ਵੱਧ ਬੱਚੇ? ਕਿਰਪਾ ਕਰਕੇ ਪਰਿਵਾਰਾਂ ਨੂੰ ਬਖਸ਼ੋਂ

Tuesday, May 26, 2026 - 04:38 PM (IST)

ਵੱਧ ਬੱਚੇ? ਕਿਰਪਾ ਕਰਕੇ ਪਰਿਵਾਰਾਂ ਨੂੰ ਬਖਸ਼ੋਂ

ਹਾਲ ਹੀ ’ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਾਬਾਬੂ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੀਜੇ ਬੱਚੇ ਦੇ ਜਨਮ ’ਤੇ 30 ਹਜ਼ਾਰ ਅਤੇ ਚੌਥੇ ਦੇ ਜਨਮ ’ਤੇ 40 ਹਜ਼ਾਰ ਰੁਪਏ ਦੇਵੇਗੀ। ਇਸ ਦੇਸ਼ ’ਚ ਦਹਾਕਿਆਂ ਤੋਂ ਪਰਿਵਾਰ ਨਿਯੋਜਨ ਪਾਲਿਸੀ ਤਹਿਤ ਲੋਕਾਂ ਨੂੰ ਛੋਟੇ ਪਰਿਵਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਨਾਲ ਕਿਹਾ ਜਾਂਦਾ ਰਿਹਾ ਹੈ। ਇਸ ਲੇਖਿਕਾ ਨੇ ਆਪਣੇ ਬਚਪਨ ’ਚ ਰੇਲਵੇ ਸਟੇਸ਼ਨਾਂ ’ਤੇ ਅਜਿਹੇ ਪੋਸਟਰ ਅਤੇ ਕੰਧਾਂ ’ਤੇ ਲਿਖੇ ਨਾਅਰੇ ਦੇਖੇ ਹਨ। ਉਦੋਂ ਤਰਕ ਇਹ ਸੀ ਕਿ ਆਬਾਦੀ ਜ਼ਿਆਦਾ ਹੋਣ ਕਾਰਨ, ਦੇਸ਼ ਦੇ ਸੋਮਿਆਂ ’ਤੇ ਬੋਝ ਪੈਂਦਾ ਹੈ। ਆਰਥਿਕਤਾ ਕਮਜ਼ੋਰ ਹੁੰਦੀ ਹੈ, ਇਸ ਲਈ ਪਰਿਵਾਰਾਂ ਦਾ ਛੋਟਾ ਹੋਣਾ ਜ਼ਰੂਰੀ ਹੈ। ਪਰਿਵਾਰ ਨਿਯੋਜਨ ਦੇ ਤਮਾਮ ਸਾਧਨਾਂ ਦਾ ਖੂਬ ਪ੍ਰਚਾਰ ਕੀਤਾ ਜਾਂਦਾ ਸੀ। ਜਿਹੜੇ ਪਰਿਵਾਰ ਇਨ੍ਹਾਂ ਨੂੰ ਅਪਣਾਉਂਦੇ, ਉਨ੍ਹਾਂ ਨੂੰ ਬਹੁਤ ਸਾਰੀਆਂ ਥਾਵਾਂ ’ਤੇ ਉਤਸ਼ਾਹ ਰਾਸ਼ੀ ਵੀ ਦਿੱਤੀ ਜਾਂਦੀ ਸੀ।

ਸਾਡੇ ਇੱਥੇ ਬੱਚਿਆਂ ਨੂੰ ਰੱਬ ਦੀ ਦੇਣ ਮੰਨ ਕੇ ਔਰਤ ਦੀ ਉਮਰ ਜਦੋਂ ਤੱਕ ਬੱਚੇ ਪੈਦਾ ਕਰਨ ਦੀ ਰਹਿੰਦੀ, ਬੱਚੇ ਹੁੰਦੇ ਹੀ ਰਹਿੰਦੇ ਸਨ। ਇਸ ਕਾਰਨ ਬਹੁਤ ਸਾਰੀਆਂ ਔਰਤਾਂ ਦੀ ਮੌਤ ਵੀ ਹੋ ਜਾਂਦੀ ਸੀ। ਜਿਵੇਂ-ਜਿਵੇਂ ਸਿੱਖਿਆ ਵਧੀ, ਔਰਤਾਂ ਦੀ ਸਿਹਤ ਸੰਬੰਧੀ ਮੁੱਦੇ ਸਾਹਮਣੇ ਆਏ, ਕੁੜੀਆਂ ਦੇ ਵਿਆਹ ਦੀ ਉਮਰ ਤੈਅ ਕੀਤੀ ਗਈ, ਲੋਕਾਂ ’ਚ ਛੋਟੇ ਪਰਿਵਾਰ ਰੱਖਣ ਦੀ ਜਾਗਰੂਕਤਾ ਵੀ ਵਧੀ। ਐਮਰਜੈਂਸੀ ਦੇ ਦਿਨਾਂ ’ਚ ਸੰਜੇ ਗਾਂਧੀ ਨੇ ਨਾਅਰਾ ਦਿੱਤਾ ਸੀ — ‘ਹਮ ਦੋ, ਹਮਾਰਾ ਏਕ’। ਉਸ ਸਮੇਂ ਇਹ ਨਾਅਰਾ ਸਫ਼ਲ ਨਹੀਂ ਹੋਇਆ ਪਰ ਅੱਜ ਇਹ ਸਫ਼ਲ ਦਿਸਦਾ ਹੈ, ਜਿੱਥੇ ਮੱਧ ਵਰਗ ਦੇ ਅਨੇਕਾਂ ਪਰਿਵਾਰਾਂ ’ਚ ਇਕ ਹੀ ਬੱਚਾ ਹੈ। ਮੁੰਡੇ-ਕੁੜੀ ਦਾ ਭੇਦ ਵੀ ਨਹੀਂ ਹੈ।

ਪਰ ਹੁਣ ਅਜਿਹਾ ਕੀ ਹੋਇਆ ਹੈ ਕਿ ਭਾਰਤ, ਜੋ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਚੁੱਕਾ ਹੈ, ਉੱਥੇ ਕੋਈ ਨੇਤਾ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਦੇ ਰਿਹਾ ਹੈ? ਅੱਜ ਵੀ ਦੇਸ਼ ਦੀ ਬਹੁਤੀ ਆਬਾਦੀ ਕੋਲ ਮਾਮੂਲੀ ਸਹੂਲਤਾਂ ਤੱਕ ਨਹੀਂ ਹਨ। ਕਿਤੇ ਪਾਣੀ ਨਹੀਂ ਹੈ, ਕਿਤੇ ਇਲਾਜ ਨਹੀਂ ਹੈ, ਕਿਤੇ ਸਿੱਖਿਆ ਦਾ ਸਹੀ ਪ੍ਰਬੰਧ ਨਹੀਂ ਹੈ। ਅਜਿਹੇ ’ਚ ਜੇਕਰ ਮੰਨ ਲਓ ਪੂਰੇ ਦੇਸ਼ ’ਚ ਲੋਕ ਚਾਰ-ਚਾਰ ਬੱਚੇ ਪੈਦਾ ਕਰਨ ਲੱਗ ਜਾਣ, ਤਾਂ ਕੀ ਹੋਵੇਗਾ? ਕੀ ਸਾਡੇ ਕੋਲ ਇੰਨਾ ਅੰਨ, ਦੁੱਧ, ਦਵਾਈਆਂ, ਰੇਲ ਗੱਡੀਆਂ, ਬੱਸਾਂ, ਹਸਪਤਾਲ, ਸਕੂਲ ਹਨ, ਜੋ ਆਬਾਦੀ ਦੇ ਇਸ ਧਮਾਕੇ ਨੂੰ ਸੰਭਾਲ ਸਕਣ? ਕਿਹਾ ਜਾ ਰਿਹਾ ਹੈ ਕਿ ਕਿਉਂਕਿ ਦੱਖਣ ਨੇ ਆਪਣੇ ਇੱਥੇ ਪਰਿਵਾਰ ਨਿਯੋਜਨ ਦੀਆਂ ਨੀਤੀਆਂ ਨੂੰ ਠੀਕ ਨਾਲ ਲਾਗੂ ਕੀਤਾ, ਇਸ ਲਈ ਉੱਤਰ ਦੇ ਮੁਕਾਬਲੇ ਉਨ੍ਹਾਂ ਦੀ ਆਬਾਦੀ ਘਟ ਗਈ ਹੈ। ਉਨ੍ਹਾਂ ਨੂੰ ਆਪਣੀ ਆਬਾਦੀ ਵਧਾਉਣ ਦੀ ਲੋੜ ਹੈ, ਨਹੀਂ ਤਾਂ ਉਹ ਪਿਛੜ ਜਾਣਗੇ। ਕੀ ਸੱਚਮੁੱਚ ਆਬਾਦੀ ਜ਼ਿਆਦਾ ਹੋਣ ਨਾਲ ਹੀ ਅਸੀਂ ਅੱਗੇ ਵਧਦੇ ਹਾਂ? ਫਿਰ ਤਾਂ ਅਮਰੀਕਾ, ਰੂਸ, ਜਰਮਨੀ, ਆਸਟ੍ਰੇਲੀਆ ਆਦਿ ਦੇਸ਼ਾਂ ਨੂੰ ਪਿੱਛੇ ਹੀ ਰਹਿਣਾ ਚਾਹੀਦਾ ਸੀ, ਜਦੋਂ ਕਿ ਅਸੀਂ ਸਾਧਨਾਂ ਦੇ ਮਾਮਲੇ ਤੱਕ ’ਚ ਇਨ੍ਹਾਂ ਤੋਂ ਬਹੁਤ ਪਿੱਛੇ ਹਾਂ।

ਦੁਨੀਆ ਦੇ ਤਮਾਮ ਦੇਸ਼ਾਂ ’ਚ ਆਬਾਦੀ ਘਟ ਰਹੀ ਹੈ। ਰੂਸ ’ਚ ਤਾਂ ਦਸ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਨਮਾਨਿਤ ਕਰਨ ਤੱਕ ਦਾ ਐਲਾਨ ਹੋਇਆ ਹੈ। ਚੀਨ ਨੇ ਨੌਜਵਾਨਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਹਨ, ਜਿਸ ਨਾਲ ਉਹ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ। ਜਾਪਾਨ, ਅਮਰੀਕਾ ਆਦਿ ਦੇਸ਼ਾਂ ’ਚ ਵੀ ਵੱਧ ਬੱਚੇ ਪੈਦਾ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ ਪਰ ਲੋਕ ਹਨ ਕਿ ਮੰਨ ਨਹੀਂ ਰਹੇ। ਖ਼ਾਸ ਤੌਰ ’ਤੇ ਔਰਤਾਂ। ਉਹ ਕਹਿ ਰਹੀਆਂ ਹਨ ਕਿ ਅਸੀਂ ਕਿਉਂ ਬੱਚੇ ’ਤੇ ਬੱਚਾ ਪੈਦਾ ਕਰਦੀਆਂ ਜਾਈਏ? ਇਹ ਸਾਡਾ ਸਰੀਰ ਹੈ, ਇਸ ਲਈ ਫ਼ੈਸਲਾ ਵੀ ਸਾਡਾ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਜੇਕਰ ਇਕ ਪਾਸੇ ਤੁਸੀਂ ਚਾਹੁੰਦੇ ਹੋ ਕਿ ਔਰਤਾਂ ਨੌਕਰੀ ਕਰਨ, ਘਰ ਵੀ ਸੰਭਾਲਣ, ਤਾਂ ਉਹ ਹਰ ਰੋਜ਼ ਬੱਚੇ ਪੈਦਾ ਕਿਵੇਂ ਕਰਨ? ਕਿਉਂ ਕਰਨ?

ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਤਾਂ ਇਹ ਫ਼ੈਸਲਾ ਵੀ ਉਸੇ ਨੇ ਕਰਨਾ ਹੈ ਕਿ ਉਹ ਬੱਚੇ ਪੈਦਾ ਕਰਨਾ ਚਾਹੁੰਦੀ ਹੈ ਜਾਂ ਨਹੀਂ। ਉਂਝ ਵੀ ‘ਡਿੰਕ’ ਭਾਵ ਡਬਲ ਇਨਕਮ ਨੋ ਕਿਡਜ਼ ਵਰਗੀਆਂ ਗੱਲਾਂ ਵੀ ਰਿਵਾਜ਼ ’ਚ ਹਨ। ਅਜਿਹੇ ਕਈ ਜੋੜਿਆਂ ਨੂੰ ਮਿਲੀ ਵੀ ਹਾਂ, ਜਿਨ੍ਹਾਂ ਨੂੰ ਬੱਚੇ ਨਹੀਂ ਚਾਹੀਦੇ। ਫਿਰ ਨਾਰੀਵਾਦੀ ਵਿਚਾਰਾਂ ਨੇ ਸਿਖਾਇਆ ਕਿ ਕੁੱਖ ਤੁਹਾਡੀ ਸਭ ਤੋਂ ਵੱਡੀ ਦੁਸ਼ਮਣ ਹੈ, ਤਾਂ ਅਚਾਨਕ ਨੇਤਾਵਾਂ ਦੇ ਕਹਿਣ ਨਾਲ ਔਰਤਾਂ ਕਿਉਂ ਮੰਨ ਲੈਣ ਕਿ ਕੁੱਖ ਉਨ੍ਹਾਂ ਦੀ ਸਭ ਤੋਂ ਵੱਡੀ ਮਿੱਤਰ ਹੈ, ਇਸ ਲਈ ਸਿੱਖਿਆ ਅਤੇ ਆਤਮ-ਨਿਰਭਰਤਾ ਨਾਲੋਂ ਵੀ ਵੱਧ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਬਾਰੇ ਸੋਚਣਾ ਚਾਹੀਦਾ ਹੈ।

ਇਕ ਪਾਸੇ ਸਾਡੇ ਨੇਤਾ ਆਪਣੀ ਪਿੱਠ ਥਾਪੜਨ ਤੋਂ ਬਾਜ਼ ਨਹੀਂ ਆਉਂਦੇ ਕਿ ਦੇਖੋ ਜੀ ਅਸੀਂ ਔਰਤਾਂ ਲਈ ਕੀ-ਕੀ ਕਰ ਦਿੱਤਾ। ਉਨ੍ਹਾਂ ਲਈ ਸਿੱਖਿਆ ਸੌਖੀ ਕਰ ਦਿੱਤੀ। ਰੋਜ਼ਗਾਰ ਦੇ ਅਵਸਰ ਵਧਾ ਦਿੱਤੇ। ਫ੍ਰੀ ਟਿਕਟ ਦੇ ਕੇ ਉਨ੍ਹਾਂ ਦੀ ਯਾਤਰਾ ਆਸਾਨ ਕਰ ਦਿੱਤੀ। ਪੁਲਸ ਥਾਣੇ ਬਣਾ ਦਿੱਤੇ। ਪਰਿਵਾਰ ਅਦਾਲਤਾਂ ਬਣਾ ਦਿੱਤੀਆਂ ਪਰ ਔਰਤ ਦੀ ਉਹ ਰਵਾਇਤੀ ਤਸਵੀਰ, ਜਿੱਥੇ ਉਸ ਦਾ ਸਭ ਤੋਂ ਮਹੱਤਵਪੂਰਨ ਕੰਮ ਬਸ ਮਾਂ ਬਣਨਾ ਹੈ, ਉਸੇ ਨੂੰ ਪਾਲਦੇ-ਪੋਸਦੇ ਰਹਿੰਦੇ ਹਨ। ਇਹ ਫ਼ੈਸਲਾ ਔਰਤਾਂ ’ਤੇ ਹੀ ਛੱਡ ਦਿਓ ਕਿ ਉਹ ਕੀ ਕਰਨਾ ਚਾਹੁੰਦੀਆਂ ਹਨ। ਉਹ ਇਕ ਬੱਚਾ ਚਾਹੁੰਦੀਆਂ ਹਨ, ਦੋ, ਚਾਰ ਜਾਂ ਇਕ ਵੀ ਨਹੀਂ। ਕਿਉਂਕਿ ਬੱਚੇ ਪਾਲਣਾ ਇਨ੍ਹਾਂ ਦਿਨਾਂ ’ਚ ਬਹੁਤ ਔਖਾ ਵੀ ਹੈ।

ਪੱਛਮੀ ਦੇਸ਼ਾਂ ਵਾਂਗ ਭਾਰਤ ’ਚ ਅਜਿਹਾ ਨਹੀਂ ਹੈ ਕਿ ਇਕ ਉਮਰ ਤੋਂ ਬਾਅਦ ਬੱਚਿਆਂ ਦੀ ਕੋਈ ਜ਼ਿੰਮੇਵਾਰੀ ਮਾਪੇ ਨਾ ਚੁੱਕਣ। ਇੱਥੋਂ ਤੱਕ ਕਿ ਸਿੱਖਿਆ ਲਈ ਜੋ ਕਰਜ਼ਾ ਉੱਥੇ ਬੱਚੇ ਲੈਂਦੇ ਹਨ, ਉਸ ਨੂੰ ਕਈ ਵਾਰ ਜ਼ਿੰਦਗੀ ਭਰ ਮੋੜਦੇ ਹਨ। ਮਾਪੇ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦੇ, ਜਦੋਂ ਕਿ ਸਾਡੇ ਇੱਥੇ ਬੁੱਢੇ ਹੋਣ ਤੱਕ ਬੱਚੇ ਜਿਵੇਂ ਮਾਪਿਆਂ ਦੀ ਹੀ ਜ਼ਿੰਮੇਵਾਰੀ ਰਹਿੰਦੇ ਹਨ। ਕਿਰਪਾ ਕਰ ਕੇ ਆਪਣੇ ਸਿਆਸੀ ਸੁਆਰਥ ਲਈ ਪਰਿਵਾਰਾਂ ਨੂੰ ਬਖ਼ਸ਼ੋ। ਇਨ੍ਹਾਂ ਦਿਨਾਂ ’ਚ ਇਲਾਜ ਜਾਂ ਸਿੱਖਿਆ ਜਿੰਨੀ ਮਹਿੰਗੀ ਹੈ ਅਤੇ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ, ਅਜਿਹੇ ’ਚ ਕੌਣ ਬਹੁਤ ਸਾਰੇ ਬੱਚੇ ਪਾਲ ਸਕਦਾ ਹੈ।

ਕਸ਼ਮਾ ਸ਼ਰਮਾ


author

Rakesh

Content Editor

Related News