ਸੰਸਾਰਕ ਤਣਾਅ ਵਿਚਾਲੇ ਨਵੇਂ ਬਾਜ਼ਾਰਾਂ ਦੀ ਭਾਲ ’ਚ ਭਾਰਤੀ ਉਦਯੋਗ
Saturday, Dec 06, 2025 - 04:51 PM (IST)
ਦੁਨੀਆ ਇਸ ਸਮੇਂ ਬੇਮਿਸਾਲ ਭੂ-ਰਾਜਨੀਤਿਕ ਤਣਾਅ ’ਚੋਂ ਲੰਘ ਰਹੀ ਹੈ। ਅਮਰੀਕਾ ਅਤੇ ਰੂਸ ਵਿਚਾਲੇ ਵਧਦੇ ਟਕਰਾਅ ਨੇ ਸੰਸਾਰਕ ਮਾਹੌਲ ਨੂੰ ਦੋ ਖੇਮਿਆਂ ’ਚ ਵੰਡ ਦਿੱਤਾ ਹੈ। ਜੰਗਲ ਦੀ ਅੱਗ ਵਾਂਗ ਫੈਲਦੇ ਇਨ੍ਹਾਂ ਤਣਾਵਾਂ ਨੇ ਕੌਮਾਂਤਰੀ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ। ਇਸ ਗੁੰਝਲਦਾਰ ਹਾਲਾਤ ’ਚ ਭਾਰਤ ਖੁਦ ਨੂੰ ਇਕ ਅਜਿਹੇ ਚੌਰਾਹੇ ’ਤੇ ਦੇਖਦਾ ਹੈ ਜਿੱਥੇ ਰਾਸ਼ਟਰੀ ਹਿੱਤ, ਵਪਾਰਕ ਸੰਤੁਲਨ ਅਤੇ ਸਿਆਸੀ ਰਣਨੀਤੀ ਨੂੰ ਬੇਹੱਦ ਸਾਵਧਾਨੀ ਨਾਲ ਸੰਭਾਲਣਾ ਜ਼ਰੂਰੀ ਹੋ ਗਿਆ ਹੈ।
ਭਾਰਤ ਅਤੇ ਰੂਸ ਦੇ ਸੰਬੰਧ ਦਹਾਕਿਆਂ ਤੋਂ ਬੇਹੱਦ ਡੂੰਘੇ ਰਹੇ ਹਨ। ਰੱਖਿਆ ਖੇਤਰ ’ਚ ਭਾਰਤ ਦੀ ਜ਼ਿਆਦਾਤਰ ਨਿਰਭਰਤਾ ਰੂਸ ’ਤੇ ਹੀ ਹੈ। ਅੱਜ ਵੀ ਭਾਰਤ ਦੇ ਫੌਜੀ ਉਪਕਰਣਾਂ ਦਾ ਵੱਡਾ ਹਿੱਸਾ ਰੂਸੀ ਤਕਨੀਕ ’ਤੇ ਆਧਾਰਿਤ ਹੈ, ਨਾਲ ਹੀ ਰੂਸ ਭਾਰਤ ਲਈ ਊਰਜਾ ਦਾ ਮਹੱਤਵਪੂਰਨ ਸਰੋਤ ਬਣ ਚੁੱਕਾ ਹੈ। ਅਜਿਹੇ ’ਚ ਅਮਰੀਕਾ ਦਾ ਇਹ ਦਬਾਅ ਕਿ ਭਾਰਤ ਰੂਸ ਤੋਂ ਤੇਲ ਦਰਾਮਦ ਬੰਦ ਕਰੇ ਅਤੇ ਪੱਛਮੀ ਖੇਮੇ ਦਾ ਸਾਥ ਦੇਵੇ, ਭਾਰਤ ਲਈ ਰਣਨੀਤਿਕ ਜੋਖਮ ਪੈਦਾ ਕਰ ਸਕਦਾ ਹੈ। ਭਾਰਤ ਦਾ ਤਰਕ ਸਪੱਸ਼ਟ ਹੈ ਕਿ ਰੂਸ ਤੋਂ ਦੂਰੀ ਬਣਾਉਣਾ ਅਜੇ ਸੰਭਵ ਨਹੀਂ ਹੈ, ਨਾ ਸੁਰੱਖਿਆ ਦੇ ਮੱਦੇਨਜ਼ਰ ਅਤੇ ਨਾ ਆਰਥਿਕ ਤੌਰ ’ਤੇ। ਇਹੀ ਕਾਰਨ ਹੈ ਕਿ ਭਾਰਤ ਨੂੰ ਆਪਣੀ ਵਿਦੇਸ਼ ਨੀਤੀ ’ਚ ਅਜਿਹਾ ਸੰਤੁਲਨ ਬਣਾਉਣਾ ਪੈ ਰਿਹਾ ਹੈ ਜਿਸ ਨੂੰ ਕੌਮਾਂਤਰੀ ਮਾਹਿਰ ‘ਸਟ੍ਰੈਟਜਿਕ ਅਟੋਨੋਮੀ’ ਕਹਿ ਰਹੇ ਹਨ।
ਦੂਜੇ ਪਾਸੇ ਚੀਨ ਆਪਣੀ ਆਰਥਿਕ ਸ਼ਕਤੀ ਅਤੇ ਵਿਸਥਾਰਵਾਦੀ ਨੀਤੀ ਕਾਰਨ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਸ ਦਾ ਪਾਕਿਸਤਾਨ ਨੂੰ ਲਗਾਤਾਰ ਸਮਰਥਨ ਭਾਰਤ ਲਈ ਸੁਰੱਖਿਆ ਚੁਣੌਤੀ ਅਤੇ ਆਰਥਿਕ ਮੁਕਾਬਲੇਬਾਜ਼ੀ ਦੋਵਾਂ ਦਾ ਕਾਰਨ ਹੈ। ਚੀਨ ਦੀ ਸਸਤੀ ਉਤਪਾਦਨ ਸਮਰੱਥਾ ਭਾਰਤੀ ਉਦਯੋਗਾਂ ਲਈ ਭਾਰੀ ਦਬਾਅ ਪੈਦਾ ਕਰਦੀ ਹੈ। ਵਿਸ਼ਵ ਬਾਜ਼ਾਰਾਂ ’ਚ ਚੀਨੀ ਉਤਪਾਦਾਂ ਦੀ ਵਧਦੀ ਪਕੜ ਦੇ ਕਾਰਨ ਭਾਰਤੀ ਉਦਯੋਗਾਂ ਨੂੰ ਆਪਣੇ ਉਤਪਾਦਨ, ਗੁਣਵੱਤਾ ਅਤੇ ਵੰਡ ਸਮਰੱਥਾ ਨੂੰ ਜ਼ਿਆਦਾ ਬਿਹਤਰ ਬਣਾਉਣ ਦੀ ਲੋੜ ਹੈ। ਅਮਰੀਕਾ ਅਤੇ ਚੀਨ ਦੋਵਾਂ ਵਲੋਂ ਭਾਰਤੀ ਉਤਪਾਦਾਂ ’ਤੇ 50 ਫੀਸਦੀ ਤੱਕ ਟੈਰਿਫ ਲਗਾਇਆ ਜਾਣਾ ਭਾਰਤ ਦੇ ਬਰਾਮਦ ਖੇਤਰ ਲਈ ਵੱਡਾ ਝਟਕਾ ਹੈ। ਇਹ ਫੈਸਲਾ ਨਾ ਸਿਰਫ ਵਪਾਰ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਭਾਰਤੀ ਉਦਯੋਗਾਂ ਦੀ ਭਵਿੱਖ ਦੀ ਯੋਜਨਾ ਨੂੰ ਵੀ ਅਨਿਸ਼ਚਿਤ ਬਣਾ ਦਿੰਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਬਰਾਮਦੀ ਬਾਜ਼ਾਰ ਹੈ। ਅਜਿਹੇ ’ਚ ਇਸ ਖੇਤਰ ’ਚ ਗਿਰਾਵਟ ਭਾਰਤੀ ਵਿਦੇਸ਼ੀ ਮੁਦਰਾ ਭੰਡਾਰ ’ਤੇ ਅਸਰ ਪਾ ਸਕਦੀ ਹੈ। ਕਈ ਉਦਯੋਗ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹੀ ਹਾਂ ਭਾਰਤ ਦੇ ਛੋਟੇ ਅਤੇ ਦਰਮਿਆਨੇ ਬਰਾਮਦਕਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਣਗੇ।
ਘਰੇਲੂ ਪੱਧਰ ’ਤੇ ਵੀ ਚੁਣੌਤੀਆਂ ਘੱਟ ਨਹੀਂ ਹਨ। ਰੁਪਏ ਦੀ ਗਿਰਾਵਟ ਨੇ ਦਰਾਮਦੀ ਕੱਚੇ ਮਾਲ ਨੂੰ ਮਹਿੰਗਾ ਕਰ ਦਿੱਤਾ ਹੈ। ਸਟੀਲ, ਤਾਂਬਾ, ਇਲੈਕਟ੍ਰਾਨਿਕ ਚਿੱਪ, ਮਸ਼ੀਨਰੀ ਅਤੇ ਰਸਾਇਣ ਵਰਗੇ ਦਰਾਮਦ ਨਿਰਭਰ ਖੇਤਰਾਂ ’ਤੇ ਉਤਪਾਦਨ ਲਾਗਤ ਵਧ ਗਈ ਹੈ। ਛੋਟੇ ਅਤੇ ਦਰਮਿਆਨੇ ਉਦਯੋਗ ਪਹਿਲਾਂ ਹੀ ਮਹਾਮਾਰੀ ਤੋਂ ਉੱਭਰ ਰਹੇ ਸਨ, ਅਜਿਹੇ ’ਚ ਵਧੀ ਹੋਈ ਲਾਗਤ ਉਨ੍ਹਾਂ ਦੀ ਮੁਕਾਬਲੇਬਾਜ਼ੀ ਨੂੰ ਹੋਰ ਕਮਜ਼ੋਰ ਕਰ ਰਹੀ ਹੈ। ਇਸੇ ਦੌਰਾਨ, ਯੂਰਪ ਦੀਆਂ ਅਰਥਵਿਵਸਥਾਵਾਂ ਲਗਭਗ ਮੰਦੀ ’ਚ ਫਸੀਆਂ ਹੋਈਆਂ ਹਨ, ਜਿਸ ਦੇ ਕਾਰਨ ਭਾਰਤ ਦੀ ਬਰਾਮਦ ਨੂੰ ਉਥੋਂ ਵੀ ਸਕਾਰਾਤਮਕ ਸੰਕੇਤ ਨਹੀਂ ਮਿਲ ਰਹੇ।
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ ਆਪਣੇ ਰਵਾਇਤੀ ਵਪਾਰਕ ਢਾਂਚੇ ’ਚੋਂ ਬਾਹਰ ਨਿਕਲ ਕੇ ਨਵੇਂ ਬਾਜ਼ਾਰਾਂ ਦੀ ਭਾਲ ਕਰਨੀ ਹੋਵੇਗੀ। ਅਫਰੀਕਾ, ਲੈਟਿਨ ਅਮਰੀਕਾ, ਮੱਧ ਪੂਰਬ, ਏਸ਼ੀਅਨ ਅਤੇ ਸੈਂਟਰਲ ਏਸ਼ੀਆ ਅਜਿਹੇ ਖੇਤਰ ਹਨ ਜਿੱਥੇ ਭਾਰਤ ਕੋਲ ਵਿਆਪਕ ਸੰਭਾਵਨਾ ਮੌਜੂਦ ਹੈ। ਇਨ੍ਹਾਂ ਬਾਜ਼ਾਰਾਂ ’ਚ ਭਾਰਤ ਨਾ ਸਿਰਫ ਵਪਾਰ ਵਧਾ ਸਕਦਾ ਹੈ, ਸਗੋਂ ਨਿਵੇਸ਼ ਅਤੇ ਉਦਯੋਗਿਕ ਵਿਸਥਾਰ ਦੇ ਨਵੇਂ ਮੌਕੇ ਵੀ ਲੱਭ ਸਕਦਾ ਹੈ। ਕਈ ਭਾਰਤੀ ਕੰਪਨੀਆਂ ਅਫਰੀਕਾ ’ਚ ਪਹਿਲਾਂ ਹੀ ਮਜ਼ਬੂਤ ਹਾਜ਼ਰੀ ਬਣਾ ਚੁੱਕੀਆਂ ਹਨ, ਪਰ ਹੁਣ ਇਸ ਦਿਸ਼ਾ ’ਚ ਜ਼ਿਆਦਾ ਹਮਲਾਵਰੀ ਨੀਤੀ ਅਪਣਾਉਣ ਦੀ ਲੋੜ ਹੈ।
ਭਾਰਤੀ ਉਦਯੋਗ ਲਈ ਇਕ ਪ੍ਰਮੁੱਖ ਚੁਣੌਤੀ ਤਕਨੀਕੀ ਤਰੱਕੀ ਦੀ ਹੈ। ਦੁਨੀਆ ਤੇਜ਼ੀ ਨਾਲ ਇੰਡਸਟੀ 4.0 ਵੱਲ ਵਧ ਰਹੀ ਹੈ ਜਿੱਥੇ ਆਟੋਮੇਸ਼ਨ, ਆਰਟੀਫੀਸ਼ੀਅਲ ਇਟੈਲੀਜੈਂਸ, ਰੋਬੋਟਿਕਸ ਅਤੇ ਡਿਜੀਟਲ ਮੈਨੂਫੈਕਚਰਿੰਗ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ, ਭਾਰਤ ਨੂੰ ਇਸ ਬਦਲਾਅ ਦੇ ਨਾਲ ਕਦਮ ਮਿਲਾ ਕੇ ਚੱਲਣਾ ਹੋਵੇਗਾ। ਜੇਕਰ ਉਦਯੋਗ ਸਮੇਂ-ਸਿਰ ਨਵੀਂ ਤਕਨੀਕ ਅਪਣਾਉਣ ’ਚ ਪਿੱਛੇ ਰਿਹਾ ਤਾਂ ਸੰਸਾਰਕ ਮੁਕਾਬਲੇਬਾਜ਼ੀ ’ਚ ਪੱਛੜਨ ਦਾ ਖਤਰਾ ਹੈ। ਸਰਕਾਰ ਦੀਆਂ ਪੀ. ਐੱਲ. ਆਈ. (ਪ੍ਰੋਡਕਸ਼ਨ ਲਿੰਕਡ ਇਨਸੈਂਟਿਵ) ਯੋਜਨਾਵਾਂ ਇਸ ਦਿਸ਼ਾ ’ਚ ਸਕਾਰਾਤਮਕ ਕਦਮ ਹਨ ਪਰ ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਨੂੰ ਹੋਰ ਵਿਸਥਾਰ ਦੇਣ ਦੀ ਲੋੜ ਹੈ।
ਸਪਲਾਈ ਚੇਨ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਮਹਾਮਾਰੀ ਅਤੇ ਯੁੱਧਾਂ ਨੇ ਦਿਖਾ ਦਿੱਤਾ ਹੈ ਕਿ ਦੁਨੀਆ ਦੀ ਸਪਲਾਈ ਚੇਨ ਕਿੰਨੀ ਨਾਜ਼ੁਕ ਹੈ। ਭਾਰਤ ਦੇ ਕਈ ਉਦਯੋਗ ਅਜੇ ਵੀ ਦਰਾਮਦ ਪੁਰਜ਼ਿਆਂ ਅਤੇ ਕੱਚੇ ਮਾਲ ’ਤੇ ਨਿਰਭਰ ਹਨ। ਜੇਕਰ ਭਾਰਤ ਆਪਣੇ ਘਰੇਲੂ ਉਤਪਾਦਨ ਢਾਂਚੇ ਨੂੰ ਵਿਸਥਾਰ ਦਿੰਦਾ ਹੈ ਅਤੇ ਸਥਾਨਕ ਸਪਲਾਈ ਚੇਨ ਵਿਕਸਤ ਕਰਦਾ ਹੈ ਤਾਂ ਨਾ ਸਿਰਫ ਲਾਗਤ ਘੱਟ ਹੋਵੇਗੀ ਸਗੋਂ ਕੌਮਾਂਤਰੀ ਜੋਖਮਾਂ ਤੋਂ ਵੀ ਬਚਾਅ ਸੰਭਵ ਹੋਵੇਗਾ।
ਇਨ੍ਹਾਂ ਸਾਰੇ ਹਾਲਾਤ ’ਚ ਉਮੀਦ ਦੀ ਕਿਰਨ ਵੀ ਮੌਜੂਦ ਹੈ, ਭਾਰਤ ਦੁਨੀਆ ਦੀ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ। ਵਧੀ ਨੌਜਵਾਨ ਆਬਾਦੀ, ਤੇਜ਼ੀ ਨਾਲ ਵਧਦਾ ਤੇਜ਼ ਬਾਜ਼ਾਰ, ਡਿਜੀਟਲ ਟਰਾਂਸਫਰਮੇਸ਼ਨ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਭਾਰਤ ਨੂੰ ਇਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਮਾਹਿਰ ਮੰਨਦੇ ਹਨ ਕਿ ਜੇਕਰ ਸਰਕਾਰ ਅਤੇ ਉਦਯੋਗ ਮਿਲ ਕੇ ਰਣਨੀਤਿਕ ਫੈਸਲੇ ਲੈਂਦੇ ਹਨ ਤਾਂ ਮੌਜੂਦਾ ਸੰਸਾਰਕ ਸੰਕਟ ਭਾਰਤ ਨੂੰ ਨਵੀਆਂ ਆਰਥਿਕ ਬੁਲੰਦੀਆਂ ’ਤੇ ਪਹੁੰਚਾ ਸਕਦਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਦੁਨੀਆ ਦੀ ਬਦਲਦੀ ਰਾਜਨੀਤੀ ਅਤੇ ਅਰਥਵਿਵਸਥਾ ਭਾਰਤੀ ਉਦਯੋਗ ਦੇ ਸਾਹਮਣੇ ਕਈ ਚੁਣੌਤੀਆਂ ਲੈ ਕੇ ਆਈ ਹੈ ਪਰ ਨਾਲ ਹੀ ਇਹ ਇਕ ਇਤਿਹਾਸਕ ਮੌਕਾ ਵੀ ਹੈ। ਭਾਰਤ ਕੋਲ ਮੌਕਾ ਹੈ ਕਿ ਉਹ ਨਵੇਂ ਬਾਜ਼ਾਰਾਂ ’ਚ ਪ੍ਰਵੇਸ਼ ਕਰੇ, ਤਕਨੀਕ ਨੂੰ ਅਪਣਾਏ, ਘਰੇਲੂ ਉਦਯੋਗ ਨੂੰ ਮਜ਼ਬੂਤ ਬਣਾਏ ਅਤੇ ਸੰਸਾਰਕ ਮੰਚ ’ਤੇ ਆਪਣੀ ਆਰਥਿਕ ਸਥਿਤੀ ਨੂੰ ਹੋਰ ਮਜ਼ਬੂਤ ਕਰੇ। ਆਉਣ ਵਾਲੇ ਮਹੀਨਿਆਂ ’ਚ ਲਏ ਗਏ ਫੈਸਲੇ ਇਹ ਤੈਅ ਕਰਨਗੇ ਕਿ ਭਾਰਤ ਇਸ ਤਣਾਅ ਭਰੇ ਦੌਰ ਨੂੰ ਸੰਕਟ ’ਚ ਬਦਲਦਾ ਹੈ ਜਾਂ ਮੌਕਿਆਂ ’ਚ।
-ਸੁਰੇਸ਼ ਸ਼ਰਮਾ
