ਜਨਤਾ ਹੀ ਕੱਸੇ ਬਦਜ਼ੁਬਾਨ ਰਾਜਨੀਤੀ ਦੀ ਲਗਾਮ

Thursday, Jun 05, 2025 - 06:04 PM (IST)

ਜਨਤਾ ਹੀ ਕੱਸੇ ਬਦਜ਼ੁਬਾਨ ਰਾਜਨੀਤੀ ਦੀ ਲਗਾਮ

ਭਾਜਪਾ ਨੇ ਕਰਨਾਟਕ ’ਚ ਆਪਣੇ ਦੋ ਵਿਧਾਇਕਾਂ - ਐੱਸ. ਟੀ. ਸੋਮਸ਼ੇਖਰ ਅਤੇ ਸ਼ਿਵਰਾਮ ਹੇਬਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਸਾਲਾਂ ਲਈ ਕੱਢ ਦਿੱਤਾ ਪਰ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਬਿਆਨ ਦੇਣ ਵਾਲੇ ਨੇਤਾਵਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਅਜਿਹੇ ਨੇਤਾਵਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ। ਸਾਡੀ ਰਾਜਨੀਤੀ ਆਪਣੇ ਰਾਜਨੀਤਿਕ ਵਿਰੋਧੀਆਂ ਵਿਰੁੱਧ ਭਾਸ਼ਾ ਦੀ ਮਰਿਆਦਾ ਨੂੰ ਬਹੁਤ ਪਹਿਲਾਂ ਭੁੱਲ ਗਈ ਹੈ ਪਰ ਹੁਣ ਸਿਆਸਤਦਾਨ ਦੇਸ਼ ਅਤੇ ਸਮਾਜ ਦੇ ਵਿਆਪਕ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਨਹੀਂ ਝਿਜਕਦੇ।

ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ‘ਆਪ੍ਰੇਸ਼ਨ ਸਿੰਧੂਰ’ ਦੀ ਮੀਡੀਆ ਬ੍ਰੀਫਿੰਗ ਦੀ ਜ਼ਿੰਮੇਵਾਰੀ 3 ਸੀਨੀਅਰ ਅਧਿਕਾਰੀਆਂ- ਵਿਦੇਸ਼ ਸਕੱਤਰ ਵਿਕਰਮ ਮਿਸਰੀ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੂੰ ਦੇਣ ਪਿੱਛੇ ਸਰਕਾਰ ਅਤੇ ਫੌਜ ਦੀ ਸੋਚ ਵੱਡਾ ਸੰਦੇਸ਼ ਦੇਣ ਦੀ ਰਹੀ ਹੋਵੇਗੀ ਪਰ ਸੱਤਾਧਾਰੀ ਪਾਰਟੀ ਭਾਜਪਾ ਆਗੂਆਂ ਦੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨੇ ਖੁਦ ਸਰਕਾਰ ਅਤੇ ਪਾਰਟੀ ਦੇ ਨਾਲ-ਨਾਲ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।

ਭਾਜਪਾ ਸਮੇਤ ਕਿਸੇ ਵੀ ਪਾਰਟੀ ’ਚ ਅਜਿਹੇ ਬਹਾਦਰ ਬਿਆਨਾਂ ਦੀ ਕਦੇ ਕਮੀ ਨਹੀਂ ਹੋਈ ਪਰ ਤਾਜ਼ਾ ਐਪੀਸੋਡ ’ਚ, ਪਹਿਲਾ ਬਿਆਨ ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਜੇ ਸ਼ਾਹ ਦਾ ਆਇਆ। ਸ਼ਾਹ ਨੇ ਇਕ ਪ੍ਰੋਗਰਾਮ ’ਚ ‘ਆਪ੍ਰੇਸ਼ਨ ਸਿੰਧੂਰ’ ਦੇ ਸੰਦਰਭ ’ਚ ਕਰਨਲ ਸੋਫੀਆ ਬਾਰੇ ਕਿਹਾ ਕਿ ‘ਉਸਨੇ ਸਾਡੇ ਹਿੰਦੂਆਂ ਦੇ ਕੱਪੜੇ ਉਤਾਰ ਕੇ ਮਾਰ ਦਿੱਤੇ ਅਤੇ ਮੋਦੀ ਜੀ ਨੇ ਉਸਦੀ ਭੈਣ ਨੂੰ ਕੁੱਟਣ ਲਈ ਉਸਦੇ ਘਰ ਭੇਜਿਆ।’

ਇਹ ਬਿਆਨ ਸਮਾਜ ਹੀ ਨਹੀਂ ਸਗੋਂ ਦੇਸ਼ ਵਿਰੋਧੀ ਵੀ ਹੈ ਪਰ ਵਿਆਪਕ ਨਿੰਦਾ ਦੇ ਬਾਵਜੂਦ, ਸ਼ਾਹ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਫਿਰ ਵੀ, ਜੇਕਰ ਸ਼ਾਹ ਕਾਨੂੰਨ ਦੇ ਸ਼ਿਕੰਜੇ ’ਚ ਫੱਸਦੇ ਨਜ਼ਰ ਆ ਰਹੇ ਹਨ ਤਾਂ ਇਸਦਾ ਸਿਹਰਾ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਬਲਪੁਰ ਬੈਂਚ ਨੂੰ ਜਾਂਦਾ ਹੈ, ਜਿਸਨੇ ਖੁਦ ਨੋਟਿਸ ਲਿਆ ਅਤੇ ਸਬੰਧਤ ਧਾਰਾਵਾਂ ਤਹਿਤ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿੱਤਾ। ਫਿਰ ਵੀ, ਜਿਸ ਤਰ੍ਹਾਂ ਪੁਲਸ ਨੇ ਇਕ ਢਿੱਲੀ ਐੱਫ.ਆਈ.ਆਰ. ਲਿਖੀ ਅਤੇ ਦੇਰੀ ਦਿਖਾਈ, ਇਸ ਨੇ ਇਕ ਸੁਨੇਹਾ ਭੇਜਿਆ ਕਿ ‘ਉੱਪਰ ਵਾਲੇ’ ਸ਼ਾਹ ਨੂੰ ਬਚਾ ਰਹੇ ਹਨ।

ਹਾਈ ਕੋਰਟ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਸਹੀ ਢੰਗ ਨਾਲ ਐੱਫ.ਆਈ.ਆਰ. ਦਰਜ ਕਰਵਾਈ ਅਤੇ ਅਾਪਣੀ ਨਿਗਰਾਨੀ ਹੇਠ ਜਾਂਚ ਦੀ ਗੱਲ ਕਹੀ ਤਾਂ ਸ਼ਾਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਸ਼ਾਹ ਦੀ ਮੁਆਫ਼ੀ ਨੂੰ ਮਗਰਮੱਛ ਦੇ ਹੰਝੂ ਮੰਨਦੇ ਹੋਏ ਰੱਦ ਕਰ ਦਿੱਤਾ ਪਰ ਹਾਈ ਕੋਰਟ ’ਚ ਸੁਣਵਾਈ ਅਤੇ ਐੱਸ.ਆਈ.ਟੀ. ਜਾਂਚ ਪੂਰੀ ਹੋਣ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿੱਤੀ। ਬੇਸ਼ੱਕ ਸ਼ਾਹ ਨੂੰ ਕਾਨੂੰਨੀ ਰਾਹਤ ਮਿਲ ਗਈ ਹੈ ਪਰ ਭਾਜਪਾ ਘੱਟੋ-ਘੱਟ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੀ ਨੈਤਿਕ ਜ਼ਿੰਮੇਵਾਰੀ ਤੋਂ ਤਾਂ ਮੁਕਤ ਨਹੀਂ ਹੋ ਸਕਦੀ।

ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਸ਼ਾਹ ਤੋਂ ਵੀ ਅੱਗੇ ਗਏ। ਉਨ੍ਹਾਂ ਕਿਹਾ ਕਿ ‘ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਦੇ ਪੈਰਾਂ ’ਤੇ ਪੂਰਾ ਦੇਸ਼, ਦੇਸ਼ ਦੀ ਫੌਜ ਅਤੇ ਉਹ ਸੈਨਿਕ ਝੁਕਦੇ ਹਨ।’ ਜਿਸ ਫੌਜ ਦੀ ਬਹਾਦਰੀ ਨੂੰ ਦੇਸ਼ ਸਲਾਮ ਕਰਦਾ ਹੈ, ਉਸ ਦਾ ਅਜਿਹਾ ਅਪਮਾਨ ਅਸਹਿਣਯੋਗ ਹੈ। ਫਿਰ ਵੀ ਦੇਵੜਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਦੌਰਾਨ, ਮੱਧ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨਰਿੰਦਰ ਪ੍ਰਜਾਪਤੀ ਦਾ ਇਹ ਬਿਆਨ ਵੀ ਦੇਸ਼ ਅਤੇ ਫੌਜ ਦੇ ਮਾਣ ਨੂੰ ਵਧਾਉਣ ਵਾਲਾ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਦੇ ਦਬਾਅ ਹੇਠ ਅਚਾਨਕ ਜੰਗਬੰਦੀ ਕਰਨੀ ਪਈ। ਇਤਰਾਜ਼ਯੋਗ ਬਿਆਨਾਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਦਾ। ਹਰਿਆਣਾ ਭਾਜਪਾ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਅਹਿਲਿਆਬਾਈ ਹੋਲਕਰ ਨਾਲ ਸਬੰਧਤ ਇਕ ਪ੍ਰੋਗਰਾਮ ’ਚ ਇਕ ਅਸੰਵੇਦਨਸ਼ੀਲ ਬਿਆਨ ਦਿੱਤਾ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿਚ ਜਿਨ੍ਹਾਂ 26 ਭੈਣਾਂ ਦਾ ਸਿੰਧੂਰ ਉਜਾੜਿਆ ਗਿਆ ਸੀ, ਉਨ੍ਹਾਂ ’ਚ ‘ਵੀਰਾਂਗਨਾ ਦਾ ਭਾਵ’ ਨਹੀਂ ਸੀ। ਸਾਡੇ ਲੋਕ ਹੱਥ ਜੋੜਦੇ ਮਰ ਗਏ। ਸਿਰਫ਼ ਹੱਥ ਜੋੜ ਦੇ ਕੌਣ ਜਾਣ ਦਿੰਦਾ ਹੈ! ਜੇਕਰ ਸਾਡੇ ਸੈਲਾਨੀਆਂ ਨੇ ਅੱਤਵਾਦੀਆਂ ਨਾਲ ਲੜਨ ਦੀ ਹਿੰਮਤ ਦਿਖਾਈ ਹੁੰਦੀ, ਤਾਂ ਸ਼ਾਇਦ ਘੱਟ ਲੋਕ ਮਾਰੇ ਜਾਂਦੇ... ਅਤੇ ਕੁਝ ਅੱਤਵਾਦੀ ਵੀ ਮਾਰੇ ਜਾਂਦੇ।

ਜਾਂਗੜਾ ਦਾ ਬਿਆਨ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਤੋਂ ਘੱਟ ਨਹੀਂ ਸੀ। ਉਸ ਬਿਆਨ ਦੀ ਵੀ ਹਰ ਪਾਸਿਓਂ ਆਲੋਚਨਾ ਹੋਈ ਪਰ ਹੋਰ ਬਿਆਨ ਦੇਣ ਵਾਲਿਆਂ ਵਾਂਗ, ਜਾਂਗੜਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਬੇਸ਼ੱਕ, ਭਾਜਪਾ ਨੇ ਇਨ੍ਹਾਂ ਬਿਆਨਾਂ ਨਾਲ ਅਸਹਿਮਤੀ ਪ੍ਰਗਟ ਕੀਤੀ। ਐੱਨ. ਡੀ. ਏ. ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੀ ਮੀਟਿੰਗ ’ਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੋਲਣ ਵੇਲੇ ਸੰਜਮ ਰੱਖਣ ਦੀ ਸਲਾਹ ਦਿੱਤੀ ਹੈ ਪਰ ਭਾਜਪਾ ਆਗੂ ਨਹੀਂ ਸੁਣਦੇ।

ਹਾਲ ਹੀ ’ਚ, ਕਰਨਾਟਕ ਦੇ ਭਾਜਪਾ ਵਿਧਾਇਕ ਐੱਨ. ਰਵੀਕੁਮਾਰ ਨੇ ਕਲਬੁਰਗੀ ਦੀ ਡਿਪਟੀ ਕਮਿਸ਼ਨਰ ਫੌਜੀਆ ਤਰੰਨੁਮ ਬਾਰੇ ਟਿੱਪਣੀ ਕੀਤੀ ਸੀ ਕਿ ਅਜਿਹਾ ਲੱਗਦਾ ਹੈ ਕਿ ਉਹ ਪਾਕਿਸਤਾਨ ਤੋਂ ਆਈ ਹੈ। ਮਾਮਲਾ ਵਧਦਾ ਦੇਖ ਕੇ, ਰਵੀਕੁਮਾਰ ਨੇ ਅਫਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਹੈ ਪਰ ਕਿਉਂਕਿ ਕਰਨਾਟਕ ਵਿਚ ਕਾਂਗਰਸ ਦੀ ਸਰਕਾਰ ਹੈ, ਇਸ ਮਾਮਲੇ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।

ਹੋਰ ਪਾਰਟੀਆਂ ਦੇ ਆਗੂ ਵੀ ਵਿਵਾਦਪੂਰਨ ਬਿਆਨ ਦੇਣ ’ਚ ਪਿੱਛੇ ਨਹੀਂ ਹਨ। ਰਾਜ ਸਭਾ ਮੈਂਬਰ ਰਾਮ ਗੋਪਾਲ ਯਾਦਵ ਏਅਰ ਮਾਰਸ਼ਲ ਭਾਰਤੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਦੀ ਜਾਤੀ ਦਾ ਖੁਲਾਸਾ ਕਰ ਕੇ ‘ਆਪ੍ਰੇਸ਼ਨ ਸਿੰਧੂਰ’ ਰਾਹੀਂ ਸਮਾਜਵਾਦੀ ਪਾਰਟੀ ਦੀ ‘ਪੀ. ਡੀ. ਏ.’ ਵੋਟ ਬੈਂਕ ਰਾਜਨੀਤੀ ਕਰਨ ਤੋਂ ਝਿਜਕਿਆ ਨਹੀਂ। ਭਾਰਤੀ ਫੌਜ, ਜੋ ਦੇਸ਼ ਲਈ ਹਮੇਸ਼ਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿੰਦੀ ਹੈ, ਦੇ ਅਜਿਹੇ ਅਪਮਾਨ ’ਤੇ ਸਪਾ ਹਾਈਕਮਾਨ ਦੀ ਚੁੱਪੀ ਉਸਨੂੰ ਕਟਹਿਰੇ ’ਚ ਖੜ੍ਹੀ ਕਰ ਦਿੰਦੀ ਹੈ।

ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੈ ਰਾਏ ਨੇ ਪਹਿਲਗਾਮ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਰਾਫੇਲ ਜਹਾਜ਼ ਦੀ ਨਿੰਬੂ ਮਿਰਚ ਟੰਗਣ ਵਾਲੀ ਫੋਟੋ ਪੋਸਟ ਕੀਤੀ, ਉਹ ਫੌਜ ਦੀ ਸਾਖ ਨਾਲ ਖੇਡਣ ਦੇ ਨਾਲ-ਨਾਲ ਇਕ ਰਾਸ਼ਟਰ ਵਿਰੋਧੀ ਕਾਰਵਾਈ ਤੋਂ ਘੱਟ ਨਹੀਂ ਸੀ। ਊਧਵ ਠਾਕਰੇ ਦੀ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਉਤ ਹੁਣ ਸਪੱਸ਼ਟੀਕਰਨ ਦੇ ਰਹੇ ਹਨ ਕਿ ਉਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ ’ਤੇ ਰਾਜਨੀਤੀ ਨੂੰ ਅਸਫਲਤਾ ਕਿਹਾ ਸੀ, ਨਾ ਕਿ ਆਪ੍ਰੇਸ਼ਨ ਸਿੰਧੂਰ ਦੀ ਅਸਫਲਤਾ। ਸਰਕਾਰ ਅਤੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਸਮੇਤ ਕੁਝ ਹੋਰ ਕਾਂਗਰਸੀ ਨੇਤਾਵਾਂ ਦੇ ਬਿਆਨ ਵੀ ਲਕਸ਼ਮਣ ਰੇਖਾ ਨੂੰ ਪਾਰ ਕਰ ਗਏ, ਪਰ ਉਨ੍ਹਾਂ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਦਿਖਾਈ ਦਿੱਤੀ।

ਜੇਕਰ ਸਬੰਧਤ ਪਾਰਟੀ ਦੀ ਹਾਈਕਮਾਨ ਕੋਲ ਬਦ-ਜ਼ੁਬਾਨੀ ਦੀ ਰਾਜਨੀਤੀ ਨੂੰ ਰੋਕਣ ਦੀ ਹਿੰਮਤ ਨਹੀਂ ਹੈ ਤਾਂ ਵੋਟਰਾਂ ਨੂੰ ਅਜਿਹੇ ਨੇਤਾਵਾਂ ਨੂੰ ਨਕਾਰਨ ਦਾ ਪ੍ਰਣ ਲੈਣਾ ਚਾਹੀਦਾ ਹੈ।

ਰਾਜ ਕੁਮਾਰ ਸਿੰਘ


author

Rakesh

Content Editor

Related News