ਢਲਦੀ ਉਮਰ ਸਮਝਾਉਂਦੀ ਜੀਵਨ ਦੀ ਡੂੰਘੀ ਸੱਚਾਈ
Saturday, Dec 13, 2025 - 04:32 PM (IST)
‘ਤੁਮਹਾਰੀ ਖੁਸ਼ੀ ਤੁਮਹਾਰੇ ਦੁਖ ਕਾ ਬੇਨਕਾਬ ਰੂਪ ਹੈ।’–ਕਾਹਿਲਿਲ ਜਿਬ੍ਰਾਨ
ਅਮਰੀਕੀ ਲੇਖਕ, ਚਿੰਤਕ ਅਤੇ ਦਾਰਸ਼ਨਿਕ ਦੀ ਇਹ ਸਤਰ ਉਮਰ ਦੇ ਇਸ ਪੜਾਅ ’ਤੇ ਆ ਕੇ ਕਿਤੇ ਜ਼ਿਆਦਾ ਅਰਥਪੂਰਨ ਲੱਗਦੀ ਹੈ। 66 ਤੋਂ 67 ਵੱਲ ਵਧਦੇ ਹੋਏ ਇਕ ਸਵੇਰ, ਹੱਥ ’ਚ ਗਰਮ ਚਾਹ ਦੀ ਪਿਆਲੀ ਦੇ ਨਾਲ ਬੈਠੇ ਅਚਾਨਕ ਮਹਿਸੂਸ ਹੋਇਆ ਕਿ ਜ਼ਿੰਦਗੀ ਨੂੰ ਜਿਊਣਾ ਉਮਰ ਗਿਣਨ ਦਾ ਨਹੀਂ, ਉਸ ਨੂੰ ਸਮਝਣ ਦਾ ਸਫਰ ਹੈ। ਦਹਾਕਿਆਂ ਤੱਕ ਬੇਟੀ, ਭੈਣ, ਪਤਨੀ, ਮਾਂ ਅਤੇ ਮਾਰਗਦਰਸ਼ਕ ਬਣਨ ਤੋਂ ਬਾਅਦ ਜਿਵੇਂ ਖੁਦ ਨਾਲ ਦੁਬਾਰਾ ਮੁਲਾਕਾਤ ਹੋਈ ਹੋਵੇ। ਜੋ ਸੱਚ ਸਾਹਮਣੇ ਆਏ, ਉਹ ਬੋਝ ਨਹੀਂ ਬਣੇ, ਸਗੋਂ ਇਕ ਸ਼ਾਂਤ ਅਤੇ ਉੱਜਵਲ ਰੌਸ਼ਨੀ ਵਾਂਗ ਅੰਦਰ ਉਤਰ ਗਏ।
ਜੀਵਨ ਦਾ ਵਹਾਅ ਅਤੇ ਸਾਡੀ ਮਨਜ਼ੂਰੀ
ਸਮੇਂ ਦੇ ਨਾਲ ਬੱਚੇ ਆਪਣਾ ਰਾਹ ਚੁਣਦੇ ਹਨ। ਦੋਸਤ ਆਪਣੀਆਂ ਮੰਜ਼ਿਲਾਂ ਤਲਾਸ਼ਦੇ ਹਨ ਅਤੇ ਸਾਡਾ ਸਰੀਰ ਵੀ ਆਪਣੀ ਰਫਤਾਰ ਬਦਲ ਦਿੰਦਾ ਹੈ। ਅਸੀਂ ਜਿੰਨਾ ਜੀਵਨ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਓਨਾ ਹੀ ਹੱਥੋਂ ਨਿਕਲਦਾ ਜਾਂਦਾ ਹੈ। ਹੌਲੀ-ਹੌਲੀ ਇਹ ਸਮਝ ਆਇਆ ਕਿ ਜੀਵਨ ਨੂੰ ਵਹਿਣ ਦੇਣਾ ਹੀ ਅੰਦਰੂਨੀ ਆਜ਼ਾਦੀ ਦੀ ਸ਼ੁਰੂਆਤ ਹੈ। ਹਰ ਚੀਜ਼ ਨੂੰ ਕੰਟਰੋਲ ਕਰਨਾ ਸੰਭਵ ਨਹੀਂ ਅਤੇ ਨਾ ਹੀ ਹਰ ਬਦਲਾਅ ਨਾਲ ਲੜਨਾ ਜ਼ਰੂਰੀ ਹੈ। ਬਹੁਤ ਸਾਰੇ ਜਵਾਬ ਉਦੋਂ ਹੀ ਮਿਲਦੇ ਹਨ ਜਦੋਂ ਅਸੀਂ ਸਵੀਕਾਰ ਕਰਨਾ ਸਿੱਖ ਲੈਂਦੇ ਹਾਂ।
ਰਿਸ਼ਤਿਆਂ ਬਾਰੇ ਵੀ ਇਹੀ ਸੱਚ ਹੈ। ਲੰਬੇ ਰਿਸ਼ਤੇ ਪਰਫੈਕਟ ਹੋਣ ਨਾਲ ਨਹੀਂ ਚੱਲਦੇ, ਉਹ ਇਸ ਲਈ ਟਿਕਦੇ ਹਨ ਿਕਉਂਕਿ ਦਿਲੋਂ ਅਸੀਂ ਸਮੇਂ ਦੇ ਨਾਲ ਨਰਮ ਹੋਣਾ ਸਿੱਖ ਲੈਂਦੇ ਹਾਂ। 46 ਸਾਲ ਦੇ ਵਿਆਹ ਨੇ ਸਿਖਾਇਆ ਿਕ ਪਿਆਰ ਉਥੇ ਹੀ ਵਧਦਾ ਹੈ ਜਿਥੇ ਹਉਮੈ ਛੋਟੀ ਅਤੇ ਮੁਆਫੀ ਵੱਡੀ ਹੋ ਜਾਂਦੀ ਹੈ। ਸਾਥੀਪਨ ਕੋਈ ਪੁਰਸਕਾਰ ਨਹੀਂ, ਇਹ ਰੋਜ਼ ਨਿਭਾਇਆ ਜਾਣ ਵਾਲਾ ਇਕ ਮੌਨ ਅਨੁਸ਼ਾਸਨ ਹੈ। ਝੁਕਣਾ, ਸਮਝਣਾ ਅਤੇ ’ਚ-’ਚ ਆਪਣੇ ਆਪ ’ਤੇ ਮੁਸਕਰਾ ਲੈਣਾ ਇਹੀ ਰਿਸ਼ਤਿਆਂ ਨੂੰ ਲੰਬਾ ਬਣਾਈ ਰੱਖਦੇ ਹਨ। ਸਿਹਤ ਦੇ ਨਾਲ ਵੀ ਇਹ ਤਜਰਬਾ ਹੋਇਆ। ਉਮਰ ਵਧਣ ’ਤੇ ਸਰੀਰ ਪਹਿਲਾਂ ਹਲਕੀ ਫੁਸਫੁਸਾਹਟ ’ਚ ਸੰਕੇਤ ਦਿੰਦਾ ਹੈ, ਫਿਰ ਸਪੱਸ਼ਟ ਚਿਤਾਵਨੀ ਅਤੇ ਅੰਤ ’ਚ ਮੰਗ ਕਰਦਾ ਹੈ। ਸਿੱਖਿਆ ਇਹ ਮਿਲੀ ਕਿ ਫੁਸਫੁਸਾਹਟ ’ਚ ਹੀ ਸੁਣ ਲੈਣਾ ਚਾਹੀਦਾ ਹੈ। ਥੋੜ੍ਹਾ ਹਲਕਾ ਭੋਜਨ, ਮਨ ਦੀ ਸ਼ਾਂਤੀ, ਕੁਝ ਕਦਮ ਤੇਜ਼ ਚੱਲਣਾ, ਧੁੱਪ ਅਤੇ ਡੂੰਘੀ ਨੀਂਦ ਇਹ ਆਦਤਾਂ ਭੌਤਿਕ ਸਰੀਰ ਨੂੰ ਸੰਭਾਲੀ ਰੱਖਦੀਆਂ ਹਨ। ਸਿਹਤ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਸ਼ਾਇਦ ਇਸ ਉਮਰ ’ਚ ਸਭ ਤੋਂ ਵੱਡੀ ਜਾਇਦਾਦ ਸ਼ਾਂਤੀ ਹੈ। ਨੌਜਵਾਨ ਅਵਸਥਾ ’ਚ ਅਸੀਂ ਦੁਨੀਆ ਨੂੰ ਸਾਬਿਤ ਕਰਨ ਲਈ ਦੌੜਦੇ ਰਹਿੰਦੇ ਹਾਂ। ਹੁਣ ਸੰਨਾਟਾ ਸਾਥੀ ਵਰਗਾ ਲੱਗਦਾ ਹੈ। ਹਰ ਬਹਿਸ ’ਚ ਉਤਰਨਾ ਜ਼ਰੂਰੀ ਨਹੀਂ, ਹਰ ਟਿੱਪਣੀ ’ਤੇ ਪ੍ਰਤੀਕਿਰਿਆ ਦੇਣਾ ਵੀ ਠੀਕ ਨਹੀਂ। ਸ਼ਾਂਤੀ ਨੂੰ ਬਚਾਉਣਾ ਹੀ ਪਰਿਪੱਕਤਾ ਹੈ ਅਤੇ ਇਸ ਦੀ ਛਾਂ ’ਚ ਜੀਵਨ ਅੰਦਰੋਂ ਚਮਕਣ ਲੱਗਦਾ ਹੈ।
ਛੋਟੀਆਂ ਚੀਜ਼ਾਂ ’ਚ ਲੁਕੀ ਵੱਡੀ ਖੁਸ਼ੀ
ਹੌਲੀ-ਹੌਲੀ ਮਹਿਸੂਸ ਹੋਇਆ ਕਿ ਖੁਸ਼ੀ ਹਮੇਸ਼ਾ ਵੱਡੇ ਮੌਕਿਆਂ ’ਚ ਨਹੀਂ ਮਿਲਦੀ। ਉਹ ਇਕ ਗਰਮ ਸ਼ਾਲ ’ਚ, ਕੋਮਲ ਸੂਰਜ ਚੜ੍ਹਨ ’ਚ, ਪਿਆਨੋ ਦੀ ਕਿਸੇ ਪੁਰਾਣੀ ਧੁਨ ’ਚ ਜਾਂ ਕਿਸੇ ਅਜਿਹੇ ਇਨਸਾਨ ਦੀ ਚੁੱਪ ’ਚ ਵੀ ਮਿਲ ਜਾਂਦੀ ਹੈ, ਜੋ ਬਿਨਾਂ ਬੋਲੇ ਸਮਝਦਾ ਹੋਵੇ। ਜਿਵੇਂ-ਜਿਵੇਂ ਖੁਸ਼ੀ ਸਰਲ ਹੋਣ ਲੱਗਦੀ ਹੈ, ਜੀਵਨ ਗੈਰ-ਸਾਧਾਰਨ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿੱਖਣ ਦੀ ਲਾਲਸਾ ਵੀ ਉਮਰ ਦੇ ਨਾਲ ਗਹਿਰਾਉਂਦੀ ਗਈ। ਸ਼ਾਸਤਰਾਂ, ਉਪਨਿਸ਼ਦਾਂ, ਵੇਦ ਅਤੇ ਹੋਰ ਪ੍ਰਾਚੀਨ ਗ੍ਰੰਥਾਂ ’ਚ ਪਰਤਣ ਦਾ ਮਨ ਹੋਇਆ। ਉਨ੍ਹਾਂ ’ਚ ਲਿਖੀ ਬੁੱਧੀਮਤਾ ਕਦੇ ਪੁਰਾਣੀ ਨਹੀਂ ਹੁੰਦੀ। ਨਵੀਆਂ ਚੀਜ਼ਾਂ ਸਿੱਖਣਾ, ਨਵੇਂ ਨਜ਼ਰੀਏ ਅਪਣਾਉਣਾ, ਕੌਸ਼ਲ ਵਿਕਸਤ ਕਰਨਾ, ਇਹ ਸਭ ਮਨ ਨੂੰ ਨੌਜਵਾਨ ਬਣਾਈ ਰੱਖਦੇ ਹਨ।
ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਧਿਆਨ ਲਗਾਉਣਾ ਹੁਣ ਮੇਰੀ ਰੁਟੀਨ ਹੈ, ਉਸ ਸਮੇਂ ਦੀ ਸ਼ਾਂਤੀ ਸਿਰਫ ਮਨ ਨੂੰ ਸ਼ਾਂਤ ਨਹੀਂ ਕਰਦੀ, ਚੇਤਨਾ ਨੂੰ ਉੱਚਾ ਉਠਾਉਂਦੀ ਹੈ। ਚਿੰਤਨ, ਅਧਿਐਨ, ਧਿਆਨ, ਮੰਤਰ, ਸਵੇਰ ਦਾ ਉਜਾਲਾ ਇਹ ਮੇਰੇ ਖੁਦ ਦੇ ਅੰਦਰ ਦੀ ਯਾਤਰਾ ਦੇ ਸਾਥੀ ਬਣ ਚੁੱਕੇ ਹਨ। ਸਭ ਤੋਂ ਡੂੰਘਾ ਅਹਿਸਾਸ ਇਹ ਰਿਹਾ ਕਿ ਅਸੀਂ ਆਪਣੇ ਸਭ ਤੋਂ ਲੰਬੇ ਅਤੇ ਸਭ ਤੋਂ ਸੱਚੇ ਰਿਸ਼ਤਿਆਂ ’ਚ ਖੁਦ ਦੇ ਨਾਲ ਰਹਿੰਦੇ ਹਾਂ। ਲੋਕ ਆਉਂਦੇ-ਜਾਂਦੇ ਰਹਿੰਦੇ ਹਨ ਪਰ ਅਸੀਂ ਆਪਣੇ ਨਾਲ ਪਹਿਲੇ ਸਾਹ ਤੋਂ ਆਖਰੀ ਸਾਹ ਤੱਕ ਰਹਿੰਦੇ ਹਾਂ। ਇਸ ਲਈ ਖੁਦ ਪ੍ਰਤੀ ਕੋਮਲ ਹੋਣਾ, ਆਪਣੀ ਯਾਤਰਾ ਦਾ ਸਨਮਾਨ ਕਰਨਾ ਅਤੇ ਆਪਣੀ ਹਿੰਮਤ ਦਾ ਜਸ਼ਨ ਮਨਾਉਣਾ ਜ਼ਰੂਰੀ ਹੈ।
ਨੌਜਵਾਨਾਂ ਅਤੇ ਹਮਉਮਰਾਂ ਲਈ ਦੋ ਸੰਦੇਸ਼
ਨੌਜਵਾਨ ਪੀੜ੍ਹੀ ਨੂੰ ਇੰਨਾ ਕਹਿਣਾ ਚਾਹਾਂਗੀ ਕਿ ਤੁਹਾਡੇ ਮਾਤਾ-ਪਿਤਾ ਵੀ ਕਦੇ ਨੌਜਵਾਨ ਸਨ। ਡਰ, ਉਮੀਦ, ਸੰਘਰਸ਼ ਅਤੇ ਪ੍ਰੇਮ ਇਨ੍ਹਾਂ ਸਭ ਦੇ ਵਿਚ ਅਸੀਂ ਵੀ ਜੀਵਨ ਨੂੰ ਸਮਝਿਆ, ਉਹ ਵੀ ਬਿਨਾਂ ਕਿਸੇ ਪੇਰੈਂਟਸ ਗਾਈਡ ਦੇ। ਤੁਸੀਂ ਸਾਨੂੰ ਵੱਡੇ ਹੁੰਦੇ ਦੇਖ ਕੇ ਵੱਡੇ ਹੋਏ ਅਤੇ ਅਸੀਂ ਤੁਹਾਨੂੰ ਪਾਲਦੇ ਹੋਏ ਵੱਡੇ ਹੋਏ। ਰਿਸ਼ਤਿਆਂ ’ਚ ਸਨਮਾਨ, ਸਮਝ ਅਤੇ ਮੁਆਫੀ, ਇਹ ਤਿੰਨ ਸੂਤਰ ਪਰਿਵਾਰ ਨੂੰ ਮਜ਼ਬੂਤ ਰੱਖਦੇ ਹਨ, ਪਿਆਰ ਨੂੰ ਪਰਫੈਕਸ਼ਨ ਨਹੀਂ ਸਿਰਫ ਹਮਦਰਦੀ ਚਾਹੀਦੀ ਹੈ।
ਆਪਣੇ ਹਮਉਮਰ ਲੋਕਾਂ ਨੂੰ ਕਹਿਣਾ ਚਾਹਾਂਗੀ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਸਨਮਾਨ ਦਿਓ। ਉਹ ਆਪਣੀਆਂ ਚੁਣੌਤੀਆਂ ਅਤੇ ਆਪਣੇ ਸਮੇਂ ਦੇ ਅਨੁਸਾਰ ਜੀਵਨ ਜੀਅ ਰਹੇ ਹਨ। ਜਿਬ੍ਰਾਨ ਨੇ ਕਿਹਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਬੱਚੇ ਨਹੀਂ। ਅਸੀਂ ਰਸਤਾ ਨਹੀਂ ਸਿਰਫ ਇਕ ਦਰਵਾਜ਼ਾ ਹਾਂ, ਜਿਸ ’ਚੋਂ ਲੰਘਦੇ ਹਾਂ। ਉਸ ਨੂੰ ਹੌਲੀ ਜਿਹੇ ਰਸਤਾ ਦਿਖਾਓ ਪਰ ਉਸ ਦੇ ਪਰ ਨਾ ਕੁਤਰੋ। ਹਰ ਪੀੜ੍ਹੀ ਦੀ ਆਪਣੀ ਤਾਕਤ ਹੁੰਦੀ ਹੈ। ਸਾਡਾ ਕੰਮ ਸਿਰਫ ਇੰਨਾ ਹੈ ਕਿ ਉਨ੍ਹਾਂ ਦੇ ਮੋਢਿਆਂ ’ਤੇ ਬੋਝ ਨਾ ਬਣੀਏ, ਸਗੋਂ ਉਨ੍ਹਾਂ ਦੇ ਪਰਾਂ ਦੇ ਹੇਠਾਂ ਹਵਾ ਬਣੀਏ।
ਹੁਣ ਜੀਵਨ ਦਾ ਉਦੇਸ਼-ਰੌਸ਼ਨੀ ਨੂੰ ਅੱਗੇ ਵਧਾਉਣਾ
ਹੁਣ ਮੇਰੀ ਖੁਸ਼ੀ ਹੀਲਿੰਗ, ਕਾਊਂਸਲਿੰਗ, ਸ਼ਾਂਤ ਪ੍ਰਾਰਥਨਾ, ਪਿਆਨੋ ਦੀਆਂ ਧੁਨਾਂ, ਰੰਗਾਂ ਦੇ ਨਾਲ ਖੇਡਣ, ਸ਼ਾਸਤਰਾਂ ਨੂੰ ਪੜ੍ਹਨ ਅਤੇ ਧਿਆਨ ’ਚ ਡੁੱਬਣ ਨਾਲ ਵਹਿੰਦੀ ਹੈ। ਮੈਂ ਨਵੀਆਂ ਚੀਜ਼ਾਂ ਸਿੱਖ ਕੇ ਮਨ ਨੂੰ ਤਰਲ ਬਣਾਈ ਰੱਖਣਾ ਚਾਹੁੰਦੀ ਹਾਂ। ਅੰਮ੍ਰਿਤਮ ਦੇ ਜ਼ਰੀਏ ਮੈਂ ਉਹ ਰੌਸ਼ਨੀ ਸਾਂਝਾ ਕਰਨਾ ਚਾਹੁੰਦੀ ਹਾਂ ਜੋ ਜੀਵਨ ਨੇ ਮੈਨੂੰ ਦਿੱਤੀ, ਸਲਾਹ ਦੇ ਰੂਪ ’ਚ ਨਹੀਂ ਸਗੋਂ ਹਨੇਰੇ ’ਚ ਰਸਤਾ ਦਿਖਾਉਣ ਵਾਲੀ ਇਕ ਸ਼ਾਂਤ ਦੀਵੇ ਦੀ ਲੋਅ ਵਾਂਗ। ਜੀਵਨ ’ਚ ਸਾਂਝ ’ਚ ਖੜ੍ਹੇ ਹੋ ਕੇ ਇਹ ਸਪੱਸ਼ਟ ਹੋਇਆ ਹੈ ਕਿ ਉਮਰ ਵਧਣਾ ਤਾਂ ਤੈਅ ਹੈ ਪਰ ਆਤਮਾ ’ਚ ਡੂੰਘਾਈ ਜੋੜਨਾ ਸਾਡਾ ਆਪਣਾ ਫੈਸਲਾ। ਜੇਕਰ ਦਿਲ ਖੁੱਲ੍ਹਾ ਰਹੇ, ਮਨ ਨਿਮਰ ਰਹੇ ਅਤੇ ਸਿੱਖਣ ਦੀ ਇੱਛਾ ਜੀਵਤ ਰਹੇ ਤਾਂ ਹਰ ਨਵਾਂ ਸਾਲ ਸਿਰਫ ਕੈਲੰਡਰ ਦਾ ਬਦਲਿਆ ਪੰਨਾ ਨਹੀਂ ਸਗੋਂ ਇਕ ਨਵਾਂ ਸੂਰਜ ਉਦੈ ਬਣ ਜਾਂਦਾ ਹੈ।
ਸੰਗੀਤਾ ਮਿੱਤਲ
