼ਿਲਾਫ਼ ਇਨ੍ਹਾਂ ਜ਼ਮੀਨੀ ਵਿਰੋਧ ਪ੍ਰਦਰਸ਼ਨਾਂ ਨੇ ਕਾਂਗਰਸ ਦੀ ਅੰਦਰੂਨੀ ਵੰਡ ਨੂੰ ਉਜਾਗਰ ਕੀਤਾ। ਸਤੀਸ਼ਨ ਨੇ ਮੰਨਿਆ ਕਿ ਇਨ੍ਹਾਂ ਵਿਖਾਵਿਆਂ ਨੇ ਲੋਕ ਦੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ। ਕਾਂਗਰਸ ਪਾਰਟੀ ਖੁਦ ਨੂੰ ਭਾਜਪਾ ਦੇ ਇਕ ਮਹੱਤਵਪੂਰਨ ਬਦਲ ਵਜੋਂ ਪੇਸ਼ ਕਰਨ ਦਾ ਮੌਕਾ ਦੇਖ ਰਹੀ ਹੈ। ਤਾਮਿਲਨਾਡੂ ’ਚ, ਕਾਂਗਰਸ ਨੇ ਡੀ. ਐੱਮ. ਕੇ. ਨਾਲ ਆਪਣੇ ਲੰਬੇ ਗੱਠਜੋੜ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਵਿਜੇ ਦੀ ਤਾਮਿਲਨਾਡੂ ਵੇਤਰੀ ਕੜਗਮ (ਟੀ. ਵੀ. ਕੇ.) ਨਾਲ ਸਹਿਯੋਗ ਕਰ ਰਹੀ ਹੈ, ਜਿਸ ਨਾਲ ਪਾਰਟੀ ਦੇ ਨੇਤਾਵਾਂ ਨੂੰ ਖੇਤਰੀ ਭਾਈਵਾਲਾਂ ਨਾਲ ਗੁੰਝਲਦਾਰ ਸਬੰਧਾਂ ਨੂੰ ਬਣਾਈ ਰੱਖਦੇ ਹੋਏ ਸੁਤੰਤਰ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਇਜਾਜ਼ਤ ਮਿਲ ਰਹੀ ਹੈ।
ਕੇਰਲਮ ਦੇ ਸਿਆਸੀ ਦ੍ਰਿਸ਼ ਨੂੰ ਕੰਟਰੋਲ ਕਰਨ ਦੀ ਸਤੀਸ਼ਨ ਦੀ ਯੋਗਤਾ ਵੱਖ-ਵੱਖ ਕਾਰਕਾਂ ’ਤੇ ਨਿਰਭਰ ਕਰੇਗੀ। ਹਾਲਾਂਕਿ ਉਹ ਪਾਰਟੀ ਦੇ ਨਾਲ ਇਕਸਾਰ ਹੋਣਗੇ ਪਰ ਸਪੱਸ਼ਟ ਸ਼ਕਤੀ ਗਤੀਸ਼ੀਲਤਾ ਅਤੇ ਲੜੀਵਾਰਤਾ ਕੰਮ ਕਰ ਰਹੀ ਹੈ। ਈਸਾਈ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਵੰਡ ਨੇ 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਸੀ, ਜਿਸ ਨਾਲ ਕਈ ਲੋਕ ਇਸ ਤੋਂ ਦੂਰ ਹੋ ਗਏ ਅਤੇ ਪਿਨਾਰਾਈ ਵਿਜ਼ਯਨ ਦੇ ਮੁੱਖ ਮੰਤਰੀ ਵਜੋਂ ਲਗਾਤਾਰ ਦੂਜੇ ਕਾਰਕਾਲ ’ਚ ਯੋਗਦਾਨ ਪਾਇਆ।
ਕੇਰਲਮ ਦੇ ਮੁੱਖ ਮੰਤਰੀ ਵਜੋਂ, ਵੀ. ਡੀ. ਸਤੀਸ਼ਨ ਨੂੰ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ’ਚ ਪਾਰਟੀ ਦੀ ਇਕਜੁਟਤਾ ਬਣਾਈ ਰੱਖਣਾ, ਆਈ. ਯੂ. ਐੱਮ. ਐੱਲ. ਵਰਗੇ ਪ੍ਰਮੁੱਖ ਸਹਿਯੋਗੀਆਂ ਨਾਲ ਗੱਠਜੋੜ ਦਾ ਪ੍ਰਬੰਧਨ ਕਰਨਾ ਅਤੇ ਸੰਘਰਸ਼ ਕਰ ਰਹੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨਾ ਸ਼ਾਮਲ ਹੈ।
ਉਨ੍ਹਾਂ ਦੀ ਤਤਕਾਲੀ ਚੁਣੌਤੀ ਮੰਤਰੀ ਮੰਡਲ ਦਾ ਗਠਨ ਹੈ, ਜਿਸ ਵਿਚ ਕਾਂਗਰਸ ਦੇ ਅੰਦਰ ਵੱਖ-ਵੱਖ ਧੜਿਆਂ ਨੂੰ ਸਮਾਯੋਜਿਤ ਕਰਨਾ, ਆਈ. ਯੂ. ਐੱਮ. ਐੱਲ. ਵਰਗੇ ਪ੍ਰਮੁੱਖ ਗੱਠਜੋੜ ਸਹਿਯੋਗੀਆਂ ਨੂੰ ਸੰਤੁਸ਼ਟ ਕਰਨਾ ਅਤੇ ਪਾਰਟੀ ਦੇ ਅੰਦਰ ਨਾਰਾਜ਼ਗੀ ਨੂੰ ਰੋਕਣਾ ਸ਼ਾਮਲ ਹੈ।
ਉਨ੍ਹਾਂ ਨੂੰ ਇਕ ਮਹੱਤਵਪੂਰਨ ਵਿੱਤੀ ਘਾਟੇ ਅਤੇ ਵੱਡੇ ਰਾਜ ਕਰਜ਼ੇ ਨੂੰ ਵੀ ਹੱਲ ਕਰਨਾ ਹੋਵੇਗਾ, ਜਿਸ ਨਾਲ ਆਰਥਿਕ ਵਿਕਾਸ ਪ੍ਰਾਥਮਿਕਤਾ ਬਣ ਗਿਆ ਹੈ। ਉਨ੍ਹਾਂ ਨੂੰ ਆਪਣੀ ਬਿਆਨਬਾਜ਼ੀ ’ਚ ਸੁਧਾਰ ਕਰਨ, ਘੱਟਗਿਣਤੀ ਭਾਈਚਾਰੇ ਦੀ ਰਾਜਨੀਤੀ ਨੂੰ ਨੈਵੀਗੇਟ ਕਰਨ, ਲੀਗ ਅਤੇ ਜਮਾਤ-ਏ-ਇਸਲਾਮੀ ਨਾਲ ਸਬੰਧਾਂ ਬਾਰੇ ਭਾਜਪਾ ਦੀ ਆਲੋਚਨਾ ਦਾ ਮੁਕਾਬਲਾ ਕਰਨ ਅਤੇ ਵਿਰੋਧੀ ਰਾਜਨੀਤਿਕ ਧੜਿਆਂ ਤੋਂ ਭੰਨ-ਤੋੜ ਤੋਂ ਬਚਦੇ ਹੋਏ ਇਕਜੁੱਟਤਾ ਬਣਾਈ ਰੱਖਣ ਦੀ ਲੋੜ ਹੈ।
ਜਮਾਤ-ਏ-ਇਸਲਾਮੀ ਨੇ ਸਤੀਸ਼ਨ ਦੇ ਲਈ ਮੁਸਲਿਮ ਵੋਟਾਂ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ ਸਹਿਯੋਗੀਆਂ ਨਾਲ ਨਜਿੱਠਦੇ ਸਮੇਂ ਆਪਣੀ ਧਰਮ-ਨਿਰਪੱਖ ਸਾਖ ਬਣਾਈ ਰੱਖਣਾ ਚੁਣੌਤੀਪੂਰਨ ਹੋਵੇਗਾ।
ਸਤੀਸ਼ਨ ਹੁਣ ਇਕ ਵਿਧਾਨਕ ਦਲ ਦੀ ਅਗਵਾਈ ਕਰ ਰਹੇ ਹਨ ਜਿਸ ’ਚ ਅਜਿਹੇ ਮੈਂਬਰ ਸ਼ਾਮਲ ਹਨ ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ ਸੀ। ਵੇਣੂਗੋਪਾਲ ਅਤੇ ਰਮੇਸ਼ ਚੇਨੀਥਲਾ ਸਮੇਤ ਸ਼ਕਤੀਸ਼ਾਲੀ ਧੜੇ ਜਲਦੀ ਹੀ ਆਪਣੀ ਰਾਏ ਪ੍ਰਗਟ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਤੀਸ਼ਨ ਜਮਾਤ ਦੇ ਹਿੱਤਾਂ ਅਤੇ ਉਸ ਦੇ ਮੁੱਖ ਵਿਰੋਧੀ, ਸੁੰਨੀ ਸਰਵਉੱਚ ਸੰਸਥਾ ‘ਸਮਸਤ’ , ਜਿਸ ਨੇ ਉਨ੍ਹਾਂ ਨੂੰ ਅਪ੍ਰਤੱਖ ਸਮਰਥਨ ਦਿੱਤਾ ਹੈ, ਦੇ ਹਿੱਤਾਂ ਨੂੰ ਸੰਤੁਲਿਤ ਕਰਨ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ।
ਇਸ ਗੱਲ ਦੀ ਪ੍ਰਬਲ ਸੰਭਾਵਨਾ ਹੈ ਕਿ ਉਹ ਹਿੰਦੂ ਵੋਟਰਾਂ ਨੂੰ ਆਪਣੇ ਤੋਂ ਦੂਰ ਕਰ ਸਕਦੇ ਹਨ, ਜੋ ਮੁਸਲਿਮ ਭਾਈਚਾਰੇ ਦੇ ਵਧਦੇ ਪ੍ਰਭਾਵ ਬਾਰੇ ਚਿੰਤਤ ਹਨ ਅਤੇ ਨਾਲ ਹੀ ਉਦਾਰਵਾਦੀ ਅਤੇ ਸੁਧਾਰਵਾਦੀ ਮੁਸਲਿਮ ਆਵਾਜ਼ਾਂ ਨੂੰ ਵੀ, ਜੋ ਇਨ੍ਹਾਂ ਘਟਨਾਕ੍ਰਮਾਂ ਬਾਰੇ ਸ਼ੰਕੇ ’ਚ ਹਨ।
ਕਲਿਆਣੀ ਸ਼ੰਕਰ
